ਚੰਡੀਗੜ੍ਹ: ਪੰਜਾਬ ਵਿਚ ਤਿਕੋਣੇ ਮੁਕਾਬਲੇ ਦੌਰਾਨ ਕਾਂਗਰਸ ਪਾਰਟੀ ਦੀ ਝੋਲੀ 77 ਸੀਟਾਂ ਨਾਲ ਵੱਡੀ ਜਿੱਤ ਪਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੇ ਚਹੇਤੇ ਆਗੂ ਹਨ। 75 ਸਾਲਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ਼ ਸਜਿਆ ਹੈ। ਪੂਰੇ 10 ਸਾਲ ਬਾਅਦ ਪੰਜਾਬ ਦੀ ਸੱਤਾ ‘ਤੇ ਮੁੜ ਕਾਬਜ਼ ਹੋਣਾ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਮਜ਼ਬੂਤ ਆਧਾਰ ਦਾ ਸਬੂਤ ਹੈ।
ਕਿਸੇ ਵੇਲੇ ਅਕਾਲੀ ਦਲ ਦੇ ਆਗੂ ਰਹੇ ਕੈਪਟਨ ਨੇ ਦਹਾਕੇ ਤੋਂ ਸੱਤਾ ‘ਤੇ ਕਾਬਜ਼ ਅਕਾਲੀ ਦਲ ਨੂੰ ਵੱਡੀ ਹਾਰ ਦਿੱਤੀ ਹੈ। ਪਟਿਆਲਾ ਦੇ ਮਹਾਰਾਜਾ ਕਹੇ ਜਾਂਦੇ ਕੈਪਟਨ ਨੇ 1965 ਦੀ ਭਾਰਤ-ਪਾਕਿ ਜੰਗ ਵਿਚ ਵੀ ਹਿੱਸਾ ਲਿਆ ਸੀ। ਮਰਹੂਮ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਦੇ ਘਰ ਜੰਮੇ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਪੜ੍ਹਾਈ ਲਾਰੈਂਸ ਸਕੂਲ, ਸਨਾਵਰ ਤੇ ਦੇਹਰਾਦੂਨ ਦੇ ਦੂਨ ਸਕੂਲ ਵਿਚ ਪੂਰੀ ਕੀਤੀ। ਕੈਪਟਨ ਨੇ 1959 ਵਿਚ ਨੈਸ਼ਨਲ ਡਿਫੈਂਸ ਸਕੂਲ ਵਿਚ ਦਾਖਲਾ ਲਿਆ ਤੇ 1963 ਵਿਚ ਗਰੈਜੂਏਸ਼ਨ ਪੂਰੀ ਕੀਤੀ। 1963 ਵਿਚ ਹੀ ਕੈਪਟਨ ਨੇ ਭਾਰਤੀ ਫੌਜ ਦੀ ਦੂਜੀ ਬੀæਐਨæ ਸਿੱਖ ਰੈਜੀਮੈਂਟ ਵਿਚ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਕੈਪਟਨ ਦੇ ਪਿਤਾ ਤੇ ਦਾਦਾ ਨੇ ਵੀ ਇਸੇ ਰੈਜੀਮੈਂਟ ਵਿਚ ਦੇਸ਼ ਦੀ ਸੇਵਾ ਕੀਤੀ ਸੀ। ਦੋ ਸਾਲ ਕੈਪਟਨ ਇੰਡੋ ਤਿੱਬਤੀ ਸਰਹੱਦ ‘ਤੇ ਤਾਇਨਾਤ ਰਹੇ। 1965 ਵਿਚ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਇਟਲੀ ਦੇ ਰਾਜਦੂਤ ਨਿਯੁਕਤ ਹੋ ਜਾਣ ‘ਤੇ ਕੈਪਟਨ ਨੇ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਕਾਰਨ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਵਧਣ ਕਾਰਨ ਕੈਪਟਨ ਨੇ ਮੁੜ ਨੌਕਰੀ ‘ਤੇ ਬਹਾਲੀ ਕਰ ਲਈ ਤੇ 1966 ਵਿਚ ਭਾਰਤ-ਪਾਕਿ ਯੁੱਧ ਖਤਮ ਹੋ ਜਾਣ ਉਤੇ ਮੁੜ ਅਸਤੀਫਾ ਦੇ ਦਿੱਤਾ ਸੀ।
1980 ਵਿਚ ਪਹਿਲੀ ਵਾਰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣ ਲੜਨ ਤੇ ਜਿੱਤਣ ਨਾਲ ਕੈਪਟਨ ਦਾ ਰਾਜਨੀਤਕ ਸਫਰ ਸ਼ੁਰੂ ਹੋਇਆ। 1984 ਵਿਚ ਸ੍ਰੀ ਦਰਬਾਰ ‘ਤੇ ਫੌਜੀ ਹਮਲੇ ਦੇ ਰੋਸ ਵਿਚ ਕੈਪਟਨ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। 1985 ਵਿਚ ਕੈਪਟਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। 1995 ਵਿਚ ਅਕਾਲੀ ਦਲ ਲੌਂਗੋਵਾਲ ਦੀ ਟਿਕਟ ‘ਤੇ ਕੈਪਟਨ ਪੰਜਾਬ ਅਸੈਂਬਲੀ ਵਿਚ ਚੁਣੇ ਗਏ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿਚ ਕੈਪਟਨ ਖੇਤੀਬਾੜੀ ਮੰਤਰੀ ਰਹੇ।
5 ਮਈ 1996 ਵਿਚ ਦਰਬਾਰ ਸਾਹਿਬ ਅੰਦਰ ਨੀਮ ਫੌਜੀ ਬਲਾਂ ਦੀ ਤਾਇਨਾਤੀ ਦੇ ਵਿਰੋਧ ਵਿਚ ਕੈਪਟਨ ਨੇ ਪੰਜਾਬ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਤੇ ਆਪਣਾ ਵੱਖਰਾ ਪੰਥਕ ਅਕਾਲੀ ਦਲ ਬਣਾ ਲਿਆ, ਜਿਸ ਦਾ 1997 ਵਿਚ ਕਾਂਗਰਸ ਵਿਚ ਰਲੇਵਾਂ ਹੋ ਗਿਆ ਸੀ। 1998 ਵਿਚ ਹੋਈਆਂ ਸੰਸਦੀ ਚੋਣਾਂ ਵਿਚ ਕੈਪਟਨ ਨੂੰ ਕੋਈ ਖਾਸ ਪ੍ਰਾਪਤੀ ਨਹੀਂ ਹੋਈ।
1999-2002 ਤੱਕ ਕਾਂਗਰਸ ਪੰਜਾਬ ਕਾਂਗਰਸ ਪ੍ਰਧਾਨ ਰਹੇ ਤੇ 2002 ਵਿਚ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ 2007 ਤੱਕ ਪੂਰੇ ਪੰਜ ਸਾਲ ਕੈਪਟਨ ਨੇ ਪੰਜਾਬ ਦੀ ਕਮਾਨ ਸੰਭਾਲੀ। 2008 ਵਿਚ ਜ਼ਮੀਨ ਤਬਾਦਲੇ ਮਾਮਲੇ ਵਿਚ ਅਨਿਯਮੀਆਂ ਦੇ ਇਲਜ਼ਾਮਾਂ ਤੋਂ ਬਾਅਦ ਕੈਪਟਨ ਨੂੰ ਸੂਬਾ ਵਿਧਾਨ ਸਭਾ ਪੈਨਲ ਵਿਚੋਂ ਕੱਢ ਦਿੱਤਾ ਗਿਆ। 2010 ਵਿਚ ਕੈਪਟਨ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਰਾਹਤ ਮਿਲੀ।
2012 ਵਿਚ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਦੂਜੀ ਵਾਰ ਕਰਾਰੀ ਹਾਰ ਮਿਲੀ। 2013 ਵਿਚ ਕੈਪਟਨ ਮੁੜ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤੇ 2013 ਤੱਕ ਲਗਾਤਾਰ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਇਨਵਾਇਟੀ ਰਹੇ। 2014 ਵਿਚ ਕੈਪਟਨ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਇਕ ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗਹਿਮਾ ਗਹਿਮੀ ਦਰਮਿਆਨ ਨਵੰਬਰ 2016 ਵਿਚ ਕੈਪਟਨ ਨੇ ਐਸ਼ਵਾਈæਐਲ਼ ਦੇ ਮੁੱਦੇ ‘ਤੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਮੁੜ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ।
ਮਾਰਚ 2017 ਵਿਚ ਕੈਪਟਨ ਦੀ ਅਗਵਾਈ ਵਿਚ 10 ਸਾਲਾਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਵਾਪਸੀ ਹੋਈ ਤੇ ਕੈਪਟਨ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ। ਦੇਸ਼ ਦੁਨੀਆਂ ਘੁੰਮਣ ਦੇ ਸ਼ੌਕੀਨ ਕੈਪਟਨ ਅਮਰਿੰਦਰ ਸਿੰਘ ਨੇ ‘1965 ਦੇ ਭਾਰਤ-ਪਾਕਿ ਜੰਗ ਦੀਆਂ ਯਾਦਾਂ’ ਸਮੇਤ ਕਈ ਕਿਤਾਬਾਂ ਵੀ ਲਿਖੀਆਂ ਹਨ। ਨੌਜਵਾਨ ਲੇਖਕ ਖੁਸ਼ਵੰਤ ਸਿੰਘ ਨੇ ਕੈਪਟਨ ਦੀ ਜ਼ਿੰਦਗੀ ਉਤੇ ਕਿਤਾਬ ‘ਦ ਪੀਪਲਜ਼ ਮਹਾਰਾਜਾ’ ਲਿਖੀ ਹੈ।