ਚੰਡੀਗੜ੍ਹ: ਪੰਜਾਬ ਦੇ ਨਵੇਂ ਚੁਣੇ ਵੱਡੇ ਗਿਣਤੀ ਵਿਧਾਇਕਾਂ ਉਤੇ ਅਪਰਾਧਕ ਮਾਮਲੇ ਦਰਜ ਹਨ। ਇਨ੍ਹਾਂ ਵਿਚ ਹਲਕਾ ਆਤਮ ਨਗਰ ਦੇ ਸਿਮਰਜੀਤ ਸਿੰਘ ਬੈਂਸ ‘ਤੇ ਕੁੱਲ 6 ਮੁਕੱਦਮੇ, ਪਟਿਆਲਾ ਸ਼ਹਿਰੀ ਦੇ ਕੈਪਟਨ ਅਮਰਿੰਦਰ ਸਿੰਘ ਉਤੇ 4, ਹਲਕਾ ਲੁਧਿਆਣਾ ਪੂਰਬੀ ਦੇ ਸੰਜੀਵ ਤਲਵਾੜ ‘ਤੇ ਇਕ, ਹਲਕਾ ਰਾਮਪੁਰਾ ਫੂਲ ਦੇ ਗੁਰਪ੍ਰੀਤ ਸਿੰਘ ਕਾਂਗੜ ਉਤੇ 2, ਹਲਕਾ ਲੁਧਿਆਣਾ ਦਸੱਖਣੀ ਦੇ ਬਲਵਿੰਦਰ ਸਿੰਘ ਬੈਂਸ ‘ਤੇ 2 ਮੁਕੱਦਮੇ ਦਰਜ ਹਨ।
ਖੇਮਕਰਨ ਦੇ ਸੁਖਪਾਲ ਸਿੰਘ ਭੁੱਲਰ, ਭੋਆ ਦੇ ਜੋਗਿੰਦਰਪਾਲ, ਅੰਮ੍ਰਿਤਸਰ ਪੂਰਬੀ ਦੇ ਨਵਜੋਤ ਸਿੰਘ ਸਿੱਧੂ, ਹਲਕਾ ਸੁਨਾਮ ਤੋਂ ਅਮਨ ਅਰੋੜਾ, ਹਲਕਾ ਰਾਜਾਸਾਂਸੀ ਦੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਡੇਰਾਬਸੀ ਦੇ ਨਰਿੰਦਰ ਸ਼ਰਮਾ, ਹਲਕਾ ਖਰੜ ਦੇ ਕੰਵਰ ਸੰਧੂ, ਹਲਕਾ ਬਾਬਾ ਬਕਾਲਾ ਦੇ ਸੰਤੋਖ ਸਿੰਘ, ਹਲਕਾ ਸੰਗਰੂਰ ਦੇ ਵਿਜੇ ਇੰਦਰ ਸਿੰਗਲਾ, ਤਲਵੰਡੀ ਸਾਬੋ ਦੀ ਬਲਜਿੰਦਰ ਕੌਰ ਅਤੇ ਭੁਲੱਥ ਦੇ ਸੁੱਖਪਾਲ ਸਿੰਘ ਖਹਿਰ ‘ਤੇ 1-1 ਮੁਕੱਦਮਾ ਚੱਲ ਰਿਹਾ ਹੈ।
95 ਵਿਧਾਇਕਾਂ ਕੋਲ 1 ਕਰੋੜ ਤੋਂ ਵੱਧ ਜਾਇਦਾਦ : 117 ਵਿਧਾਇਕਾਂ ਵਿਚੋਂ 95 ਵਿਧਾਇਕ ਅਜਿਹੇ ਹਨ, ਜਿਨ੍ਹਾਂ ਕੋਲ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ, ਇਨ੍ਹਾਂ ਵਿਚੋਂ 59 ਵਿਧਾਇਕਾਂ ਕੋਲ 5 ਕਰੋੜ ਤੋਂ ਵੱਧ, 36 ਵਿਧਾਇਕਾਂ ਕੋਲ 1 ਤੋਂ 5 ਕਰੋੜ, 14 ਵਿਧਾਇਕਾਂ ਕੋਲ 25 ਲੱਖ ਤੋਂ 1 ਕਰੋੜ ਅਤੇ 8 ਵਿਧਾਇਕ ਕੋਲ 25 ਲੱਖ ਤੋਂ ਘੱਟ ਚੱਲ ਤੇ ਅਚੱਲ ਜਾਇਦਾਦ ਹੈ। ‘ਆਪ’ ਦੀ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਕੋਲ ਸਭ ਤੋਂ ਘੱਟ ਸਿਰਫ 1 ਲੱਖ 74 ਹਜ਼ਾਰ 831 ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੱਸੀ ਗਈ ਹੈ। ਕਾਂਗਰਸ ਦੇ ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਅਤੇ ‘ਆਪ’ ਦੀ ਰੁਪਿੰਦਰ ਕੌਰ ਰੂਬੀ ਨੇ ਆਪਣੇ ਪੈਨ ਕਾਰਡ ਦਾ ਵੇਰਵਾ ਵੀ ਨਹੀਂ ਦਿੱਤਾ।
______________________________________________________
ਵਿਧਾਇਕਾਂ ਦੀ ਵਿਦਿਅਕ ਯੋਗਤਾæææ
ਲੁਧਿਆਣਾ: 14ਵੀਂ ਵਿਧਾਨ ਸਭਾ ਲਈ ਚੁਣੇ ਗਏ ਸਭ ਤੋਂ ਵੱਧ ਪੜ੍ਹੇ ਲਿਖੇ ਵਿਧਾਇਕਾਂ ਵਿਚੋਂ ਵੱਡੀ ਗਿਣਤੀ ਕਾਂਗਰਸ ਵਿਧਾਇਕਾਂ ਦੀ ਹੈ, ਜਿਨ੍ਹਾਂ ਵਿਚੋਂ ਇਕੋ-ਇਕ ਪੀæਐਚæਡੀæ ਵਿਧਾਇਕ ਵੀ ਕਾਂਗਰਸ ਦਾ ਹੀ ਹੈ, ਜਦਕਿ ਅਕਾਲੀ ਦਲ ਦਾ ਇਕ ਵਿਧਾਇਕ 5ਵੀਂ ਪਾਸ ਅਤੇ ਕਾਂਗਰਸ ਦੇ 6 ਵਿਧਾਇਕ 8ਵੀਂ ਪਾਸ ਹਨ। 117 ਵਿਧਾਇਕਾਂ ਵਿਚੋਂ ਕਾਂਗਰਸ ਦੇ 6 ਵਿਧਾਇਕ 8ਵੀਂ ਪਾਸ, 18 ਵਿਧਾਇਕ ਦਸਵੀਂ ਪਾਸ, 20 ਵਿਧਾਇਕ 12ਵੀਂ ਪਾਸ, 22 ਵਿਧਾਇਕ ਗਰੈਜੂਏਟ, 10 ਵਿਧਾਇਕ ਕਿੱਤਾ ਮੁਖੀ ਗਰੈਜੂਏਟ, 9 ਵਿਧਾਇਕ ਪੋਸਟ ਗਰੈਜੂਏਟ ਤੇ ਇਕ ਵਿਧਾਇਕ ਡਾਕਟਰੇਟ ਡਿਗਰੀ ਪ੍ਰਾਪਤ ਹੈ। ਦੂਜੇ ਸਥਾਨ ਉਤੇ ਰਹੀ ਆਮ ਆਦਮੀ ਪਾਰਟੀ ਦੇ 2 ਵਿਧਾਇਕ ਦਸਵੀਂ ਪਾਸ, 5 ਵਿਧਾਇਕ 12ਵੀਂ ਪਾਸ, 3 ਵਿਧਾਇਕ ਗਰੈਜੂਏਟ, 4 ਵਿਧਾਇਕ ਕਿੱਤਾ ਮੁਖੀ ਗਰੈਜੂਏਟ, 5 ਵਿਧਾਇਕ ਪੋਸਟ ਗਰੈਜੂਏਟ ਹਨ। ਅਕਾਲੀ ਦਲ ਦੇ 1-1 ਵਿਧਾਇਕ ਦਸਵੀਂ ਪਾਸ ਤੇ 12ਵੀਂ ਪਾਸ, 5 ਵਿਧਾਇਕ ਗਰੈਜੂਏਟ, 4 ਵਿਧਾਇਕ ਕਿੱਤਾ ਮੁਖੀ ਗਰੈਜੂਏਟ, 3 ਵਿਧਾਇਕ ਪੋਸਟ ਗਰੈਜੂਏਟ ਹਨ ਤੇ ਵਿਧਾਨ ਸਭਾ ਦਾ ਸਭ ਤੋਂ ਘੱਟ ਪੜ੍ਹਿਆ ਸਿਰਫ ਪੰਜਵੀਂ ਪਾਸ ਵਿਧਾਇਕ ਵੀ ਅਕਾਲੀ ਦਲ ਦਾ ਹੀ ਹੈ। ਲੋਕ ਇਨਸਾਫ ਪਾਰਟੀ ਦਾ ਇਕ ਵਿਧਾਇਕ ਕਿੱਤਾ ਮੁਖੀ ਗਰੈਜੂਏਟ, ਇਕ ਵਿਧਾਇਕ ਪੋਸਟ ਗਰੈਜੂਏਟ ਹੈ ਜਦਕਿ ਭਾਜਪਾ ਦਾ ਇਕ ਵਿਧਾਇਕ 12ਵੀਂ ਪਾਸ, ਇਕ ਕਿੱਤਾ ਮੁਖੀ ਗਰੈਜੂਏਟ ਤੇ ਇਕ ਪੋਸਟ ਗਰੈਜੂਏਟ ਹੈ।
___________________________________________________
ਸੁਖਬੀਰ ਨੇ ਦੱਸਿਆ ਹਾਰ ਦਾ ਅਸਲ ਕਾਰਨæææ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਹਾਰ ਦਾ ਕਾਰਨ ਪਾਰਟੀ ਨੇਤਾਵਾਂ ਵੱਲੋਂ ਬਿਨਾਂ ਸੋਚੇ ਸਮਝੇ ਸਿਰੋਪਾਉ ਦੇ ਕੇ ਪਾਰਟੀ ਵਿਚ ਸ਼ਾਮਲ ਕੀਤੇ ਲੋਕਾਂ ਨੂੰ ਦੱਸਿਆ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਇਸ ਗੱਲ ਦੀ ਵੀ ਬੜ੍ਹਕ ਮਾਰੀ ਕਿ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ, ਪਰ ਲੰਬੀ, ਗਿੱਦੜਬਾਹਾ ਹਲਕੇ ਵਿਚ ਉਨ੍ਹਾਂ ਦੀ ਹੀ ਚੱਲੇਗੀ। ਆਪਣੇ ਮਜ਼ਾਕੀਆ ਅੰਦਾਜ਼ ਵਿਚ ਸੁਖਬੀਰ ਬਾਦਲ ਨੇ ਕਾਂਗਰਸ ਵੱਲੋਂ ਲੋਕਾਂ ਨੂੰ ਸਾਮਰਟਫੋਨ ਦੇਣ ਦੇ ਵਾਅਦੇ ਦੀ ਗੱਲ ਛੇੜਦਿਆਂ ਨੌਕਰੀਆਂ ਦੇਣ ਤੇ ਛੜਿਆਂ ਦੇ ਵਿਆਹ ਕਰਵਾਉਣ ਦੇ ਵਾਅਦੇ ‘ਤੇ ਵੀ ਚੁਟਕੀ ਲਈ। ਆਪਣੀ ਪਾਰਟੀ ਦੀ ਹਾਰ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਹਾਰਨ ਦਾ ਵੱਡਾ ਕਾਰਨ ਸਿਰੋਪਾਉ ਲੈ ਕੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਲੋਕ ਬਣੇ ਹਨ। ਉਨ੍ਹਾਂ ਅੱਗੇ ਤੋਂ ਅਜਿਹੇ ਲੋਕਾਂ ਨੂੰ ਪਾਰਟੀ ‘ਚ ਸ਼ਾਮਲ ਨਾ ਕਰਨ ਦਾ ਅਹਿਦ ਵੀ ਲਿਆ। ਆਪਣੇ ਹਮਾਇਤੀ ਲੋਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਕੋਈ ਅਫਸਰ ਜਾਂ ਨੇਤਾ ਤੁਹਾਡਾ ਕੰਮ ਨਹੀਂ ਕਰਦਾ ਤਾਂ ਉਸ ਦੀ ਲਿਸਟ ਬਣਾ ਲੈਣਾ। ਹੋ ਸਕਦਾ ਹੈ ਕੁਝ ਸਾਲਾਂ ਬਾਅਦ ਮੁੜ ਸਰਕਾਰ ਲਿਆਉਣ ਦੇ ਖਿਆਲ ਨਾਲ ਸੁਖਬੀਰ ਬਾਦਲ ਨੇ ਅਜਿਹਾ ਕਿਹਾ ਹੋਵੇ।