ਪੰਜਾਬ ਦੇ ਚੋਣ ਨਤੀਜੇ ਅਤੇ ਕਾਂਗਰਸ ਦਾ ਪੰਜਾਬ ਮਾਡਲ

ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਸਿਆਸੀ ਹਲਕਿਆਂ ਅੰਦਰ ਖਾਸੀ ਹਲਚਲ ਮਚਾਈ ਹੈ। ਇਹ ਚਰਚਾ ਕਾਂਗਰਸ ਦੀ ਮਿਸਾਲੀ ਅਤੇ ਵੱਡੀ ਜਿੱਤ ਦੁਆਲੇ ਘੱਟ, ਆਮ ਆਦਮੀ ਪਾਰਟੀ ਦੀ ਹਾਰ ਦੁਆਲੇ ਜ਼ਿਆਦਾ ਘੁੰਮ ਰਹੀ ਹੈ। ਪੱਤਰਕਾਰ ਜਗਤਾਰ ਸਿੰਘ ਨੇ ਆਪਣੇ ਇਸ ਲੇਖ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਆਪ-ਹੁਦਰੀਆਂ ਅਤੇ ਕਾਂਗਰਸ ਦੇ ਹਾਈ ਕਮਾਂਡ ਕਲਚਰ ਬਾਰੇ ਟਿੱਪਣੀ ਕਰਦਿਆਂ ਚੋਣ ਨਤੀਜਿਆਂ ਦੀ ਪੁਣ-ਛਾਣ ਕੀਤੀ ਹੈ।

ਇਹ ਪੁਣ-ਛਾਣ ਪੰਜਾਬ ਦੀ ਆਉਂਦੇ ਦਿਨਾਂ ਦੀ ਸਿਆਸਤ ਨੂੰ ਸਮਝਣ ਵਿਚ ਸਹਾਈ ਹੋਵੇਗੀ, ਕਿਉਂਕਿ ਕੇਂਦਰੀ ਪੱਧਰ ਉਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੜ੍ਹਤ ਅਤੇ ਆਰæਐਸ਼ਐਸ਼ ਦੀ ਵੱਖ ਵੱਖ ਮਸਲਿਆਂ ਅੰਦਰ ਦਖਲਅੰਦਾਜ਼ੀ, ਧੁਸ ਦੇ ਕੇ ਅੱਜ ਦੀ ਸਿਆਸਤ ਦੇ ਕੇਂਦਰ ਵਿਚ ਆ ਰਹੀ ਹੈ। ਇਸ ਪੱਖ ਤੋਂ ਇਹ ਲੇਖ ਅਹਿਮ ਹੈ। -ਸੰਪਾਦਕ
ਜਗਤਾਰ ਸਿੰਘ
ਫੋਨ +91-97797-11201
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ, ਬਲਕਿ ਉਨ੍ਹਾਂ ਨੇ 52407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ ਮੁੜ ਸੱਤਾ ਵਿਚ ਹੀ ਆਈ ਹੈ, ਬਲਕਿ ਇਸ ਨੇ 1966 ਵਿਚ ਬਣੇ ਪੰਜਾਬੀ ਸੂਬੇ ਦੇ ਚੋਣ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। 1992 ਵਿਚ ਭਾਵੇਂ ਇਸ ਨੇ ਹੁਣ ਨਾਲੋਂ ਵੀ ਵੱਧ ਸੀਟਾਂ ਜਿੱਤ ਲਈਆਂ ਸਨ, ਪਰ ਉਸ ਵੇਲੇ ਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਮੌਜੂਦਾ ਚੋਣ ਨਤੀਜਿਆਂ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਇਹ ਨਤੀਜੇ ਕਾਂਗਰਸ ਪਾਰਟੀ ਦੀ ਕੌਮੀ ਲੀਡਰਸ਼ਿਪ ਜੋ ਗਾਂਧੀ ਪਰਿਵਾਰ ਦੇ ਹੱਥ ਹੈ, ਲਈ ਪਾਰਟੀ ਨੂੰ ਕੌਮੀ ਪੱਧਰ ਉਤੇ ਉਭਾਰਨ ਦਾ ਸਬਕ ਸਮੋਈ ਬੈਠੇ ਹਨ।
ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ 90 ਸਾਲ ਦੀ ਉਮਰ ਅਤੇ ਮੁੱਖ ਮੰਤਰੀ ਵਜੋਂ ਆਪਣੀ ਪੰਜਵੀਂ ਮਿਆਦ ਦੇ ਅਖ਼ੀਰ ਵਿਚ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਐਨੀ ਨਮੋਸ਼ੀਜਨਕ ਹਾਰ ਦਾ ਮੂੰਹ ਵੇਖਣਾ ਪਵੇਗਾ। ਉਨ੍ਹਾਂ ਦਾ ਪੁੱਤਰ ਅਤੇ ਸੂਬੇ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਸ਼ਾਸਨਿਕ ਮਾਮਲਿਆਂ ਵਿਚ ਇਸ ਹੱਦ ਤਕ ਦਖ਼ਲਅੰਦਾਜ਼ੀ ਨਹੀਂ ਸੀ ਕਰ ਸਕਦਾ, ਜੇ ਉਹ ਉਸ ਦੀਆਂ ਆਪਹੁਦਰੀਆਂ ਕਾਰਵਾਈਆਂ ‘ਤੇ ਲਗਾਮ ਲਾ ਕੇ ਰੱਖਦੇ। ਟਰਾਂਸਪੋਰਟ ਕੰਪਨੀਆਂ ਹਥਿਆਉਣ ਅਤੇ ਸੂਬੇ ਦੀ ਜਨਤਕ ਟਰਾਂਸਪੋਰਟ ਦੇ ਹਿੱਤਾਂ ਦਾ ਘਾਣ ਕਰ ਕੇ ਮੁਨਾਫ਼ੇ ਵਾਲੇ ਰੂਟ ਅਤੇ ਜ਼ਿਆਦਾ ਸਵਾਰੀਆਂ ਪੈਣ ਵਾਲੇ ਟਾਈਮ ਆਪਣੀ ਕੰਪਨੀ ਦੀਆਂ ਬੱਸਾਂ ਲਈ ਅਲਾਟ ਕਰਵਾਉਣ ਦੀਆਂ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਅਕਾਲੀ ਦਲ ਉਤੇ ਭਾਰੀ ਪੈ ਗਈਆਂ। ਨਿੱਜੀ ਹਿੱਤਾਂ ਲਈ ਜਨਤਕ ਹਿੱਤਾਂ ਨੂੰ ਕੁਰਬਾਨ ਕਰਨ ਦਾ ਇਹ ਵਰਤਾਰਾ ਪਾਰਟੀ ਦੇ ਧੁਰ ਹੇਠਾਂ ਤਕ ਚਲਾ ਗਿਆ ਜਿਸ ਨਾਲ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟ ਵਰਤਾਰਿਆਂ ਵਿਚ ਲਿਪਤ ਹੋ ਗਈ। ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਨਾ ਕੇਵਲ ਟਰਾਂਸਪੋਰਟ, ਬਲਕਿ ਮੀਡੀਆ ਅਤੇ ਰੇਤਾ-ਬਜਰੀ ਸਮੇਤ ਹਰ ਖੇਤਰ ਉਤੇ ਬਾਦਲ ਪਰਿਵਾਰ ਨਾਲ ਸਬੰਧਿਤ ਮਾਫ਼ੀਆ ਨੇ ਕਬਜ਼ਾ ਕਰ ਲਿਆ। ਨਸ਼ੇ ਦੇ ਸੌਦਾਗਰ ਸੂਬੇ ਵਿਚ ਖੁੱਲ੍ਹ ਖੇਡਣ ਲੱਗ ਪਏ।
ਬਿਨਾਂ ਕੋਈ ਜ਼ਿੰਮੇਵਾਰੀ ਓਟਿਆਂ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਰਕਾਰ ਵਿਚ ਜਿਹੜੀਆਂ ਚੰਮ ਦੀਆਂ ਸੁਖਬੀਰ ਸਿੰਘ ਬਾਦਲ ਨੇ ਚਲਾਈਆਂ, ਉਨ੍ਹਾਂ ਨੇ ਸ਼੍ਰੋਮਣੀ ਅਕਾਲ ਦਲ ਨੂੰ ਆਮ ਲੋਕਾਂ ਨਾਲੋਂ ਤੋੜ ਕੇ ਰੱਖ ਦਿੱਤਾ। ਉਸ ਦੀ ਕਮਾਨ ਹੇਠ ਪੰਜਾਬ ਵਿਚ ਅਮਨ-ਕਾਨੂੰਨ ਦਾ ਢਾਂਚਾ ਬੁਰੀ ਤਰ੍ਹਾਂ ਢਹਿਢੇਰੀ ਹੋ ਗਿਆ। ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਜ਼ਿੰਮੇਵਾਰ ਸਰਕਾਰੀ ਏਜੰਸੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਵੀ ਨਹੀਂ ਕਰ ਸਕੀਆਂ। ਲੁੱਟਾਂ-ਖੋਹਾਂ, ਔਰਤਾਂ ਅਤੇ ਗ਼ਰੀਬਾਂ ਵਿਰੁਧ ਵਧੀਕੀਆਂ ਆਮ ਵਰਤਾਰਾ ਹੋ ਗਿਆ। ਸੂਬੇ ਵਿਚ ਗੈਂਗਸਟਰਾਂ ਦਾ ਨਵਾਂ ਰੁਝਾਨ ਪੈਦਾ ਹੋ ਗਿਆ।
ਇਨ੍ਹਾਂ ਚੋਣ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਉਪਰ ਬਾਦਲਾਂ ਦੀ ਲੀਡਰਸ਼ਿਪ ਉਤੇ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਮਹੂਰੀ ਕਿਰਦਾਰ ਅਤੇ ਦਿੱਖ ਨੂੰ ਬਹਾਲ ਕੀਤੇ ਜਾਣ ਦੀ ਗੱਲ ਉਭਰ ਸਕਦੀ ਹੈ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਇਸ ਨਮੋਸ਼ੀਜਨਕ ਹਾਰ ਦਾ ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਰਿਹਾ ਸੀ, ਕਿਉਂਕਿ ਸੂਬੇ ਦੇ ਲੋਕਾਂ ਵਿਚ ਬਾਦਲ ਸਰਕਾਰ ਪ੍ਰਤੀ ਨਫ਼ਰਤ ਦੀ ਹੱਦ ਤਕ ਰੋਹ ਅਤੇ ਗੁੱਸਾ ਸੀ। ਦੂਜੇ ਪਾਸੇ, ਆਮ ਆਦਮੀ ਪਾਰਟੀ ਨਾਲ ਵੀ ਬੁਰੀ ਹੋਈ ਹੈ ਜੋ ਸੌ ਸੀਟਾਂ ਜਿੱਤਣ ਦਾ ਦਾਅਵਾ ਕਰ ਕੇ ਚੋਣ ਮੈਦਾਨ ਵਿਚ ਉਤਰੀ ਸੀ। ਆਮ ਆਦਮੀ ਪਾਰਟੀ ਦੀ ਸੂਬੇ ਤੋਂ ਬਾਹਰਲੀ ਲੀਡਰਸ਼ਿਪ ਵੱਲੋਂ ਸੌ ਸੀਟਾਂ ਜਿੱਤਣ ਦਾ ਦਾਅਵਾ ਕੁਝ ਜਾਅਲੀ ਚੋਣ ਸਰਵੇਖਣਾਂ ਅਤੇ ਸ਼ੋਸ਼ਲ ਮੀਡੀਆ ਵਿਚ ਚੱਲ ਰਹੇ ਪ੍ਰਚਾਰ ਦੇ ਆਧਾਰ ਉਤੇ ਕੀਤਾ ਜਾ ਰਿਹਾ ਸੀ। ਇਹ ਲੀਡਰ ਅਸਲੀਅਤ ਸਮਝਣ ਦੀ ਥਾਂ ਆਪਣੀ ਹੀ ਵਸਾਈ ਹੋਈ ਦੁਨੀਆ ਵਿਚ ਗੁਆਚੇ ਰਹੇ। ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਮੁਕਾਬਲੇ ਉਤਾਰਿਆ ਪਾਰਟੀ ਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਪਾਰਟੀ ਦਾ ਇਕੋ-ਇਕ ਸਟਾਰ ਪ੍ਰਚਾਰਕ ਸੀ। ਮਨੋ-ਮਨੀ ਉਹ ਆਪਣੇ ਆਪ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਿਆ ਮੰਨੀ ਬੈਠਾ ਸੀ, ਪਰ ਉਹ ਖ਼ੁਦ ਚੋਣ ਹਾਰ ਗਿਆ। ਆਮ ਆਦਮੀ ਪਾਰਟੀ ਦਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਆਪਣੀ ਸੀਟ ਵੀ ਨਹੀਂ ਜਿੱਤ ਸਕਿਆ। ਭਗਵੰਤ ਮਾਨ ਦੀਆਂ ਚੋਣ ਰੈਲੀਆਂ ਵਿਚ ਅੰਤਾਂ ਦੀ ਭੀੜ ਹੁੰਦੀ ਸੀ। ਅੱਧੀ ਅੱਧੀ ਰਾਤ ਤਕ ਲੋਕ ਉਸ ਨੂੰ ਸੁਣਨ ਲਈ ਬੈਠੇ ਰਹਿੰਦੇ ਸਨ। ਸ਼ਾਇਦ ਉਸ ਦੀ ਹਰਮਨਪਿਆਰਤਾ ਰਾਜਨੀਤਕ ਆਗੂ ਨਾਲੋਂ ਪੇਸ਼ੇਵਰ ਵਿਅੰਗ ਕਲਾਕਾਰ ਹੋਣ ਕਰ ਕੇ ਵੱਧ ਹੈ। ਪਾਰਟੀ ਦਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਵੀ ਹਾਸਰਸ ਕਲਾਕਾਰ ਹੀ ਹੈ, ਪਰ ਰਾਜਨੀਤੀ ਇੱਦਾਂ ਦਾ ਗ਼ੈਰਸੰਜੀਦਾ ਵਰਤਾਰਾ ਨਹੀਂ ਹੈ।
ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਸਰੋਕਾਰਾਂ ਨੂੰ ਸਮਝੇ ਬਗੈਰ ਹੀ ਆਮ ਆਦਮੀ ਪਾਰਟੀ ਵੱਲੋਂ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਇਸ ਨੂੰ ਪੁੱਠੀ ਪੈ ਗਈ। ਪੰਜਾਬ ਵਿਚ ਆਮ ਆਦਮੀ ਪਾਰਟੀ ‘ਬਾਹਰਲੇ’ ਬੰਦਿਆਂ ਦੀ ਪਾਰਟੀ ਸਮਝੀ ਜਾਂਦੀ ਰਹੀ, ਕਿਉਂਕਿ ਇਸ ਦਾ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਢਾਂਚੇ ਵਿਚ ਉਹ ਬੰਦੇ ਸ਼ਾਮਲ ਹਨ ਜਿਹੜੇ ਬਾਹਰਲੇ ਸੂਬਿਆਂ ਵਿਚੋਂ ਲਿਆਂਦੇ ਗਏ ਅਤੇ ਇਨ੍ਹਾਂ ਨੂੰ ਇਸ ਸਰਹੱਦੀ ਤੇ ਮੁਲਕ ਦੇ ਬੇਹੱਦ ਮਹੱਤਵਪੂਰਨ ਸੂਬੇ ਦੇ ਲੋਕਾਂ ਦੀ ਸਮਾਜਿਕ ਤੇ ਰਾਜਨੀਤਕ ਮਾਨਸਿਕਤਾ ਦੀ ਬਿਲਕੁਲ ਵੀ ਸਮਝ ਨਹੀਂ ਸੀ। ਇਸ ਪਾਰਟੀ ਦੇ ‘ਬਾਹਰਲੇ’ ਆਗੂਆਂ ਵਿਚ ਵੀ ਸੁਖਬੀਰ ਸਿੰਘ ਬਾਦਲ ਵਾਂਗ ਆਕੜ ਆ ਗਈ ਸੀ ਅਤੇ ਇਹ ਬੰਦੇ ਪਾਰਟੀ ਦੇ ਪੰਜਾਬ ਦੇ ਆਗੂਆਂ ਨਾਲ ਹੈਂਕੜ ਨਾਲ ਪੇਸ਼ ਆਉਂਦੇ ਰਹੇ।
ਆਮ ਆਦਮੀ ਪਾਰਟੀ ਵੱਲੋਂ ਖੜ੍ਹੇ ਕੀਤੇ 112 ਉਮੀਦਵਾਰਾਂ ਵਿਚੋਂ 92 ਸਿੱਖ ਸਨ। ਉਨ੍ਹਾਂ ਵਿਚੋਂ 26 ਅੰਮ੍ਰਿਤਧਾਰੀ ਸਨ ਅਤੇ ਇਹ ਵੀ ਦੋਸ਼ ਲਗਦੇ ਰਹੇ ਕਿ ਇਨ੍ਹਾਂ ਵਿਚੋਂ ਛੇ ਦਾ ਪਿਛੋਕੜ ਕਿਸੇ ਨਾ ਕਿਸੇ ਤਰ੍ਹਾਂ ਖਾੜਕੂਵਾਦ ਨਾਲ ਜੁੜਦਾ ਸੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਜਚਾ ਦਿੱਤਾ ਗਿਆ ਕਿ ਬਾਦਲ ਸਰਕਾਰ ਖਿਲਾਫ ਚੱਲ ਰਹੀ ਸਥਾਪਤੀ ਵਿਰੋਧੀ ਲਹਿਰ ਦਾ ਲਾਹਾ ਲੈਣ ਲਈ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਦੀ ਹਮਾਇਤ ਬਹੁਤ ਮੁਫ਼ੀਦ ਸਾਬਤ ਹੋਵੇਗੀ। ਉਹ ਅਖੰਡ ਕੀਰਤਨੀ ਜਥੇ ਦੇ ਆਗੂਆਂ ਕੋਲ ਜਾਣ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਤੋਂ ਅਸ਼ੀਰਵਾਦ ਲੈਣ ਲਈ ਵੀ ਚਲਿਆ ਗਿਆ। ਉਸ ਨੇ ਕਈ ਖਾੜਕੂ ਵਿਚਾਰਾਂ ਵਾਲੇ ਸਿੱਖ ਆਗੂਆਂ ਨਾਲ ਵੀ ਰਾਬਤਾ ਬਣਾਇਆ। ਇਹ ਬੰਦੇ ਅਤੇ ਜਥੇਬੰਦੀਆਂ ਜਮਹੂਰੀ ਢਾਂਚੇ ਅਤੇ ਵਰਤਾਰੇ ਦਾ ਹਿੱਸਾ ਹੀ ਨਹੀਂ ਹਨ। ਇਸ ਸਭ ਕਾਸੇ ਨਾਲ ਪੰਜਾਬ ਦਾ ਹਿੰਦੂ ਭਾਈਚਾਰਾ ਆਮ ਆਦਮੀ ਪਾਰਟੀ ਤੋਂ ਭੈਅਭੀਤ ਹੋ ਗਿਆ ਅਤੇ ਡਟ ਕੇ ਕਾਂਗਰਸ ਦੇ ਹੱਕ ਵਿਚ ਭੁਗਤ ਗਿਆ। ਆਮ ਆਦਮੀ ਪਾਰਟੀ ਵੱਲੋਂ ਖੇਡੇ ਇਸ ਪੰਥਕ ਪੱਤੇ ਕਾਰਨ ਹੀ ਆਰæਐਸ਼ਐਸ਼ ਨੇ ਆਪਣੇ ਹਮਾਇਤੀਆਂ ਨੂੰ ਕਾਂਗਰਸ ਦੀ ਹਮਾਇਤ ਕਰਨ ਦੇ ਆਦੇਸ਼ ਦੇ ਦਿੱਤੇ, ਕਿਉਂਕਿ ਉਹ ਅਕਾਲੀ-ਭਾਜਪਾ ਗਠਜੋੜ ਨੂੰ ਤਾਂ ਪਹਿਲਾਂ ਹੀ ਖ਼ਤਮ ਹੋਇਆ ਸਮਝ ਬੈਠੀ ਸੀ। ਇਹ ਪੱਖ ਵੀ ਇਨ੍ਹਾਂ ਚੋਣਾਂ ਦਾ ਮਹੱਤਵਪੂਰਨ ਪਹਿਲੂ ਹੈ।
ਕੇਜਰੀਵਾਲ ਨੇ ਪੰਜਾਬ ਦੇ ਕਿਸੇ ਵੀ ਆਗੂ ਉਤੇ ਭਰੋਸਾ ਨਹੀਂ ਕੀਤਾ, ਜਦੋਂਕਿ ਰਾਜਨੀਤਕ ਪਾਰਟੀਆਂ ਬੇਭਰੋਸਗੀ ਦੇ ਆਲਮ ਵਿਚ ਚੱਲ ਨਹੀਂ ਸਕਦੀਆਂ। ਪਾਰਟੀ ਕੋਲ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦਾ ਕੋਈ ਲੀਡਰ ਹੈ ਹੀ ਨਹੀਂ ਸੀ ਅਤੇ ਨਾ ਹੀ ਇਸ ਦੀ ਕੇਂਦਰੀ ਲੀਡਰਸ਼ਿਪ ਨੇ ਸਥਾਨਕ ਲੀਡਰ ਪੈਦਾ ਹੋਣ ਦਿੱਤਾ। ਸੂਬੇ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬੇਇੱਜ਼ਤ ਕਰ ਕੇ ਪਾਰਟੀ ਵਿਚੋਂ ਕੱਢਣਾ ਵੀ ਆਮ ਆਦਮੀ ਪਾਰਟੀ ਉਤੇ ਭਾਰੂ ਪੈ ਗਿਆ।
ਇਨ੍ਹਾਂ ਚੋਣ ਨਤੀਜਿਆਂ ਤੋਂ ਦਿੱਲੀ ਦੀ ਕਾਂਗਰਸ ਲੀਡਰਸ਼ਿਪ ਨੂੰ ਕਾਫ਼ੀ ਕੁਝ ਸਿੱਖਣ ਲਈ ਮਿਲ ਸਕਦਾ ਹੈ। ਪੰਜਾਬ ਵਿਚ ਅਪਣਾਇਆ ਮਾਡਲ ਕਾਂਗਰਸ ਲਈ ਕੌਮੀ ਪੱਧਰ ਉਤੇ ਉਭਰਨ ਵਿਚ ਸਹਾਈ ਸਿੱਧ ਹੋ ਸਕਦਾ ਹੈ, ਭਾਵੇਂ ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਵੱਡੀ ਜਿੱਤ ਨੇ ਪੰਜਾਬ ਦੀ ਜਿੱਤ ਦੇ ਬਹੁਤੇ ਚਰਚੇ ਨਹੀਂ ਹੋਣ ਦਿੱਤੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲਈ ਇਹ ਸਵੈ-ਪੜਚੋਲ ਦਾ ਸਮਾਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਮੁੜ ਪ੍ਰਧਾਨ ਬਣਨ ਲਈ ਕਸ਼ਮਕਸ਼ ‘ਚੋਂ ਲੰਘਣਾ ਪਿਆ ਸੀ ਤੇ ਫਿਰ ਉਸ ਨੂੰ ਕੰਮ ਕਰਨ ਦੀ ਖੁੱਲ੍ਹ ਹਾਸਲ ਕਰਨ ਲਈ ਮਹੀਨੇ ਲੱਗ ਗਏ ਸਨ, ਹਾਲਾਂਕਿ ਉਹ ਹੀ ਪੰਜਾਬ ਪਾਰਟੀ ਦਾ ਇਕੋ ਇਕ ਕੱਦਾਵਰ ਆਗੂ ਸੀ। ਉਹ ਪਾਰਟੀ ਦੀ ਚੋਣ ਮੁਹਿੰਮ ਦਾ ਮੁੱਖ ਧੁਰਾ ਅਤੇ ਪ੍ਰਚਾਰਕ ਸੀ। ਉਹ ਕਾਂਗਰਸ ਦਾ ਸਥਾਨਕੀਕਰਨ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਪੰਜਾਬ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੇ ਇਸ ਮਾਡਲ ਨੂੰ ਕਾਂਗਰਸ ਵੱਲੋਂ ਦੂਜੇ ਸੂਬਿਆਂ ਵਿਚ ਵੀ ਵਰਤਿਆ ਅਤੇ ਪਰਖਿਆ ਜਾਣਾ ਚੰਗਾ ਰਹੇਗਾ।
ਕਾਂਗਰਸ ਨੂੰ ਚਾਹੀਦਾ ਹੈ ਕਿ ਇਹ ਆਪਣੀ ਖੇਤਰੀ ਲੀਡਰਸ਼ਿਪ ਨੂੰ ਉਭਰਨ ਦੇਵੇ ਜੋ ਬਹੁ-ਸਭਿਆਚਾਰੀ ਸੰਵੇਦਨਾਵਾਂ ਦੇ ਆਧਾਰ ਉਤੇ ਆਪਣੇ ਖੇਤਰੀ ਏਜੰਡੇ ਤੈਅ ਕਰਨ। ਹਾਈ ਕਮਾਂਡ ਕਲਚਰ ਹਰ ਹਾਲ ਖ਼ਾਤਮ ਹੋਣਾ ਚਾਹੀਦਾ ਹੈ। ਪਾਰਟੀ ਦੀਆਂ ਸੂਬਾਈ ਇਕਾਈਆਂ ਦੀ ਪੂਰੀ ਤਰ੍ਹਾਂ ਸਾਫ਼-ਸਫ਼ਾਈ ਕਰ ਕੇ ਇਨ੍ਹਾਂ ਨੂੰ ਖ਼ੁਦਮੁਖਤਿਆਰੀ ਦੇਣੀ ਚਾਹੀਦੀ ਹੈ। ਇਹ ਮਾਡਲ ਅਪਣਾਉਣ ਲਈ ਰਾਹੁਲ ਨੂੰ ਆਪਣਾ ਕੰਮ ਕਰਨ ਦਾ ਢੰਗ ਬਦਲਣਾ ਪਵੇਗਾ। ਕਾਂਗਰਸ ਨੂੰ ਚਲਾ ਰਹੀ, ਗਾਂਧੀ ਪਰਿਵਾਰ ਦੁਆਲੇ ਜੁੜੀ ਖ਼ਾਸ ਜੁੰਡਲੀ ਦੀ ਥਾਂ ਇਸ ਪਾਰਟੀ ਨੂੰ ਹਰ ਸੂਬੇ ਵਿਚ ਉਥੋਂ ਦੀਆਂ ਲੋੜਾਂ ਤੇ ਸਭਿਆਚਾਰ ਅਤੇ ਲੋਕਾਂ ਦੀਆਂ ਉਮੰਗਾਂ ਅਨੁਸਾਰ ਢਲਣਾ ਪੈਣਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਕੈਪਟਨ ਅਮਰਿੰਦਰ ਸਿੰਘ ਲਈ ਖ਼ੁਸ਼ੀ ਅਤੇ ਪੰਜਾਬ ਲਈ ਕੁਝ ਕਰਨ ਦਾ ਮੌਕਾ ਲੈ ਕੇ ਆਏ ਹਨ। ਇਹ ਹੁਣ ਉਸ ਦੇ ਹੱਥ ਹੈ ਕਿ ਉਹ ਇਸ ਅਵਸਰ ਨੂੰ ਕਿੰਨੀ ਬਾਖ਼ੂਬੀ ਨਾਲ ਕਾਂਗਰਸ ਪਾਰਟੀ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਵਰਤਣ ਵਾਸਤੇ ਯਤਨਸ਼ੀਲ ਹੋਵੇਗਾ।