ਆਫੀਆ ਸਦੀਕੀ ਦਾ ਜਹਾਦ-3

ਤੁਸੀਂ ਪੜ੍ਹ ਚੁੱਕੇ ਹੋæææ
ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ਵਿਚ ਸਾਲ 2008 ‘ਚ 17 ਜੁਲਾਈ ਦੀ ਸ਼ਾਮ ਨੂੰ ਇਕ ਮੁਟਿਆਰ ਗ੍ਰਿਫਤਾਰ ਹੋਈ। ਇਹ ਮੁਟਿਆਰ ਕੋਈ ਹੋਰ ਨਹੀਂ, ਅਮਰੀਕੀ ਜਾਂਚ ਏਜੰਸੀ ਐਫ਼ਬੀæਆਈæ ਦੁਆਰਾ ਐਲਾਨੀ ਗਈ ਦੁਨੀਆਂ ਦੀ ਸਭ ਤੋਂ ਖਤਰਨਾਕ ਅਤਿਵਾਦੀ ਔਰਤ ਆਫੀਆ ਸਦੀਕੀ ਸੀ। ਪਾਕਿਸਤਾਨ ਵਿਚ ਰਹਿੰਦਿਆਂ ਆਫੀਆ ਦੀ ਮਾਂ ਇਸਮਤ ਜਹਾਨ ਮਜ਼ਹਬੀ ਤਾਲੀਮ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਉਭਰੀ ਸੀ। ਅੰਮੀ ਦੀ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਡੂੰਘਾ ਅਸਰ ਹੋਇਆ। ਜਨਰਲ ਜ਼ਿਆ-ਉਲ-ਹੱਕ ਦੇ ਕਾਰਜਕਾਲ ਵੇਲੇ ਉਸ ਦਾ ਰੁਤਬਾ ਹੋਰ ਵੀ ਵੱਡਾ ਹੋ ਗਿਆ। ਉਸ ਦਾ ਪਰਿਵਾਰ ਜਨਰਲ ਜ਼ਿਆ ਅਤੇ ਹੋਰ ਵੱਡੇ ਲੋਕਾਂ ਦੇ ਸਿੱਧਾ ਸੰਪਰਕ ਵਿਚ ਆ ਗਿਆ। ਪਾਕਿਸਤਾਨ ਤੋਂ ਅਫਗਾਨਿਸਤਾਨ ਜਾਣ ਵਾਲਾ ਪਹਿਲਾ ਲੜਾਕਾ ਜਹਾਦੀ ਗਰੁਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ ‘ਚੋਂ ਵਿਦਾ ਹੋਇਆ ਸੀ। ਜਨਰਲ ਜ਼ਿਆ ਦੀ ਅਚਾਨਕ ਹੋਈ ਮੌਤ ਪਰਿਵਾਰ ਲਈ ਅਸਹਿ ਸੀ। ਪਰਿਵਾਰ ਨੇ ਨਵੇਂ ਸਿਰਿਓਂ ਸੋਚਿਆ। ਆਫੀਆ ਦਾ ਭਰਾ ਮੁਹੰਮਦ ਅਲੀ ਪੜ੍ਹਾਈ ਲਈ ਅਮਰੀਕਾ ਗਿਆ ਹੋਇਆ ਸੀ। ਆਫੀਆ ਵੀ ਪੜ੍ਹਾਈ ਵਾਸਤੇ ਅਮਰੀਕਾ ਪੁੱਜ ਗਈ। ਮੁਹੰਮਦ ਅਲੀ ਦੇ ਅਪਾਰਟਮੈਂਟ ਵਿਚ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਹ ਪੜ੍ਹਾਈ ‘ਚ ਤਿੱਖੀ ਸੀ ਅਤੇ ਹਰ ਗੱਲ ਮਜ਼ਹਬ ਨੂੰ ਕੇਂਦਰ ਵਿਚ ਰੱਖ ਕੇ ਹੀ ਕਰਦੀ ਸੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਸਭ ਤੋਂ ਬਿਹਤਰ ਮਜ਼ਹਬ ਜਾਪਦਾ ਸੀ। ਉਹ ਦੂਜੇ ਮਜ਼ਹਬਾਂ ਦੀ ਕਦਰ ਵੀ ਨਾ ਕਰਦੀ। ਅਮਰੀਕਾ ਦੀ ਧਾੜਵੀ ਪਹੁੰਚ ਦੀ ਉਹ ਤਿੱਖੀ ਨੁਕਤਾਚੀਨੀ ਕਰਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
ਚਹਅਹਅਲਸ57@ੇਅਹੋ।ਚੋਮ

ਆਫੀਆ, ਮੈਸਾਚੂਸੈਟਸ ਸਟੇਟ ਦੇ ਲੋਗਨ ਇੰਟਰਨੈਸ਼ਨਲ ਏਅਰਪੋਰਟ, ਬੋਸਟਨ ਉਤਰੀ। ਉਥੋਂ ਉਹ ਟੈਕਸੀ ਲੈ ਕੇ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ (ਐਮæਆਈæਟੀæ) ਵੱਲ ਚੱਲ ਪਈ। ਟੈਕਸੀ ਬੋਸਟਨ ਸ਼ਹਿਰ ਦੀਆਂ ਸੜਕਾਂ ‘ਤੇ ਭੱਜ ਰਹੀ ਸੀ ਤੇ ਆਫੀਆ ਕਿਸੇ ਵਿਸਮਾਦ ਜਿਹੇ ਵਿਚ ਡੁੱਬੀ ਹੋਈ ਸੀ। ਉਸ ਨੂੰ ਪਹਿਲੀਆਂ ਨਜ਼ਰਾਂ ‘ਚ ਹੀ ਬੋਸਟਨ ਸ਼ਹਿਰ ਭਾਅ ਗਿਆ ਤੇ ਬਹੁਤ ਸੋਹਣਾ ਲੱਗਿਆ। ਪਤਾ ਹੀ ਨਾ ਲੱਗਿਆ ਕਿ ਟੈਕਸੀ ਕਦੋਂ ਯੂਨੀਵਰਸਿਟੀ ਨੇੜਲੇ ਹੋਟਲ ਜਾ ਰੁਕੀ। ਟੈਕਸੀ ਡਰਾਈਵਰ ਦੇ ਬੁਲਾਉਣ ‘ਤੇ ਆਫੀਆ ਖਿਆਲਾਂ ‘ਚੋਂ ਨਿਕਲੀ। ਕਿਰਾਇਆ ਦੇ ਕੇ ਉਸ ਨੇ ਸਮਾਨ ਚੁੱਕ ਲਿਆ। ਹੋਟਲ ‘ਚ ਕਮਰਾ ਲੈ ਕੇ ਸਾਮਾਨ ਵਗੈਰਾ ਉਥੇ ਟਿਕਾ ਕੇ ਉਹ ਯੂਨੀਵਰਸਿਟੀ ਤੁਰ ਪਈ। ਅੰਦਰ ਜਾਂਦਿਆਂ ਉਸ ਨੇ ਵੇਖਿਆ ਕਿ ਹਰ ਪਾਸੇ ਵਿਦਿਆਰਥੀ ਝੁੰਡਾਂ ਵਿਚ ਘੁੰਮ ਰਹੇ ਸਨ। ਉਸ ਨੇ ਇੱਧਰ ਉਧਰ ਨਜ਼ਰ ਮਾਰੀ। ਉਸ ਨੂੰ ਕੋਈ ਵੀ ਕੁੜੀ ਪੰਜਾਬੀ ਪਹਿਰਾਵੇ ‘ਚ ਨਾ ਦਿਸੀ ਜਦੋਂ ਕਿ ਉਸ ਨੇ ਖੁਦ ਸਲਵਾਰ-ਕਮੀਜ਼ ਪਹਿਨੀ ਹੋਈ ਸੀ ਤੇ ਸਿਰ ਉਪਰ ਚੁੰਨੀ ਲਈ ਹੋਈ ਸੀ। ਉਸ ਨੂੰ ਆਪਣਾ ਆਪ ਓਪਰਾ ਜਿਹਾ ਨਾ ਲੱਗਿਆ, ਸਗੋਂ ਉਸ ਨੂੰ ਆਪਣੇ ਵੱਖਰੇਪਣ ‘ਤੇ ਮਾਣ ਮਹਿਸੂਸ ਹੋਇਆ। ਦਫਤਰ ਜਾ ਕੇ ਉਸ ਨੇ ਦਾਖਲੇ ਵਗੈਰਾ ਦਾ ਰਹਿੰਦਾ ਕੰਮ ਨਿਬੇੜਿਆ। ਫਿਰ ਉਹ ਨੇੜਲੇ ਕੁੜੀਆਂ ਦੇ ਹੋਸਟਲ, ਮਕਾਰਮਿਕ ਹਾਲ ਚਲੀ ਆਈ। ਉਮੀਦ ਦੇ ਉਲਟ ਉਸ ਨੂੰ ਕੁਝ ਪੇਪਰ ਵਰਕ ਪਿੱਛੋਂ ਕਮਰਾ ਮਿਲ ਗਿਆ। ਦਫਤਰ ‘ਚੋਂ ਕਮਰੇ ਦੀ ਚਾਬੀ ਲੈ ਕੇ ਉਹ ਲਿਫਟ ਰਾਹੀਂ ਕਮਰੇ ‘ਚ ਪਹੁੰਚੀ। ਉਚੀ ਲੰਬੀ ਬਿਲਡਿੰਗ ਦੀ ਵੀਹਵੀਂ ਮੰਜ਼ਿਲ ‘ਤੇ ਉਸ ਦਾ ਕਮਰਾ ਸੀ। ਕਮਰਾ ਖੋਲ੍ਹ ਕੇ ਉਹ ਅੰਦਰ ਗਈ ਤੇ ਪਿਛਲੀ ਬਾਰੀ ਰਾਹੀਂ ਹੇਠਾਂ ਝਾਕੀ। ਉਸ ਦਾ ਮਨ ਬਾਗੋ-ਬਾਗ ਹੋ ਗਿਆ। ਬਾਹਰ ਹਰਿਆਲੀ ਹੀ ਹਰਿਆਲੀ ਦਿਸ ਰਹੀ ਸੀ ਤੇ ਚਾਰਸਲ ਦਰਿਆ ਹੋਸਟਲ ਬਿਲਡਿੰਗ ਦੇ ਨਾਲ ਦੀ ਖਹਿ ਕੇ ਲੰਘਦਾ ਸੀ। ਕਾਫੀ ਦੇਰ ਖੜ੍ਹੀ ਉਹ ਕੁਦਰਤ ਦੇ ਨਜ਼ਾਰੇ ਦਾ ਅਨੰਦ ਮਾਣਦੀ ਰਹੀ। ਫਿਰ ਹੋਟਲ ਜਾ ਕੇ ਆਪਣਾ ਸਮਾਨ ਚੁੱਕ ਲਿਆਈ।
ਅਗਲੇ ਦਿਨ ਤੋਂ ਹੀ ਉਹ ਪੜ੍ਹਾਈ ‘ਚ ਖੁੱਭ ਗਈ। ਉਸ ਦੇ ਘਰਦੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ, ਪਰ ਉਸ ਦਾ ਖਿਆਲ ਕੁਝ ਹੋਰ ਸੀ। ਪਹਿਲਾਂ ਉਹ ਪੁਲੀਟੀਕਲ ਸਾਇੰਸ ਪੜ੍ਹਨਾ ਚਾਹੁੰਦੀ ਸੀ। ਘਰਦਿਆਂ ਦੇ ਜ਼ਿਆਦਾ ਕਹਿਣ ‘ਤੇ ਉਸ ਨੇ ਸਾਇੰਸ ਅਤੇ ਮੈਥ ਦੀਆਂ ਕਲਾਸਾਂ ਲੈ ਲਈਆਂ। ਆਫੀਆ ਛੋਟੇ ਕੱਦ ਅਤੇ ਹਲਕੇ ਸਰੀਰ ਦੀ ਛੀਂਟਕੀ ਜਿਹੀ ਕੁੜੀ ਸੀ ਪਰ ਚਿਹਰਾ ਬਹੁਤ ਪ੍ਰਭਾਵਸ਼ਾਲੀ ਸੀ। ਉਸ ਦੀ ਸਮੁੱਚੀ ਦਿੱਖ ਅਗਲੇ ਨੂੰ ਮੋਹ ਲੈਂਦੀ ਸੀ। ਆਪਣੇ ਕੰਮ ‘ਚ ਮਸਤ ਰਹਿਣ ਅਤੇ ਪੜ੍ਹਾਈ ਵਿਚ ਚੰਗੀ ਹੋਣ ਕਰ ਕੇ ਜਲਦੀ ਹੀ ਉਹ ਆਪਣੇ ਪ੍ਰੋਫੈਸਰਾਂ ਦੀ ਚਹੇਤੀ ਬਣ ਗਈ।
ਹੋਸਟਲ ‘ਚ ਥੋੜ੍ਹੀ ਪਛਾਣ ਵਧਣ ਪਿੱਛੋਂ ਆਫੀਆ ਨੇ ਮੁਸਲਮਾਨ ਕੁੜੀਆਂ ਨੂੰ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਇੱਥੇ ਦੂਜੇ ਧਰਮਾਂ ਦੀਆਂ ਕੁੜੀਆਂ ਜ਼ਿਆਦਾ ਸਨ, ਪਰ ਉਹ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੀ। ਖਾਸ ਕਰ ਕੇ ਯਹੂਦੀ ਕੁੜੀਆਂ ਨਾਲ ਤਾਂ ਉਹ ਬਿਨਾਂ ਮਤਲਬ ਗੱਲ ਵੀ ਨਾ ਕਰਦੀ। ਹੌਲੀ ਹੌਲੀ ਉਸ ਨੇ ਉਥੇ ਆਪਣਾ ਗਰੁਪ ਬਣਾ ਲਿਆ। ਉਹ ਮੁਸਲਮਾਨ ਕੁੜੀਆਂ ਨਾਲ ਧਰਮ ‘ਤੇ ਚਰਚਾ ਕਰਨ ਲੱਗੀ, ਪਰ ਬਹੁਤੀਆਂ ਕੁੜੀਆਂ ਦਾ ਧਰਮ ਨਾਲ ਜ਼ਿਆਦਾ ਸਰੋਕਾਰ ਨਹੀਂ ਸੀ। ਉਹ ਤਾਂ ਅਮਰੀਕਨ ਜ਼ਿੰਦਗੀ ‘ਚ ਘੁਲ ਮਿਲ ਗਈਆਂ ਜਾਪਦੀਆਂ ਸਨ। ਆਫੀਆ ਨੇ ਉਨ੍ਹਾਂ ਨੂੰ ਧਰਮ ਦੀ ਸਿੱਖਿਆ ਦਾ ਵਾਸਤਾ ਦੇ ਦੇ ਕੇ ਆਪਣੇ ਹਿਸਾਬ ਸਿੱਧੇ ਰਾਹ ‘ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਵਿਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਈ। ਫਿਰ ਉਹ ਆਪਣੇ ਗਰੁਪ ਨੂੰ ਨਾਲ ਲੈ ਕੇ ਸਾਂਝੇ ਕੰਮ ਕਰਨ ਲੱਗੀ। ਕਦੀ ਕਾਲਜ ਕੈਂਪਸ ਦੀ ਸਫਾਈ ਕਰਵਾ ਦਿੱਤੀ ਤੇ ਕਈ ਕੁਝ ਹੋਰ। ਇਸ ਤੋਂ ਬਿਨਾਂ ਉਹ ਹਰ ਹਫਤੇ ਤਕਰੀਬਨ ਚਾਲੀ ਘੰਟੇ ਬਿਨਾਂ ਕਿਸੇ ਤਨਖਾਹ ਦੇ ਕਾਲਜ ਦੇ ਸਾਂਝੇ ਕੰਮਾਂ ਵਿਚ ਲਾਉਂਦੀ। ਮੌਕਾ ਮਿਲਦਿਆਂ ਹੀ ਉਹ ਗਰੀਬ ਇਲਾਕਿਆਂ ਵਾਲੇ ਸਕੂਲਾਂ ਵਿਚ ਜਾ ਕੇ ਬੱਚਿਆਂ ਲਈ ਮੁਫਤ ਸਾਇੰਸ ਫੇਅਰ ਆਦਿ ਲਾਉਣ ਲੱਗੀ। ਇਸ ਤਰ੍ਹਾਂ ਉਹ ਛੇਤੀ ਹੀ ਸਾਰਿਆਂ ਦੀਆਂ ਨਜ਼ਰਾਂ ‘ਚ ਆ ਗਈ। ਕਾਲਜ ਵਿਚ ਉਸ ਦਾ ਅਕਸ ਚੰਗੀ ਹੁਸ਼ਿਆਰ ਅਤੇ ਸਮਾਜ ਸੇਵੀ ਵਿਦਿਆਰਥਣ ਦਾ ਬਣ ਗਿਆ, ਪਰ ਨਿੱਜੀ ਤੌਰ ‘ਤੇ ਉਹ ਹਮੇਸ਼ਾ ਧਰਮ ਨਾਲ ਜੁੜੇ ਕੰਮਾਂ ਨੂੰ ਪਹਿਲ ਦਿੰਦੀ। ਉਹ ਜਦੋਂ ਆਪਣੇ ਗਰੁਪ ਦੀਆਂ ਕੁੜੀਆਂ ਨਾਲ ਮੀਟਿੰਗਾਂ ਕਰਦੀ ਤਾਂ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੰਦੀ ਕਿ ਗੈਰ-ਮੁਸਲਮਾਨਾਂ ਤੋਂ ਦੂਰ ਰਿਹਾ ਜਾਵੇ। ਉਨ੍ਹਾਂ ਨਾਲ ਦੋਸਤੀ ਨਾ ਕੀਤੀ ਜਾਵੇ, ਪਰ ਉਨ੍ਹਾਂ ਨਾਲ ਵਰਤਣ ਸਮੇਂ ਬਹੁਤ ਹੀ ਮਿੱਠਤ ਪਿਆਰ ਨਾਲ ਬੋਲਿਆ-ਚੱਲਿਆ ਜਾਵੇ। ਉਸ ਦੇ ਸਮਾਜ ਸੇਵਾ ਦੇ ਕੰਮਾਂ ਕਰ ਕੇ ਉਸ ਨੂੰ ਦੋ ਵਾਰੀ ਇਨਾਮ ਮਿਲਿਆ। ਵੈਸੇ ਤਾਂ ਪੜ੍ਹਾਈ ਦੇ ਹਰ ਖੇਤਰ ‘ਚ ਹੀ ਉਹ ਬਹੁਤ ਚੰਗੀ ਸੀ ਪਰ ਕੰਪਿਊਟਰ ਵਿਚ ਤਾਂ ਉਸ ਦਾ ਇੰਨਾ ਨਾਮ ਬਣ ਗਿਆ ਕਿ ਕਈ ਵਾਰੀ ਦੂਜੇ ਪ੍ਰੋਫੈਸਰ ਵੀ ਉਸ ਦੀ ਮਦਦ ਲੈਂਦੇ। ਹੁਣ ਤੱਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਜਿਸ ਆਮ ਕਰ ਕੇ ਐਮæਐਸ਼ਏæ ਕਿਹਾ ਜਾਂਦਾ ਸੀ, ਵਿਚ ਉਹ ਕਾਫੀ ਅਗਾਂਹ ਵਧ ਗਈ ਸੀ। ਉਹ ਐਮæਐਸ਼ਏæ ਰਾਹੀਂ ਮੁਸਲਮਾਨ ਵਿਦਿਆਰਥੀਆਂ ਦੇ ਹੱਕਾਂ ਬਾਰੇ ਸਾਰਿਆਂ ਨੂੰ ਜਾਗਰੂਕ ਕਰ ਰਹੀ ਸੀ। ਕਾਲਜ ਅਥਾਰਟੀ ਨਾਲ ਮਿਲ ਕੇ ਉਹ ਮੁਸਲਮਾਨ ਵਿਦਿਆਰਥੀਆਂ ਦੀਆਂ ਲੋੜਾਂ ਵੀ ਪੂਰੀਆਂ ਕਰਨ ਲਈ ਵੀ ਜ਼ੋਰ ਪਾਉਂਦੀ ਰਹਿੰਦੀ। ਇੱਥੋਂ ਤੱਕ ਕਿ ਕਾਲਜ ਕੈਂਪਸ ਦੇ ਛੋਟੇ ਰੈਸਟੋਰੈਂਟਾਂ ‘ਚ ਉਸ ਨੇ ਹਲਾਲ ਮੀਟ ਦੀ ਵਰਤੋਂ ਸ਼ੁਰੂ ਕਰਵਾਉਣ ਲਈ ਅਥਰਾਟੀ ਨੂੰ ਮਨਾ ਲਿਆ ਤਾਂ ਕਿ ਮੁਸਲਮਾਨ ਵਿਦਿਆਰਥੀ ਆਪਣੇ ਧਾਰਮਿਕ ਅਕੀਦੇ ਮੁਤਾਬਕ ਹਲਾਲ ਮੀਟ ਦੀ ਵਰਤੋਂ ਕਰ ਸਕਣ। ਇਸ ਤੋਂ ਇਲਾਵਾ ਉਸ ਨੇ ਹੋਸਟਲਾਂ ਵਿਚ ਵੱਖਰੇ ਕਮਰਿਆਂ ਦੀ ਸਹੂਲਤ ਮੁਹੱਈਆ ਕਰਵਾ ਲਈ ਜਿੱਥੇ ਮੁਸਲਮਾਨ ਵਿਦਿਆਰਥੀ ਨਮਾਜ਼ ਅਦਾ ਕਰ ਸਕਣ।
ਜਿਉਂ ਜਿਉਂ ਆਫੀਆ ਐਮæਐਸ਼ਏæ ਰਾਹੀਂ ਮੁਸਲਮਾਨ ਵਿਦਿਆਰਥੀਆਂ ਦੀਆਂ ਲੋੜਾਂ ਲਈ ਸਰਗਰਮ ਹੋ ਰਹੀ ਸੀ, ਤਿਉਂ ਤਿਉਂ ਉਸ ਦੀ ਮਸ਼ਹੂਰੀ ਹੁੰਦੀ ਜਾ ਰਹੀ ਸੀ। ਮੁਸਲਮਾਨ ਵਿਦਿਆਰਥੀਆਂ ‘ਚ ਉਸ ਨੂੰ ਬੜੀ ਇੱਜ਼ਤ ਨਾਲ ਵੇਖਿਆ ਜਾਂਦਾ ਸੀ। ਕੱਟੜ ਧਾਰਮਿਕ ਮੁੰਡੇ ਉਸ ਨੂੰ ‘ਟਰੂ ਸਿਸਟਰ’ ਕਹਿ ਕੇ ਬੁਲਾਉਣ ਲੱਗ ਪਏ। ਇਸੇ ਦੌਰਾਨ ਹੀ ਉਸ ਦੀ ਮੁਲਾਕਾਤ ਸੁਹੇਲ ਲਹਿਰ ਨਾਲ ਹੋਈ। ਸੁਹੇਲ ਦੇ ਮਾਪੇ ਇੰਡੀਆ ਤੋਂ ਸਨ, ਪਰ ਉਹ ਜ਼ਿੰਬਾਬਵੇ ‘ਚ ਜੰਮਿਆ ਸੀ। ਪੇਸ਼ੇ ਵਜੋਂ ਉਹ ਇੰਜੀਨੀਅਰ ਸੀ। ਸੁਹੇਲ ਰਾਹੀਂ ਉਹ ਐਮæਐਸ਼ਏæ ਦੇ ਅਹਿਮ ਅਤੇ ਅੰਦਰਲੇ ਖੇਤਰ ਵਿਚ ਆ ਗਈ। ਜਦੋਂ ਉਸ ਨੇ ਐਮæਐਸ਼ਏæ ਦੇ ਅੰਦਰਲੇ ਵਿਦਿਆਰਥੀਆਂ ਦੀ ਸੋਚ ਸੁਣੀ ਤਾਂ ਉਹ ਬੜੀ ਖੁਸ਼ ਹੋਈ। ਉਸ ਨੂੰ ਲੱਗਿਆ ਕਿ ਇਹ ਹੀ ਅਸਲੀ ਜਗ੍ਹਾ ਹੈ ਜਿੱਥੇ ਰਹਿ ਕੇ ਉਹ ਆਪਣੇ ਧਰਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਦੀ ਹੈ। ਅਸਲ ਵਿਚ ਇਹ ਗਰੁਪ ਐਮæਐਸ਼ਏæ ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਸੀ ਜਿਹੜੀ ਆਮ ਤੌਰ ‘ਤੇ ਪਰਦੇ ਦੇ ਪਿੱਛੇ ਰਹਿੰਦੀ ਸੀ। ਐਮæਐਸ਼ਏæ ਦੀ ਅਗਲੀ ਮੀਟਿੰਗ ‘ਚ ਆਪਣੀ ਵਾਰੀ ਆਉਣ ‘ਤੇ ਉਹ ਬੋਲਣ ਲੱਗੀ, “ਸਾਨੂੰ ਇੱਥੇ ਇਸਲਾਮ ਦੀ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਐ, ਕਿਉਂਕਿ ਇਹੀ ਇੱਕ ਢੰਗ ਐ, ਅੱਲਾ ਦੀਆਂ ਰਹਿਮਤਾਂ ਹਾਸਲ ਕਰਨ ਦਾ। ਸਾਨੂੰ ਸਾਰੇ ਵਿਦਿਆਰਥੀਆਂ ਲਈ ਜੁਮੇ ਦੀ ਨਮਾਜ਼ ਕਾਲਜ ਕੈਂਪਸ ‘ਚ ਪੜ੍ਹਨ ਲਈ ਜ਼ਰੂਰੀ ਕਰ ਦੇਣੀ ਚਾਹੀਦੀ ਐ। ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਨੂੰ ਇਸਲਾਮ ਧਰਮ ਵਿਚ ਲਿਆਉਣ ਲਈ ਹਰ ਉਪਰਾਲਾ ਕਰਨਾ ਚਾਹੀਦਾ ਐ। ਇੰਸ਼ਾ ਅੱਲਾ, ਜ਼ਰਾ ਸੋਚੋ ਕਿ ਉਹ ਦਿਨ ਕਿੰਨਾ ਭਾਗਾਂ ਭਰਿਆ ਹੋਵੇਗਾ ਜਦੋਂ ਅਮਰੀਕਾ ਵਿਚ ਈ ਨ੍ਹੀਂ ਸਗੋਂ ਸਾਰੀ ਦੁਨੀਆਂ ਵਿਚ ਇਸਲਾਮ ਦਾ ਝੰਡਾ ਝੂਲੇਗਾ। ਇਸ ਤੋਂ ਇਲਾਵਾ ਅੱਜ ਹੋਰ ਬੜਾ ਕੁਛ ਕਰਨ ਵਾਲਾ ਐæææ।” ਉਹ ਗੱਲ ਰੋਕ ਕੇ ਸਰੋਤਿਆਂ ਵੱਲ ਝਾਕੀ। ਸਾਰੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣ ਰਹੇ ਸਨ।
ਜ਼ਰਾ ਰੁਕ ਕੇ ਉਹ ਫਿਰ ਬੋਲਣ ਲੱਗੀ, “ਅੱਜ ਸੰਸਾਰ ਵਿਚ ਹੋਰ ਬਹੁਤ ਕੁਛ ਵਾਪਰ ਰਿਹਾ ਐ। ਥਾਂ ਥਾਂ ਮੁਸਲਮਾਨਾਂ ‘ਤੇ ਅੱਤਿਆਚਾਰ ਹੋ ਰਹੇ ਨੇ। ਇਹ ਕਿਉਂ ਹੋ ਰਿਹਾ ਐ, ਕਿਉਂਕਿ ਅਸੀਂ ਮੁਸਲਮਾਨ ਆਪਣੀ ਜ਼ਿੰਮੇਵਾਰੀ ਭੁੱਲ ਗਏ ਆਂ। ਅਸੀਂ ਭੁੱਲ ਗਏ ਆਂ ਕਿ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਐ ਜਹਾਦ। ਹਰ ਇੱਕ ਨੂੰ ਅੱਜ ਦੁਨੀਆਂ ਦੇ ਵੱਖ ਵੱਖ ਭਾਗਾਂ ‘ਚ ਚੱਲ ਰਹੇ ਜਹਾਦ ਵਿਚ ਆਪਣੀ ਹੈਸੀਅਤ ਮੁਤਾਬਕ ਹਿੱਸਾ ਪਾਉਣਾ ਚਾਹੀਦਾ ਐ। ਅਸਲੀ ਮੁਸਲਮਾਨ ਉਹ ਨੇ ਜੋ ਫਰੰਟ ‘ਤੇ ਲੜਾਈ ‘ਚ ਹਿੱਸਾ ਲੈ ਰਹੇ ਨੇ, ਪਰ ਅਸੀਂ ਉਨਾ ਕੁ ਤਾਂ ਕਰ ਈ ਸਕਦੇ ਆਂ ਜੋ ਉਨ੍ਹਾਂ ਦੇ ਕਾਰਜ ‘ਚ ਮੱਦਦ ਬਣ ਸਕੇ। ਮਸਲਨ, ਅਸੀਂ ਜਹਾਦ ‘ਚ ਸ਼ਹੀਦ ਹੋ ਰਹੇ ਆਪਣੇ ਭਰਾਵਾਂ ਦੇ ਬੱਚਿਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਸੰਭਾਲ ਸਕਦੇ ਆਂ। ਉਨ੍ਹਾਂ ਲਈ ਚੈਰਿਟੀ ਬਣਾ ਕੇ ਫੰਡ ਇਕੱਠਾ ਕਰਨ ਦੀ ਲੋੜ ਐ। ਸਾਨੂੰ ਵੱਧ ਤੋਂ ਵੱਧ ਚੈਰਿਟੀ ਇਕੱਠੀ ਕਰਨੀ ਚਾਹੀਦੀ ਐ।”
ਜਦੋਂ ਤੱਕ ਉਸ ਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਉਦੋਂ ਤੱਕ ਉਹ ਐਮæਐਸ਼ਏæ ਦੀ ਮੂਹਰਲੀ ਕਤਾਰ ਦੇ ਲੀਡਰਾਂ ਦੀਆਂ ਨਜ਼ਰਾਂ ‘ਚ ਆ ਚੁੱਕੀ ਸੀ। ਸਾਰੇ ਉਸ ਤੋਂ ਬਹੁਤ ਪ੍ਰਭਾਵਤ ਹੋਏ ਸਨ। ਉਹ ਸਮਝ ਗਏ ਸਨ ਕਿ ਜਿਸ ਲੜਕੀ ਦੀ ਉਹ ਚਿਰਾਂ ਤੋਂ ਉਡੀਕ ਕਰ ਰਹੇ ਸਨ, ਉਹ ਅੱਜ ਉਨ੍ਹਾਂ ਨੂੰ ਮਿਲ ਗਈ ਹੈ। ਮੀਟਿੰਗ ਖਤਮ ਹੋਣ ‘ਤੇ ਉਹ ਬਾਹਰ ਨਿਕਲੀ ਤੇ ਸੁਹੇਲ ਨਾਲ ਕਾਰ ਵਿਚ ਬੈਠ ਗਈ। ਸੁਹੇਲ ਨੇ ਕਾਰ ਤੋਰੀ ਤਾਂ ਆਫੀਆ ਨੇ ਗੱਲ ਛੇੜੀ, “ਸੁਹੇਲ ਉਹ ਕੋਨੇ ਜਿਹੇ ‘ਚ ਬੈਠੀ ਗੋਰੀ ਅਮਰੀਕਨ ਕੁੜੀ ਕੌਣ ਸੀ?”
“ਉਸ ਦਾ ਨਾਂ ਮਾਰਲਿਨ ਅਰਲ ਐ।”
“ਮਤਲਬ ਉਹ ਅਮਰੀਕਨ ਐ?”
“ਹਾਂ ਹੈ ਤਾਂ ਅਮਰੀਕਨ ਈ ਪਰæææ।”
“ਪਰ ਕੀ?”
“ਉਸ ਨੇ ਮਜ਼ਹਬ ਤਬਦੀਲ ਕਰ ਕੇ ਇਸਲਾਮ ਅਪਨਾਇਆ ਹੋਇਆ ਐ। ਹੁਣ ਉਹ ਪੱਕੀ ਮੁਸਲਮਾਨ ਐ।”
“ਕਿਸ ਦੇ ਪ੍ਰਭਾਵ ਨਾਲ ਉਸ ਨੇ ਮੁਸਲਮ ਧਰਮ ਆਪਨਾਇਆ ਐ?”
“ਛੱਡ ਇਹ ਗੱਲ, ਪਰ ਤੈਨੂੰ ਦੱਸਾਂ ਕਿ ਉਸ ਦਾ ਘਰਵਾਲਾ ਬਸਮ ਕੰਜ ਬੜਾ ਵੱਡਾ ਜਹਾਦੀ ਐ। ਉਸ ਨੇ ਕਈ ਜਹਾਦਾਂ ‘ਚ ਲੜਾਈ ਲੜੀ ਹੋਈ ਐ।”
“ਅੱਛਾ।”
ਇਸ ਪਿੱਛੋਂ ਆਫੀਆ ਚੁੱਪ ਹੋ ਗਈ। ਉਸ ਦੇ ਮਨ ‘ਚ ਆ ਰਿਹਾ ਸੀ ਕਿ ਉਹ ਕਿੰਨਾ ਕਿਸਮਤ ਵਾਲਾ ਹੋਵੇਗਾ ਜਿਸ ਨੇ ਮਾਰਲਿਨ ਦਾ ਮਜ਼ਹਬ ਤਬਦੀਲ ਕਰਵਾਇਆ ਹੋਊਗਾ। ਦੂਜਾ ਉਸ ਨੂੰ ਮਾਰਲਿਨ ‘ਤੇ ਇਸ ਗੱਲੋਂ ਵੀ ਮਾਣ ਮਹੂਸਸ ਹੋਇਆ ਕਿ ਉਸ ਦੇ ਘਰਵਾਲਾ ਜਹਾਦੀ ਹੈ ਤੇ ਫਰੰਟ ‘ਤੇ ਬੰਦੂਕ ਚੁੱਕ ਕੇ ਲੜ ਰਿਹਾ ਹੈ।
“ਚੁੱਪ ਕਿਉਂ ਹੋ ਗਈ?” ਸੁਹੇਲ ਨੇ ਆਫੀਆ ਨੂੰ ਖਿਆਲਾਂ ‘ਚ ਖੋਈ ਵੇਖ ਕੇ ਉਸ ਦੀ ਖਾਮੋਸ਼ੀ ਤੋੜੀ।
“ਨਹੀਂ, ਅਜਿਹੀ ਤਾਂ ਕੋਈ ਗੱਲ ਨ੍ਹੀਂ। ਮੈਂ ਤਾਂ ਸੋਚ ਰਹੀ ਸੀæææ।”
“ਕੀ ਸੋਚ ਰਹੀ ਸੀ ਤੂੰ?”
“ਮੈਂ ਤਾਂ ਇਹ ਸੋਚ ਰਹੀ ਸੀ ਕਿæææ।”
“æææ”
“ਅੱਛਾ ਸੁਹੇਲ, ਇੱਕ ਗੱਲ ਹੋਰ ਦੱਸ?” ਆਫੀਆ ਨੇ ਪਹਿਲੀ ਗੱਲ ਵਿਚਕਾਰ ਛੱਡਦਿਆਂ ਗੱਲ ਬਦਲੀ।
“ਹਾਂ ਹਾਂ, ਪੁੱਛ।”
“ਉਹ ਜਿਹੜਾ ਤੇਰੇ ਨਾਲ ਬੈਠਾ ਸੀ, ਉਹ ਕੌਣ ਐ? ਜਿਹੜਾ ਸਾਰੀ ਮੀਟਿੰਗ ਦੌਰਾਨ ਬਿਲਕੁਲ ਈ ਨ੍ਹੀਂ ਬੋਲਿਆ।”
“ਉਸ ਦਾ ਨਾਂæææ।” ਸੁਹੇਲ ਨੇ ਗੱਲ ਵਿਚਾਲੇ ਛੱਡਦਿਆਂ ਧਿਆਨ ਨਾਲ ਆਫੀਆ ਵੱਲ ਵੇਖਿਆ। ਪਲ ਭਰ ਰੁਕ ਕੇ ਉਹ ਫਿਰ ਬੋਲਿਆ, “ਉਸ ਦਾ ਨਾਂ ਰਮਜ਼ੀ ਯੂਸਫ ਐ। ਉਹ ਅਲ ਕੀਫਾ ਦਾ ਬੜਾ ਅਣਥੱਕ ਵਰਕਰ ਐ।”
“ਅਲ ਕੀਫਾ?” ਆਫੀਆ ਨੇ ਅਲ ਕੀਫਾ ਦਾ ਨਾਂ ਸੁਣਿਆ ਤਾਂ ਸੀ ਪਰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
“ਤੈਨੂੰ ਅਲ ਕੀਫਾ ਬਾਰੇ ਵੀ ਦੱਸ ਈ ਦਿੰਨਾਂ।” ਸੁਹੇਲ ਨੇ ਇੱਕ ਵਾਰ ਫਿਰ ਧਿਆਨ ਨਾਲ ਆਫੀਆ ਵੱਲ ਵੇਖਿਆ ਤੇ ਮਨ ‘ਚ ਸੋਚਿਆ ਕਿ ਇਹ ਕੁੜੀ ਸਾਡੇ ਕਾਜ਼ ਲਈ ਬਹੁਤ ਵਫਾਦਾਰ ਸਾਬਤ ਹੋਵੇਗੀ, ਇਸ ਨਾਲ ਹਰ ਗੱਲ ਸਾਂਝੀ ਕਰ ਲੈਣੀ ਚਾਹੀਦੀ ਐ।
“ਅਲ ਕੀਫਾ ਆਪਣੇ ਈ ਭੈਣ ਭਰਾਵਾਂ ਦੀ ਜਥੇਬੰਦੀ ਐ। ਇਹ ਬਹੁਤਾ ਗੱਲਾਂ ‘ਚ ਨ੍ਹੀਂ, ਬਲਕਿ ਐਕਸ਼ਨ ‘ਚ ਵਿਸ਼ਵਾਸ ਰੱਖਦੀ ਐ। ਆਪਣੀਆਂ ਸਾਰੀਆਂ ਈ ਮਸਜਿਦਾਂ ਅਤੇ ਜਹਾਦੀ ਸਰਕਲਾਂ ‘ਚ ਇਸ ਦਾ ਬਹੁਤ ਜ਼ੋਰ ਐ, ਪਰ ਇਹ ਖੁੱਲ੍ਹ ਕੇ ਸਾਹਮਣੇ ਨ੍ਹੀਂ ਆਉਂਦੀ। ਇਸ ਦਾ ਮੋਢੀ ਗੁਲਬੂਦੀਨ ਹਿਕਮਤਿਆਰ ਐ।”
“ਜਿਹੜਾ ਅਫਗਾਨਿਸਤਾਨ ਦਾ ਵਾਰ ਲੌਰਡ ਐ?” ਆਫੀਆ ਵਿਚਕਾਰੋਂ ਬੋਲੀ।
“ਹਾਂ ਉਹੀ। ਸ਼ੁਰੂਆਤ ਉਸੇ ਨੇ ਕੀਤੀ ਸੀ, ਪਰ ਹੁਣ ਇਹ ਸਾਰੇ ਈ ਫੈਲ ਚੁੱਕੀ ਐ। ਮੁਸਲਿਮ ਸਮਾਜ ਇਸ ਨੂੰ ਬਹੁਤ ਜ਼ਿਆਦਾ ਮਾਣ ਦਿੰਦਾ ਐ, ਤੇ ਇਸ ਨੂੰ ਆਰਥਿਕ ਮੱਦਦ ਵੀ ਬਹੁਤ ਮਿਲਦੀ ਐ, ਪਰ ਕਈ ਵਾਰ ਇਹੀ ਆਰਥਿਕ ਸਮੱਰਥਾ ਝਗੜੇ ਦਾ ਕਾਰਨ ਵੀ ਬਣ ਜਾਂਦੀ ਐ। ਤੂੰ ਪਿੱਛੇ ਜਿਹੇ ਮੁਸਤਫਾ ਸ਼ਲਾਬੀ ਦੇ ਕਤਲ ਬਾਰੇ ਤਾਂ ਸੁਣਿਆ ਈ ਹੋਣਾ?”
“ਹਾਂ ਪਤਾ ਐ ਮੈਨੂੰ। ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਜਿਸ ਦਾ ਭੇਤ ਈ ਨ੍ਹੀਂ ਖੁੱਲ੍ਹ ਸਕਿਆ।”
“ਉਹ ਕਤਲ ਅਲ ਕੀਫਾ ਕੋਲ ਪਏ ਮਿਲੀਅਨ ਡਾਲਰਾਂ ਦੇ ਫੰਡ ਨੂੰ ਲੈ ਕੇ ਹੋਇਆ ਸੀ। ਅਲ ਕੀਫਾ ਦੇ ਹੀ ਇੱਕ ਮੈਂਬਰ ਨੂੰ ਸ਼ੱਕ ਹੋ ਗਿਆ ਕਿ ਸ਼ਲਾਬੀ ਪੈਸੇ ਦੀ ਹੇਰਾਫੇਰੀ ਕਰਦਾ ਐ, ਪਰ ਮੈਂ ਅਜਿਹਾ ਨ੍ਹੀਂ ਮੰਨਦਾ। ਸ਼ਲਾਬੀ ਨੂੰ ਮਾਰ ਕੇ ਕਿਸੇ ਨੇ ਸਹੀ ਨ੍ਹੀਂ ਕੀਤਾ। ਉਸ ਵਰਗਾ ਧਾਰਮਿਕ ਅਤੇ ਅਕੀਦੇ ਵਾਲਾ ਕੋਈ ਹੋ ਈ ਨ੍ਹੀਂ ਸਕਦਾ।”
“ਉਹ ਕਿਵੇਂ?” ਆਫੀਆ ਨੂੰ ਜਿਗਿਆਸਾ ਹੋਈ।
“ਉਸ ਨੇ ਅਲ ਕੀਫਾ ਲਈ ਜਾਂ ਸਮਝ ਲੈ ਕਿ ਸਮੁੱਚੇ ਜਹਾਦ ਲਈ ਬਹੁਤ ਕੰਮ ਕੀਤਾ। ਉਹੋ ਹੀ, ਸ਼ੇਖ ਉਮਰ ਅਬਦੁਲ ਰਹਿਮਾਨ ਨੂੰ ਅਮਰੀਕਾ ਲਿਆਉਣ ਵਿਚ ਕਾਮਯਾਬ ਹੋਇਆ ਸੀ।”
“ਸ਼ੇਖ ਉਮਰ ਉਹੀ ਐ ਨਾ ਜੋ ਮਿਸਰ ਤੋਂ ਐ? ਜੋ ਬਚਪਨ ਤੋਂ ਅੰਨ੍ਹਾ ਐ?”
“ਉਹੀ ਉਹੀ। ਉਹ ਬਹੁਤ ਵੱਡਾ ਸਕਾਲਰ ਐ। ਅਮਰੀਕਾ ਨੂੰ ਉਸ ਬਾਰੇ ਕੁਝ ਵੀ ਪਤਾ ਨ੍ਹੀਂ ਐ, ਪਰ ਉਹ ਮਿਸਰ ਦੇ ਕੱਟੜ ਜਹਾਦੀਆਂ ‘ਚੋਂ ਇੱਕ ਐ। ਸਾਰੇ ਮੁਸਲਿਮ ਸਮਾਜ ‘ਚ ਉਸ ਦਾ ਰੁਤਬਾ ਬਹੁਤ ਉਚਾ ਐ। ਕੋਈ ਵੀ ਉਸ ਦੀ ਗੱਲ ਮੋੜ ਨ੍ਹੀਂ ਸਕਦਾ। ਕਾਸ਼! ਤੂੰ ਉਸ ਨੂੰ ਕਦੇ ਸੁਣੇ ਤਾਂæææ।”
“ਮੈਨੂੰ ਉਸ ਦੇ ਫਸਲਫੇ ਦਾ ਪਤਾ ਐ।” ਆਫੀਆ ਨੂੰ ਯਾਦ ਆਇਆ ਕਿ ਪਿਛਲੇ ਦਿਨੀਂ ਹੀ ਉਸ ਨੂੰ ਕਿਸੇ ਨੇ ਸ਼ੇਖ ਉਮਰ ਦੀ ਵੀਡੀਉ ਦਿਖਾਈ ਸੀ। ਵੀਡੀਉ ‘ਚ ਸੁਣੇ ਸ਼ੇਖ ਦੇ ਸ਼ਬਦ ਉਸ ਦੇ ਮਨ ‘ਚ ਘੁੰਮਣ ਲੱਗੇ, ‘ਹਰ ਮੁਸਲਮਾਨ ਦਾ ਇੱਕੋ ਹੀ ਧਰਮ ਐ ਕਿ ਗੈਰ-ਮੁਸਲਮਾਨਾਂ ਨੂੰ ਖਤਮ ਕਰ ਦਿਉ। ਦੁਨੀਆਂ ‘ਤੇ ਕੋਈ ਵੀ ਅਜਿਹਾ ਨਾ ਰਹੇ ਜਿਹੜਾ ਮੁਸਲਮਾਨ ਨਾ ਹੋਵੇ। ਲੋਕਾਂ ਨੂੰ ਸਮਝਾ ਬੁਝਾ ਕੇ ਮੁਸਲਮਾਨ ਬਣਾਉਣ ਨਾਲੋਂ ਬਿਹਤਰ ਇਹ ਐ ਕਿ ਉਨ੍ਹਾਂ ਦਾ ਖਾਤਮਾ ਕਰੋ। ਜਿੰਨੀ ਛੇਤੀ ਗੈਰ-ਮੁਸਲਮਾਨਾਂ ਦਾ ਸਫਾਇਆ ਹੋਵੇਗਾ, ਉਨੀ ਛੇਤੀ ਹੀ ਅਸੀਂ ਦੁਨੀਆਂ ‘ਤੇ ਇਸਲਾਮ ਦਾ ਝੰਡਾ ਝੁਲਾ ਸਕਾਂਗੇ। ਇਸ ਤੋਂ ਬਿਨਾਂ ਹਰ ਮੁਸਲਮਾਨ ਦਾ ਇਹ ਵੀ ਮਜ਼ਹਬੀ ਫਰਜ਼ ਐ ਕਿ ਉਹ ਕਈ ਸ਼ਾਦੀਆਂ ਕਰ ਕੇ ਵੱਧ ਤੋਂ ਵੱਧ ਬੱਚੇ ਪੈਦਾ ਕਰੇ ਤਾਂ ਕਿ ਸਾਡੀ ਗਿਣਤੀ ਕਾਫਰਾਂ ਦੇ ਉਪਰ ਦੀ ਹੋ ਜਾਵੇ।’
“ਤੂੰ ਮੇਰੀ ਗੱਲ ਸੁਣ ਰਹੀ ਐਂ ਨਾ?”
“ਹਾਂ ਹਾਂ ਮੇਰਾ ਧਿਆਨ ਤੇਰੀ ਗੱਲ ਵੱਲ ਈ ਐ।” ਆਫੀਆ ਨੇ ਖਿਆਲਾਂ ‘ਚੋਂ ਨਿਕਲਦਿਆਂ ਸੁਹੇਲ ਦੀ ਗੱਲ ਦਾ ਹੁੰਗਾਰਾ ਭਰਿਆ।
“ਸਾਨੂੰ ਸ਼ੇਖ ਉਮਰ ਵਰਗੇ ਮਜ਼ਹਬੀ ਰਹਿਨੁਮਾ ਦੀ ਲੋੜ ਐ?”
“ਪਰæææ।” ਆਫੀਆ ਨੇ ਉਸ ਦੀ ਗੱਲ ਟੋਕੀ।
“ਹਾਂ, ਦੱਸ ਕੀ?”
“ਪਰ ਇਹ ਰਮਜ਼ੀ ਯੂਸਫ ਫਿਰ ਅੱਜ ਐਮæਐਸ਼ਏæ ਦੀ ਮੀਟਿੰਗ ਵਿਚ ਕੀ ਕਰ ਰਿਹਾ ਸੀ?”
“ਅਸਲ ‘ਚ ਸਾਰੀਆਂ ਗੱਲਾਂ ਦਾ ਤੈਨੂੰ ਹੌਲੀ ਹੌਲੀ ਪਤਾ ਲੱਗੂਗਾ। ਕਈ ਮੈਂਬਰ ਦੋਨੋਂ ਪਾਸੇ ਕੰਮ ਕਰਦੇ ਨੇ। ਜਿਵੇਂ ਮਾਰਲਿਨ ਦਾ ਘਰਵਾਲਾ ਬਸਮ ਕੰਜ ਐ। ਉਹ ਦੋਨੋਂ ਪਾਸਿਆਂ ਦਾ ਮੈਂਬਰ ਐ।”
“ਅੱਜ ਕੱਲ੍ਹ ਉਹ ਕਿੱਥੇ ਐ, ਕਿਉਂਕਿ ਉਹ ਅੱਜ ਮਾਰਲਿਨ ਦੇ ਨਾਲ ਤਾਂ ਕਿਧਰੇ ਦਿਸਿਆ ਨ੍ਹੀਂ?” ਗੱਲ ਫਿਰ ਹੋਰ ਪਾਸੇ ਤੁਰ ਪਈ।
“ਉਸ ਦੀ ਵੀ ਲੰਬੀ ਕਹਾਣੀ ਐ। ਉਹ ਲਿਬਨਾਨ ਦਾ ਜੰਮਪਲ ਐ। ਉਹ ਉਥੋਂ ਕਿਸੇ ਮਜ਼ਹਬੀ ਜਥੇਬੰਦੀ ਤੋਂ ਵਜ਼ੀਫਾ ਲੈ ਕੇ ਇੱਥੇ ਪੜ੍ਹਨ ਆਇਆ ਸੀ। ਬੋਸਟਨ ਯੂਨੀਵਰਸਿਟੀ ਤੋਂ ਉਸ ਨੇ ਗਰੈਜੂਏਸ਼ਨ ਕੀਤੀ। ਇੱਥੇ ਈ ਉਹ ਜਹਾਦੀ ਲੀਡਰਾਂ ਦੇ ਸੰਪਰਕ ‘ਚ ਆਇਆ। ਫਿਰ ਉਹ ਅਲ ਕੀਫਾ ਦਾ ਸਰਗਰਮ ਮੈਂਬਰ ਬਣ ਗਿਆ। ਉਦੋਂ ਜਿਹੇ ਹੀ ਉਸ ਨੇ ਮਾਰਲਿਨ ਨਾਲ ਸ਼ਾਦੀ ਕੀਤੀ ਤੇ ਉਨ੍ਹਾਂ ਦੇ ਇੱਕ ਬੱਚੀ ਹੋ ਗਈ। ਫਿਰ ਉਹ ਦੋਨੋਂ ਪਾਕਿਸਤਾਨ ਚਲੇ ਗਏ। ਉਥੋਂ ਬਸਮ ਤਾਂ ਜਹਾਦ ‘ਚ ਲੜਨ ਵਾਸਤੇ ਬਾਰਡਰ ਲੰਘ ਕੇ ਅਫਗਾਨਿਸਤਾਨ ਚਲਿਆ ਗਿਆ ਤੇ ਮਾਰਲਿਨ ਆਪਣੀ ਬੱਚੀ ਨਾਲ ਪਿਸ਼ਾਵਰ ਦੇ ਉਸ ਇਲਾਕੇ ‘ਚ ਰਹੀ ਜਿੱਥੇ ਸਾਰੇ ਜਹਾਦੀਆਂ ਦੇ ਪਰਿਵਾਰ ਰਹਿੰਦੇ ਸਨ। ਉਥੇ ਉਹ ਲੜਾਈ ਦੌਰਾਨ ਸਖਤ ਜ਼ਖਮੀ ਹੋ ਗਿਆ ਤੇ ਉਸ ਨੂੰ ਸਰਜਰੀ ਲਈ ਇੱਥੇ ਅਮਰੀਕਾ ਵਾਪਸ ਆਉਣਾ ਪਿਆ। ਮਾਰਲਿਨ ਤੇ ਬਸਮ ਇੱਥੇ ਆ ਕੇ ਕੁਝ ਦੇਰ ਰਹੇ। ਜਦੋਂ ਬਸਮ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਉਹ ਫਿਰ ਜਹਾਦ ਦੀ ਲੜਾਈ ‘ਚ ਹਿੱਸਾ ਲੈਣ ਲਿਬਨਾਨ ਚਲਿਆ ਗਿਆ। ਉਥੋਂ ਉਹ ਅੱਗੇ ਬੋਸਨੀਆ ਚਲਿਆ ਗਿਆ। ਅੱਜ ਕੱਲ੍ਹ ਉਹ ਬੋਸਨੀਆ ਵਿਚ ਹੀ ਲੜ ਰਿਹਾ ਐ।”
ਇੰਨੀ ਦੇਰ ਨੂੰ ਆਫੀਆ ਦਾ ਹੋਸਟਲ ਆ ਗਿਆ ਸੀ। ਗੱਲਾਂ ਦਾ ਸਿਲਸਲਾ ਬੰਦ ਹੋ ਗਿਆ। ਸੁਹੇਲ, ਆਫੀਆ ਨੂੰ ਹੋਸਟਲ ਉਤਾਰ ਕੇ ਵਾਪਸ ਚਲਿਆ ਗਿਆ। ਆਫੀਆ ਆਪਣੇ ਕਮਰੇ ਵੱਲ ਜਾਂਦੀ ਮਾਰਲਿਨ ਅਤੇ ਬਸਮ ਕੰਜ ਬਾਰੇ ਹੀ ਸੋਚਦੀ ਜਾ ਰਹੀ ਸੀ। ਉਹ ਉਸ ਨੂੰ ਸੱਚਾ ਮੁਸਲਮਾਨ ਜੋੜਾ ਲੱਗਿਆ ਜੋ ਮੁਕੰਮਲ ਰੂਪ ਵਿਚ ਜਹਾਦ ਨੂੰ ਸਮਰਪਿਤ ਸੀ। ਉਸ ਨੂੰ ਮਾਰਲਿਨ ਚੰਗੀ ਚੰਗੀ ਲੱਗਣ ਲੱਗੀ। ਦੇਰ ਰਾਤ ਤੱਕ ਵੀ ਉਹ ਉਨ੍ਹਾਂ ਬਾਰੇ ਸੋਚਦੀ ਰਹੀ। ਅਗਲੇ ਕੁਝ ਦਿਨਾਂ ਵਿਚ ਹੀ ਉਸ ਨੇ ਮਾਰਲਿਨ ਨਾਲ ਚੰਗੀ ਦੋਸਤੀ ਗੰਢ ਲਈ।
ਆਫੀਆ ਦੀ ਪੜ੍ਹਾਈ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ। ਸਭ ਜਾਣਦੇ ਸਨ ਕਿ ਉਹ ਇਤਨੀ ਹੁਸ਼ਿਆਰ ਹੈ ਕਿ ਉਹ ਕੋਈ ਵੀ ਵਿਸ਼ਾ ਚੁਣ ਲਵੇ, ਹਮੇਸ਼ਾ ਪਹਿਲੇ ਨੰਬਰ ‘ਤੇ ਆਵੇਗੀ। ਇਨ੍ਹਾਂ ਦਿਨਾਂ ਵਿਚ ਉਸ ਨੇ ਪਰਚਾ ਲਿਖਿਆ ਜਿਸ ਦਾ ਨਾਂ ਸੀ ‘ਇਸਲਾਮਾਈਜ਼ੇਸ਼ਨ ਇਨ ਪਾਕਿਸਤਾਨ ਐਂਡ ਇਟਸ ਅਫੈਕਟਸ ਆਨ ਵਿਮੈਨ।’ ਇਸ ਪਰਚੇ ਕਰ ਕੇ ਉਸ ਨੂੰ ਐਮæਆਈæਟੀæ ਨੇ ਕੈਰਲ ਵਿਲਸਨ ਐਵਾਰਡ ਨਾਲ ਸਨਮਾਨਿਤ ਕੀਤਾ ਜਿਸ ਵਿਚ ਪੰਜ ਹਜ਼ਾਰ ਡਾਲਰ ਦਾ ਇਨਾਮ ਸ਼ਾਮਲ ਸੀ। ਇਸ ਇਨਾਮ ਨਾਲ ਖੁਸ਼ ਹੋਈ ਆਫੀਆ, 1992 ਦੀਆਂ ਗਰਮੀਆਂ ‘ਚ ਛੁੱਟੀਆਂ ਕੱਟਣ ਪਾਕਿਸਤਾਨ ਚਲੀ ਗਈ। ਉਨ੍ਹੀਂ ਦਿਨੀਂ ਪਾਕਿਸਤਾਨ ਵਿਚ ਹਦੂਦ ਲਾਅ ਬਾਰੇ ਰੌਲਾ-ਰੱਪਾ ਚੱਲ ਰਿਹਾ ਸੀ। ਹਿਊਮਨ ਰਾਈਟਸ ਵਰਗੀਆਂ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਨਾ ਸਿਰਫ ਔਰਤ ਦੀ ਆਜ਼ਾਦੀ ਨੂੰ ਕੁਚਲ ਰਿਹਾ ਹੈ, ਸਗੋਂ ਇਸ ਨੇ ਤਾਂ ਔਰਤ ਜਾਤੀ ਦਾ ਘਾਣ ਕਰ ਕੇ ਰੱਖ ਦਿੱਤਾ ਹੈ। ਇਸ ਕਨੂੰਨ ਨੂੰ ਘੜਨ ਵਿਚ ਮੁਫਤੀ ਮੁਹੰਮਦ ਤਕੀ ਉਸਮਾਨੀ ਨੇ ਬੜੀ ਮਿਹਨਤ ਕੀਤੀ ਸੀ।
ਮੁਫਤੀ ਉਸਮਾਨੀ ਆਫੀਆ ਦੇ ਪਰਿਵਾਰ ਦਾ ਮਜ਼ਹਬੀ ਰਹਿਨੁਮਾ ਸੀ। ਇਸ ਕਰ ਕੇ ਆਫੀਆ ਨੂੰ ਉਨ੍ਹੀ ਦਿਨੀਂ ਚੱਲ ਰਹੇ ਰੌਲੇ-ਰੱਪੇ ‘ਚ ਦਿਲਸਚਪੀ ਹੋ ਗਈ। ਉਸ ਨੇ ਮੁਫਤੀ ਸਾਹਿਬ ਦਾ ਪੱਖ ਲੈਣ ਦਾ ਫੈਸਲਾ ਕਰ ਲਿਆ। ਉਹ ਇਹ ਪੱਖ ਇਸ ਕਰ ਕੇ ਨਹੀਂ ਲੈ ਰਹੀ ਸੀ ਕਿ ਇਸ ਦਾ ਘਾੜਾ ਮੁਫਤੀ ਉਸਮਾਨੀ ਸੀ, ਬਲਕਿ ਇਸ ਕਰ ਕੇ ਕਿ ਉਸ ਦੀ ਆਪਣੀ ਸੋਚਣੀ ਸੀ ਕਿ ਇਸਲਾਮ ਨੇ ਜੋ ਵੀ ਪਾਬੰਦੀਆਂ ਔਰਤ ‘ਤੇ ਲਾਈਆਂ ਹਨ, ਇਹ ਮੁਸਲਮਾਨ ਔਰਤ ਲਈ ਸਹੀ ਹਨ। ਇਨ੍ਹਾਂ ਨੂੰ ਮੰਨਦੀ ਹੋਈ ਹੀ ਉਹ ਆਪਣੇ ਧਰਮ ਦਾ ਸਹੀ ਪਾਲਣ ਕਰ ਰਹੀ ਹੋਵੇਗੀ।
ਇਸ ਅਰਸੇ ਦੌਰਾਨ ਉਹ ਜਿਸ ਕਿਸੇ ਵੀ ਵੱਡੇ ਲੀਡਰ ਨੂੰ ਮਿਲੀ, ਹਰ ਕੋਈ ਉਸ ਦੇ ਵਿਚਾਰਾਂ ਤੋਂ ਪ੍ਰਭਾਵਤ ਹੋਇਆ, ਕਿਉਂਕਿ ਔਰਤ ਹੋ ਕੇ ਉਹ ਔਰਤਾਂ ਦੇ ਹੱਕ ਵਿਚ ਚੱਲ ਰਹੇ ਸੰਘਰਸ਼ ਦੇ ਉਲਟ ਸੀ। ਉਸ ਦੇ ਸ਼ੁਭਚਿੰਤਕਾਂ ‘ਚ ਪਹਿਲੇ ਪਾਕਿਸਤਾਨੀ ਡਿਕਟੇਟਰ ਜ਼ਿਆ-ਉਲ-ਹੱਕ ਦਾ ਪੁੱਤਰ ਇਜਾਜ਼-ਉਲ-ਹੱਕ ਵੀ ਸੀ। ਉਸ ਵੇਲੇ ਪਾਕਿਸਤਾਨ ਦੀ ਰਾਜਨੀਤੀ ਵਿਚ ਵੀ ਫੇਰ-ਬਦਲ ਹੋ ਚੁੱਕਿਆ ਸੀ। ਬੇਨਜ਼ੀਰ ਭੁੱਟੋ ਦੀ ਜਗ੍ਹਾ ਨਵਾਜ਼ ਸ਼ਰੀਫ ਦੀ ਪਾਰਟੀ ਸੱਤਾ ਵਿਚ ਆ ਚੁਕੀ ਸੀ ਤੇ ਉਹ ਮੁਲਕ ਦਾ ਪ੍ਰਧਾਨ ਮੰਤਰੀ ਸੀ, ਪਰ ਸਰਕਾਰ ਬਦਲਣ ਨਾਲ ਹੋਰ ਭਾਵੇਂ ਸਭ ਕੁਝ ਬਦਲ ਗਿਆ ਹੋਵੇ, ਪਰ ਇੱਕ ਗੱਲ ਨਹੀਂ ਬਦਲੀ ਸੀ। ਉਹ ਸੀ, ਪਾਕਿਸਤਾਨ ਦੀ ਖੁਫੀਆ ਏਜੰਸੀ ਆਈæਐਸ਼ਆਈæ ਦਾ ਏਜੰਡਾ। ਇਸ ਦੇ ਮੌਕੇ ਦੇ ਮੁਖੀ ਜਾਵੇਦ ਨਾਸਿਰ ਦੀ ਸੋਚ ਸੀ ਕਿ ਪਾਕਿਸਤਾਨ ਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ ‘ਚ ਚੱਲ ਰਹੇ ਜਹਾਦ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਇਸੇ ਏਜੰਡੇ ਤਹਿਤ ਉਹ ਬੋਸਨੀਆ ਦੀ ਖਾਨਾਜੰਗੀ ਵਿਚ ਜਹਾਦੀਆਂ ਦੀ ਮਦਦ ਕਰ ਰਿਹਾ ਸੀ। ਇਸ ਤੋਂ ਬਿਨਾਂ ਆਈæਐਸ਼ਆਈæ ਫਿਲੀਪੀਨਜ਼ ਤੇ ਰੂਸ ਦੇ ਕਈ ਹਿੱਸਿਆਂ ‘ਚ ਚੱਲ ਰਹੇ ਜਹਾਦ ਅਤੇ ਚੀਨ ਦੇ ਸਿਨਜ਼ਿਆਂਗ ਸੂਬੇ ‘ਚ ਚੱਲ ਰਹੇ ਸੰਘਰਸ਼ ਵਿਚ ਵੀ ਉਹੀ ਨੀਤੀ ਅਪਨਾ ਰਹੀ ਸੀ। ਹਰ ਜਹਾਦ ‘ਚ ਅਰਬ ਅਫਗਾਨਾਂ ਦੇ ਜਥੇ ਲੜ ਰਹੇ ਸਨ। ਇਹ ਉਹੀ ਲੋਕ ਸਨ ਜੋ ਅਫਗਾਨਿਸਤਾਨ ਦੀ ਜੰਗ ਵੇਲੇ ਅਮਰੀਕਾ ਵੱਲੋਂ ਸੋਵੀਅਤ ਯੂਨੀਅਨ ਦੇ ਖਿਲਾਫ ਲੜੇ ਸਨ। ਜਦੋਂ ਉਥੇ ਲੜਾਈ ਖਤਮ ਹੋ ਗਈ ਤਾਂ ਇਨ੍ਹਾਂ ਜਥਿਆਂ ਦੇ ਲੀਡਰ ਆਪਣੇ ਲੜਾਕਿਆਂ ਨੂੰ ਦੁਨੀਆਂ ਦੇ ਹੋਰ ਖੇਤਰਾਂ ਵੱਲ ਲੈ ਤੁਰੇ। ਇਨ੍ਹਾਂ ਲੀਡਰਾਂ ਵਿਚੋਂ ਸਭ ਤੋਂ ਵੱਧ ਉਭਰ ਕੇ ਬਾਹਰ ਆ ਰਿਹਾ ਲੀਡਰ ਉਸਾਮਾ ਬਿਨ-ਲਾਦਿਨ ਸੀ। ਇਸ ਤੋਂ ਬਿਨਾਂ ਬਲੋਚਿਸਤਾਨ ਦਾ ਵੱਡਾ ਤੇ ਬਹੁਤ ਅਮੀਰ ਪਰਿਵਾਰ ਜਹਾਦ ਵਿਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਇਸ ਨੂੰ ਅਲ ਬਲੋਚੀ ਕਰ ਕੇ ਜਾਣਿਆ ਜਾਂਦਾ ਸੀ। ਇਹ ਸਾਰਾ ਪਰਿਵਾਰ ਕਾਫੀ ਪਹਿਲਾਂ ਪਾਕਿਸਤਾਨ ਤੋਂ ਕੁਵੈਤ ਚਲਾ ਗਿਆ ਸੀ, ਪਰ 1980 ਦੇ ਇਰਦ ਗਿਰਦ ਇਹ ਵਾਪਸ ਪਾਕਿਸਤਾਨ ਮੁੜ ਆਇਆ ਤੇ ਅੱਜਕੱਲ੍ਹ ਜਹਾਦ ‘ਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ। ਇਸ ਪਰਿਵਾਰ ਦੇ ਮੋਢੀ ਦਾ ਨਾਂ ਖਾਲਿਦ ਸ਼ੇਖ ਮੁਹੰਮਦ ਸੀ ਜਿਸ ਨੂੰ ਸਾਰੇ ਉਸ ਦੇ ਨਿੱਕ ਨਾਂ ਯਾਨਿ ਕੇæਐਸ਼ਐਮæ ਕਰ ਕੇ ਜਾਣਦੇ ਸਨ। ਰਮਜ਼ੀ ਯੂਸਫ ਇਸੇ ਕੇæਐਸ਼ਐਮæ ਦਾ ਭਤੀਜਾ ਸੀ।
ਖੈਰ! ਆਪਣੀਆਂ ਛੁੱਟੀਆਂ ਬਿਤਾ ਕੇ ਆਫੀਆ ਵਾਪਸ ਅਮਰੀਕਾ ਆ ਗਈ। ਜਦੋਂ ਉਹ ਲੋਗਨ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰ ਕੇ ਕਸਟਮ ਵਗੈਰਾ ਦੀ ਕਲੀਅਰੈਂਸ ਲਈ ਲਾਈਨ ਵਿਚ ਲੱਗੀ ਹੋਈ ਸੀ ਤਾਂ ਉਸ ਨੇ ਵੇਖਿਆ ਕਿ ਨਾਲ ਦੀ ਲਾਈਨ ‘ਚ ਖੜ੍ਹਾ ਕੋਈ ਜਣਾ ਉਸ ਵੱਲ ਬੜੇ ਗਹੁ ਨਾਲ ਝਾਕ ਰਿਹਾ ਸੀ। ਉਸ ਨੇ ਦਿਮਾਗ ‘ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਆਦਮੀ ਨੂੰ ਪਹਿਲਾਂ ਉਸ ਨੇ ਕਿਤੇ ਵੇਖਿਆ ਹੋਇਆ ਪਰ ਉਸ ਨੂੰ ਕੁਝ ਯਾਦ ਨਾ ਆਇਆ। ਉਹ ਨੀਵੀਂ ਪਾਈ ਸੋਚਣ ਲੱਗੀ। ਫਿਰ ਉਸ ਦੇ ਦਿਮਾਗ ‘ਚ ਅਚਾਨਕ ਕੁਝ ਕੌਂਧਿਆ ਤੇ ਉਸ ਨੇ ਭੜੱਕ ਦੇਣੇ ਨਾਲ ਦੀ ਲਾਈਨ ਵੱਲ ਵੇਖਿਆ। ਉਦੋਂ ਨੂੰ ਉਹ ਆਦਮੀ ਅੱਗੇ ਨਿਕਲ ਗਿਆ ਸੀ। ਆਫੀਆ ਮਨ ਹੀ ਮਨ ਬੋਲੀ, ‘ਉਹ ਇਹ ਤਾਂ ਰਮਜ਼ੀ ਯੂਸਫ ਐ ਜਿਸ ਨੂੰ ਉਸ ਦਿਨ ਐਮæਐਸ਼ਏæ ਦੀ ਮੀਟਿੰਗ ‘ਚ ਵੇਖਿਆ ਸੀ।’
(ਚਲਦਾ)

Be the first to comment

Leave a Reply

Your email address will not be published.