ਸੁਰਿੰਦਰ, ਸੋਹਲ ਤੇ ਸਹਿਜ

ਬਲਵਿੰਦਰ ਸੰਧੂ
ਸੁਰਿੰਦਰ ਸੋਹਲ ਆਪਣੇ ਆਪ ਵਿਚ ਅਨੁਪ੍ਰਾਸਕ ਨਾਮ ਹੈ। ਇਸ ਨਾਂ ਨਾਲ ਜਦ ਇਕ ਹੋਰ ਸ਼ਬਦ ‘ਸਹਿਜ’ ਜੁੜ ਜਾਂਦਾ ਹੈ ਤਾਂ ਇਸ ਨਾਮ ਦੀ ਅਨੁਪ੍ਰਾਸਤਿਕਾ ਹੋਰ ਵੀ ਗੂੜ੍ਹੀ, ਗਹਿਰੀ ਤੇ ਰੰਗੀਨ ਹੋ ਜਾਂਦੀ ਹੈ। ਉਸ ਦੀ ਇਹ ਅਨੁਪ੍ਰਾਸਤਿਕਾ ਮਹਿਜ ਸ਼ਬਦਾਂ ਦੇ ਬਾਹਰੀ ਲਿਬਾਸ ਦੀ ਧਾਰਨੀ ਹੀ ਨਹੀਂ ਬਲਕਿ ਉਸ ਦੀ ਸਮੁੱਚੀ ਸ਼ਾਇਰੀ ਦੀਆਂ ਅੰਤਰੀਵ ਧੁਨੀਆਂ ਵਿਚ ਰਮੀ ਹੋਈ ਹੈ।

‘ਕਿਤਾਬ ਆਸਮਾਨ ਦੀ’ ਸੁਰਿੰਦਰ ਸੋਹਲ ਦੇ ਸਹਿਜ ਦਾ ਪ੍ਰਗਟਾਓ ਹੈ। ਇਸ ਸ਼ਾਇਰੀ ਵਿਚਲੀ ਸਹਿਜ ਸੁਭਾਵਿਕਤਾ ਇਉਂ ਹੈ ਜਿਵੇਂ ਸਿਆਲੀ ਦਿਨਾਂ ਦੇ ਪਿਛਲੇ ਪੱਖ ਵਿਚ ਠੰਢੀ-ਮਿੱਠੀ ਹਵਾ ਰੁਮਕ ਰਹੀ ਹੋਵੇ। ਸੁਰਿੰਦਰ ਦੀ ਇਸ ਅਦਾ ਬਾਰੇ ਮੈਂ ਕੁਝ ਕਹਾਂ, ਅਨਰਥ ਹੋਵੇਗਾ। ਬਿਹਤਰ ਹੋਵੇਗਾ ਕਿ ਪੁਸਤਕ ਦੀ ਮੁੰਦਾਵਣੀ ਹਿਤ ਲਿਖੇ ਉਸ ਦੇ ਆਪਣੇ ਸ਼ਬਦਾਂ ਨੂੰ ਮਾਣ ਲਿਆ ਜਾਵੇ:
“ਸ਼ਾਇਰੀ, ਭਾਸ਼ਾ, ਲਿਪੀ, ਕਾਗਜ਼, ਜ਼ੁਬਾਨ, ਬੋਲ ਤੱਕ ਸੀਮਤ ਨਹੀਂ ਹੁੰਦੇ। ਕੁਦਰਤ ਦੀ ਹਰ ਅਦਾ, ਹਵਾ ਦਾ ਰੁਮਕਣਾ, ਫੁੱਲਾਂ ਦਾ ਖਿੜਨਾ, ਮਹਿਕ ਦਾ ਬਿਖਰਨਾ, ਕਣੀਆਂ ਦਾ ਪੱਤਿਆਂ ਤੋਂ ਤਿਲਕਣਾ, ਜ਼ਮੀਨ ਵਿਚ ਛਪਨ ਹੋ ਦਰਖਤਾਂ ਦੀਆਂ ਜੜ੍ਹਾਂ ਫੜ ਕੇ ਪੱਤਿਆਂ ਵਿਚ ਆ ਝੂਮਣਾ, ਝਰਨਿਆਂ ਦਾ ਟਹਿਲਣਾ, ਪੰਛੀਆਂ ਦਾ ਚਹਿਕਣਾ, ਪੱਥਰਾਂ ਦੀ ਚੁੱਪ, ਸੂਰਜ ਜਾਂ ਸਾਗਰ ਦਾ ਚੜ੍ਹਨਾ-ਲਹਿਣਾ ਮੇਰੇ ਵਾਸਤੇ ਮਹਾਂ-ਕਾਵਿਕ ਵਰਤਾਰੇ ਹਨ। ਇਹ ਸਾਰਾ ਕੁਝ ਸਹਿਜ ਸੁਭਾਅ ਘਟਦਾ ਹੈ। ਫਿਰ ਵੀ ਅਦਿੱਖ ਕੁਦਰਤੀ ਨਿਯਮਾਂ ਦੇ ਸੂਤਰ ਵਿਚ ਪਰੋਇਆ ਹੋਇਆ ਹੈ। ਰੂਪ ਤੇ ਵਿਸ਼ੇ ਦਾ ਸਬੰਧ ਮੇਰੇ ਵਾਸਤੇ ਬਿਲਕੁਲ ਇਹੀ ਹੈ। ਰੁਕਨ ਇਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹੁੰਦੇ ਹਨ, ਜਿਵੇਂ ਮਸ਼ੀਨ ਦੇ ਪੁਰਜ਼ੇ, ਪਰ ਫਿਰ ਵੀ ਇਹ ਸੁਹਜਮਈ ਹੁੰਦੇ ਹਨ। ਬਹਿਰ ਦੇ ਨਿਯਮਬੱਧ ਕਿਨਾਰਿਆਂ ਵਿਚ ਖਿਆਲ ਸਹਿਜ ਸੁਭਾਅ ਨਦੀ ਵਾਂਗ ਵਹਿ ਰਿਹਾ ਹੁੰਦਾ ਹੈ।”
ਸ਼ਾਇਰ ਦਾ ਇਹ ਕਾਵਿਕ ਬਿਆਨ ਉਸ ਦੀ ਸਮੁੱਚੀ ਸ਼ਾਇਰੀ/ਪੁਸਤਕ ਵਿਚ ਘੁਲਿਆ ਹੋਇਆ ਹੈ। ਇਕ ਕਿਸਮ ਨਾਲ ਉਸ ਦੀ ਸਿਰਜਣਾ ਦੇ ਰੂਪ-ਵਿਧਾਨ ਦੀ ਪ੍ਰਸਤਾਵਨਾ ਹੈ ਜਿਸ ਹਿਤ ਸੋਹਲ ਦੀ ਸ਼ਾਇਰੀ ਵਿਚ ਕਿਧਰੇ ਉਚੇਚ ਨਹੀਂ, ਬੱਸ ਉਸ ਨੇ ਮਨ ਦੀਆਂ ਬਾਤਾਂ ਨੂੰ ਪੰਨਿਆਂ-ਪੱਤਲਾਂ ‘ਤੇ ਪਰੋਸ ਦਿੱਤਾ ਹੈ। ਉਸ ਦੀ ਸ਼ਾਇਰੀ ਦਾ ਇਹ ਭਰ ਵਗਦਾ ਦਰਿਆ ਲੋਹੜੇ ਦੀ ਰਵਾਨੀ ਦਾ ਤਲਬਦਾਰ ਹੈ, ਕਿਧਰੇ ‘ਝੱਗ’ ਉਗਲਦਾ ਨਜ਼ਰੀਂ ਨਹੀਂ ਪੈਂਦਾ। ਉਸ ਦੇ ਤਮਾਮ ਸ਼ੇਅਰ ਨਿਰਮਲ ਨੀਲਮ ਪਾਣੀਆਂ ਦੇ ਸ਼ਫਾਫ ਸ਼ੀਸ਼ੇ ਹਨ। ਇਸ ਭਰ ਵਗਦੇ ਦਰਿਆ ਵਿਚ ਕਿਧਰੇ ਸੈਲਾਬ ਨਹੀਂ ਉਗਮਦਾ, ਬੱਸ ਹਲਕੀਆਂ ਛੋਹਾਂ ਤੇ ਗੰਦਮੀ ਰੰਗਾਂ ਵਿਚ ਰੰਗੇ ਬੇਮਿਸਾਲ ਪੈਗਾਮ ਹਨ, ਜਿਵੇਂ ਕਿਸੇ ਕਲਾਕਾਰ ਨੇ ਦੀਵਾਰ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸ਼ੀਸ਼ੇ ਜੜ ਦਿੱਤੇ ਹੋਣ ਤੇ ਸਾਹਮਣੇ ਖੜ੍ਹੇ ਸ਼ਖਸ ਨੂੰ ਹਰ ਸ਼ੀਸ਼ੇ ਵਿਚੋਂ ਆਪਾ ਨਜ਼ਰੀਂ ਪੈ ਰਿਹਾ ਹੋਵੇ।
ਸੁਭਾਵਿਕਤਾ, ਅਕਸਰ ਸਰਲਤਾ ਨੂੰ ਆਪਣੇ ਨਾਲ ਰੱਖਿਆ ਕਰਦੀ ਹੈ, ਬਲਕਿ ਸਰਲਤਾ ਜਨਮ ਹੀ ਸੁਭਾਵਿਕਤਾ ਵਿਚੋਂ ਲੈਂਦੀ ਹੈ, ਤੇ ਸਰਲਤਾ ਉਤਮ ਸ਼ਾਇਰੀ ਦਾ ਖਾਸਾ ਹੁੰਦੈ। ਕਿਸੇ ਸ਼ਾਇਰ ਵਿਚ ਸਰਲਤਾ ਦਾ ਵਾਸਾ ਤਦੇ ਹੁੰਦੈ ਜਦ ਉਹ ਦਿਮਾਗੀ ਉਬਾਲ ਦੀ ਪੂਰਤੀ ਹਿਤ ਨਹੀਂ ਬਲਕਿ ਦਿਲ ਦੀਆਂ ਤੈਹਾਂ ਵਿਚੋਂ ਬੋਲ ਰਿਹਾ ਹੋਵੇ। ਇਹ ਖਾਸਾ ਅੰਦਰਲੇ ਸੰਘਰਸ਼ ਦੀ ਰਗੜ ਵਿਚੋਂ ਪੈਦਾ ਹੁੰਦੈ। ਜਿਸ ਦੀ ਲੋਅ ਭਾਵੇਂ ਮੱਧਮ ਪਰ ਬੜੀ ਪਿਆਰੀ ਹੁੰਦੀ ਹੈ, ਜਿਸ ਨੇ ਲੰਮੇ ਸਮਿਆਂ ਤੱਕ ਜਗਦੇ ਰਹਿਣਾ ਹੁੰਦੈ। ਵੈਸੇ ਵੀ ਪੰਜਾਬੀ ਮਨ ਬਹੁਤੀ ਟੇਢ ਜਾਂ ਬੇਹੂਦਗੀ ਨੂੰ ਅਜੇ ਸਵੀਕਾਰਦਾ ਨਹੀਂ।
ਪੰਜਾਬੀ ਵਿਚ ਅੱਜ ਤੱਕ ਉਹੋ ਸ਼ਾਇਰੀ ਪ੍ਰਵਾਨ ਚੜ੍ਹੀ ਹੈ, ਜਿਸ ਨੇ ਜਿਉਂਦੇ ਜਾਗਦੇ ਮਨੁੱਖਾਂ ਦੇ ਜਜ਼ਬਿਆਂ ਨੂੰ ਸਰਲਤਾ ਸੰਗ ਪ੍ਰਗਟਾਇਆ ਹੋਵੇ। ਅਜਿਹੀ ਸ਼ਾਇਰੀ ਪੜ੍ਹਨ-ਘੜਨ ਦੀ ਲਖਾਇਕ ਨਹੀਂ ਹੁੰਦੀ, ਆਪ ਮੁਹਾਰੇ ਖੁੱਲ੍ਹੇ ਆਸਮਾਨ ਹੇਠ ਖਿੜੇ ਹੋਏ ਜੰਗਲੀ ਫੁੱਲਾਂ ਵਾਂਗ ਹੁੰਦੀ ਹੈ। ਇਹ ਹੁਨਰ ਨਿਸ਼ਚੇ ਹੀ ਸੁਰਿੰਦਰ ਸੋਹਲ ਦੇ ਸ਼ਾਇਰਾਨਾ ਵਿਹਾਰ ਵਿਚ ਪਿਆ ਹੋਇਐ। ਉਹਦੇ ਵਿਹਾਰ ਵਿਚ ਕਿਧਰੇ ਧੁੰਦਲਕਾ ਨਹੀਂ। ਸ਼ਾਇਰੀ ਉਹਦੇ ਵਿਹਾਰ ਦਾ ਹਿੱਸਾ ਹੈ, ਵਪਾਰ ਦਾ ਨਹੀਂ। ਉਹ ਕਿਧਰੇ ਇਸ਼ਤਿਹਾਰ ਵੀ ਨਹੀਂ ਬਣਦਾ। ਉਸ ਦੀ ਸੁਭਾਵਿਕਤਾ ‘ਚੋਂ ਸਰਲਤਾ ਉਦੈ ਹੁੰਦੀ ਹੈ, ਜੋ ਅੱਗੇ ਸਪਸ਼ਟਤਾ ਨੂੰ ਜਨਮ ਦਿੰਦੀ ਹੈ। ਅਜਿਹੀ ਸ਼ਾਇਰੀ ਪਾਠਕ ਮਨ ਦੇ ਨੇੜੇ ਹੁੰਦਿਆਂ ਉਹਦੇ ਚੇਤਿਆਂ ਵਿਚ ਖੁਣੀ ਜਾਂਦੀ ਹੈ। ਪਰ ਸ਼ਾਇਰੀ ਦਾ ਇਹ ਖਾਸਾ ਸਿਰਜਣਹਾਰ ਦੀ ਕਮਾਈ ਦਾ ਹਾਸਲ ਹੁੰਦੈ:
ਬਹੁਤ ਮੁਸ਼ਕਿਲ ਹੈ ਜ਼ਿੰਦਗੀ ਕੀ ਕਹਾਨੀ ਲਿਖਨਾ
ਜੈਸੇ ਬਹਿਤੇ ਹੂਏ ਪਾਨੀ ਪੇ ਪਾਨੀ ਲਿਖਨਾ।
ਗ਼ਜ਼ਲ ਸਿਨਫ ਵਿਚ ਜੇ ਨਜ਼ਾਕਤ+ਨਫ਼ਾਸਤ ਦਾ ਤਰਾਰਾ ਨਹੀਂ ਤਾਂ ਗ਼ਜ਼ਲ ਨੂੰ ਗ਼ਜ਼ਲ ਹੋਣਾ ਵੀ ਫਿਰ ਗਵਾਰਾ ਨਹੀਂ। ਇਸ ਪੱਖੋਂ ਸੁਰਿੰਦਰ ਸੋਹਲ ਦਾ ਗ਼ਜ਼ਲ ਸੰਸਾਰ ਨਫ਼ਾਸਤ+ਨਜ਼ਾਕਤ ਦੀ ਆਹਲਾ ਪੇਸ਼ਕਾਰੀ ਹੈ। ਉਹ ਇਸ ਰਮਜ਼ ਦਾ ਡਾਢਾ ਮੁੱਦਈ ਲੱਗਦਾ ਹੈ। ਉਸ ਦੀ ਸ਼ਾਇਰੀ ਵਿਚ ਇਹ ਤਰਾਰਾ ਉਰਦੂ ਗ਼ਜ਼ਲ ਵਾਂਗ ਹੀ ਰਮਿਆ ਹੋਇਆ ਹੈ। ਮੁਹਾਵਰੇ ਵਿਚ ਤਰਲਤਾ ਹੈ, ਸ਼ਬਦ ਕੰਕਰੀਟ ਦਾ ਰੂਪ ਧਾਰਨ ਨਹੀਂ ਕਰਦੇ। ਉਹ ਗ਼ਜ਼ਲ ਜਿਹੀ ਸੂਖਮ ਵਿਧਾਕਾਰੀ ਨਾਲ ਪੂਰਾ ਇਨਸਾਫ ਕਰਦਾ ਹੈ। ਉਹ ਆਪਣੇ ਮਿਸਰਿਆਂ+ਫਿਕਰਿਆਂ ਵਿਚ ਕਿਧਰੇ ਝੱਲ ਨਹੀਂ ਖਿਲਾਰਦਾ, ਬੜੀਆਂ ਸੂਖਮ ਛੂਹਾਂ ਦਿੰਦਾ, ਪਾਠਕ ਮਨ ਦੀ ਪਿਆਸ ਨੂੰ ਇਕ ਹੁਲਾਸ ਬਖਸ਼ਦਾ ਹੈ। ਆਓ, ਇਸ ਪ੍ਰਸੰਗ ਵਿਚ ਉਸ ਦੀ ਗਜ਼ਲਗੋਈ ਦੀ ਸੁਹਬਤ ਮਾਣੀਏ:
ਮੈਂ ਚਾਹੁੰਦਾ ਹਾਂ ਮੇਰੀ ਹਸਤੀ
ਇਵੇਂ ਕਵਿਤਾ ਵਿਚ ਢਲ ਜਾਵੇ।
ਹਵਾ ਵੰਝਲੀ ਵਿਚੋਂ ਲੰਘ ਕੇ
ਜਿਸ ਤਰ੍ਹਾਂ ਸੁਰ ਵਿਚ ਬਦਲ ਜਾਵੇ।

ਤੇਰਾ ਤਰੀਕਾ ਲੜਨ ਦਾ ਵੀ, ਬੇ ਮਿਸਾਲ ਹੈ
ਤਲਵਾਰ ਹੈ ਜਨੂੰਨ ਦੀ, ਬੱਚਿਆਂ ਦੀ ਢਾਲ ਹੈ।
ਇਸ ਪ੍ਰਸੰਗ ਵਿਚ ਪੁਸਤਕ ਦੇ ਪੰਨਾ 43 ‘ਤੇ ਸਜੀ ਗ਼ਜ਼ਲ ਮਾਣਨ ਵਾਲੀ ਹੈ। ਇਕ ਸ਼ੇਅਰ ਦੇਖੋ:
ਜਦ ਇਹ ਝੁੱਲਿਆ, ਕੱਚੇ ਘਰ ਦਾ ਨਕਸ਼ਾ ਬਦਲੇਗਾ
ਮੈਲੇ ਤਨ ‘ਤੇ ਪਾਟਾ ਝੱਗਾ ਪਰਚਮ ਲੱਗਦਾ ਹੈ।
ਸੱਚੀ-ਸੁੱਚੀ ਸ਼ਾਇਰੀ ਰੁਤਬਿਆਂ ਜਾਂ ਐਲਾਨਨਾਮਿਆਂ ਦੀ ਮੁਥਾਜ ਨਹੀਂ ਹੁੰਦੀ। ਉਸ ਨੇ ਆਪਣੀਆਂ ਰਾਹਾਂ ਆਪ ਤਲਾਸ਼ ਕਰਨੀਆਂ ਹੁੰਦੀਆਂ ਨੇ। ਆਪਣਾ ਪੰਧ ਆਪ ਤੈਅ ਕਰਨਾ ਹੁੰਦਾ ਹੈ। ਆਪਣੀ ਆਵਾਜ਼ ਆਪ ਬਣਨਾ ਹੁੰਦਾ ਹੈ। ਸਰਹੱਦਾਂ ਦੀ ਵਲਗਣ ਨੂੰ ਵੰਗਾਰਨਾ ਹੁੰਦਾ ਹੈ। ਆਪਣੀ ਭਾਸ਼ਾ ਨੂੰ ਮਹਾਨ ਕਰਨਾ ਹੁੰਦਾ ਹੈ। ਵਿਸਾਖੀਆਂ ਸਹਾਰੇ ਨਹੀਂ, ਆਪਣੇ ਪਰਾਂ ਦੇ ਬਾਹੂ ਬਲ ਸਹਾਰੇ ਉਡਣਾ ਹੁੰਦਾ ਹੈ। ਮੈਨੂੰ ਇਸ ਪੁਸਤਕ ਵਿਚੋਂ ਸੁਰਿੰਦਰ ਦਾ ਵਿਸ਼ਵਾਸ ਕੁਝ ਅਜਿਹਾ ਹੀ ਝਲਕਦਾ ਜਾਪਿਆ ਹੈ:
ਮੈਂ ਜਿਸ ਥਾਂ ਫੁੱਲ ਖਿੜਾਵਣ ਵਾਸਤੇ
ਖ਼ੁਦ ਜਾ ਨਹੀਂ ਸਕਿਆ,
ਹਵਾ ਉਸ ਥਾਂ ਵੀ ਮੇਰੇ
ਬੀਜ ਉਗਣ ਨੂੰ ਖਿਲਾਰ ਆਈ।
ਸੁਰਿੰਦਰ ਦਾ ਗ਼ਜ਼ਲ ਸੰਸਾਰ ਸਤਹੀ ਜਾਂ ਇਕਹਿਰੀ ਪਰਤ ਦਾ ਸ਼ਿਕਾਰ ਨਹੀਂ। ਬਹੁਤੀ ਸ਼ਾਇਰੀ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੀ ਰੋਸ਼ਨੀ ਵਿਚ ਪੇਸ਼ ਹੋਈ ਹੈ। ਜੇ ਕਿਧਰੇ ਸਪਾਟ ਬਿਆਨੀ ਹੈ ਤਾਂ ਉਹ ਵੀ ਆਪਣੀ ਵਿਲੱਖਣ ਖ਼ੂਬਸੂਰਤੀ ਲੈ ਕੇ ਆਈ ਹੈ। ਹਰ ਸ਼ੇਅਰ ਵਿਚ ਸ਼ਬਦ ਸ਼ਕਤੀਆਂ ਆਪਣਾ ਸਿਖਰ ਛੂੰਹਦੀਆਂ ਨਜ਼ਰ ਪੈਂਦੀਆਂ ਹਨ। ਸੋਹਲ ਦੀਆਂ ਰੋਸ਼ਨੀਆਂ ਸਿੱਧੀਆਂ ਨਹੀਂ ਪੈ ਰਹੀਆਂ, ਬਲਕਿ ਕਿਸੇ ਫਿਲਮੀ ਸੈਟ ‘ਤੇ ਵਰਤਦੀਆਂ ਰੋਸ਼ਨੀਆਂ ਵਾਂਗ ਹਨ। ਉਹ ਕਲਾ-ਕ੍ਰਿਤ ਦੇ ਪਿੱਛੇ ਦੀਵਾ ਬਾਲ ਕੇ ਉਸ ਦੀ ਖ਼ੂਬਸੂਰਤੀ ਨੂੰ ਉਜਾਗਰ ਕਰਨ ਦਾ ਇਸ਼ਕ ਪਾਲਦਾ ਹੈ। ਇਕ ਸ਼ੇਅਰ ਦੇਖੋ:
ਸਮਝ ਕਦੇ ਤਾਂ ਆਉਣਗੇ
ਇਸ਼ਾਰਿਆਂ ਦੇ ਲਫਜ਼ ਨੇ।
ਕਿਤਾਬ ਆਸਮਾਨ ਦੀ
ਸਿਤਾਰਿਆਂ ਦੇ ਲਫਜ਼ ਨੇ।
ਦਿਲ ਦਾ ਸ਼ਾਇਰ ਕੁਦਰਤ ਤੋਂ ਅਭਿੱਜ ਰਹਿ ਜਾਵੇ, ਇਹ ਕਿਵੇਂ ਹੋ ਸਕਦੈ। ਜਿਵੇਂ ‘ਕਰਤਾ’ ਆਪਣੀ ਕੁਦਰਤ ਵਿਚ ਵਸਿਆ ਹੋਇਐ, ਏਕਣ ਹੀ ਸੋਹਲ ਦੀ ਸਮੁੱਚੀ ਸ਼ਾਇਰੀ ਵਿਚ ਕੁਦਰਤ ਆਪਣੇ ਮਿਕਨਾਤੀਸੀ ਰੂਪ ਵਿਚ ਰਮੀ ਪਈ ਹੈ। ਉਸ ਦੇ ਹਰ ਤੀਜੇ ਸ਼ੇਅਰ ਵਿਚੋਂ ਕੁਦਰਤ ਦੇ ਕਿਸੇ ਨਾ ਕਿਸੇ ਰੂਪ ਦੇ ਦੀਦਾਰ ਹੁੰਦੇ ਹਨ। ਕਿਣਕੇ ਤੋਂ ਕਾਇਨਾਤ ਤੱਕ ਪਸਰਿਆ ਉਹਦਾ ਸ਼ਬਦ ਸੰਸਾਰ ਕੁਦਰਤ ਦੇ ਵੱਖਰੇ ਵੱਖਰੇ ਮੂਡ/ਸ਼ੇਡ ਦੇ ਉਧਰਣ-ਵਿਵਰਣ ਦਈ ਜਾਂਦਾ ਹੈ। ਕੁਦਰਤ ਦੀ ਇਸ ਮੁਹੱਬਤ ਨੇ ਜਿੱਥੇ ਉਸ ਦੀ ਸ਼ਾਇਰੀ ਨੂੰ ਸ਼ਿੰਗਾਰ ਰਸ ਦੀ ਚਾਸ਼ਣੀ ਵਿਚ ਡਬੋ ਡਾਢਾ ਰਸੀਲਾ ਕਰ ਦਿੱਤਾ ਹੈ, ਉਥੇ ਉਸ ਦੀ ਸ਼ਾਇਰੀ ਇਸ ਵੱਸਦੇ ਗ੍ਰਹਿ ਦੀ ਗ੍ਰਹਿਣੀ ਵੀ ਬਣੀ ਹੈ। ਆਓ, ਇਕ-ਦੋ ਸ਼ੇਅਰਾਂ ਦਾ ਰਸ ਮਾਣੀਏ:
ਵਧੀ ਜਾ ਰਹੇ ਨੇ ਸੱਥ ਵਿਚ ਭੱਖੜਾ ਤੇ ਪੋਹਲੀ,
ਉਹ ਬੋਹੜਾਂ ਜਿਹੇ ਲੋਕ ਕਿਧਰ ਗਏ ਨੇ।
ਘਰਦਿਆਂ ਬਿਰਖਾਂ ਨੂੰ ਔੜਾਂ ਤੋਂ ਬਚਾਵਣ ਵਾਸਤੇ।
ਸੰਦਲੀ ਬਦਲੀ ਗਈ ਸਾਗਰ ਵਿਚ ਨ੍ਹਾਵਣ ਵਾਸਤੇ।
ਇਸ ਪੁਸਤਕ ਵਿਚ ਸਮੇਟੀ ਸ਼ਾਇਰੀ ਵਿਚ ਏਨਾ ਕੁਝ ਸਮੋਇਆ ਹੋਇਆ ਹੈ ਕਿ ਸਮੇਂ ਦੀ ਪਾਬੰਦੀ ਇਹ ਇਜਾਜ਼ਤ ਨਹੀਂ ਦਿੰਦੀ ਕਿ ਸਾਰਾ ਕੁਝ ਹੀ ਸਾਂਝਾ ਕੀਤਾ ਜਾ ਸਕੇ। ਕਿਤਾਬ ਪੜ੍ਹਨੀ ਹੀ ਬਣਦੀ ਹੈ। ਸੁਰਿੰਦਰ ਦੀ ਸ਼ਾਇਰੀ ਮਾਣ ਕੇ ਮੈਂ ਜਿੱਥੇ ਕੁਝ ਸੰਸਿਆਂ ਤੋਂ ਮੁਕਤ ਹੋਇਆ ਹਾਂ, ਉਥੇ ਕੁਝ ਫਿਕਰਾਂ ਦੇ ਸਨਮੁੱਖ ਵੀ ਹੋਇਆ ਹਾਂ।
ਸੁਰਿੰਦਰ ਮੈਨੂੰ ਕਾਫੀ ਵੱਖਰਾ ਸ਼ਾਇਰ ਲੱਗਾ ਹੈ। ਉਸ ਦੀ ਇਹ ਕਿਰਤ ਪੰਜਾਬੀ ਸ਼ਾਇਰੀ ਨੂੰ ਜਿੱਥੇ ਮਾਲਾ-ਮਾਲ ਕਰਦੀ ਹੈ, ਉਥੇ ਖਾਸ ਕਿਸਮ ਦੀ ਸੁਰੱਖਿਆ ਵੀ ਮੁਹੱਈਆ ਕਰਦੀ ਹੈ। ਡਾæ ਦਲੀਪ ਕੌਰ ਟਿਵਾਣਾ ਕਿਹਾ ਕਰਦੇ ਹਨ ਕਿ ਕੋਈ ਲੇਖਕ ਆਪਣੇ ਤੋਂ ਵੱਡੀ ਗੱਲ ਨਹੀਂ ਕਰ ਸਕਦਾ। ਮੇਰਾ ਯਕੀਨ ਹੈ ਕਿ ਸੁਰਿੰਦਰ ਸੋਹਲ ਆਪਣੀ ਸ਼ਾਇਰੀ ਜਿੱਡਾ ਹੀ ਕੱਦਾਵਰ ਇਨਸਾਨ ਹੋਏਗਾ। ਆਮੀਨ!