ਬਲਜੀਤ ਬਾਸੀ
ਇਸ ਵਾਰੀ ਅਮਰੀਕਾ ਦਾ ਵਾਢੀ ਦਾ ਤਿਉਹਾਰ ਥੈਂਕਸਗਿਵਿੰਗ ਡੇਅ (ਪੰਜਾਬੀ ਵਿਚ ਸ਼ੁਕਰਾਨਾ ਦਿਵਸ) ਅਸੀਂ ਬੜੇ ਚਾਅ ਨਾਲ ਅਮਰੀਕੀਆਂ ਦੀ ਰੀਸੇ ਭਰਵੀਂ ਟਰਕੀ ਬਣਾ ਕੇ ਮਨਾਇਆ। ਪਰ ਇਸ ਦੇ ਕੁਸੈਲੇ ਜਿਹੇ ਸੁਆਦ ਕਾਰਨ ਬਹੁਤਾ ਮਜ਼ਾ ਨਾ ਆਇਆ। ਮਸਾਂ ਚੌਥਾ ਹਿੱਸਾ ਹੀ ਖਾਧਾ ਹੋਵੇਗਾ, ਬਾਕੀ ਦਾ ਤਿੰਨ ਚਾਰ ਦਿਨਾਂ ਵਿਚ ਕੁਝ ਖਾ ਕੇ, ਕੁਝ ਇਸ ਦਾ ਸੂਪ ਬਣਾ ਕੇ ਤੇ ਕੁਝ ਸੁੱਟ ਕੇ ਬਿਲੇ ਲਾਇਆ। ਬਚੇ ਟਰਕੀ ਤੋਂ ਬਣਾਏ ਸੂਪ ਨੂੰ ਵੀ ਟਰਕੀ ਸੂਪ ਹੀ ਕਿਹਾ ਜਾਂਦਾ ਹੈ।
ਸਾਡੇ ਗੁਆਂਢੀ ਸ਼ਹਿਰ ਲਿਵੋਨੀਆ (ਮਿਸ਼ੀਗਨ ਸਟੇਟ) ਵਿਚ ਟਰਕੀ ਦਾ ਵੱਡਾ ਤੇ ਮਸ਼ਹੂਰ ਫਾਰਮ ਹੈ, ਜਿਥੋਂ ਇਸ ਦਿਨ ਮਿਸ਼ੀਗਨ ਤੋਂ ਇਲਾਵਾ ਹੋਰ ਲਾਗਲੇ ਰਾਜਾਂ ਦੇ ਲੋਕ ਵੀ ਧੜਾ ਧੜ ਟਰਕੀਆਂ ਖਰੀਦਣ ਆਉਂਦੇ ਹਨ। ਸਿਤਮ ਦੀ ਗੱਲ ਹੈ ਕਿ ਟਰਕੀ ਨੂੰ ਵਢਣ ਤੋਂ ਪਹਿਲਾਂ ਉਨ੍ਹਾਂ ਅੱਗੇ ਕਿੰਨਾ ਚਿਰ ਇਕ ਸਾਜ਼ ਵਜਾਇਆ ਜਾਂਦਾ ਹੈ।
ਇਸ ਤਿਉਹਾਰ ਦੌਰਾਨ ਲੱਖਾਂ ਦੀ ਗਿਣਤੀ ਵਿਚ ਟਰਕੀਆਂ ਵੱਢੀਆਂ ਤੇ ਪਕਾਈਆਂ ਜਾਂਦੀਆਂ ਹਨ। ਇਸੇ ਕਾਰਨ ਇਸ ਨੂੰ ਟਰਕੀ ਡੇਅ ਵੀ ਕਿਹਾ ਜਾਂਦਾ ਹੈ। ਇਸ ਵਾਰੀ ਤਾਂ ਮੇਰੇ ਅੰਦਰਲਾ ਬੁੱਧ ਵੀ ਅਹਿੰਸਾ ਦੇ ਭਾਵਾਂ ਨਾਲ ਭਰ ਗਿਆ। ਇਹ ਵੱਖਰੀ ਗੱਲ ਹੈ ਕਿ ਟਰਕੀ ਪੰਛੀ ਵੀ ਕਈ ਵਾਰੀ ਹਿੰਸਕ ਹੋ ਜਾਂਦਾ ਹੈ ਤੇ ਕੁੱਕੜ ਦੀ ਤਰ੍ਹਾਂ ਬੰਦਿਆਂ ਨੂੰ ਵੱਢ ਵੀ ਦਿੰਦਾ ਹੈ। ਮੈਨੂੰ ਲੱਗਾ ਅਮਰੀਕੀ ਸਿਰਫ ਟਰਕੀ ਨਹੀਂ ਖਾਂਦੇ, ਟਰਕੀ ਨਾਂ ਦਾ ਦੇਸ਼ ਹੀ ਖਾ ਰਹੇ ਹਨ। ਯੂਰਪੀ ਤੋਂ ਆਏ ਯੂਰਪੀਨਾਂ ਨੇ ਅਮਰੀਕਾ ਦੇ ਰੈਡ ਇੰਡੀਅਨ ਦੇ ਨਾਂ ਨਾਲ ਜਾਣੇ ਜਾਂਦੇ ਇਥੋਂ ਦੇ ਮੂਲ ਵਾਸੀਆਂ ਦਾ ਵੀ ਖੂਬ ਵੱਢ-ਵਢਾਂਗਾ ਕਰਕੇ ਖਾਤਮਾ ਕੀਤਾ। ਅੱਜ ਵੀ ਇਹ ਹੋਰ ਦੇਸ਼ਾਂ ਨਾਲ ਕਰ ਰਿਹਾ ਹੈ। ਕਿਹਾ ਜਾਂਦਾ ਹੈ ਕਿ ਅਮਰੀਕਾ ਦੇ ਮੂਲਵਾਸੀ ਅਤੇ ਉਨ੍ਹਾਂ ਦੇ ਘਾਤਕ ਨੌਆਬਾਦਕਾਰ ਯੂਰਪੀ ਮਿਲ ਬੈਠ ਕੇ ਗੋਮਾਸ ਅਤੇ ਟਰਕੀ ਦਾ ਭੋਜ ਕਰਿਆ ਕਰਦੇ ਸਨ। ਬੈਂਜਾਮਿਨ ਫ੍ਰੈਂਕਲਿਨ ਨੇ ਤਾਂ ਇਕ ਵਾਰੀ ਟਰਕੀ ਨੂੰ ਹੀ ਅਮਰੀਕਾ ਦਾ ਕੌਮੀ ਪੰਛੀ ਗਰਦਾਨਣ ਦਾ ਸੁਝਾਅ ਦਿੱਤਾ ਸੀ।
ਟਰਕੀ ਅਮਰੀਕੀ ਮਹਾਂਦੀਪ ਦਾ ਇਕ ਵੱਡਾ ਸਾਰਾ ਜਮਾਂਦਰੂ ਪੰਛੀ ਹੈ। ਇਸ ਦਾ ਸਿਰ ਗੰਜਾ ਹੁੰਦਾ ਹੈ, ਇਸ ਦੀ ਚੁੰਜ ਨਾਲ ਮਾਸ ਦਾ ਇਕ ਲੋਥੜਾ ਲਮਕਦਾ ਰਹਿੰਦਾ ਹੈ ਤੇ ਇਸ ਦੇ ਖੰਭ ਵੀ ਉਘੜ-ਦੁਘੜੇ ਜਿਹੇ ਹੁੰਦੇ ਹਨ। ਇਸ ਕਰਕੇ ਇਹ ਕੁਝ ਭੱਦਾ ਜਿਹਾ ਵੀ ਜਾਪਦਾ ਹੈ। ਮੇਰੇ ਦਿਮਾਗ ਵਿਚ ਝਲ-ਕੁੱਕੜ ਸ਼ਬਦ ਆਉਂਦਾ ਹੈ। ਇਹ ਤਿੱਤਰ ਭਟਿੱਟਰ ਦੀ ਜੱਦ ਵਿਚੋਂ ਹੈ। ਬਹੁਤ ਸਾਰੇ ਸਥਾਨਾਂ ਦੇ ਨਾਂ ਜਾਨਵਰਾਂ ਦੇ ਨਾਂ ‘ਤੇ ਪਏ ਹਨ ਜਿਵੇਂ ਅਮਰੀਕਾ ਵਿਚ ਬਫਲੋ, ਵਾਈਟ ਪਿਜਨ ਅਤੇ ਪੰਜਾਬ ਵਿਚ ਮੋਰਾਂਵਾਲੀ, ਗਿੱਦੜਬਾਹਾ ਪਰ ਕੁਝ ਹੱਦ ਤੱਕ ਇਸ ਤੋਂ ਉਲਟ ਵਰਤਾਰਾ ਵੀ ਹੈ ਅਰਥਾਤ ਜਾਨਵਰਾਂ ਦੇ ਨਾਂ ਸਥਾਨਾਂ ਦੇ ਨਾਂ ‘ਤੇ ਹਨ। ਆਮ ਤੌਰ ‘ਤੇ ਬਨਸਪਤੀਆਂ ਦੇ ਨਾਂ ਇਸ ਦੇ ਮੂਲ ਸਥਾਨ ਦੇ ਨਾਂ ਜਾਂ ਮੂਲ ਭਾਸ਼ਾ ਵਾਲੇ ਨਾਂ ਪਿਛੇ ਪਏ ਹੁੰਦੇ ਹਨ ਜਿਵੇਂ ਹਦਵਾਣਾ ਸ਼ਬਦ ਦਾ ਅਰਥ ਹੈ ਹਿੰਦੁਸਤਾਨ ਦਾ ਫਲ। ਇਸ ਦਾ ਕਾਰਨ ਇਹ ਹੈ ਕਿ ਬਨਸਪਤੀ ਜੜ ਚੀਜ਼ ਹੈ, ਇਸ ਲਈ ਕੁਦਰਤੀ ਤੌਰ ‘ਤੇ ਇਸ ਦਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਸਰਨ ਵਿਚ ਹਜ਼ਾਰਾਂ ਸਦੀਆਂ ਲੱਗ ਸਕਦੀਆਂ ਹਨ ਪਰ ਜਾਨਵਰ ਗਤੀਸ਼ੀਲ ਹੋਣ ਕਰਕੇ ਛੇਤੀ ਦੁਰਾਡੇ ਥਾਂ ਪਰਵਾਸ ਕਰ ਸਕਦੇ ਹਨ। ਇਸ ਪ੍ਰਸੰਗ ਵਿਚ ਟਰਕੀ ਪੰਛੀ ਨੂੰ ਛੋਟ ਹੈ।
ਟਰਕੀ ਸ਼ਬਦ ਟਰਕੀ ਦੇਸ਼ ਦੇ ਨਾਂ ‘ਤੇ ਹੀ ਪਿਆ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹ ਪੰਛੀ ਟਰਕੀ ਵਿਚ ਨਾ ਕਦੇ ਸੀ ਤੇ ਨਾ ਹੀ ਹੁਣ ਹੈ। ਪਹਿਲਾਂ ਟਰਕੀ ਦੇਸ਼ ਦੀ ਗੱਲ ਹੀ ਕਰ ਲਈਏ। ਮਿਸਰ ਦੇ ਉਤਰ ਵਾਲੇ ਪਾਸੇ ਦੇ ਪ੍ਰਦੇਸ਼ ਲਈ ਟਰਕੀ ਸ਼ਬਦ ਚੌਧਵੀਂ ਸਦੀ ਤੋਂ ਪ੍ਰਚਲਿਤ ਹੈ। ਇਸ ਦਾ ਭਾਵ ਹੁੰਦਾ ਸੀ, ‘ਤੁਰਕਾਂ ਦੇਂ ਕਬਜ਼ੇ ਹੇਠਲਾ ਪ੍ਰਦੇਸ਼।’ ਟਰਕ ਸ਼ਬਦ ਅਰਬੀ, ਫਾਰਸੀ, ਇਤਾਲਵੀ, ਚੀਨੀ ਅਤੇ ਭਾਰਤ ਦੀਆਂ ਕਈ ਭਾਸ਼ਾਵਾਂ ਸਮੇਤ ਕਈ ਹੋਰ ਭਾਸ਼ਾਵਾਂ ਵਿਚ ਉਚਾਰਣ ਦੇ ਥੋੜੇ ਬਹੁਤੇ ਫਰਕ ਨਾਲ ਬੋਲਿਆ/ਲਿਖਿਆ ਜਾਂਦਾ ਹੈ। 1922 ਤਕ ਇਹ ਭੂਮੀ ਉਸਮਾਨੀ ਸਾਮਰਾਜ ਨਾਲ ਜਾਣੀ ਜਾਂਦੀ ਸੀ। ਪਰ ਪਹਿਲੇ ਸੰਸਾਰ ਯੁਧ ਪਿਛੋਂ ਉਸਮਾਨੀ ਸਾਮਰਾਜ ਦੇ ਭੋਗ ਪੈਣ ਨਾਲ ਇਸ ਨਵੇਂ ਦੇਸ਼ ਦਾ ਨਾਂ ਟਰਕੀ ਰੱਖ ਦਿੱਤਾ ਗਿਆ।
ਪੰਜਾਬੀ ਵਿਚ ਤੁਰਕ ਸ਼ਬਦ ਚਿਰਾਂ ਤੋਂ ਪ੍ਰਚਲਿਤ ਹੈ। ਤੁਰਕ ਲੋਕ ਖਾਨਾਬਦੋਸ਼ ਸਨ। ਇਸ ਲਈ ਕਠੋਰ ਅਤੇ ਨਿਰਦਈ ਸਮਝੇ ਜਾਂਦੇ ਸਨ। ਇਨ੍ਹਾਂ ਦਾ ਅਜਿਹਾ ਬਿੰਬ ਯੂਰਪੀ ਦੇਸ਼ਾਂ ਵਿਚ ਹੈ। ਸਾਡੇ ਦੇਸ਼ ਵਿਚ ਵੀ ਅਜਿਹਾ ਹੀ ਪ੍ਰਭਾਵ ਹੈ। ਇਨ੍ਹਾਂ ਨੇ ਭਾਰਤ ‘ਤੇ ਵੀ ਹਮਲੇ ਕਰਕੇ ਹਕੂਮਤਾਂ ਕਾਇਮ ਕੀਤੀਆਂ। ਵਿਦੇਸ਼ੀ ਹੋਣ ਕਰਕੇ ਪੰਜਾਬ ਤੇ ਹੋਰਨਾਂ ਥਾਂਵਾਂ ‘ਤੇ ਤੁਰਕ ਦਾ ਮਤਲਬ ਹੀ ਵਿਦੇਸ਼ੀ ਹੋ ਗਿਆ ਤੇ ਮੁਸਲਮਾਨ ਹੋਣ ਕਰਕੇ ਤੁਰਕ ਦਾ ਮਤਲਬ ਮੁਸਲਮਾਨ ਵੀ ਹੋ ਗਿਆ। ਗੁਰੂ ਅਰਜਨ ਦੇਵ ਦਾ ਵਾਕ ਹੈ, ‘ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥’ ਸਾਰੇ ਮੁਸਲਮਾਨਾਂ ਦੀ ਭਾਸ਼ਾ ਨੂੰ ਵੀ ਤੋਰਕੀ ਕਿਹਾ ਜਾਣ ਲੱਗਾ। ਪੁਰਾਤਨ ਜਨਮਸਾਖੀ ਅਨੁਸਾਰ ਗੁਰੂ ਨਾਨਕ ਨੂੰ ਤੋਰਕੀ ਪੜ੍ਹਨ ਮੁਲਾਂ ਪਾਸ ਭੇਜਿਆ ਗਿਆ।
ਟਰਕੀ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਅਮਰੀਕਾ ਦਾ ਜੱਦੀ ਪੰਛੀ ਹੈ। ਪੂਰਬੀ ਅਫਰੀਕਾ ਦਾ ਇਸ ਪੰਛੀ ਨਾਲ ਮਿਲਦਾ-ਜੁਲਦਾ ਇਕ ਹੋਰ ਪੰਛੀ ਹੈ, ਜਿਸ ਨੂੰ ਗਿਨੀਫਊਲ (ਭਟਿੱਟਰ) ਕਿਹਾ ਜਾਂਦਾ ਹੈ। ਪੁਰਾਣੇ ਵੇਲਿਆਂ ਵਿਚ ਇਹ ਪੰਛੀ ਉਸਮਾਨੀ ਰਾਜ ਦੇ ਰਸਤੇ ਯੂਰਪੀ ਦੇਸ਼ਾਂ ਵਿਚ ਲਿਆਇਆ ਜਾਂਦਾ ਸੀ। ਇਸ ਲਈ ਅੰਗਰੇਜ਼ੀ ਵਿਚ ਗਿਨੀਫਊਲ ਦਾ ਨਾਂ ਟਰਕੀ-ਕੌਕ (ਟਰਕੀ-ਕੁੱਕੜ) ਪੈ ਗਿਆ। ਅਮਰੀਕਾ ਵਿਚ ਨਵੇਂ ਨਵੇਂ ਵਸੇ ਯੂਰਪੀਆਂ ਨੇ ਆਪਣੇ ਪਿਛਲੇ ਯੂਰਪੀ ਦੇਸ਼ਾਂ ਵਿਚ ਅਮਰੀਕੀ ਟਰਕੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਗੋਰਿਆਂ ਨੇ ਇਨ੍ਹਾਂ ਦੀ ਸ਼ਕਲ ਟਰਕੀ ਕਹਾਉਂਦੇ ਗਿਨੀਫਊਲ ਨਾਲ ਮਿਲਦੀ ਹੋਣ ਕਾਰਨ ਇਨ੍ਹਾਂ ਨਵੇਂ ਪੰਛੀਆਂ ਨੂੰ ਵੀ ਟਰਕੀ ਹੀ ਸਮਝਿਆ ਤੇ ਇਹੋ ਨਾਂ ਧਰ ਦਿੱਤਾ। ਹੋਰ ਤਾ ਹੋਰ ਇਨ੍ਹਾਂ ਨੂੰ ਜਹਾਜ਼ਾਂ ਵਿਚ ਲਿਆਉਣ ਵਾਲੇ ਸੌਦਾਗਰਾਂ ਨੂੰ ਵੀ ‘ਟਰਕੀ ਮਰਚੈਂਟਸ’ ਕਿਹਾ ਜਾਂਦਾ ਸੀ। ਇਸੇ ਕਰਕੇ ਮੱਕੀ ਨੂੰ ਵੀ ਟਰਕੀ ਕੌਰਨ, ਟਰਕੀ ਵ੍ਹੀਟ ਜਾਂ ਇੰਡੀਅਨ ਵ੍ਹੀਟ ਕਿਹਾ ਜਾਣ ਲੱਗਾ। ਹੁਣ ਟਰਕੀ ਸ਼ਬਦ ਇਸ ਨਕਲੀ ਟਰਕੀ ਲਈ ਹੀ ਪ੍ਰਚਲਿਤ ਹੋ ਗਿਆ। ਉਂਜ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਗੋਰਿਆਂ ਦੇ ਮਨ ਵਿਚ ਟਰਕ ਲੋਕਾਂ ਬਾਰੇ ਚੰਗਾ ਬਿੰਬ ਨਹੀਂ ਹੈ, ਇਸ ਲਈ ਵੀ ਭੱਦੀ ਟਰਕੀ ਲਈ ਇਹ ਨਾਂ ਜਚਿਆ ਹੋਵੇਗਾ।
ਪਰ ਟਰਕੀ ਸ਼ਬਦ ਬਾਰੇ ਉਲਟਬਾਂਸੀ ਹੋਰ ਤਰ੍ਹਾਂ ਵੀ ਹੈ। ਜਿਸ ਦੇਸ਼ ਦੇ ਨਾਂ ‘ਤੇ ਇਸ ਪੰਛੀ ਦਾ ਨਾਂ ਪਿਆ ਹੈ, ਉਸ ਦੇਸ਼ ਦੀ ਭਾਸ਼ਾ ਤੁਰਕ ਵਿਚ ਇਸ ਲਈ ਜੋ ਨਾਂ ਪ੍ਰਚਲਿਤ ਹੈ, ਉਹ ਹਿੰਦੁਸਤਾਨ ਨਾਲ ਸਬੰਧ ਰੱਖਦਾ ਹੈ, ਅਰਥਾਤ ਹਿੰਦੀ। ਅਸੀਂ ਜਾਣਦੇ ਹਾਂ ਕਿ ਕੋਲੰਬਸ ਹਿੰਦੁਸਤਾਨ ਦੀ ਖੋਜ ਲਈ ਤੁਰਿਆ ਸੀ ਪਰ ਖੋਜ ਮਾਰਿਆ ਅਮਰੀਕਾ ਜਿਸ ਨੂੰ ਉਸ ਨੇ ਪਹਿਲਾਂ ਹਿੰਦੁਸਤਾਨ ਹੀ ਸਮਝਿਆ। ਇਸ ਲਈ ਇਥੋਂ ਦੇ ਮੂਲ ਵਾਸੀਆਂ ਨੂੰ ਅੱਜ ਤੱਕ ਇੰਡੀਅਨ ਹੀ ਕਿਹਾ ਜਾਂਦਾ ਹੈ। ਇਥੋਂ ਦੇ ਕਈ ਸਥਾਨਾਂ ਦੇ ਨਾਂਵਾਂ ਵਿਚ ਇੰਡੀਅਨ ਸ਼ਬਦ ਲਗਦਾ ਹੈ। ਇਥੋਂ ਤੱਕ ਕਿ ਇਕ ਸਟੇਟ ਦਾ ਨਾਂ ਹੀ ਇੰਡੀਆਨਾ ਹੈ। ਖੈਰ, ਫਰਾਂਸੀਸੀ ਵਿਚ ਟਰਕੀ ਪੰਛੀ ਦਾ ਨਾਂ ਹੈ, ‘ਕੌਕ ਦੀ ਇੰਦੇ’ ਜਿਸ ਦਾ ਸ਼ਾਬਦਿਕ ਅਰਥ ਹੋਇਆ ‘ਹਿੰਦ ਦਾ ਕੁੱਕੜ।’ ਇਸ ਨੂੰ ਛੋਟਾ ਕਰਕੇ ‘ਦਿੰਦੇ’ (ਅੱਜ ਕਲ੍ਹ ਧਨਿਦੋਨ) ਸ਼ਬਦ ਬਣਿਆ। ਇਹ ਨਾਮ ਇਸ ਲਈ ਪਿਆ ਕਿਉਂਕਿ ਆਮ ਹੀ ਇਹ ਗਲਤ ਧਾਰਨਾ ਹੈ ਕਿ ਹਿੰਦੁਸਤਾਨ ਅਤੇ ਅਮਰੀਕਾ ਇਕ ਹੀ ਹੈ। ਅਮਰੀਕਾ ਦੇ ਮੂਲ ਵਾਸੀਆਂ ਨੂੰ ਇੰਡੀਅਨ ਕਿਹਾ ਜਾਂਦਾ ਹੈ। ਫਰਾਂਸੀਸੀ ਵਿਚ ਇਹ ਨਾਂ ਇਸ ਲਈ ਪਿਆ ਕਿ ਉਸ ਵੇਲੇ ਯੂਰਪ ਵਿਚ ਕੋਲੰਬਸੀ ਗਲਤ ਧਾਰਨਾ ਫੈਲੀ ਹੋਈ ਸੀ ਕਿ ਨਵਾਂ ਲਭਿਆ ਦੇਸ਼ (ਅਮਰੀਕਾ) ਪੂਰਬੀ ਏਸ਼ੀਆ ਅਰਥਾਤ ਹਿੰਦੁਸਤਾਨ ਹੈ। ਫਰਾਂਸੀਸੀ ਪ੍ਰਭਾਵ ਅਧੀਨ ਇਹੀ ਗਲਤ ਧਾਰਨਾ ਤੁਰਕੀ ਵਿਚ ਫੈਲ ਗਈ, ਇਸ ਲਈ ਇਸ ਦਾ ਨਾਂ ਉਥੇ ਹਿੰਦੀ ਪੈ ਗਿਆ। ਅਰਬ ਦੇਸ਼ਾਂ ਵਿਚ ਇਸ ਪੰਛੀ ਨੂੰ ‘ਦੀਕ ਹਿੰਦੀ’ ਕਹਿੰਦੇ ਹਨ, ਰੂਸੀ ਵਿਚ ‘ਇੰਦਕ’, ਪੋਲਿਸ਼ ਵਿਚ ਹਿੰਦੀ, ਅਜ਼ਰਬਾਈਜਾਨੀ ਵਿਚ ਹਿੰਦੁਸਕਾ। ਪੁਰਤਗੀਜ਼ ਭਾਸ਼ਾ ਵਿਚ ਇਸ ਨੂੰ ਪੇਰੂ ਕਿਹਾ ਜਾਂਦਾ ਹੈ ਜੋ ਕਿ ਸਹੀ ਧਾਰਨਾ ਅਧੀਨ ਹੈ ਕਿ ਇਹ ਪੇਰੂ ਦਾ ਪੰਛੀ ਹੈ। ਕੁਝ ਹਿੰਦੀ ਸ੍ਰੋਤਾਂ ਵਿਚ ਵੀ ਇਸ ਨੂੰ ਪੇਰੂ ਪੰਛੀ ਲਿਖਿਆ ਗਿਆ ਹੈ।