ਪ੍ਰੋæ ਬਲਕਾਰ ਸਿੰਘ
ਫੋਨ: +91-93163-01328
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸ ਤੱਕ ਸੀਮਤ ਕਰਕੇ ਵੇਖੇ ਜਾਣ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਹੁੰਦੀਆਂ ਰਹੀਆਂ ਹਨ। ਗੁਰੂ-ਦਿੱਭਤਾ ਨੂੰ ਇਤਿਹਾਸ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖ-ਚਿੰਤਨ ਵਿਚ ਗੁਰੂ (ਗੁਰੂ ਦੇਹੀ) ਤੋਂ ਸ਼ਬਦ-ਗੁਰੂ (ਗੁਰੂ ਬਦੇਹੀ) ਤੱਕ ਦੀ ਯਾਤਰਾ ਨਾਲ ਜੋ ਕੁਝ ਸਥਾਪਤ ਵੀ ਹੋ ਚੁੱਕਾ ਹੈ ਅਤੇ ਇਤਿਹਾਸ ਵਿਚ ਸਾਂਭਿਆ ਵੀ ਜਾ ਚੁੱਕਾ ਹੈ, ਉਸ ਨੂੰ ਵੀ ਇਤਿਹਾਸ ਦੀਆਂ ਸੀਮਾਵਾਂ ਵਿਚ ਨਾ ਹੀ ਬੰਨਿਆ ਜਾ ਸਕਦਾ ਹੈ ਅਤੇ ਨਾ ਹੀ ਬੰਨ ਕੇ ਸਮਝਿਆ ਜਾ ਸਕਦਾ ਹੈ। ਕਾਰਣ ਹੈ ਕਿ ਇਤਿਹਾਸ ਤੋਂ ਪਾਰ ਬਹੁਤ ਕੁਝ ਸਮਝੇ ਜਾ ਸਕਣ ਵਾਲਾ ਪਿਆ ਹੁੰਦਾ ਹੈ।
ਸ਼ਬਦ-ਗੁਰੂ ਨੂੰ ਸਿੱਖ-ਚਿੰਤਨ ਵਿਚ ਪ੍ਰਾਪਤ ਉਤਮਤਾ, ਵਿਸ਼ਵਾਸ਼ੀ-ਮਾਨਸਿਕਤਾ ਤੋਂ ਚੇਤਨ-ਪ੍ਰਚੰਡਤਾ ਦੇ ਪ੍ਰਗਟਾਵੇ ਦਾ ਸਿੱਕਾ, ਇਤਿਹਾਸ ਤੋਂ ਮੰਨਵਾ ਤਾਂ ਚੁੱਕੀ ਹੈ, ਪਰ ਇਸ ਨਾਲ ਵਾਰਸ-ਭਾਈਚਾਰੇ ਦੀ ਸੰਤੁਸ਼ਟੀ ਉਸ ਤਰ੍ਹਾਂ ਨਹੀਂ ਹੋ ਸਕੀ, ਜਿਵੇਂ ਇਤਿਹਾਸ ਨੇ ਪ੍ਰਵਾਨ ਕਰ ਲਈ ਹੈ। ਕਾਰਣ ਹੈ ਕਿ ਸਿੱਖ-ਚੇਤਨਾ, ਜਦੋਂ ਸਿੱਖ-ਇਤਿਹਾਸ ਨੂੰ ਬਾਣੀ ਦੀ ਰੌਸ਼ਨੀ ਵਿਚ ਵੇਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਨਤੀਜਾ ਨਿਰਾਸ਼ਾ ਵਿਚ ਹੀ ਨਿਕਲਦਾ ਹੈ।
ਇਸ ਵਿਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਕਿ ਸਿੱਖ ਇਤਿਹਾਸ ਦਾ ਊਰਜਾ-ਸ੍ਰੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਵਜੋਂ ਸਥਾਪਤ ਹੋ ਚੁੱਕਾ ਹੈ। ਇਹੀ, ਗੁਰੂ-ਹੁਕਮ ਵਿਚ ਪ੍ਰਾਪਤ ਤੱਥਾਂ ਦੀ ਸੀਮਾਂ ਵਿਚ ਕਲਪਿਆ ਅਤੇ ਜੀਵਿਆ ਜਾਣਯੋਗ ਸਿੱਖ-ਸੱਚ ਹੈ ਅਤੇ ਇਸ ਨੂੰ ਉਸ ਇਤਿਹਾਸਕਾਰੀ ਦਾ ਕੋਈ ਬੰਧਨ ਨਹੀਂ ਹੈ, ਜੋ ਇਤਿਹਾਸਕਾਰੀ ਗੁਰਮਤਿ-ਸੱਚ ਨੂੰ ਨਾਲ ਲੈ ਕੇ ਨਹੀਂ ਤੁਰ ਸਕਦੀ। ਇਸੇ ਨੂੰ ਪਾਰ-ਇਤਿਹਾਸਕਤਾ ਵਿਚ ਵਿਚਰਣ ਵਾਲੇ ਗੁਰਮਤਿ-ਸੱਚ ਵਜੋਂ ਸਦਾ ਟਿਕਿਆ ਹੋਇਆ ਪ੍ਰਵਾਨ ਕਰ ਲਿਆ ਗਿਆ ਹੈ। ਇਸ ਨੂੰ ਸਮਝਣ ਸਮਝਾਉਣ ਦਾ ਯਤਨ ਭਾਈ ਵੀਰ ਸਿੰਘ ਨੇ ਕਵੀ ਸੰਤੋਖ ਸਿੰਘ ਦੇ ਪ੍ਰਸੰਗ ਵਿਚ ਕੀਤਾ ਸੀ। ਭਾਈ ਸਾਹਿਬ ਦੀ ਧਾਰਨਾ ਹੈ ਕਿ ਰੂਹਾਨੀ ਅਤੇ ਸੰਸਾਰਕ ਸ਼ਖਸੀਅਤਾਂ ਦਾ ਇਤਿਹਾਸ ਇਕੋ ਜਿਹਾ ਨਹੀਂ ਹੁੰਦਾ ਅਤੇ ਇਸ ਨੂੰ ਇਕੋ ਜਿਹੀ ਵਿਧੀ ਨਾਲ ਨਹੀਂ ਸਮਝਿਆ ਜਾ ਸਕਦਾ ਕਿਉਂਕਿ “ਰੂਹਾਨੀਅਤ ਦੇ ਔਜ ਵਾਲੇ ਕਲਾਧਾਰੀਆਂ ਦਾ ਇਤਿਹਾਸ ਹੂਬਹੂ ਰਾਜਿਆਂ ਤੇ ਰਾਜਸੀ ਲੋਕਾਂ ਵਰਗਾ ਨਹੀਂ ਹੁੰਦਾ।”
ਇਤਿਹਾਸਕਾਰ ਦੀ ਲੋੜ “ਕਲਾਧਾਰੀ ਦੇ ਪਰਸੁਆਰਥ ਦੇ ਪ੍ਰਯੋਜਨ ਨੂੰ ਅਥਵਾ ਉਸ ਦੇ ਅੰਦਰਲੇ ਟਿਕਾਉ ਤੇ ਉਚੇ ਆਸ਼ਿਆਂ ਅਤੇ ਪ੍ਰੇਰਕ ਪ੍ਰਯੋਜਨਾਂ” ਨੂੰ ਸਮਝਣ ਅਤੇ ਪ੍ਰਗਟਾਉਣ ਦੀ ਨਹੀਂ ਹੁੰਦੀ। ਇਸ ਸਥਿਤੀ ਨਾਲ ਨਿਪਟਣ ਵਾਸਤੇ ਭਾਈ ਵੀਰ ਸਿੰਘ ਨੇ ਇਤਿਹਾਸ ਨੂੰ ਸਾਰੰਸ਼ਿਕ ਇਤਿਹਾਸ, ਸਵਿਸਥਾਰਕ ਇਤਿਹਾਸ, ਵਿਗਿਆਨਕ ਇਤਿਹਾਸ ਅਤੇ ਕੋਮਲ ਉਨਰੀ ਇਤਿਹਾਸ ਵਜੋਂ ਪ੍ਰਵਾਨ ਕਰਕੇ ਦਿੱਭ ਸ਼ਖਸੀਅਤਾਂ ਦੇ ਇਤਿਹਾਸ ਨੂੰ ਪਾਰ-ਇਤਿਹਾਸਕਤਾ ਦੇ ਸਿੱਖ ਪ੍ਰਸੰਗ ਵਿਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਸ ਦੇ ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਗਵਾਹੀ ਨਾਲ ਪਾਰ-ਇਤਿਹਾਸਕ ਪਹੁੰਚ ਸਥਾਪਤ ਕਰਣ ਵਾਸਤੇ ਸੱਤਾ ਬਲਵੰਡ, ਬਾਬਾ ਸੁੰਦਰ ਅਤੇ ਭੱਟਾਂ ਦੇ ਸਵੱਯਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ।
ਸਿੱਖ-ਗੁਰੂ ਸਾਹਿਬਾਨ ਦੇ ਇਨ੍ਹਾਂ ਮੁਢਲੇ ਇਤਿਹਾਸਕਾਰਾਂ ਨੂੰ ਕਿਸੇ ਵੀ ਰੰਗ ਦੇ ਇਤਿਹਾਸਕਾਰਾਂ ਨੇ ਵਰਤਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਸ ਤੋਂ ਪਿੱਛੋਂ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੀਆਂ ਲਿਖਤਾਂ ਵਿਚੋਂ ਵੀ ਪਾਰ-ਇਤਿਹਾਸਕ ਵਿਧੀ ਦੇ ਆਧਾਰ ਲੱਭੇ ਜਾ ਸਕਦੇ ਹਨ। ਇਸ ਦ੍ਰਿਸ਼ਟੀ ਤੋਂ ਤਾਂ ਜਨਮ ਸਾਖੀਆਂ ਨੂੰ ਵੀ ਨਹੀਂ ਵਰਤਿਆ ਗਿਆ। ਸਿੱਟੇ ਵਜੋਂ ਜੋ ਸਾਹਮਣੇ ਆ ਗਿਆ ਹੈ, ਉਸ ਵਿਚੋਂ ਕਲਾਧਾਰੀ ਪਰਤਾਂ ਗੁੰਮ ਹੋਣ ਕਰਕੇ ਸਿੱਖ ਇਤਿਹਾਸ ਆਪਣੇ ਮੌਲਿਕ ਜਲੌਅ ਵਿਚ ਸਾਹਮਣੇ ਨਹੀਂ ਆ ਸਕਿਆ। ਮਿਸਾਲ ਵਜੋਂ 1699 ਦੀ ਵੈਸਾਖੀ ਨੂੰ ਲੈ ਕੇ ਇਤਿਹਾਸਕਾਰ ਇੰਦੂ ਭੂਸ਼ਣ ਬੈਨਰਜੀ ਲਿਖਦਾ ਹੈ, “ਜਿਹੜੇ ਇਸ (ਅੰਮ੍ਰਿਤ) ਨੂੰ ਗ੍ਰਹਿਣ ਕਰਣਗੇ ਅੱਗੋਂ ਲਈ ਖਾਲਸਾ ਕਰਕੇ ਜਾਣੇ ਜਾਣਗੇ। ਖਾਲਸਾ ਗੁਰੂ ਹੈ ਅਤੇ ਗੁਰੂ ਖਾਲਸਾ ਹੈ। ਤੁਹਾਡੇ ਅਤੇ ਮੇਰੇ ਵਿਚ ਕੋਈ ਭੇਦ ਨਹੀਂ ਹੈ। ਜਿਵੇਂ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਨੂੰ ਗੱਦੀ ‘ਤੇ ਬੈਠਾਇਆ ਸੀ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਗੁਰੂ ਬਣਾ ਦਿੱਤਾ ਹੈ।”
ਇਸ ਵਿਚੋਂ ਸ਼ਬਦ-ਗੁਰੂ ਮਨਫੀ ਹੀ ਕਰ ਦਿੱਤਾ ਗਿਆ ਹੈ ਅਤੇ ਸੈਨਿਕਵਾਦ ਦੀ ਭਾਵਨਾ ਵਿਚ ਅਜਿਹੀ ਟਿੱਪਣੀ ਕਰ ਦਿੱਤੀ ਹੈ, ਜਿਸ ਨਾਲ ਪ੍ਰਸੰਗ ਵਿਗਾੜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਸੰਗਤ ਅਤੇ ਪੰਥ ਨੂੰ ਜੇ ਇਕ ਦੂਜੇ ਦੀ ਨਿਰੰਤਰਤਾ ਵਿਚੋਂ ਕੱਢ ਕੇ ਵੇਖਾਂਗੇ ਤਾਂ ਪ੍ਰਸੰਗ ਵਿਗਾੜ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ। ਇਸ ਨੂੰ ਪਾਰ-ਇਤਿਹਾਸਕ ਪ੍ਰਸੰਗ ਵਿਚ ਸਮਝਣ ਲਈ ਸਮਝਣਾ ਪਵੇਗਾ ਕਿ ਇਤਿਹਾਸ, ਕਿਸੇ ਇਕ ਸਮੇਂ ਦਾ ਉਹ ਸੱਚ ਹੁੰਦਾ ਹੈ, ਜੋ ਕਿਸੇ ਨਾ ਕਿਸੇ ਰੂਪ ‘ਚ ਸਾਂਭਿਆ ਗਿਆ ਹੁੰਦਾ ਹੈ। ਇਤਿਹਾਸ ਤਾਂ ਦਿੱਭਤਾ ਦੇ ਪੈਰਾਂ ਵਿਚ ਵੀ ਮਿਥਿਹਾਸ ਦੀਆਂ ਬੇੜੀਆਂ ਪਾ ਕੇ ਸੀਮਾਵਾਂ ਵਿਚ ਸੋਚਣ ਵਾਲੇ ਪਾਸੇ ਤੁਰਿਆ ਰਹਿੰਦਾ ਹੈ। ਇਤਿਹਾਸ ਤਾਂ ਪ੍ਰਾਪਤ ਤੱਥਾਂ ਨੂੰ ਸੰਭਾਲਣ ਦੀ ਇੰਦ੍ਰਿਆਵੀ ਵਿਧੀ ਹੋ ਜਾਂਦਾ ਹੈ ਅਤੇ ਇਸ ਦੇ ਵਰਤਾਰਿਆਂ ਅਤੇ ਵੇਰਵਿਆਂ ਨੂੰ ਉਸ ਤਰ੍ਹਾਂ ਅਡਿੱਗ ਅਤੇ ਅਡੋਲ ਨਹੀਂ ਸਮਝਿਆ ਜਾ ਸਕਦਾ, ਜਿਸ ਤਰ੍ਹਾਂ ਸਤਿ ਨਾਲ ਜੁੜੇ ਹੋਏ ਵਰਤਾਰਿਆਂ ਨੂੰ ਸਮਝਿਆ ਜਾਂਦਾ ਹੈ। ਇਸੇ ਨੂੰ ਪਾਰ-ਇਤਿਹਾਸਕ ਵਰਤਾਰਾ ਕਿਹਾ ਜਾ ਰਿਹਾ ਹੈ।
ਇਤਿਹਾਸਕ ਪ੍ਰਸੰਗ ਵਿਚ ਇਕ ਨਾਇਕ ਹੁੰਦਾ ਹੈ ਅਤੇ ਪਾਰ-ਇਤਿਹਾਸਕ ਪ੍ਰਸੰਗ ਵਿਚ ਦਿੱਭ-ਨਾਇਕ ਹੁੰਦਾ ਹੈ। ਇਸੇ ਕ੍ਰਮ ਵਿਚ ਘਟਨਾਵਾਂ ਦੇ ਬਿਰਤਾਂਤ ਤੋਂ ਵਰਤਾਰਿਆਂ ਦੇ ਮਹਾਂ-ਬਿਰਤਾਂਤ ਦੀ ਯਾਤਰਾ ਨੂੰ ਸਮਝਿਆ ਜਾ ਸਕਦਾ ਹੈ। ਇਹ ਦੋਵੇਂ ਪੱਖ ਇਕੋ ਵੇਲੇ ਨਾਂਦੇੜ (ਮਹਾਂਰਾਸ਼ਟਰ) ਦੀ ਧਰਤੀ ਤੇ ਲਛਮਨ ਦਾਸ ਬੈਰਾਗੀ ਅਤੇ ਦਸਮ ਪਾਤਸ਼ਾਹ ਹਜ਼ੂਰ ਦੇ ਰੂਪ ਵਿਚ ਆਹਮੋ ਸਾਹਮਣੇ ਹੋ ਗਏ ਸਨ। ਕਰਾਮਾਤੀ ਤਾਂਤ੍ਰਿਕਤਾ ਅਤੇ ਸਕਾਰਮਕ ਦਿੱਭਤਾ ਦਾ ਨਤੀਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਸਾਹਮਣੇ ਆਇਆ ਸੀ। ਇਤਿਹਾਸ ਨੇ ਪਲੰਘ ਵਾਲੀ ਘਟਨਾ ਨੂੰ ਹਾਰਨ ਅਤੇ ਜਿੱਤਣ ਦੀਆਂ ਘਟਨਾਵਾਂ ਵਾਂਗ ਸੰਭਾਲਿਆ ਹੋਇਆ ਹੈ। ਹਾਲਾਂਕਿ ਇਹ ਵੇਖਣ ਤੇ ਫਟਕ ਜਾਣ ਦੀ ਦਿੱਭਤਾ ਦੀ ਦਾਸਤਾਨ ਹੈ। ਇਤਿਹਾਸ ਦੀ ਮੋਟਾ ਕੱਤਣ ਵਾਲੀ ਵਿਧਾ ਵਿਚ ਇਸ ਦੀ ਅੰਸ਼ਿਕਤਾ ਨੂੰ ਹੀ ਸੰਭਾਲਿਆ ਜਾ ਸਕਦਾ ਸੀ ਅਤੇ ਅਜਿਹਾ ਹੀ ਹੋ ਚੁੱਕਾ ਹੈ। ਦਿੱਭ ਰੋਹੜ ਦੇ ਇਸ ਸ਼ੂਕਦੇ ਵਹਿਣ ਨੂੰ ਪਾਰ-ਇਤਿਹਾਸਕ ਵਿਧੀ ਵਿਚ ਹੀ ਫੜਿਆ ਜਾ ਸਕਦਾ ਹੈ। ਇਸ ਦੇ ਪੂਰਨੇ ਗੁਰੂ ਨਾਨਕ ਦੇਵ ਜੀ ਨੇ ਸੂਰਜ ਨੂੰ ਪਾਣੀ ਦੇ ਕੇ ਪਾ ਦਿੱਤੇ ਸਨ ਅਤੇ ਇਸੇ ਵਹਿਣ ਨੂੰ ਪੰਜਵੇਂ ਨਾਨਕ ਅਤੇ ਨੌਵੇਂ ਨਾਨਕ ਨੇ ਸ਼ਹੀਦੀ ਦੇ ਮਾਧਿਅਮ ਰਾਹੀਂ ਦਿੱਭ-ਨਾਬਰੀ ਵਜੋਂ ਪ੍ਰਗਟ ਕਰ ਦਿੱਤਾ ਸੀ। ਇਸ ਨੂੰ ਗੁਰੂ ਕੇ ਲਗਾਤਾਰ ਨਿਭਾਉਂਦੇ ਰਹੇ ਹਨ। ਇਹੀ ਪਾਰ-ਇਤਿਹਾਸਕ ਸੁਰ ਵਿਚ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣ ਵਜੋਂ ਅਰਦਾਸ ਵਿਚ ਸੰਭਾਲੀ ਹੋਈ ਹੈ। ਇਹੀ ਸਵੈ-ਇੱਛਤ ਬਚਨਬੱਧਤਾ ਵਜੋਂ ਸੱਜਰੀ ਅਤੇ ਵਿਲਖਣ ਪਛਾਣ ਹੋ ਗਈ ਹੈ। ਇਸ ਨੂੰ ਇਤਿਹਾਸ, ਚਾਹ ਕੇ ਵੀ ਫੜ ਨਹੀਂ ਸਕਿਆ ਅਤੇ ਏਸੇ ਨੂੰ ਸਿੱਖ ਪ੍ਰਸੰਗ ਵਿਚ ਫੜਨ ਵਾਸਤੇ ਪਾਰ-ਇਤਿਹਾਸਕ ਵਿਧੀ ਸੁਝਾਈ ਜਾ ਰਹੀ ਹੈ।
ਪੱਛਮੀ ਸਿਧਾਂਤਕਾਰਾਂ ਨੇ ਇਤਿਹਾਸ ਨਾਲ ਜੁੜੀਆਂ ਵਿਚਾਰਧਾਰਾਵਾਂ ਦੇ ਆਧਾਰ ‘ਤੇ ਅਜਿਹੇ ਨਤੀਜੇ ਕੱਢੇ ਹਨ ਕਿ ਬਚਦਾ ਓਹੀ ਹੈ, ਜੋ ਬਚ ਸਕਣ ਦੇ ਸਮਰਥ ਹੁੰਦਾ ਹੈ ਤੇ ਇਸ ਨੂੰ ਡਾਰਵਿਨ ਦੇ ਸਿਧਾਂਤ ਵਜੋਂ ਸੰਭਾਲਿਆ ਹੋਇਆ ਹੈ। ਦਸਮ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ ਸੀ ਕਿ ਇਹੋ ਜਿਹੀਆਂ ਸੱਚਾਈਆਂ ਨਾਲ ਨਿਭਣ ਦੀ ਸਮਰਥਾ ਪੈਦਾ ਕਰਨੀ ਪੈਂਦੀ ਹੈ। ਇਤਿਹਾਸ ਵਿਚ ਆਮ ਤੌਰ ‘ਤੇ ਇਸੇ ਤਰ੍ਹਾਂ ਹੀ ਵਾਪਰਦਾ ਰਹਿੰਦਾ ਹੈ ਅਤੇ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਰਹਿੰਦਾ ਹੈ। ਇਸ ਕਾਣੀ ਵੰਡ ਦੇ ਹੁੰਦਿਆਂ ਵੀ ਵਾਪਰੀਆਂ ਘਟਨਾਵਾਂ ਦੀਆਂ ਪਾਰ-ਇਤਿਹਾਸਕ ਪਰਤਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਹਨ ਕਿਉਂਕਿ “ਸੈਲ ਪਥਰ ਮਹਿ ਜੰਤ ਉਪਾਇ ਤਾ ਕਾ ਰਿਜਕ ਆਗੇ ਕਰਿ ਧਰਿਆ” ਦੀ ਦਿੱਭਤਾ ਵਰਤਦੀ ਰਹਿੰਦੀ ਹੈ। ਜਿਸ ਤਰ੍ਹਾਂ ਪੱਛਮਵਾਦੀਆਂ ਨੇ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਰਾਹੀਂ ਇਤਿਹਾਸ ਨੂੰ ਸੰਭਾਲਣ ਅਤੇ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਉਸੇ ਤਰ੍ਹਾਂ ਪੂਰਬਵਾਦੀਆਂ ਨੇ ਪੱਛਮਵਾਦੀਆਂ ਨਾਲੋਂ ਬਹੁਤ ਪਹਿਲਾਂ, ਪਾਰ-ਇਤਿਹਾਸਕਤਾ ਨੂੰ ਨਾਲ ਲੈ ਕੇ ਭਰਪੂਰ ਜੀਵਨ ਜਿਊਣ ਦੇ ਅਮਲ ਨੂੰ ਸੰਭਾਲ ਕੇ ਸਾਹਮਣੇ ਲਿਆਂਦਾ ਸੀ। ਇਹ ਪੂਰਬਵਾਦ ਹੀ ਸੀ, ਜਿਸ ਵਿਚ ਰਿਸ਼ੀ-ਪਰੰਪਰਾ ਵਿਚੋਂ ਸੰਤ-ਪਰੰਪਰਾ ਪੈਦਾ ਹੋਈ ਅਤੇ ਸੰਤ-ਪਰੰਪਰਾ ਵਿਚੋਂ ਭਗਤੀ-ਪਰੰਪਰਾ ਪੈਦਾ ਹੋ ਸਕੀ। ਇਸ ਸਾਰੇ ਵਿਕਾਸ ਨੂੰ ਇਤਿਹਾਸਕਤਾ ਤੱਕ ਸੀਮਤ ਕਰਕੇ ਰਖਣ ਦੀ ਥਾਂ ਪਾਰ-ਇਤਿਹਾਸਕਤਾ ਦੀ ਸੁਰ ਵਿਚ ਵਹਿੰਦਾ ਵਿਖਾਇਆ ਗਿਆ ਹੈ।
ਪੂਰਬਵਾਦ ਵਿਚ ਜਿਨ੍ਹਾਂ ਸ਼ਕਤੀਆਂ ਨੇ ਇਸ ਵਹਿੰਦੇ ਵਹਿਣ ਨੂੰ ਰੋਕ ਕੇ ਮਨ ਮਰਜੀ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਕਾਰਨ ਅਤੇ ਵੰਗਾਰਨ ਦੀਆਂ ਲਹਿਰਾਂ ਵੀ ਪੈਦਾ ਹੁੰਦੀਆਂ ਰਹੀਆਂ ਹਨ। ਜਿਸ ਤਰ੍ਹਾਂ ਸੰਤ-ਪਰੰਪਰਾ, ਰਿਸ਼ੀ-ਪਰੰਪਰਾ ਨੂੰ ਨਕਾਰਨ ਅਤੇ ਵੰਗਾਰਨ ਦੀ ਲਹਿਰ ਸੀ, ਉਸੇ ਤਰ੍ਹਾਂ ਭਗਤ ਪਰੰਪਰਾ, ਸੰਤ ਪਰੰਪਰਾ ਨੂੰ ਨਕਾਰਨ ਅਤੇ ਵੰਗਾਰਨ ਦੀ ਲਹਿਰ ਸੀ। ਇਕ ਦੂਜੇ ਨੂੰ ਨਕਾਰਨ ਅਤੇ ਵੰਗਾਰਨ ਦੇ ਇਸ ਪੂਰਬਵਾਦੀ ਵਹਿਣ ਵਿਚੋਂ ਗੁਰੂ ਨਾਨਕ ਦੇਵ (1469-1539) ਦੀ ਅਗਵਾਈ ਵਿਚ ਪ੍ਰਾਪਤ ਵਿਚੋਂ ਨਾਲ ਲੈਣਯੋਗ ਨੂੰ ਨਾਲ ਲੈ ਕੇ ਸਿੱਖ ਧਰਮ ਦੀ ਨੀਂਹ ਰੱਖੀ ਗਈ ਸੀ। ਵਿਕਾਸ ਕ੍ਰਮ ਵਿਚੋਂ ਉਸੇ ਨੂੰ ਨਾਲ ਲਿਆ ਗਿਆ, ਜਿਸ ਰਾਹੀਂ ਹਰ ਤਰ੍ਹਾਂ ਦੀ ਪਵਿੱਤਰਮੁਖੀ ਕੇਂਦਰੀਅਤਾ ਨੂੰ ਨਕਾਰਨ ਅਤੇ ਵੰਗਾਰਨ ਦਾ ਸਾਹਸ ਵਿਖਾਇਆ ਗਿਆ। ਭਗਤ ਪਰੰਪਰਾ, ਸਿੱਖ ਕਸਵੱਟੀ ‘ਤੇ ਪਰਖੀ ਗਈ ਸੀ ਅਤੇ ਉਸ ਵਿਚੋਂ ਉਨ੍ਹਾਂ ਭਗਤਾਂ ਨੂੰ ਨਾਲ ਲੈ ਲਿਆ ਗਿਆ ਸੀ, ਜਿਹੜੇ ਪਿਛੱਲਮੁਖੀ ਮਾਨਸਿਕਤਾ ਤੋਂ ਮੁਕਤ ਹੋ ਕੇ ਆਮ ਮਾਨਵ ਦੇ ਧਰਮ ਨੂੰ ਸਮਕਾਲ ਦੇ ਹਾਣ ਦਾ ਬਣਾਉਣ ਦੇ ਮੁਦੱਈ ਸਨ। ਇਸ ਉਤੇ ਜੋ ਪੂਰੇ ਉਤਰੇ ਉਨ੍ਹਾਂ ਦੀ ਬਾਣੀ ਗੁਰੂ ਗੰ੍ਰਥ ਸਾਹਿਬ ਵਿਚ ਸ਼ਾਮਲ ਕਰਕੇ ਸ਼ਬਦ-ਗੁਰੂ ਦਾ ਅੰਗ ਬਣਾ ਲਿਆ ਗਿਆ। ਇਸ ਨੂੰ ਸਮਝਣ ਲਈ ਪ੍ਰੋæ ਪੂਰਨ ਸਿੰਘ ਦੇ ਇਹ ਸ਼ਬਦ ਸਹਾਈ ਹੋ ਸਕਦੇ ਹਨ, “ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਜੋ ਧਰਮ ਬਣਾਇਆ ਤੇ ਅਮਲੀ ਜਾਮਾ ਪੁਆ ਕੇ ਟੋਰਿਆ, ਉਹ ਕਿਸੇ ਖੁਸ਼ਕ ਫਲਸਫੇ ਦੀ ਬਿਨਾ ਤੇ ਕੇਵਲ ਸੋਚਾਂ ਵਿਚਾਰਾਂ ਦਾ ਇਕ ਗੋਰਖਧੰਦਾ, ਖਿਆਲ ਦੀ ਉਡਾਰੀ ਵਾਲੇ ਦਿਮਾਗਾਂ ਦਾ ਸਿੱਟਾ ਨਹੀਂ ਸੀ, ਸਗੋਂ ਇਕ ਜੀਵਨ ਦੇ ਸੋਮੇ ਤੋਂ ਫੁਟਿਆ ਅਮਲੀ ਤੇ ਜੀਵਨ ਲਹਿਰ ਤੇ ਰੰਗ ਰਸ ਨਾਲ ਥਰਕਦਾ, ਧਰਕਦਾ, ਗੇੜ ਮਾਰਦਾ ਉਮਲਦਾ ਤੇ ਉਛਲਦਾ ਕਰਤੱਵ ਸੀ, ਇਸ ਦਾ ਮੁੱਦਾ ਤੇ ਅਸਰ ਅਮਲੀ ਤੇ ਆਦਰਸ਼ਕ ਇਨਸਾਨ ਪੈਦਾ ਕਰਨਾ ਸੀ।” ਇਥੋਂ ਹੀ ਸ਼ੁਰੂ ਹੁੰਦਾ ਹੈ ਪੂਰਬਵਾਦ ਦਾ ਪਾਰ-ਇਤਿਹਾਸਕ ਪ੍ਰਸੰਗ ਅਤੇ ਇਸੇ ਨੂੰ ਸਿੱਖ ਧਰਮ ਵਜੋਂ ਸਾਂਭਿਆ ਹੋਇਆ ਹੈ। ਇਸੇ ਪ੍ਰਸੰਗ ‘ਚ ਗੁਰੂ ਗੋਬਿੰਦ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ।
ਆਧੁਨਿਕਤਾ ਨੇ ਪੱਛਮਵਾਦੀਆਂ ਦੇ ਪ੍ਰਭਾਵ ਅਧੀਨ ਇਹ ਸਾਹਮਣੇ ਲੈ ਆਂਦਾ ਹੈ ਕਿ ਪਰਮਾਤਮਾ ਮਰ ਗਿਆ ਹੈ (ਨੀਤਸ਼ੇ) ਤੇ ਇਤਿਹਾਸ ਦਾ ਅੰਤ ਹੋਣ ਵਾਲਾ ਹੈ। ਇਤਿਹਾਸ ਦੀ ਵਿਧੀ ਵਿਚੋਂ ਬਾਹਰ ਨਿਕਲ ਕੇ ਇਨ੍ਹਾਂ ਦੋਹਾਂ ਧਾਰਨਾਵਾਂ ਦੇ ਸੁਤੰਤਰ ਪ੍ਰਸੰਗ ਵੀ ਸਥਾਪਤ ਕੀਤੇ ਜਾਂਦੇ ਰਹੇ ਹਨ। ਜਿਵੇਂ ਕਿ ਪਰਮਾਤਮਾ ਮਰ ਗਿਆ ਹੈ, ਦੀ ਪ੍ਰਧਾਨ ਸੁਰ ਇਹ ਹੈ ਕਿ ਪਰਮਾਤਮਾ ਨੂੰ ਅਸੀਂ ਆਪ ਮਾਰਿਆ ਹੈ। ਇਤਿਹਾਸ ਤੋਂ ਅੱਗੇ ਤੁਰਾਂਗੇ ਤਾਂ ਪਾਰ-ਇਤਿਹਾਸਕਤਾ ਦਾ ਸਫਰ ਸ਼ੁਰੂ ਹੋ ਜਾਏਗਾ। ਕਿਸੇ ਅਣਵਰਤੀ ਵਿਧੀ ਨਾਲ ਜਾਂ ਕਿਸੇ ਵਿਧੀ ਦੀ ਕੁਵਰਤੋਂ ਨਾਲ ਨਿਕਲਣ ਵਾਲੇ ਨਤੀਜੇ ਨੂੰ ਸਿਧਾਂਤਕਾਰੀ ਕਹਿਣ ਦੀਆਂ ਪੱਛਮਵਾਦੀ ਧਾਰਨਾਵਾਂ, ਸੱਚ ਦੇ ਪਾਰ-ਇਤਿਹਾਸਕ ਵਰਤਾਰਿਆਂ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੀਆਂ ਹਨ। ਪੂਰਬਵਾਦੀ-ਲਹਿਰਾਂ ਨੂੰ ਨਿਰਖ ਪਰਖ ਕੇ ਜਿਸ ਤਰ੍ਹਾਂ ਸਿੱਖ-ਧਰਮ ਨੇ ਮਾਨਵ-ਮੁਕਤੀ ਦਾ ਗੁਰਮਤਿ-ਮਾਡਲ ਸਾਹਮਣੇ ਲਿਆਂਦਾ ਹੈ, ਉਸੇ ਦੀ ਰੌਸ਼ਨੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪਾਰ-ਇਤਿਹਾਸਕ ਸਿੱਖ-ਭੂਮਿਕਾ ਬਾਰੇ ਗੱਲ ਕੀਤੀ ਜਾ ਰਹੀ ਹੈ।
ਇਤਿਹਾਸ, ਜੇ ਪਾਰ-ਇਤਿਹਾਸਕਤਾ ਦੇ ਰਾਹ ਨਹੀਂ ਪੈਂਦਾ ਤਾਂ ਕਿੰਤੂਆਂ ਪ੍ਰੰਤੂਆਂ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ। ਇਹ ਤਾਂ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਇਤਿਹਾਸ ਦੀ ਦ੍ਰਿਸ਼ਟੀ ਤੋਂ ਇਕ ਹਕੂਮਤ ਦੇ ਗੱਦਾਰ, ਕਿਸੇ ਹੋਰ ਹਕੂਮਤ ਦੇ ਦੇਸ਼ ਭਗਤ ਹੋ ਜਾਂਦੇ ਹਨ ਅਤੇ ਇਤਿਹਾਸ, ਇਸ ਦੁਫਾੜ ਵਰਤਾਰੇ ਨੂੰ ਮੂਕ ਦਰਸ਼ਕ ਵਾਂਗ ਵੇਖਦਾ ਰਹਿੰਦਾ ਹੈ। ਇਤਿਹਾਸ ਤਾਂ ਇੰਨਾ ਕੁ ਫੈਸਲਾ ਵੀ ਨਹੀਂ ਕਰ ਪਾ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਸਮ ਪਾਤਸ਼ਾਹ ਦਾ ਰਿਸ਼ਤਾ ਕੀ ਸੀ ਅਤੇ ਬਾਬਾ ਜੀ ਵੱਲੋਂ ਨਿਭਾਈ ਗਈ ਸਿੱਖ-ਭੂਮਿਕਾ ਸਿਆਸੀ ਸੁਰ ਵਿਚ ਸੀ ਕਿ ਧਾਰਮਿਕ ਸੁਰ ਵਿਚ ਸੀ? ਦਿੱਭ ਵਰਤਾਰਿਆਂ ਨੂੰ ਫੜ੍ਹਨ ਵਿਚ ਇਤਿਹਾਸ ਇਸੇ ਤਰ੍ਹਾਂ ਫੇਲ੍ਹ ਹੁੰਦਾ ਆਇਆ ਹੈ ਅਤੇ ਆਪਣੀ ਇਸੇ ਕਮਜ਼ੋਰੀ ਨਾਲ ਕਿਸੇ ਵੀ ਸਮਕਾਲ ਦੇ ਮਹਾਂ-ਨਾਇਕਾਂ ਨੂੰ ਜੇ ਫੇਲ੍ਹ ਨਹੀਂ ਵੀ ਕਰਦਾ ਆਇਆ, ਤਾਂ ਵੀ ਨਿਆਂ ਕਰ ਸਕਣ ਦੀ ਅਸਮਰਥਾ ਦਾ ਸ਼ਿਕਾਰ ਤਾਂ ਹੁੰਦਾ ਰਿਹਾ ਹੈ।
ਜੇ ਇਤਿਹਾਸ ਦੇ ਵਰਤਾਰੇ ਦੀ ਪਰਿਭਾਸ਼ਾ ਬਾਰੇ ਸੋਚੀਏ ਤਾਂ ਅਕਾਦਮਿਕ ਤੌਰ ‘ਤੇ ਇਤਿਹਾਸ ਪਦ ਗਰੀਕ ਭਾਸ਼ਾ ਤੋਂ ਆਇਆ ਮੰਨਿਆ ਜਾਂਦਾ ਹੈ। ਗਰੀਕ ਵਿਚ ਹਿਸਟੋਰੀਆ ਸ਼ਬਦ ਹੈ, ਜਿਸ ਦੇ ਅਰਥ ਖੋਜ, ਪੁੱਛ-ਗਿੱਛ, ਪਤਾ, ਜਾਂਚ, ਤੇ ਤਹਿਕੀਕਾਤ ‘ਤੇ ਆਧਾਰਤ ਜਾਣਕਾਰੀ ਹੁੰਦੇ ਹਨ। ਇਤਿਹਾਸ ਨੂੰ ਅਤੀਤ, ਖਾਸ ਕਰ ਮਨੁੱਖ ਨਾਲ ਸਬੰਧਤ ਅਤੀਤ, ਦਾ ਅਧਿਐਨ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ-ਪੰਜਾਬੀ ਕੋਸ਼ਾਂ ਵਿਚ ਇਸ ਦੇ ਸ਼ਬਦੀ ਅਰਥ ਇਤਿਹਾਸ, ਤਾਰੀਖ, ਬਿਰਤਾਂਤ, ਵੇਰਵਾ, ਕਹਾਣੀ, ਇਤਿਹਾਸਕ ਨਾਟਕ ਆਦਿ ਦੱਸੇ ਗਏ ਹਨ। ਇਤਿਹਾਸ ਅਜਿਹਾ ਪਦ ਹੈ ਜੋ ਅਤੀਤ ਦੀਆਂ ਯਾਦਾਂ ਅਤੇ ਤੱਥਾਂ ਦੀ ਖੋਜ, ਇਕੱਤਰੀਕਰਨ, ਵਰਗੀਕਰਨ, ਪੇਸ਼ਕਾਰੀ ਤੇ ਜਾਣਕਾਰੀ ਦੀ ਵਿਆਖਿਆ ਕਰਦਾ ਹੈ। ਹੁਣ ਇਹ ਪ੍ਰਕ੍ਰਿਆ ਇੰਨੀ ਸਿੱਧੀ ਤੇ ਸਰਲ ਨਹੀਂ ਰਹੀ, ਜਿੰਨੀ ਲੱਗਦੀ ਹੈ।
ਇਤਿਹਾਸ ਵਿਚ ਇਤਿਹਾਸਕਾਰ ਵੀ ਸ਼ਾਮਿਲ ਰਹਿੰਦਾ ਹੈ ਅਤੇ ਇਤਿਹਾਸਕਾਰ ਦਾ ਨਜ਼ਰੀਆ ਵੀ। ਇਹ ਸਾਰਾ ਕਾਰਜ ਜੇ ਪੂਰੀ ਤਰ੍ਹਾਂ ਨਹੀਂ ਤਾਂ ਕਿਸੇ ਹੱਦ ਤੱਕ ਵਿਚਾਰਧਾਰਕ ਵੀ ਹੁੰਦਾ ਹੈ ਕਿਉਂਕਿ ਪੱਛਮਵਾਦੀਆਂ ਨੇ ਮੰਨ ਲਿਆ ਕਿ ਮਨੁੱਖ ਦਾ ਹਰ ਕਾਰਜ ਹੀ ਕਿਸੇ ਨਾ ਕਿਸੇ ਰੂਪ ਵਿਚ ਵਿਚਾਰਧਾਰਕ ਹੁੰਦਾ ਹੈ। ਇਸ ਦੇ ਹੋਰ ਰੂਪ ਵੀ ਪ੍ਰਾਪਤ ਹਨ ਕਿਉਂਕਿ ਕੁਝ ਚਿੰਤਕ ਇਤਿਹਾਸ ਨੂੰ ਗਲਪ ਭਾਵ ਗੱਪ ਵਰਗੀ ਸੱਚਾਈ ਕਹਿਣ ਲੱਗੇ ਹਨ। ਇਤਿਹਾਸਕਾਰੀ ਕਰਕੇ ਮਾਨਵੀ ਸਮਾਜ ਦਾ ਅਤੀਤ ਸਵਾਲਾਂ ਦੇ ਘੇਰੇ ‘ਚ ਆ ਜਾਂਦਾ ਹੈ ਕਿਉਂਕਿ ਇਤਿਹਾਸ ਹੀ ਤਾਂ ਹੈ ਜੋ ‘ਤੱਥਾਂ’ ‘ਤੇ ਆਧਾਰਤ ਮੰਨਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਖੁਦ ਇਤਿਹਾਸਕਾਰ ਕਈ ਤਰ੍ਹਾਂ ਦੇ ਸਵਾਲ ਕਰਨ ਲੱਗ ਪਏ ਹਨ ਕਿ ਕੀ ਇਤਿਹਾਸਕਾਰ ਅਤੀਤ ਬਾਰੇ ਸੱਚ ਦੱਸ ਸਕਦੇ ਹਨ? ਕੀ ਇਤਿਹਾਸ, ਤੱਥਾਂ ਨੂੰ ਪ੍ਰਤੱਖ ਕਰਨ ਲਈ ਲਿਖਿਆ ਜਾਂਦਾ ਹੈ ਜਾਂ ਆਪਣੇ ਹਿੱਤਾਂ ਖਾਤਰ? ਇਤਿਹਾਸ, ਪ੍ਰਚੱਲਿਤ ਰੂੜ੍ਹੀਵਾਦੀ ਕਹਾਣੀਆਂ ਰਾਹੀਂ ਇੱਛਤ ਨਤੀਜਿਆਂ ਦਾ ਸਰੂਪ ਗ੍ਰਹਿਣ ਕਰਦਾ ਰਹਿੰਦਾ ਹੈ। ਇਸ ਲਈ ਕੀ ਇਸ ਦੇ ਅਰਥ ਇਸੇ ਸਰੂਪ ਵਿਚੋਂ ਪੈਦਾ ਹੁੰਦੇ ਹਨ ਜਾਂ ਅਤੀਤ ਦੀ ਪਾਰ-ਇਤਿਹਾਸਕਤਾ ਵਿਚੋਂ ਵੀ? ਇਸ ਦੀ ਮਿਸਾਲ ਅਸੀਂ ਗਦਰ ਲਹਿਰ ਦੀ ਸ਼ਤਾਬਦੀ ਤੋਂ ਲੈ ਸਕਦੇ ਹਾਂ। ਪਿਛਲੇ ਕੁਝ ਸਾਲਾਂ ਵਿਚ ਗਦਰ ਲਹਿਰ ਬਾਰੇ ਐਨਾ ਕੁਝ ਲਿਖਿਆ/ਬੋਲਿਆ ਗਿਆ ਹੈ, ਜਿੰਨਾ ਪਿਛਲੇ ਸੌ ਸਾਲਾਂ ਵਿਚ ਨਹੀਂ ਸੀ ਲਿਖਿਆ/ਬੋਲਿਆ ਗਿਆ।
ਦਲਿਤਾਂ ਤੇ ਦਮਿਤਾਂ ਦਾ ਇਤਿਹਾਸ ਵੀ ਤਾਂ ਪੁਨਰ-ਲੇਖਣ ਦੀ ਮੰਗ ਕਰਦਾ ਹੈ ਕਿਉਂਕਿ ਉਨ੍ਹਾਂ ਦਾ ਇਤਿਹਾਸ ਲਿਖੇ ਜਾਣ ਵਿਚ ਕਦੇ ਕਿਸੇ ਦਲਿਤ ਦਾ ਹਿੱਸਾ ਰਿਹਾ ਹੈ ਕਿ ਨਹੀਂ? ਹੁਣ ਤਾਂ ਇਹ ਤੱਥ ਸਾਹਮਣੇ ਆ ਗਏ ਹਨ ਕਿ ਜਿਨ੍ਹਾਂ ਨੂੰ ਬੋਲਣ ਦਾ ਹੱਕ ਨਹੀਂ ਸੀ, ਉਹ ਇਤਿਹਾਸ ਕਿਵੇਂ ਲਿਖ ਸਕਦੇ ਸਨ? ਵੈਸੇ ਵੀ ਗਾਇਤਰੀ ਸਪੀਵਾਕ ਨੇ ਸਹੀ ਲਿਖਿਆ ਹੈ ਕਿ ਕੀ ਦਮਿਤ ਬੋਲ ਸਕਦਾ ਹੈ? ਉਸ ਦੀ ਧਾਰਨਾ ਹੈ ਕਿ ਦਲਿਤਾਂ ਤੇ ਦਮਿਤਾਂ ਦੀ ਥਾਂ ਜਿਨ੍ਹਾਂ ਨੇ ਲੈ ਲਈ ਹੈ, ਉਨ੍ਹਾਂ ਨੇ ਜੋ ਲਿਖਿਆ ਵੀ ਹੈ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਦਲਿਤਾਂ ਬਾਰੇ ਕੋਈ ਹੋਰ ਈ ਬੋਲਦਾ ਤੇ ਲਿਖਦਾ ਰਿਹਾ ਹੈ। ਸਿੱਖਾਂ ਨਾਲ ਵੀ ਇਸੇ ਤਰ੍ਹਾਂ ਵਾਪਰਦਾ ਰਿਹਾ ਹੈ।
ਇਸ ਪ੍ਰਸੰਗ ਵਿਚ ਸੋਚਾਂਗੇ ਤਾਂ ਦਲਿਤ-ਪ੍ਰਵਚਨ ਦਾ ਸਿਧਾਂਤਕ ਆਧਾਰ ਗੁਰੂ ਗੰ੍ਰਥ ਸਾਹਿਬ ਹੋ ਜਾਵੇਗਾ। ਇਸ ਨੂੰ ਇਤਿਹਾਸ ਉਨਾਂ ਚਿਰ ਫੜਨ ਲਈ ਤਿਆਰ ਨਹੀਂ ਹੋਇਆ, ਜਿੰਨਾ ਚਿਰ ਦਸਮ ਪਾਤਸ਼ਾਹ ਦੇ ਪੰਜ ਪਿਆਰੇ ਦਲਿਤ-ਪ੍ਰਵਚਨ ਦੇ ਪ੍ਰਤੀਨਿਧ ਵਜੋਂ ਸਾਹਮਣੇ ਨਹੀਂ ਆ ਗਏ। ਸਿਧਾਂਤ ਦੀ ਤਹਿ ਵਿਚ ਬਹੁਤ ਕੁਝ ਅਜਿਹਾ ਪਿਆ ਹੁੰਦਾ ਹੈ, ਜੋ ਨੰਗੀ ਅੱਖ ਦੀ ਪਕੜ ਵਿਚ ਨਹੀਂ ਆਉਂਦਾ। ਅਸਲ ਵਿਚ ਵਸਤੂਆਂ ਅਤੇ ਵਰਤਾਰੇ ਐਨੇ ਸਰਲ ਤੇ ਸਿੱਧੇ ਨਹੀਂ ਹੁੰਦੇ ਜਿੰਨੇ ਅਕਸਰ ਲੱਗਦੇ ਹਨ। ਬੰਦੇ ਬਹੁਤ ਸਾਰੇ ਕਾਰਣਾਂ ਕਰਕੇ ਚੀਜ਼ਾਂ ਨੂੰ ਬਲੈਕ ਐਂਡ ਵਾਈਟ ਦੇ ਰੂਪ ਵਿਚ ਦੇਖਣ ਲਈ ਗਿੱਝ ਗਏ ਹੁੰਦੇ ਹਨ। ਇਸੇ ਲਈ ਅਸੀਂ ਸਿੱਕੇ ਦੇ ਅਣਗਿਣਤ ਪਹਿਲੂਆਂ ਨੂੰ ਸਿਰਫ ਦੋ ਪਹਿਲੂ ਕਹਿ ਕੇ ਹੀ ਸਾਰ ਲੈਂਦੇ ਹਾਂ। ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਸਿੱਕੇ ਦੇ ਕਿੰਨੇ ਪਹਿਲੂ ਹਨ ਤਾਂ ਜਵਾਬ ਫਟ ਮਿਲ ਜਾਵੇਗਾ-ਦੋ। ਜਦੋਂ ਕਿ ਇਸ ਤੋਂ ਵੱਡਾ ਝੂਠ ਹੋਰ ਹੋ ਹੀ ਨਹੀਂ ਸਕਦਾ। ਸਿੱਕੇ ਦੇ ਦੋ ਪ੍ਰਮੁੱਖ ਪਹਿਲੂ ਹੁੰਦੇ ਹਨ ਜਦੋਂ ਕਿ ਅਣਗਿਣਤ ਪਹਿਲੂ ਉਸ ਦੇ ਗੋਲ ਦਾਇਰੇ ਦੇ ਹੁੰਦੇ ਹਨ, ਜਿਨ੍ਹਾਂ ਕਰਕੇ ਦੋ ਪ੍ਰਮੁੱਖ ਪਹਿਲੂ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਇਤਿਹਾਸ ਨਾਲ ਵਾਪਰਦਾ ਹੈ। ਕਈ ਵਾਰ ਤਾਂ ਇਤਿਹਾਸ ਵਲੋਂ ਸਿਰਫ ਇਕ ਪਹਿਲੂ ਹੀ ਪੇਸ਼ ਕੀਤਾ ਜਾਂਦਾ ਹੈ।
ਇਨ੍ਹੀਂ ਦਿਨੀਂ ਸਿੱਖ ਮਸਲੇ ਵੀ ਇਸੇ ਤਰ੍ਹਾਂ ਦੇ ਸੰਕਟ ਵਿਚੋਂ ਲੰਘ ਰਹੇ ਹਨ। ਪੰਜ ਪਿਆਰੇ, ਤਖਤ ਜਥੇਦਾਰ, ਅਕਾਲ ਤਖਤ ਸਾਹਿਬ ਅਤੇ ਗੁਰਮਤਾ ਆਦਿ ਦੀ ਸਮਕਾਲੀ ਤੇ ਇਤਿਹਾਸਕ ਭੂਮਿਕਾ ਮਿੱਥਣ ਦੀ ਕਸ਼ਮਕਸ਼ ਚੱਲ ਰਹੀ ਹੈ। ਸਿੱਖ ਭਾਈਚਾਰਾ ਇਤਿਹਾਸ ਨੂੰ ਸਿੱਖ-ਸੁਰ ਵਿਚ ਲਿਖਣ ਵੱਲ ਲਗਾਤਾਰ ਅਹੁਲਦਾ ਰਿਹਾ ਹੈ। ਭਾਰਤ ਦੇ ਇਤਿਹਾਸ ਨੂੰ ਵੀ ਹਿੰਦੂਤਵ ਦੀ ਦ੍ਰਿਸ਼ਟੀ ਤੋਂ ਲਿਖੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਤਿਹਾਸ ਨੂੰ ਫਿਰ ਤੋਂ ਲਿਖਣ ਦੀਆਂ ਵਿਚਾਰਾਂ ਦੀਆਂ ਜੜ੍ਹਾਂ ਸਦਾ ਹੀ ਸਿਆਸਤ ਵਿਚ ਲੱਗੀਆਂ ਰਹੀਆਂ ਹਨ। ਇਸੇ ਕਰਕੇ ਸਿੱਖਾਂ ਵੱਲੋਂ ਲਿਖੇ ਗਏ ਸਿੱਖ ਇਤਿਹਾਸ ਨਾਲ ਵੀ ਸਾਰੇ ਸਿੱਖਾਂ ਦੀ ਸਹਿਮਤੀ ਨਹੀਂ ਹੈ। ਦਸਮ ਪਾਤਸ਼ਾਹ ਬਾਰੇ ਪ੍ਰਾਪਤ ਇਤਿਹਾਸਕ ਹਵਾਲਿਆਂ ਦੇ ਦੁਹਰਾਉ ਨਾਲ ਗੁਰਪੁਰਬ ਵੀ ਮੇਲਿਆਂ ਵਾਂਗ ਮਨਾਏ ਜਾਣ ਲੱਗ ਪਏ ਹਨ। ਇਹ ਰਾਹ ਧਾਰਕ ਹੋਣ ਦੀ ਸਿੱਖ ਵਿਧੀ ਦੀ ਥਾਂ, ਪੂਜਕ ਹੋਣ ਦੀ ਪਰੰਪਰਕ ਵਿਧੀ ਵੱਲ ਜਾਂਦਾ ਹੈ ਅਤੇ ਸਿੱਖੀ ਦਾ ਉਹ ਰਾਹ ਰੋਕਦਾ ਹੈ, ਜਿਸ ਨਾਲ ਸਿੱਖ-ਧਰਮ ਨੇ ਕਿਸੇ ਵੀ ਸਮਕਾਲ ਦੇ ਹਾਣ ਦੀ ਚੇਤਨ-ਪ੍ਰਚੰਡਤਾ ਨੂੰ ਸਾਹਮਣੇ ਲਿਆਉਣ ਦੀ ਬਚਨਬਧਤਾ ਨਿਭਾਉਣੀ ਹੈ।
ਕਿਸੇ ਵੀ ਸਮਕਾਲ ਦੀ ਪ੍ਰਧਾਨ ਸੁਰ ਦੁਆਰਾ ਸਮਾਜਿਕ-ਮਾਨਸਿਕਤਾ ਪ੍ਰਭਾਵਿਤ ਹੁੰਦੀ ਰਹਿੰਦੀ ਹੈ ਅਤੇ ਇਸੇ ਨੂੰ ਲੈ ਕੇ ਧਰਮ ਤੇ ਸਿਆਸਤ, ਇਕ ਦੂਜੇ ਨੂੰ ਫੇਲ੍ਹ ਕਰਨ ਦੇ ਰਾਹ ਪਏ ਰਹਿੰਦੇ ਹਨ। ਇਸੇ ਵਿਚੋਂ ਨਿਕਲਣ ਦੇ ਵਰਤਾਰੇ ਨਾਲ ਨਿਭਣ ਦਾ ਮਾਨਸਿਕ-ਉਸਾਰ ਸਿੱਖ ਧਰਮ ਨਾਲ ਸਾਹਮਣੇ ਆ ਗਿਆ ਸੀ। ਇਸੇ ਨੂੰ ਧਿਆਨ ਵਿਚ ਰੱਖ ਕੇ ਦਸਮ ਪਾਤਸ਼ਾਹ ਦੀ ਪਾਰ-ਇਤਿਹਾਸਕ ਭੂਮਿਕਾ ਬਾਰੇ ਚਰਚਾ ਕੀਤੀ ਜਾ ਰਹੀ ਹੈ। ਪੱਛਮੀ ਸੁਰ ਵਿਚ ਚਰਚਾ ਵਿਗਿਆਨ ਅਤੇ ਧਰਮ ‘ਚ ਹੁੰਦੀ ਰਹੀ ਹੈ। ਪੂਰਬੀ ਸੁਰ ਵਿਚ ਇਹੀ ਚਰਚਾ ਇਤਿਹਾਸ ਅਤੇ ਪਾਰ-ਇਤਿਹਾਸ ਵਿਚ ਹੋਣੀ ਚਾਹੀਦੀ ਹੈ। ਸਿੱਖ ਧਰਮ ਦੇ ਹਵਾਲੇ ਨਾਲ ਇਸ ਪਾਸੇ ਤੁਰਿਆ ਜਾ ਸਕਦਾ ਹੈ।
ਦਸਮ ਪਾਤਸ਼ਾਹ ਦਾ ਪੰਥਕ-ਮਾਡਲ, ਗੁਰੂ ਨਾਨਕ ਦੇਵ ਜੀ ਦੇ ਸੰਗਤੀ-ਮਾਡਲ ਦੀ ਨਿਰੰਤਰਤਾ ਵਿਚ ਹੈ ਅਤੇ ਇਨ੍ਹਾਂ ਦੋਹਾਂ ਨੂੰ ਇਕ ਦੂਜੇ ਦੀ ਇਤਿਹਾਸਕਤਾ ਦੀ ਥਾਂ ਇਕ ਦੂਜੇ ਦੀ ਪਾਰ-ਇਤਿਹਾਸਕਤਾ ਵਜੋਂ ਵੇਖੇ ਅਤੇ ਪਰਖੇ ਜਾਣ ਦੀ ਲੋੜ ਹੈ। ਇਹ ਦੋਵੇਂ ਮਾਡਲ, ਇਕੋ ਹੀ ਜੋਤਿ ਅਤੇ ਇਕੋ ਹੀ ਜੁਗਤਿ ਨਾਲ ਜੁੜੇ ਹੋਏ ਹਨ ਅਤੇ ਇਸ ਵੇਲੇ ਇਕ ਦੂਜੇ ਦੀ ਪੂਰਕਤਾ ਵਿਚ ਸਿੱਖ-ਵਰਤਾਰੇ ਵਜੋਂ ਪ੍ਰਗਟ ਹੁੰਦੇ ਆ ਰਹੇ ਹਨ। ਇਹ ਦੋਵੇਂ ਹੀ ਸੰਪੂਰਨ ਜੀਵਨ ਦੇ ਸਿੱਖ-ਉਸਾਰ ਵਿਚ ਸਹਾਈ ਹੁੰਦੇ ਆਏ ਹਨ। ਸੰਪੂਰਨ ਜੀਵਨ ਜਿਊਣ ਦੇ ਜੋ ਆਧਾਰ ਸਿੱਖ-ਧਰਮ ਨਾਲ ਸਾਹਮਣੇ ਆਏ ਸਨ, ਉਨ੍ਹਾਂ ਨੂੰ ਅਮਲ ‘ਚ ਉਤਾਰਨ ਵਾਸਤੇ ਜੋ ਵਿਧੀਆਂ ਸਾਹਮਣੇ ਆਈਆਂ ਹਨ, ਉਨ੍ਹਾਂ ਪਿੱਛੇ ਸਿਧਾਂਤ ਇਹੀ ਕੰਮ ਕਰ ਰਿਹਾ ਹੈ ਕਿ ਪ੍ਰਾਪਤ ਵਿਭਿੰਨਤਾ ਵਿਚਕਾਰ ਸਹਿਜ ਸਥਾਪਤ ਕਰਨਾ ਹੈ। ਵਿਭਿੰਨਤਾ ਨਾਲ ਜੁੜੇ ਸਰੋਕਾਰਾਂ ‘ਚੋਂ ਹੀ ਇਕ, ਮੀਰੀ ਤੇ ਪੀਰੀ ਦਾ ਸਿਧਾਂਤ ਹੈ ਜਿਸ ਦਾ ਪ੍ਰਗਟਾਵਾ ਸਿੱਖ ਇਤਿਹਾਸ ਰਾਹੀਂ ਸਾਹਮਣੇ ਆਉਂਦਾ ਰਿਹਾ ਹੈ, ਉਸ ਨਾਲ ਸਿਧਾਂਤ ਉਤੇ ਇਤਿਹਾਸ ਹਾਵੀ ਹੁੰਦਾ ਰਿਹਾ ਹੈ।
ਇਤਿਹਾਸ ਦੀ ਸੀਮਾ ਵਿਚ ਮੀਰੀ ਅਤੇ ਪੀਰੀ ਦੀ ਸਿਧਾਂਤਕਤਾ ਨੂੰ ਸਮਕਾਲੀ ਲੋੜਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ ਹੈ ਅਤੇ ਇਸ ਨਾਲ ਮੀਰੀ ਤੇ ਪੀਰੀ ਦੀ ਇਕਸੁਰਤਾ ਭੰਗ ਹੁੰਦੀ ਰਹੀ ਹੈ। ਮੀਰੀ ਤੇ ਪੀਰੀ, ਸਿੱਖ-ਸਮਾਜਿਕਤਾ ਦੇ ਵਹਿਣ ਦੇ ਦੋ ਕੰਢੇ ਰਹੇ ਹਨ ਅਤੇ ਸਮਾਜਿਕਤਾ ਦੇ ਇਸ ਵਹਿਣ ਨੂੰ ਸੇਧ ਵਿਚ ਰਖਣ ਲਈ ਇਨ੍ਹਾਂ ਦੋਹਾਂ ਕੰਢਿਆਂ ਦੀ ਵਰਤੋਂ ਹੁੰਦੀ ਰਹੀ ਹੈ। ਛੇਵੇਂ ਪਾਤਸ਼ਾਹ ਨੇ ਸਿੱਖ ਪ੍ਰਸੰਗ ਵਿਚ ਪ੍ਰਾਪਤ ਭਗਤੀ ਅਤੇ ਸ਼ਕਤੀ ਦੇ ਸੰਕਲਪੀ ਸਹਿਜ ਦੇ ਅਮਲ ਨੂੰ ਮੀਰੀ ਤੇ ਪੀਰੀ ਰਾਹੀਂ ਪ੍ਰਗਟ ਕੀਤਾ ਸੀ ਤੇ ਇਸੇ ਦਾ ਸੰਸਥਾਈ ਆਧਾਰ ਅਕਾਲ ਤਖਤ ਰਾਹੀਂ ਪ੍ਰਗਟ ਕੀਤਾ ਸੀ। ਇਹੀ ਦਸਮ ਪਾਤਸ਼ਾਹ ਨੇ ਸੰਤ ਅਤੇ ਸਿਪਾਹੀ ਵਜੋਂ ਪ੍ਰਗਟ ਕੀਤਾ ਸੀ। ਇਹ ਤਿੰਨੇ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ ਅਤੇ ਸੰਤ ਤੇ ਸਿਪਾਹੀ, ਇਤਿਹਾਸਕ ਪ੍ਰਸੰਗ ਵਿਚ ਵੱਖ ਵੱਖ ਸਮਿਆਂ ਦੀ ਪੈਦਾਇਸ਼ ਹਨ ਅਤੇ ਆਪਣੇ ਆਪਣੇ ਪ੍ਰਸੰਗ ਵਿਚ ਵੱਖਰੀ ਵੱਖਰੀ ਭੂਮਿਕਾ ਨਿਭਾਉਂਦੇ ਵੀ ਨਜ਼ਰ ਆਉਂਦੇ ਹਨ। ਪਰ ਪਾਰ-ਇਤਿਹਾਸਕ ਪ੍ਰਸੰਗ ਵਿਚ ਤਿੰਨੋ ਇਕੋ ਜੀ ਜੋਤਿ ਅਤੇ ਜੁਗਤਿ ਦੀ ਪ੍ਰਤੀਨਿਧਤਾ ਕਰਦੇ ਹਨ। ਇਨ੍ਹਾਂ ਦੀ ਅੰਤਰ ਸਬੰਧਤਾ ਨੂੰ ਪਾਰ ਇਤਿਹਾਸਕ ਸੁਰ ਵਿਚ ਹੀ ਫੜਿਆ ਜਾ ਸਕਦਾ ਹੈ। ਇਸੇ ਨੂੰ ਦਸਮ ਪਾਤਸ਼ਾਹ ਦੇ ਹਵਾਲੇ ਨਾਲ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਖ ਇਤਿਹਾਸ ਵਿਚ ਗਰੀਬ ਸਿੱਖਾਂ ਦੀ ਪਾਤਸ਼ਾਹੀ ਦੀ ਗੱਲ ਵੀ ਕੀਤੀ ਹੋਈ ਹੈ ਅਤੇ ਇਸ ਨਾਲ ਆਮ ਬੰਦੇ ਲਈ ਸੰਪੂਰਨ ਜੀਵਨ ਵਾਲੇ ਸਿੱਖ-ਧਰਮ ਦੀ ਸਿੱਖ ਵਿਧੀ ਸਾਹਮਣੇ ਆ ਗਈ ਹੈ। ਪੰਜਾਂ ਪਿਆਰਿਆਂ ਨਾਲ ਵੀ ਇਹੀ ਮਾਡਲ ਸਾਹਮਣੇ ਆਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਭੂਮਿਕਾ ਨਾਲ ਵੀ ਇਹੀ ਮਾਡਲ ਸਾਹਮਣੇ ਆਇਆ ਸੀ।
ਵਰਤਮਾਨ ਵਿਚ ਧਰਮ ਦੇ ਨਾਂ ‘ਤੇ ਹੋ ਰਹੀ ਰਾਜਨੀਤੀ ਨੂੰ ਸਿੱਖ ਸਿਆਸਤਦਾਨਾਂ ਨੇ ਮੀਰੀ-ਪੀਰੀ ਨਾਲ ਜੋੜ ਕੇ ਜੋ ਅਰਥ ਕੱਢ ਲਏ ਹਨ, ਉਸ ਨਾਲ ਮੀਰੀ-ਪੀਰੀ ਦੇ ਸਿਧਾਂਤ ਦਾ ਪ੍ਰਸੰਗ ਵਿਗਾੜ ਸਾਹਮਣੇ ਆਾਉਣ ਲੱਗਾ ਹੈ। ਸਿੱਖ ਅਧਿਆਤਮ ਨਾਲੋਂ ਵਿਛੜ ਕੇ ਸਥਾਪਤ ਹੋਈ ਕਿਸੇ ਵੀ ਧਾਰਨਾ ਨੂੰ ਪ੍ਰਸੰਗ ਵਿਗਾੜ ਵੱਲ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਇਸ ਕਰਕੇ ਅੱਜ ਮੀਰੀ-ਪੀਰੀ ਵਰਗੀ ਸਹਿਜ ਸਥਾਪਨ ਦੀ ਸਿੱਖ-ਵਿਧੀ ਨੂੰ ਸਿੱਖ ਸਕਾਰਮਕਤਾ ਵੱਲ ਸੇਧਤ ਰੱਖਣ ਲਈ ਅਧਿਆਤਮ ਨਾਲ ਜੁੜੇ ਅਜਿਹੇ ਨੁਕਤੇ ਧਿਆਨ ‘ਚ ਰੱਖਣੇ ਪੈਣਗੇ, ਜਿਨ੍ਹਾਂ ਨਾਲ ਸਿਧਾਂਤ ਦੇ ਕੋਮਲ ਪਹਿਲੂਆਂ ਨੂੰ ਪਾਰ-ਇਤਿਹਾਸਕ ਵਿਧੀ ਵਿਚ ਸਾਂਭਿਆ ਜਾ ਸਕਦਾ ਹੈ। ਅਜਿਹਾ ਨਹੀਂ ਕਰਾਂਗੇ ਤਾਂ ਇਸ ਸੱਚਾਈ ਨਾਲ ਕਿਵੇਂ ਨਿਭਾਂਗੇ ਕਿ ਦਸਮ ਪਾਤਸ਼ਾਹ ਦੇ ਜਨਮ ਸਮੇਂ ਵਾਪਰੀਆਂ ਘਟਨਾਵਾਂ ਅਤੇ ਉਨ੍ਹਾਂ ਘਟਨਾਵਾਂ ਨਾਲ ਜੁੜੇ ਦਿਭ-ਦ੍ਰਿਸ਼ਟੀ ਵਾਲੇ ਮਹਾਂਪੁਰਸ਼ਾਂ ਅਤੇ ਸਭਿਆਚਾਰ ਨਾਲ ਜੁੜੇ ਲੋਕਾਂ ਨੂੰ ਇਤਿਹਾਸ ਨਾ ਫੜ ਸਕਿਆ ਹੈ ਅਤੇ ਨਾ ਹੀ ਫੜ ਸਕਦਾ ਹੈ। ਮਿਸਾਲ ਵਜੋਂ ਭੀਖਣ ਸ਼ਾਹ ਫਕੀਰ, ਰੱਜੀ ਦਾਈ, ਜੋਤਸ਼ੀ ਅਤੇ ਮਾਮਾ ਕ੍ਰਿਪਾਲ ਵਰਗੇ ਪਾਤਰਾਂ ਨਾਲ ਜੁੜੇ ਕੋਮਲ ਵਰਤਾਰਿਆਂ ਨਾਲ ਜੋ ਸੱਚ ਸਾਹਮਣੇ ਆਉਂਦੇ ਰਹੇ ਹਨ, ਉਨ੍ਹਾਂ ਦੀ ਸੰਭਾਲ ਇਤਿਹਾਸਕਾਰਾਂ ਦੀਆਂ ਤਰਜੀਹਾਂ ਦਾ ਹਿੱਸਾ ਨਹੀਂ ਰਹੀ। ਇਹੋ ਜਿਹੇ ਪਾਤਰ ਜੋ ਗੁਰੂ-ਦਿੱਭਤਾ ਨਾਲ ਜੁੜੇ ਹੋਏ ਸਨ, ਉਨ੍ਹਾਂ ਦੇ ਮੁਹੱਬਤੀ ਰਿਸ਼ਤਿਆਂ ਅਤੇ ਕੋਮਲ ਅਨੁਭਵਾਂ ਨੂੰ ਫੜਨ ਦੀ ਕੋਸ਼ਿਸ਼ ਹੀ ਨਹੀਂ ਹੋਈ। ਇਸੇ ਵਾਸਤੇ ਲੋੜ ਹੈ ਪਾਰ-ਇਤਿਹਾਸਕ ਦ੍ਰਿਸ਼ਟੀ ਦੀ।