‘ਗੁਜਰਾਤ ਫਾਈਲਾਂ’ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਲਿਖਤ ਹੈ ਜਿਸ ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਲਈ ਉਸ ਨੇ ਅੰਤਾਂ ਦਾ ਜੋਖਮ ਉਠਾਉਂਦਿਆਂ ਫਰਜ਼ੀ ਫਿਲਮਸਾਜ਼ ਮੈਥਿਲੀ ਤਿਆਗੀ ਦਾ ਭੇਸ ਵਟਾਇਆ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ ਤਾਂ ਉਹਨੇ ਇਹ ਕਿਤਾਬ ਆਪੇ ਛਾਪ ਲਈ।
ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ। -ਸੰਪਾਦਕ
ਮੈਂ ਜਦੋਂ ਵੀ ਆਪਣੇ ਯੂਨੀਨਰ (ਮੋਬਾਈਲ) ਨੈੱਟਵਰਕ ਦਾ ਇਸਤੇਮਾਲ ਆਪਣੇ ਕਮਰੇ ਦੇ ਅੰਦਰੋਂ ਕਰਦੀ ਤਾਂ ਇਹ ਹਰ ਵਕਤ ਮੇਰੇ ਉਪਰ ਦਿਆਲੂ ਨਾ ਹੁੰਦਾ। ਲਿਹਾਜ਼ਾ ਜ਼ਿਆਦਾਤਰ ਮੈਨੂੰ ਚਬੂਤਰੇ ‘ਤੇ ਜਾਣਾ ਪੈਂਦਾ ਜਿਥੇ ਹੋਸਟਲ ਦੇ ਸਾਡੇ ਹਮ-ਬਾਸ਼ਿੰਦੇ ਚਾਹ ਪੀਣ ਜਾਂ ਸਿਗਰਟ ਦਾ ਕਸ਼ ਲਾਉਣ ਲਈ ਆਏ ਹੁੰਦੇ। ਮਾਈਕ ਉਨ੍ਹਾਂ ਵਿਚੋਂ ਇਕ ਸੀ। ਉਸ ਦਿਨ ਬਾਅਦ ਵਿਚ ਮੈਂ ਔਰਤ ਰੋਗਾਂ ਦੇ ਇਕ ਮਾਹਿਰ ਨੂੰ ਚਬੂਤਰੇ ‘ਤੇ ਜਾ ਕੇ ਫੋਨ ਕੀਤਾ ਅਤੇ ਆਪਣਾ ਤੁਆਰਫ ਫਿਲਮਸਾਜ਼ ਦੇ ਤੌਰ ‘ਤੇ ਕਰਾਇਆ ਜੋ ਗੁਜਰਾਤ ਬਾਰੇ ਫਿਲਮ ਬਣਾਉਣਾ ਚਾਹੁੰਦੀ ਸੀ ਅਤੇ ਆਪਣੀ ਫਿਲਮ ਵਿਚ ਸਿਹਤ ਖੇਤਰ ਨੂੰ ਵੀ ਫਿਲਮਾਉਣਾ ਚਾਹੁੰਦੀ ਸੀ। ਡਾਕਟਰ ਮਿਲਣਸਾਰ ਸ਼ਖਸੀਅਤ ਜਾਪਦਾ ਸੀ ਤੇ ਉਸ ਨੇ ਮੈਨੂੰ ਪੁੱਛਿਆ, ਕੀ ਮੈਂ ਉਸੇ ਸ਼ਾਮ ਉਸ ਦੇ ਹਸਪਤਾਲ ਆ ਸਕਾਂਗੀ। ਮੈਂ ਜਾਣ ਲਈ ਬਹੁਤ ਖਾਹਸ਼ਮੰਦ ਸੀ। ਜਦੋਂ ਮੈਂ ਜਾਣ ਹੀ ਵਾਲੀ ਸਾਂ, ਮਾਈਕ ਭੱਜਾ ਭੱਜਾ ਆਇਆ, “ਮੈਥਿਲੀ, ਮੈਂ ਕੁਝ ਪੁੱਛ ਸਕਦਾ ਹਾਂ?” ਉਸ ਨੇ ਕੱਛ ਵਿਚੋਂ ਮੂੰਗਲੀ ਵਾਂਗ ਸਵਾਲ ਕੱਢ ਮਾਰਿਆ। “ਮੈਥਿਲੀ, ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ। ਜਿਸ ਕਿਸੇ ਨੂੰ ਵੀ ਅਸੀਂ ਮਿਲਦੇ ਹਾਂ, ਤੁਸੀਂ ਉਸ ਨੂੰ ਦੱਸਦੇ ਹੋ ਕਿ ਤੁਸੀਂ ਫਿਲਮ ਬਣਾ ਰਹੇ ਹੋ, ਪਰ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ ਹਾਂ, ਤੁਹਾਨੂੰ ਮੈਨੂੰ ਤਾਂ ਸੱਚ ਜ਼ਰੂਰ ਦੱਸਣਾ ਚਾਹੀਦਾ ਹੈ।”
ਮੈਂ ਮਾਈਕ ਦੀ ਉਤਸੁਕਤਾ ਨੂੰ ਟਾਲਣ ਦਾ ਬਥੇਰਾ ਯਤਨ ਕੀਤਾ, ਪਰ ਹੁਣ ਉਹ ਬਜ਼ਿਦ ਵੀ ਸੀ ਅਤੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚੀ ਸੀ। “ਤੁਹਾਨੂੰ ਪਤੈ, ਮੈਂ ਬੱਚਾ ਨਹੀਂ ਹਾਂ, ਮੈਂ ਬੜਾ ਕੁਝ ਪੜ੍ਹਿਆ ਹੋਇਆ ਹੈ। ਮੈਂ ਆਦਾਨ-ਪ੍ਰਦਾਨ (ਐਕਸਚੇਂਜ) ਪ੍ਰੋਗਰਾਮ ‘ਤੇ ਆਇਆ ਹਾਂ, ਕਿਉਂਕਿ ਜ਼ਿੰਦਗੀ ‘ਚ ਮੈਂ ਕੁਝ ਹਾਸਲ ਕੀਤਾ ਹੈ। ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਹੈ। ਕੀ ਤੁਸੀਂ ਮੇਰੇ ਉਪਰ ਵਿਸ਼ਵਾਸ ਕਰਦੇ ਹੋ? ਜਾਂ ਤੁਹਾਡੇ ਲਈ ਮੈਂ ਮਹਿਜ਼ ਵਿਦੇਸ਼ੀ ਚਿਹਰਾ ਹਾਂ ਜਿਸ ਨੂੰ ਤੁਸੀਂ ਸਿਰਫ ਦਿਖਾਉਣਾ ਚਾਹੁੰਦੇ ਹੋ, ਐਕਸੈਸਰੀ ਵਾਂਗ?”
ਮੈਂ ਸੋਚਿਆ, ਇਹ ਬਹੁਤ ਸੋਚ-ਸਮਝ ਕੇ ਉਚਾਰੀ ਗਈ ਸਤਰ ਸੀ, ਲੇਕਿਨ ਉਸ ਦੇ ਗੁੱਸੇ ਨੂੰ ਲੈ ਕੇ ਕੁਝ ਐਸਾ ਸੀ ਜਿਸ ਨੇ ਮੈਨੂੰ ਆਪਣੀ ਅਸਲ ਛਾਣਬੀਣ ਬਾਰੇ ਉਸ ਨੂੰ ਭਰੋਸੇ ਵਿਚ ਲੈਣ ਲਈ ਪ੍ਰੇਰਿਆ। ਮਿਲਣ ਜਾਣ ਤੋਂ ਪਹਿਲਾਂ, ਮੈਂ ਉਸ ਨੂੰ ਆਪਣੀਆਂ ਪਹਿਲੀਆਂ ਕੁਝ ਸਟੋਰੀਆਂ ਦੇ ਲਿੰਕ ਫਾਰਵਰਡ ਕਰ ਦਿੱਤੇ। ਮੈਂ ਉਸ ਨੂੰ ਇਹ ਪੜ੍ਹ ਲੈਣ ਦੀ ਤਾਕੀਦ ਕੀਤੀ ਤਾਂ ਜੋ ਜਦੋਂ ਮੈਂ ਉਸ ਸ਼ਾਮ ਨੂੰ ਵਾਪਸ ਮੁੜਾਂ, ਉਹ ਹਾਲੀਆ ਛਾਣਬੀਣ ਦੇ ਸਮੁੱਚੇ ਪਿਛੋਕੜ ਦੀ ਜਾਣਕਾਰੀ ਲੈ ਚੁੱਕਾ ਹੋਵੇ।
ਡਾਕਟਰ ਨਾਲ ਮੇਰੀ ਮਿਲਣੀ ਬਹੁਤ ਲਾਹੇਵੰਦ ਰਹੀ। ਉਹ ਮਦਦ ਕਰਨ ਲਈ ਕੁਝ ਵਧੇਰੇ ਹੀ ਤੱਤਪਰ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਮੈਂ ਉਸ ਔਰਤ ਡਾਕਟਰ ਨੂੰ ਮਿਲ ਸਕਦੀ ਹਾਂ ਜੋ ਗੁਜਰਾਤ ਵਿਚ ਬਹੁਤ ਹਰਮਨਪਿਆਰੀ ਸੀ, ਕੋਈ ਐਸੀ ਜਿਸ ਨੂੰ ਮੈਂ ਫਿਲਮ ਲਈ ਫਿਲਮਾ ਸਕਾਂ। ਮੈਨੂੰ ਹੁੰਗਾਰੇ ਦੀ ਉਮੀਦ ਸੀ; ਇਸ ਦੀ ਇਕ ਵਜ੍ਹਾ ਸੀ ਜਿਸ ਕਰ ਕੇ ਮੈਂ ਆਖਿਰਕਾਰ ਔਰਤ ਰੋਗਾਂ ਦੇ ਮਾਹਰ ਨੂੰ ਮਿਲਣ ਲਈ ਯਤਨ ਕੀਤੇ ਸਨ। 2002 ਦੀ ਗੁਜਰਾਤ ਹਿੰਸਾ, ਜੋ ਮੁਲਕ ਦੇ ਧਰਮਨਿਰਪੱਖ ਤਾਣੇਬਾਣੇ ਉਪਰ ਕਲੰਕ ਬਣ ਚੁੱਕੀ ਸੀ, ਵਿਚ ਬਹੁਤ ਸਾਰੇ ਭੜਕਾਊ ਅਨਸਰ ਨਜ਼ਰ ਆਏ ਸਨ, ਤੇ ਉਨ੍ਹਾਂ ਵਿਚੋਂ ਇਕ ਮਾਇਆ ਕੋਡਨਾਨੀ ਸੀ, ਅਹਿਮਦਾਬਾਦ ਤੋਂ ਐਮæਐਲ਼ਏæ ਜਿਸ ਦਾ ਜ਼ਿਕਰ ਚਸ਼ਮਦੀਦ ਗਵਾਹਾਂ ਵਲੋਂ ਦਿੱਤੇ ਗਏ ਵੇਰਵਿਆਂ ਵਿਚ ਆਇਆ ਸੀ, ਜੋ ਆਪਣੇ ਵੋਟਰ ਹਲਕੇ ਵਿਚ ਹਿੰਸਾ ਭੜਕਾਉਣ ਵਾਲੇ ਮੁੱਖ ਬੰਦਿਆਂ ਵਿਚੋਂ ਸੀ। ਕੋਡਨਾਨੀ ਮੇਰੇ ਲਈ ਐਸਾ ਕਿਰਦਾਰ ਸੀ ਜਿਸ ਨੂੰ ਫਰੋਲਣਾ ਜ਼ਰੂਰੀ ਸੀ, ਕਿਉਂਕਿ ਮੈਂ ਯਕੀਨਨ ਮਹਿਸੂਸ ਕਰਦੀ ਸਾਂ ਕਿ ਉਹ ਇਸ ਕਹਾਣੀ ਦੀ ਤਹਿ ਤਕ ਜਾਣ ਵਿਚ ਮੇਰੀ ਮਦਦ ਕਰ ਸਕਦੀ ਹੈ।
ਉਸ ਸ਼ਾਮ ਡਾਕਟਰ ਨੇ ਮੇਰੀ ਮੌਜੂਦਗੀ ਵਿਚ ਮਾਇਆ ਕੋਡਨਾਨੀ ਨੂੰ ਇਹ ਜਾਣਕਾਰੀ ਦਿੰਦਿਆਂ ਫੋਨ ਕੀਤਾ ਕਿ ਅਮਰੀਕਾ ਤੋਂ ਇਕ ਬਾਰਸੂਖ ਫਿਲਮਸਾਜ਼ ਉਸ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਅਤੇ ਉਹ ਖੁਦ ਉਸ ਦੀ ਕਾਬਲੀਅਤ ਦੇ ਸਬੂਤਾਂ ਦੀ ਹਾਮੀ ਭਰ ਸਕਦਾ ਸੀ। ਆਪਣਾ ਕੰਮ ਜਾਰੀ ਰੱਖਣ ਅਤੇ ਕਿਸੇ ਸ਼ੱਕ ਤੋਂ ਬਚਣ ਲਈ, ਮੈਂ ਉਸ ਤੋਂ ਬਾਅਦ ਡਾਕਟਰ ਨੂੰ ਮਿਲਣ ਦਾ ਸਿਲਸਿਲਾ ਜਾਰੀ ਰੱਖਿਆ ਜਿਸ ਨੂੰ ਮੈਂ ਆਪਣਾ ਖੋਜ ਕਾਰਜ ਕਹਾਂਗੀ।
ਉਸ ਸ਼ਾਮ ਜਦੋਂ ਮੈਂ ਹੋਸਟਲ ਵਾਪਸ ਆਈ, ਮਾਈਕ ਨੇ ਕਾਗਜ਼ ਦੇ ਪੁਰਜ਼ੇ ਉਪਰ ਮੇਰੇ ਲਈ ਬਹੁਤ ਸਾਰੇ ਸਵਾਲ ਲਿਖੇ ਹੋਏ ਸਨ, ਸਮੇਤ ਉਨ੍ਹਾਂ ਨਾਂਵਾਂ ਦੇ ਜਿਨ੍ਹਾਂ ਨੂੰ ਉਹ ‘ਮੁਜਰਿਮ’ ਖਿਆਲ ਕਰਦਾ ਸੀ। ਮਾਈਕ ਸਹੀ ਸੀ, ਉਸ ਨੂੰ ਆਦਾਨ-ਪ੍ਰਦਾਨ ਪ੍ਰੋਗਰਾਮ ਲਈ ਚੁਣੇ ਜਾਣ ਦੀ ਵਜ੍ਹਾ ਸੀ। ਉਸ ਸ਼ਾਮ ਉਸ ਨੇ ਸਹੀ ਸਵਾਲ ਪੁੱਛਦੇ, ਤੇ ਸਹੀ ਬਾਰੀਕੀਆਂ ਨੂੰ ਆਤਮਸਾਤ ਕਰਦੇ ਹੋਏ ਮੈਨੂੰ ਬਹੁਤ ਗੌਰ ਨਾਲ ਸੁਣਿਆ। ਮੈਂ ਉਸ ਨੂੰ ਕਾਰਵਾਈ ਵਿਉਂਤ ਤੋਂ ਜਾਣੂ ਕਰਾਇਆ ਅਤੇ ਇਹ ਵੀ ਕਿ ਜੇ ਚੀਜ਼ਾਂ ਵਿਉਂਤ ਅਨੁਸਾਰ ਨਾ ਚੱਲੀਆਂ ਤਾਂ ਮੈਂ ਇਸ ਨੂੰ ਆਪਣੇ ਤੌਰ ‘ਤੇ ਬਦਲਣ ਲਈ ਮਜਬੂਰ ਹੋਵਾਂਗੀ। ਇਸ ਨੂੰ ਲੈ ਕੇ ਅਸੀਂ ਕਿਵੇਂ ਕਰਾਂਗੇ, ਉਸ ਨੇ ਪੁੱਛਿਆ। ‘ਕੱਲ੍ਹ’, ਮੈਂ ਉਸ ਨੂੰ ਦੱਸਿਆ, ‘ਅਸੀਂ ਆਪਣਾ ਪਹਿਲਾ ਇਮਤਿਹਾਨ ਦੇਣਾ ਹੈ।’
ਅਗਲੇ ਦਿਨ ਅਸੀਂ ਮਾਇਆ ਕੋਡਨਾਨੀ ਨੂੰ ਮਿਲਣਾ ਸੀ। ਬਤੌਰ ਖੋਜੀ ਪੱਤਰਕਾਰ ਮੈਂ ਜਾਣਦੀ ਸਾਂ ਕਿ ਮੁੱਢ ਵਿਚ ਜਾਣਕਾਰੀ ਐਨੀ ਸੌਖੀ ਬਾਹਰ ਨਹੀਂ ਆਉਣ ਲੱਗ ਜਾਂਦੀ। ਤੇ ਜੇ ਇਹ ਸ਼ੁਰੂ ਵੀ ਹੋ ਜਾਵੇ, ਬੰਦੇ ਨੂੰ ਬਹੁਤੀ ਉਤਸੁਕਤਾ ਨਹੀਂ ਦਿਖਾਉਣੀ ਚਾਹੀਦੀ। ਮੈਂ ਮਾਈਕ ਨੂੰ ਇਸ ਬਾਰੇ ਦੱਸ ਦਿੱਤਾ। ‘ਅੱਜ ਅਸੀਂ ਫਿਲਮਸਾਜ਼ ਬਣਨਾ ਹੈ, ਬਸ ਫਿਲਮਸਾਜ਼।’ ਮਾਇਆਬੇਨ ਦਾ ਕਲਿਨਿਕ ਨਰੋਦਾ ਵਿਖੇ ਮੁੱਖ ਸੜਕ ਉਪਰ ਸੀ। ਨਰੋਦਾ ਪਾਟੀਆ ਕਤਲੇਆਮ ਇਸ ਤਿੰਨ ਵਾਰ ਵਿਧਾਇਕ ਬਣੀ ਔਰਤ ਦੇ ਕਲਿਨਿਕ ਤੋਂ ਥੋੜ੍ਹੀ ਦੂਰ ਹੀ ਹੋਇਆ ਸੀ; ਕਤਲੇਆਮ ਜਿਸ ਵਿਚ ਇਕ ਹਜ਼ਾਰ ਤੋਂ ਉਪਰ ਲੋਕਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ। ਉਸ ਖਿਲਾਫ ਇਲਜ਼ਾਮ ਇਹ ਸੀ ਕਿ ਉਸ ਹਜੂਮ ਦੀ ਅਗਵਾਈ ਉਸ ਨੇ ਕੀਤੀ ਸੀ ਜਿਸ ਨੇ ਭੜਕਾਊ ਨਾਅਰੇ ਲਾਉਂਦਿਆਂ ਮੁਸਲਮਾਨਾਂ ਉਪਰ ਹਮਲਾ ਕੀਤਾ ਸੀ।
ਮਾਈਕ ਅਤੇ ਮੈਂ ਕੋਡਨਾਨੀ ਦੇ ਕਲਿਨਿਕ ਵਿਚ ਚਲੇ ਗਏ ਜਿਥੇ ਸਥਾਨਕ ਔਰਤਾਂ ਉਸ ਦੇ ਕੈਬਿਨ ਦੇ ਬਾਹਰ ਭੀੜੇ ਬੈਂਚਾਂ ਉਪਰ ਬੈਠੀਆਂ ਹੋਈਆਂ ਸਨ। ਮੁੱਖ ਦੁਆਰ ਉਪਰ ਦੋ ਹੱਟੇ-ਕੱਟੇ ਆਦਮੀ ਬੈਠੇ ਸਨ, ਉਨ੍ਹਾਂ ਵਿਚੋਂ ਇਕ ਕੋਲ ਬੰਦੂਕ ਸੀ। ਮੈਨੂੰ ਤੇ ਮਾਈਕ ਨੂੰ ਦੇਖ ਕੇ ਉਨ੍ਹਾਂ ਨੇ ਸਾਨੂੰ ਰੋਕ ਲਿਆ, ਫੋਨ ਉਪਰ ਆਪਣੀ ਬੌਸ ਨਾਲ ਗੱਲ ਕੀਤੀ ਅਤੇ ਫਿਰ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਉਹ ਕੋਡਨਾਨੀ ਦਾ ਅੰਗ ਰੱਖਿਅਕ ਸੀ ਜੋ ਉਦੋਂ ਤੋਂ ਉਸ ਦੇ ਕਲਿਨਿਕ ਦੀ ਨਿਗਰਾਨੀ ਕਰਦਾ ਸੀ ਜਦੋਂ ਤੋਂ ਉਹ ਐਸ਼ ਆਈæ ਟੀæ (ਸਪੈਸ਼ਲ ਇਨਵੈਸਟੀਗੇਟਿਵ ਟੀਮ) ਦੇ ਨਿਸ਼ਾਨੇ ‘ਤੇ ਆਈ ਸੀ। ਇਹ ਦੋ-ਮੰਜ਼ਿਲੀ ਇਮਾਰਤ ਸੀ ਜਿਸ ਦੇ ਅੰਦਰ ਹੋਰ ਡਾਕਟਰਾਂ ਦੇ ਕਲਿਨਿਕ ਵੀ ਸਨ। ਕਲਿਨਿਕ ਦੇ ਨਾਲ ਓਪਰੇਸ਼ਨ ਥੀਏਟਰ ਵੀ ਬਣਿਆ ਹੋਇਆ ਸੀ।
ਵੀਰਵਾਰ ਨੂੰ ਕਲਿਨਿਕ ਵਿਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੁੰਦੀ ਸੀ ਜੋ ਜ਼ਿਆਦਾਤਰ ਥੋੜ੍ਹੀ ਆਮਦਨੀ ਵਾਲੇ ਵਰਗ ‘ਚੋਂ ਹੁੰਦੇ ਸਨ। ਉਥੇ ਲਗਾਈ ਤਖਤੀ ‘ਤੇ ਲਿਖਿਆ ਹੋਇਆ ਸੀ, ‘ਵੀਰਵਾਰ ਨੂੰ ਫੀਸ ਸਿਰਫ 50 ਰੁਪਏ।’ ਕੰਪਾਊਂਡਰ ਨੇ ਸਾਨੂੰ ਸ਼ੱਕੀ ਨਜ਼ਰਾਂ ਨਾਲ ਤਾੜਦਿਆਂ ਦੱਸਿਆ ਕਿ ਕਲਿਨਿਕ ਵਿਚ ਸਿਰਫ ਸਥਾਨਕ ਮਰੀਜ਼ਾਂ ਨੂੰ ਦੇਖਿਆ ਜਾਂਦਾ ਹੈ। ਮੈਂ ਉਸ ਨੂੰ ਦੱਸਿਆ, ਮੈਂ ਫਿਲਮਸਾਜ਼ ਹਾਂ, ਮੈਡਮ ਨੂੰ ਮਿਲਣ ਆਈ ਹਾਂ।
ਮੈਂ ਕਾਪੀ ਉਪਰ ਕੁਝ ਲਿਖਣ ਦਾ ਯਤਨ ਕੀਤਾ, ਮਾਈਕ ਟੀæਵੀæ ਉਪਰ ‘ਸੰਸਕਾਰ’ ਚੈਨਲ ਦੇਖਣ ਵਿਚ ਮਗਨ ਸੀ। ਕੋਈ ਬਜ਼ੁਰਗ ਔਰਤ ਜੋ ਆਪਣੀ ਨੂੰਹ ਨਾਲ ਉਥੇ ਬੈਠੀ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੀ ਸੀ, ਨੇ ਟੀæਵੀæ ਅੱਗੇ ਗੋਡਿਆਂ ਭਾਰ ਹੋ ਕੇ ‘ਬਾਬਾ’ ਨੂੰ ਮੱਥਾ ਟੇਕਿਆ। ਡੌਰ-ਭੌਰ ਹੋਏ ਮਾਈਕ ਨੇ ਮੇਰੇ ਵੱਲ ਦੇਖਿਆ। ਮੈਂ ਹੱਸ ਕੇ ਆਪਣੀ ਬਿਰਤੀ ਫਿਰ ਕਾਪੀ ਉਪਰ ਇਕਾਗਰ ਕਰ ਲਈ।
ਐਨ ਉਦੋਂ ਹੀ ‘ਮੈਥਿਲੀ ਕੌਨ ਚੀ’ ਦੀ ਆਵਾਜ਼ ਕੰਨੀ ਪੈ ਗਈ। ਕੋਡਨਾਨੀ ਦੀ ਸਹਾਇਕ ਉਸ ਦੇ ਕੈਬਿਨ ਤੋਂ ਬਾਹਰ ਆ ਕੇ ਬੁਲਾ ਰਹੀ ਸੀ। ਉਸ ਨੇ ਮੈਨੂੰ ਅਤੇ ਮਾਈਕ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ। ਮੈਂ ਖਾਸ ਅੰਗਰੇਜ਼ੀ ਲਹਿਜ਼ੇ ‘ਚ ਆਪਣਾ ਅਤੇ ਮਾਈਕ ਦਾ ਤੁਆਰਫ ਕਰਾਇਆ। ਨਿੱਘ ਨਾਲ ਹੱਥ ਮਿਲਾਏ ਗਏ।
“ਤੂੰ ਜਾਣਦੀ ਏਂ, ਤੇਰਾ ਨਾਂ ਬਹੁਤ ਖ਼ੂਬਸੂਰਤ ਹੈ। ਇਹ ਸੀਤਾ ਜੀ ਦਾ ਨਾਂ ਹੈ।” ਸਾਫ ਤੌਰ ‘ਤੇ ਪ੍ਰਭਾਵਿਤ ਨਜ਼ਰ ਆ ਰਹੀ ਕੋਡਨਾਨੀ ਨੇ ਕਿਹਾ। “ਓ, ਜੀ ਮੈਡਮ, ਮੇਰੇ ਪਿਤਾ ਜੀ ਸੰਸਕ੍ਰਿਤ ਅਧਿਆਪਕ ਨੇ, ਇਸ ਕਰ ਕੇ ਸਾਡੇ ਘਰ ਵਿਚ ਸਾਰਿਆਂ ਦੇ ਨਾਂ ਖੂਬਸੂਰਤ ਹਨ।” ਮੇਰਾ ਬਿਆਨ ਕੋਡਨਾਨੀ ਦੀ ਤਾਈਦ ਸਾਬਤ ਹੋਇਆ ਜੋ ਮੁੜ ਮਾਈਕ ਵੱਲ ਝਾਕੀ ਵੀ ਨਹੀਂ ਸੀ ਜਿਸ ਨੂੰ ਲੈ ਕੇ ਉਹ ਕੁੜ੍ਹ ਰਿਹਾ ਸੀ। ਉਥੇ ਕੋਡਨਾਨੀ ਦੀ ਮੇਜ਼ ਉਪਰ ਦਵਾਈਆਂ ਅਤੇ ਔਰਤ ਰੋਗਾਂ ਬਾਰੇ ਕਿਤਾਬਾਂ ਪਈਆਂ ਸਨ, ਭਾਜਪਾ ਦੇ ਕੁਝ ਕਿਤਾਬਚੇ ਅਤੇ ਗੁਜਰਾਤ ਦੇ ਸਿੰਧੀ ਭਾਈਚਾਰੇ ਬਾਰੇ ਕੁਝ ਕਿਤਾਬਚੇ ਵੀ ਪਏ ਸਨ। ਉਨ੍ਹਾਂ ਦੇ ਨਾਲ ਉਸ ਦੇ ਪੁੱਤਰ ਅਤੇ ਨੂੰਹ ਦੀ ਫੋਟੋ ਲੱਗੀ ਹੋਈ ਸੀ ਜੋ ਅਮਰੀਕਾ ਵਸੇ ਹੋਏ ਹਨ। ਅਗਲੇ ਘੰਟੇ ਕੁ ਵਿਚ ਅਸੀਂ ਉਸ ਦੇ ਕੈਰੀਅਰ ਬਾਰੇ ਚਰਚਾ ਕਰਦੇ ਰਹੇ ਅਤੇ ਕੋਲਡ ਡਰਿੰਕ ਆਉਣ ਤਕ ਉਹ ਆਪਣੇ ਪਰਿਵਾਰ ਬਾਰੇ ਗੱਲਾਂ ਕਰਦੀ ਰਹੀ।
ਇਸ ਤੱਥ ਦੇ ਹਵਾਲੇ ਨਾਲ ਕਿ ਮਾਇਆਬੇਨ ਬਾਲ ਭਲਾਈ ਤੇ ਸਿਹਤ ਮੰਤਰੀ ਸੀ, ਮੈਂ ਉਸ ਦੇ ਰਾਜ ‘ਚ ਔਰਤਾਂ ਦੀ ਭਲਾਈ ਪ੍ਰਤੀ ਉਸ ਦੀ ਵਚਨਬੱਧਤਾ ਦੀ ਤਾਰੀਫ ਕੀਤੀ। “ਲਿਹਾਜ਼ਾ ਤੁਸੀਂ ਮੈਥੋਂ ਕੀ ਚਾਹੁੰਦੇ ਹੋ”, ਉਸ ਨੇ ਪੁੱਛ ਹੀ ਲਿਆ। “ਮੈਂ ਤਾਂ ਮੈਡਮ ਬਸ ਤੁਹਾਡੇ ਬਾਰੇ ਹੋਰ ਜਾਣਨਾ ਚਾਹੁੰਦੀ ਹਾਂ, ਅਸੀਂ ਆਪਣੀ ਫਿਲਮ ਲਈ ਗੁਜਰਾਤ ਤੋਂ ਮੱਲਾਂ ਮਾਰਨ ਵਾਲੀ ਔਰਤ ਵਜੋਂ ਤੁਹਾਡਾ ਰੇਖਾ-ਚਿੱਤਰ ਤਿਆਰ ਕਰਨਾ ਚਾਹੁੰਦੇ ਹਾਂ।”
ਕੋਈ ਵੀ ਸਹੀ-ਸਲਾਮਤ ਬੰਦਾ ਐਸਾ ਨਹੀਂ, ਜੇ ਉਹ ਸਿਆਸੀ ਕੋੜਮੇ ਨਾਲ ਸਬੰਧਤ ਹੈ, ਜੋ ਆਪਣੇ ਬਾਰੇ ਦਿਆਲੂ, ਖੁਸ਼ਾਮਦੀ ਬੋਲ ਸੁਣਨੇ ਪਸੰਦ ਨਹੀਂ ਕਰੇਗਾ ਤੇ ਉਸ ਵਿਚ ਸ਼ਾਮਲ ਨਹੀਂ ਹੋਣਾ ਚਾਹੇਗਾ ਜੋ ਉਸ ਨੂੰ ਵਡਿਆਉਂਦਾ ਹੋਵੇ। ਸਾਨੂੰ ਤੁਰੰਤ ‘ਹਾਂ’ ਹੋ ਗਈ ਅਤੇ ਆਉਂਦੇ ਐਤਵਾਰ ਉਸ ਦੇ ਘਰ ਦੁਪਹਿਰ ਦੇ ਖਾਣੇ ਦਾ ਸੱਦਾ ਮਿਲ ਗਿਆ। ਇਹ ਵਧੀਆ ਰਹੇਗਾ, ਆਪਣੇ ਬੁੱਲ੍ਹਾਂ ਉਪਰ ਆਏ ‘ਰ’ ਉਤੇ ਕਾਬੂ ਪਾਉਣ ਦਾ ਯਤਨ ਕਰਦੇ ਹੋਏ ਮੈਂ ਉਸ ਨੂੰ ਕਿਹਾ।
ਉਸ ਦੇ ਕੈਬਿਨ ਵਿਚੋਂ ਬਾਹਰ ਆਉਣ ਤੋਂ ਪਹਿਲਾਂ, ਮੈਂ ਕੋਡਨਾਨੀ ਦੀ ਸਾੜ੍ਹੀ ਅਤੇ ਹੋਰ ਲੱਗ-ਲਬੇੜ ਦੀ ਤਾਰੀਫ ਕਰਨਾ ਨਾ ਭੁੱਲੀ। ਜਦੋਂ ਅਸੀਂ ਕੋਲੋਂ ਦੀ ਗੁਜ਼ਰੇ ਤਾਂ ਸੁਰੱਖਿਆ ਗਾਰਡ ਬਹੁਤਾ ਪ੍ਰਭਾਵਿਤ ਨਜ਼ਰ ਨਹੀਂ ਆਇਆ। ਅਸੀਂ ਆਟੋ ਲਿਆ ਅਤੇ ਸਿੱਧੇ ਪਕਵਾਨ ਵਿਖੇ ਚਲੇ ਗਏ। ਜ਼ਾਹਰਾ ਤੌਰ ‘ਤੇ ਪ੍ਰੇਸ਼ਾਨ ਮਾਈਕ ਬੋਲਿਆ, “ਉਹ ਮੇਰੇ ਨਾਲ ਗੱਲ ਕਰਨ ‘ਚ ਤਾਂ ਕੋਈ ਰੁਚੀ ਹੀ ਨਹੀਂ ਸੀ ਲੈ ਰਹੀ।” ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦੀ, ਹਲਵਾ ਅਤੇ ਰਬੜੀ ਆ ਗਏ। ਜਦੋਂ ਗੁਜਰਾਤ ਵਿਚ ਥਾਲੀ ਪਰੋਸਦੇ ਹਨ, ਪਹਿਲਾਂ ਮਿੱਠਾ ਪਰੋਸਦੇ ਹਨ। ਜਦੋਂ ਮਹਾਰਾਜ ਨੇ ਉਸ ਨੂੰ ਹਰ ਪਕਵਾਨ ਦਾ ਨਾਂ ਉਚਾਰਨ ਵਿਚ ਮਦਦ ਕੀਤੀ ਤਾਂ ਮਾਈਕ ਦਾ ਧਿਆਨ ਉਧਰ ਚਲਾ ਗਿਆ; ਕੋਡਨਾਨੀ ਉਸ ਨੂੰ ਵਿਸਰ ਗਈ। ਇਹ ਰਾਹਤ ਵਾਲੀ ਗੱਲ ਸੀ।
ਰਾਤ ਦਸ ਵਜੇ ਅਸੀਂ ਆਪਣੇ ਹੋਸਟਲ ਵਾਲੇ ਕਮਰੇ ਵਿਚ ਵਾਪਸ ਆਏ। ਜਿਉਂ ਹੀ ਮੈਂ ਕਮਰੇ ਵਿਚ ਵੜੀ, ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ, ਕੁਝ ਗੜਬੜ ਹੋਈ ਲੱਗਦੀ ਸੀ। ਉਥੋਂ ਜਾਣ ਤੋਂ ਪਹਿਲਾਂ ਮੈਂ ਆਪਣਾ ਬਿਸਤਰਾ ਚੰਗੀ ਤਰ੍ਹਾਂ ਸੰਵਾਰ ਕੇ ਗਈ ਸੀ, ਪਰ ਹੁਣ ਚਾਦਰ ਨੂੰ ਵੱਟ ਪਏ ਹੋਏ ਸਨ, ਤੇ ਮੇਰਾ ਲੈਪਟਾਪ ਚੱਲ ਰਿਹਾ ਸੀ। ਸੂਟ ਕੇਸ ਅਤੇ ਦਰਾਜਾਂ ਨਾਲ ਕੋਈ ਛੇੜਛੇੜ ਨਹੀਂ ਸੀ ਹੋਈ। ਮੈਂ ਸਮਝ ਗਈ ਕਿ ਉਸ ਰਾਤ ਕੋਈ ਮੇਰੇ ਕਮਰੇ ਵਿਚ ਆਇਆ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਦਰਅਸਲ ਇਸ ਦੀ ਮੈਨੂੰ ਉਮੀਦ ਹੀ ਸੀ, ਇਸੇ ਕਰ ਕੇ ਗੁਜਰਾਤ ਦਾਖਲ ਹੋਣ ਤੋਂ ਪਹਿਲਾਂ ਮੈਂ ਆਪਣਾ ਲੈਪਟਾਪ ਰੀ-ਫਾਰਮੈੱਟ ਕਰ ਲਿਆ ਸੀ, ਤੇ ਐਡਮਿਨ ਨਾਂ ਮੈਥਿਲੀ ਤਿਆਗੀ ਰੱਖ ਲਿਆ ਸੀ। ਡੈਸਕਟਾਪ ਉਪਰ ਫਿਲਮਸਾਜ਼ੀ ਅਤੇ ਗੁਜਰਾਤ ਦੇ ਅਜਾਇਬ ਘਰਾਂ, ਫਿਲਮ ਸਨਅਤ ਅਤੇ ਜੰਗਲਾਂ ਬਾਰੇ ਖੋਜ ਦੀਆਂ ਫਾਈਲਾਂ ਰੱਖ ਦਿੱਤੀਆਂ ਸਨ। ਸਕਰੀਨ ਉਪਰ ਭਗਵਾਨ ਕ੍ਰਿਸ਼ਨ ਦਾ ਵਾਲਪੇਪਰ ਸਜਾ ਦਿੱਤਾ ਸੀ। ਬੈੱਡ ਦੇ ਨਾਲ ਵਾਲੀ ਸ਼ੈਲਫ ਉਪਰ ਫਿਲਮਸਾਜ਼ੀ ਅਤੇ ਫੋਟੋਗ੍ਰਾਫੀ ਦੀਆਂ ਕਿਤਾਬਾਂ ਸਨ। ਇਹ ਗੱਲ ਸਾਫ ਸੀ ਕਿ ਕੋਈ ਮੇਰੇ ਕਮਰੇ ਵਿਚ ਘੁਸਿਆ ਸੀ ਅਤੇ ਇਹ ਵੀ ਯਕੀਨੀ ਸੀ ਕਿ ਉਸ ਨੂੰ ਉਥੋਂ ਅਜਿਹਾ ਕੁਝ ਨਹੀਂ ਮਿਲਿਆ ਸੀ ਜੋ ਉਹ ਲੱਭ ਰਿਹਾ ਹੋਵੇਗਾ। ਖੇਡ ਤਾਂ ਅਜੇ ਸ਼ੁਰੂ ਹੋਈ ਸੀ।
ਅਗਲੀ ਸਵੇਰ ਜੀæਐਲ਼ ਸਿੰਘਲ ਨੂੰ ਮਿਲਣ ਲਈ ਫੋਨ ‘ਤੇ ਗੱਲ ਕਰਨੀ ਸੀ। ਮੇਰੇ ਫੋਨ ਉਪਰ ਫੋਟੋਗ੍ਰਾਫਰ ਮਿੱਤਰ ਅਜੈ ਦਾ ਮੈਸੇਜ ਆਇਆ ਹੋਇਆ ਸੀ, ਉਹ ਪੁੱਛ ਰਿਹਾ ਸੀ ਕਿ ਮੈਂ ‘ਅਮਦਾਵਾਦ ਨੀ ਗੁਫਾ’ ਵਿਖੇ ਫੋਟੋਗ੍ਰਾਫੀ ਨੁਮਾਇਸ਼ ਦੇਖਣਾ ਚਾਹਾਂਗੀ? ਮੈਂ ਫੋਨ ਪਾਸੇ ਰੱਖ ਦਿੱਤਾ। ਮਾਈਕ ਦਰਵਾਜ਼ਾ ਖੜਕਾ ਰਿਹਾ ਸੀ। ਉਹ ਫਾਊਂਡੇਸ਼ਨ ਤੋਂ ਬਾਹਰ ਸੈਰ ਕਰਨ ਜਾ ਰਿਹਾ ਸੀ ਅਤੇ ਜਾਣਨਾ ਚਾਹੁੰਦਾ ਸੀ ਕਿ ਮੈਂ ਉਸ ਨਾਲ ਜਾਣਾ ਚਾਹਾਂਗੀ। ਗੁਜਰਾਤ ਵਿਚ ਦਸੰਬਰ ਦੀਆਂ ਸ਼ਾਮਾਂ ਬਹੁਤ ਖ਼ੂਬਸੂਰਤ ਅਤੇ ਠੰਢੀਆਂ ਹੁੰਦੀਆਂ ਹਨ। 2010 ਦਾ ਸਿਆਲ ਖਾਸ ਤੌਰ ‘ਤੇ ਨਾਖੁਸ਼ਗਵਾਰ ਸੀ। ਉਪਰੋਂ ਸਾਡੀਆਂ ਮੁਸੀਬਤਾਂ ‘ਚ ਵਾਧਾ ਇਹ ਕਿ ਹੋਸਟਲ ਖੁੱਲ੍ਹੇ, ਘੱਟ ਵਿਕਸਤ ਜੰਗਲੀ ਇਲਾਕੇ ਵਿਚ ਬਣਿਆ ਹੋਇਆ ਸੀ।
ਹੋਸਟਲ ਵਿਚ ਸਾਡੇ ਕੋਲ ਸਿਰਫ ਕੰਬਲ ਸੀ। ਜਦੋਂ ਰਾਤ ਪੈ ਜਾਂਦੀ, ਸਾਡੇ ਵਿਚੋਂ ਜ਼ਿਆਦਾਤਰ ਰਾਤ ਨੂੰ ਆਪਣੇ ਸੂਟਕੇਸ ਖਾਲੀ ਕਰ ਲੈਂਦੇ ਅਤੇ ਜੋ ਵੀ ਮਿਲਦਾ- ਟੀ-ਸ਼ਰਟਾਂ, ਕਮੀਜ਼ਾਂ, ਸਵੈਟਰ, ਜੀਨਾਂ, ਹਰ ਚੀਜ਼ ਜੋ ਵੀ ਸਾਨੂੰ ਨਿੱਘ ਦੇ ਸਕਦੀ ਸੀ, ਪਹਿਨਣ ਦਾ ਯਤਨ ਕਰਦੇ।
ਮਾਈਕ ਨੇ ਅਤੇ ਮੈਂ ਉਸ ਸ਼ਾਮ ਜੈਕਟਾਂ ਦਾ ਇਕ ਹੋਰ ਜੋੜਾ ਪਹਿਨ ਲਿਆ ਅਤੇ ਫਾਊਂਡੇਸ਼ਨ ਦੀ ਇਮਾਰਤ ਲਾਗੇ ਦੇ ਜੰਗਲ ਕੰਢੇ ਸੈਰ ਕਰਨ ਦਾ ਫੈਸਲਾ ਕੀਤਾ। ਮੈਂ ਮਾਈਕ ਨੂੰ ਦੇਖਿਆ, ਉਹ ਆਪਣੇ ਆਮ ਚਿੰਤਨਸ਼ੀਲ ਅੰਦਾਜ਼ ਵਿਚ ਸੀ। ਉਹ ਪੁੱਛ ਰਿਹਾ ਸੀ, “ਮੈਂ ਠੀਕ ਨਿਭ ਰਿਹਾਂ ਮੈਥਿਲੀ?” ਮੈਂ ਉਸ ਨੂੰ ਯਕੀਨ ਦਿਵਾਇਆ, “ਬਿਲਕੁਲ, ਬਹੁਤ ਵਿਸ਼ਵਾਸ ਭਰੀ ਭੂਮਿਕਾ ਸੀ ਅਤੇ ਕੋਡਨਾਨੀ ਬਾਰੇ ਚਿੰਤਾ ਨਾ ਕਰ, ਉਹ ਗੱਲਬਾਤ ਅਤੇ ਆਪਣੀ ਤਾਰੀਫ ਵਿਚ ਬਹੁਤ ਜ਼ਿਆਦਾ ਮਸਤ ਸੀ।”
ਉਸ ਰਾਤ ਬਿਸਤਰੇ ‘ਤੇ ਲੇਟਣ ਤੋਂ ਪਹਿਲਾਂ, ਮੈਂ ਅਜੈ ਨੂੰ ਟੈਕਸਟ ਭੇਜਿਆ, “ਤੈਨੂੰ ਐਗਜ਼ੀਬੀਸ਼ਨ ਟੌਮ ‘ਤੇ ਮਿਲਾਂਗੀ।”
ਅਗਲੀ ਸਵੇਰ ਜਦੋਂ ਅਸੀਂ ਕੈਂਟੀਨ ਤੋਂ ਉਪਮਾ ਖਾ ਰਹੇ ਸਾਂ, ਮੈਂ ਜੀæਐਲ਼ ਸਿੰਘਲ ਨੂੰ ਫੋਨ ਲਾ ਲਿਆ। ਉਨ੍ਹਾਂ ਦਿਨਾਂ ਵਿਚ ਉਹ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਸੀ। ਇਸ਼ਰਤ ਜਹਾਂ ਮੁਕਾਬਲੇ (ਪੁਲਿਸ ਵਲੋਂ ਉਨੀ ਸਾਲਾ ਇਸ਼ਰਤ ਜਹਾਂ ਨੂੰ 15 ਜੂਨ 2004 ਨੂੰ ਤਿੰਨ ਹੋਰ ਜਣਿਆਂ ਨਾਲ ਅਹਿਮਦਾਬਾਦ ਨੇੜੇ ਮਾਰ ਦਿੱਤਾ ਗਿਆ ਸੀ। ਪੁਲਿਸ ਦਾ ਇਲਜ਼ਾਮ ਸੀ ਕਿ ਇਹ ਲੋਕ ਪਾਕਿਸਤਾਨ ਦੀ ਪਾਬੰਦੀਸ਼ੁਦਾ ਦਹਿਸ਼ਤਗਰਦ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਮੈਂਬਰ ਸਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਕਤਲ ਕਰਨ ਦੀ ਯੋਜਨਾ ਵਿਚ ਸ਼ਾਮਲ ਸਨ) ਦੀ ਜਾਂਚ ਲਈ ਹਾਈ ਕੋਰਟ ਵਲੋਂ ਬਣਾਈ ਸਪੈਸ਼ਲ ਇਨਵੈਸਟੀਗੇਟਿਵ ਟੀਮ (ਐਸ਼ਆਈæਟੀæ) ਦੀ ਜਾਂਚ ਨਾਲ ਮਾਮਲਾ ਸਾਹਮਣੇ ਆ ਰਿਹਾ ਸੀ। ਇਹ ਸਿੰਘਲ ਹੀ ਸੀ ਜਿਸ ਨੇ ਦੋ ਹੋਰ ਅਫਸਰਾਂ ਨਾਲ ਮਿਲ ਕੇ ਇਸ਼ਰਤ ਜਹਾਂ ਨੂੰ ਗੋਲੀਆਂ ਮਾਰ ਕੇ ‘ਮੁਕਾਬਲਾ’ ਬਣਾਇਆ ਸੀ। ਮੁਕਾਬਲੇ ਤੋਂ ਇਕ ਦਿਨ ਬਾਅਦ ਗੁਜਰਾਤ ਦੇ ਆਹਲਾ ਪੁਲਿਸ ਅਧਿਕਾਰੀ ਅਤੇ ਏæਟੀæਐਸ਼ ਦੇ ਮੁਖੀ ਡੀæਜੀæ ਵਨਜਾਰਾ ਨੇ ਪ੍ਰੈੱਸ ਕਾਨਫਰੰਸ ਬੁਲਾਈ। ਖ਼ਬਰ ਸਨਸਨੀਖੇਜ਼ ਸੀ। ਤਿੰਨ ਹੋਰ ਜਣਿਆਂ ਦੇ ਨਾਲ ਇਸ਼ਰਤ ਦੀ ਲਹੂ-ਲੁਹਾਣ ਲਾਸ਼ ਸੜਕ ਉਪਰ ਪਈ ਸੀ। ਉਸ ਨੂੰ ਔਰਤ ਫਿਦਾਈਨ ਦੱਸਿਆ ਗਿਆ, ਹਿੰਦੁਸਤਾਨ ਵਿਚ ਇਸ ਤਰ੍ਹਾਂ ਦੀ ਪਹਿਲੀ ਔਰਤ, ਲਸ਼ਕਰ-ਏ-ਤੋਇਬਾ ਦੀ ਕਾਰਕੁਨ ਜੋ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਨੂੰ ਕਤਲ ਕਰਨ ਦੀ ਯੋਜਨਾ ‘ਤੇ ਨਿਕਲੀ ਹੋਈ ਸੀ।
ਇਸ਼ਰਤ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣ ਗਈ। ਜਹਾਦੀ ਮੂਲਵਾਦੀਆਂ ਬਾਰੇ ਅਤੇ ਇਸ ਨੂੰ ਲੈ ਕੇ ਬਿਰਤਾਂਤ ਲਿਖੇ ਗਏ ਕਿ ਕਿਵੇਂ ਗਰਮ-ਖਿਆਲੀ ਮੁਸਲਿਮ ਜਥੇਬੰਦੀਆਂ 2002 ਦੀ ਹਿੰਸਾ ਦਾ ਬਦਲਾ ਲੈਣ ਦੀ ਤਾਕ ਵਿਚ ਸਨ। ਡੀæਜੀæ ਵਨਜਾਰਾ ਨੂੰ ਨਾਇਕ ਬਣਾ ਕੇ ਜੈ-ਜੈਕਾਰ ਕੀਤੀ ਗਈ। ਉਹ ਰਾਤੋ-ਰਾਤ ਸਨਸਨੀਖੇਜ਼ ਕਿੱਸਾ ਬਣ ਗਿਆ ਸੀ। ਇਹ ਮਾਣ-ਤਾਣ ਉਸ ਦੇ ਨਾਲ ਦੇ ਹੋਰ ਅਫਸਰਾਂ ਨੂੰ ਵੀ ਦਿੱਤਾ ਗਿਆ ਸੀ- ਐਨæਕੇæ ਅਮੀਨ, ਤਰੁਣ ਬਰੋਟ ਅਤੇ ਗਿਰੀਸ਼ ਸਿੰਘਲ ਜਿਸ ਵਿਚ ਮੇਰੀ ਖਾਸ ਰੁਚੀ ਸੀ।
ਇਸ ਦੌਰਾਨ ਇਸ਼ਰਤ ਦੇ ਪਰਿਵਾਰ ਨੇ ਆਪਣੀ ਧੀ ਦੇ ‘ਕਤਲ’ ਦੀ ਜਾਂਚ ਕਰਾਉਣ ਲਈ ਸੁਪਰੀਮ ਕੋਰਟ ਵਿਚ ਦਰਖਾਸਤ ਦੇ ਦਿੱਤੀ ਸੀ। ਗੁਜਰਾਤ ਹਾਈਕੋਰਟ ਵਲੋਂ ਜੁਡੀਸ਼ੀਅਲ ਕਮੇਟੀ ਬਣਾਈ ਗਈ ਸੀ ਅਤੇ ਇਸ ਵਲੋਂ 2008 ਵਿਚ ਫੈਸਲਾ ਦਿੱਤਾ ਗਿਆ ਸੀ। ਗੁਜਰਾਤ ਹਾਈ ਕੋਰਟ ਦੇ ਸਾਬਕਾ ਮੈਜਿਸਟਰੇਟ ਜਸਟਿਸ ਤਮੰਗ ਦੇ ਫੈਸਲੇ ਨਾਲ ਰਾਸ਼ਟਰ ਸੁੰਨ ਹੋ ਗਿਆ ਸੀ- ‘ਇਸ਼ਰਤ ਜਹਾਂ ਦਾ ਮੁਕਾਬਲਾ ਫਰਜ਼ੀ ਸੀ, ਮਾਮਲੇ ਦੀ ਹੋਰ ਜਾਂਚ ਕੀਤੇ ਜਾਣ ਦੀ ਲੋੜ ਹੈ।’
ਫੈਸਲੇ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਕੀਲਾਂ ਨੇ ਸੜਕਾਂ ‘ਤੇ ਆ ਕੇ ਅਫਸਰਾਂ ਵਲੋਂ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਬੇਕਸੂਰਾਂ ਦੀ ਹੱਤਿਆ ਵਿਰੁਧ ਮੁਜਾਹਰੇ ਕੀਤੇ। ਪਰਿਵਾਰ ਵਲੋਂ ਗੁਜਰਾਤ ਹਾਈਕੋਰਟ ਵਿਚ ਅਗਲੇਰੀ ਜਾਂਚ ਦੀ ਦਰਖਾਸਤ ਦਿੱਤੇ ਜਾਣ ਤਕ ਮਾਮਲਾ ਠੰਢੇ ਬਸਤੇ ਵਿਚ ਪਿਆ ਰਿਹਾ। ਫਿਰ ਮੁਕਾਬਲੇ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਬਣਾਈ ਗਈ। ਮਗਰੋਂ 2013 ਵਿਚ ਗੁਜਰਾਤ ਹਾਈਕੋਰਟ ਵਲੋਂ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤੀ ਗਈ ਸੀæਬੀæਆਈæ ਟੀਮ ਨੇ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ, ਤੇ ਗੁਜਰਾਤ ਪੁਲਿਸ ਦੇ ਆਹਲਾ ਅਧਿਕਾਰੀਆਂ ਨੂੰ ਦੋਸ਼ੀ ਅਧਿਕਾਰੀਆਂ ਦੀ ਸੂਚੀ ਵਿਚ ਧਰ ਲਿਆ ਗਿਆ।
ਇਹ 2010 ਦੀ ਗੱਲ ਹੈ ਜਦੋਂ ਸੁਪਰੀਮ ਕੋਰਟ ਦੇ ਹੁਕਮ ਤਹਿਤ ਬਣਾਈ ‘ਸਿੱਟ’ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ, ਤੇ ਮੈਂ ਸਿੰਘਲ ਨਾਲ ਮੁਲਾਕਾਤ ਦਾ ਸਮਾਂ ਲੈਣ ਦਾ ਯਤਨ ਕਰ ਰਹੀ ਸਾਂ। ਫੋਨ ਦੀ ਘੰਟੀ ਵੱਜੀ। ਮੈਂ ਆਪਣਾ ਤੁਆਰਫ ਆਪਣੀ ਖਾਸ ਅੰਦਾਜ਼ ਵਾਲੀ ਅੰਗਰੇਜ਼ੀ ਵਿਚ ਕਰਵਾਇਆ। ਹੁੰਗਾਰਾ ਜ਼ਿਆਦਾ ਮਿਲਾਪੜਾ ਨਹੀਂ ਸੀ। ਸਿੰਘਲ ਨੇ ਮੈਨੂੰ ਬਾਅਦ ਵਿਚ ਫੋਨ ਕਰਨ ਲਈ ਕਿਹਾ। ਮੇਰੀਆਂ ਕੁਲ ਉਮੀਦਾਂ ਇਸ ਬੰਦੇ ਉਪਰ ਲੱਗੀਆਂ ਹੋਈਆਂ ਸਨ। ਇਹੀ ਬੰਦਾ ਸੀ ਜਿਸ ਤੋਂ ਮੈਂ ਆਪਣੀ ਛਾਣਬੀਣ ਸ਼ੁਰੂ ਕਰਨੀ ਸੀ। ਮੈਂ ਗੱਲ ਕਿਵੇਂ ਤੋਰਾਂਗੀ? ਉਸ ਸਵੇਰ ਦੇ ਅਖਬਾਰਾਂ ਵਿਚ ‘ਸਿੱਟ’ ਵਲੋਂ ਸਿੰਘਲ ਦੀ ਗ੍ਰਿਫਤਾਰੀ ਹੋਣ ਦੀ ਚਰਚਾ ਸੀ। ਇਸ ਤਰ੍ਹਾਂ ਦੀ ਤਣਾਓਪੂਰਨ ਹਾਲਤ ਵਿਚ ਇਹ ਸੁਭਾਵਿਕ ਸੀ ਕਿ ਸਿੰਘਲ ਵਿਦੇਸ਼ੋਂ ਆਈ ਕਿਸੇ ਫਿਲਮਸਾਜ਼ ਨਾਲ ਗੱਲ ਕਰਨ ਦੀ ਬਜਾਏ ਕਾਨੂੰਨੀ ਚਾਰਾਜੋਈ ਪ੍ਰਤੀ ਜ਼ਿਆਦਾ ਸਰੋਕਾਰ ਦਿਖਾਏਗਾ। ਮੈਂ ਮਾਈਕ ਨੂੰ ਦੱਸ ਦਿੱਤਾ ਕਿ ਅੱਜ ਉਸ ਦੀ ਜ਼ਰੂਰਤ ਨਹੀਂ ਪਵੇਗੀ। ਮਾਈਕ ਹੋਸਟਲ ਵਿਚ ਰਹਿਣ ਵਾਲਿਆਂ ਨਾਲ ਘੁਲਮਿਲ ਗਿਆ ਸੀ, ਉਨ੍ਹਾਂ ਵਿਚੋਂ ਇਕ ਪਾਰਨਾਂਗੁਆਕ ਲਿੰਜ ਨਾਂ ਦੀ ਪਿਆਰੀ ਕੁੜੀ ਸੀ ਜੋ ਗ੍ਰੀਨਲੈਂਡ ਦੀ ਰਹਿਣ ਵਾਲੀ ਸੀ। ਉਸ ਨੂੰ ਅਸੀਂ ਪਾਨੀ ਕਹਿੰਦੇ ਸਾਂ। ਮੈਨੂੰ ਸ਼ੱਕ ਸੀ, ਮਾਈਕ ਉਸ ਉਪਰ ਡੁੱਲ੍ਹ ਰਿਹਾ ਹੈ। ਇਹ ਪਤਾ ਲੱਗਣ ‘ਤੇ ਕਿ ਉਸ ਦਿਨ ਉਸ ਦੀ ਜ਼ਰੂਰਤ ਨਹੀਂ, ਮਾਈਕ ਨੇ ਪਾਨੀ ਨੂੰ ਫੋਟੋਗ੍ਰਾਫੀ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਹ ਇਕਦਮ ਮੰਨ ਗਈ।
ਉਸ ਸ਼ਾਮ ਫੋਟੋਗ੍ਰਾਫੀ ਦਾ ਮੇਰਾ ਆਪਣਾ ਪ੍ਰੋਗਰਾਮ ਸੀ। ਮੈਨੂੰ ਇਹ ਚੇਤੇ ਸੀ। ਇਹ ਸੋਚ ਕੇ ਕਿ ਉਥੇ ਬਹੁਤਾ ਕੰਮ ਨਹੀਂ ਸੀ, ਮੈਂ ਆਪਣੇ ਕਮਰੇ ਵਿਚ ਵਾਪਸ ਆ ਗਈ ਅਤੇ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਲਿਖਣ ਬੈਠ ਗਈ।
ਅਜੈ ਆਪਣੇ ਮਿੱਤਰ ਦੀ ਫੋਟੋ ਨੁਮਾਇਸ਼ ਲਈ ਉਸ ਦਾ ਹੱਥ ਵਟਾ ਰਿਹਾ ਸੀ ਜਦੋਂ ਮੈਂ ਉਸ ਦਿਨ ਉਥੇ ਗਈ। ਮੇਰਾ ਤੁਆਰਫ ਅਮਰੀਕਾ ਤੋਂ ਆਈ ਫਿਲਮਸਾਜ਼ ਵਜੋਂ ਕਰਵਾਇਆ ਗਿਆ। ਉਸ ਟੋਲੀ ਵਲੋਂ ਮੇਰੇ ਉਪਰ ਤਕਨੀਕੀ ਸਵਾਲਾਂ ਦੀ ਝੜੀ ਲਾਉਣ ਲਈ ਇਹੀ ਕਾਫੀ ਸੀ। ‘ਤੁਹਾਡਾ ਕੈਮਰੇ ਦਾ ਕੰਮ ਕੌਣ ਕਰ ਰਿਹੈ, ਤੁਸੀਂ ਕਿਹੜਾ ਕੈਮਰਾ ਇਸਤੇਮਾਲ ਕਰ ਰਹੇ ਹੋ, ਤੁਸੀਂ ਸ਼ੂਟਿੰਗ ਕਦੋਂ ਸ਼ੁਰੂ ਕਰੋਗੇ?’ ਮੈਂ ਇਸ ਤਰ੍ਹਾਂ ਦੇ ਸਵਾਲਾਂ ਦੀ ਉਮੀਦ ਨਾਲ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਅਤੇ ਤਹੱਮਲ ਨਾਲ ਉਨ੍ਹਾਂ ਦੇ ਜਵਾਬ ਦਿੰਦੀ ਰਹੀ। ਜ਼ਾਹਰਾ ਤੌਰ ‘ਤੇ ਅਜੈ ਪ੍ਰਭਾਵਿਤ ਸੀ। ਉਸ ਨੇ ਮੈਨੂੰ ‘ਆਮਦਾਵਾਦ ਨੀ ਗੁਫਾ’ ਦਿਖਾਈ, ਤੇ ਬੈਠ ਕੇ ਕੌਫੀ ਦਾ ਕੱਪ ਤੇ ਸਮੋਸਾ ਲੈਣ ਤੋਂ ਪਹਿਲਾਂ ਉਸ ਥਾਂ ਬਾਰੇ ਮੋਟੀ ਮੋਟੀ ਜਾਣਕਾਰੀ ਦਿੱਤੀ।
ਉਥੇ ਸਾਡੇ ਲਾਗੇ ਕਾਲਜ ਤੋਂ ਇਕ ਟੋਲੀ ਮਹਿਫਿਲ ਸਜਾਈ ਬੈਠੀ ਸੀ, ਕੋਈ ਗਿਟਾਰ ਵਜਾ ਰਿਹਾ ਸੀ, ਕੋਈ ਕਿਸੇ ਦੂਰ-ਦਰਾਜ਼ ਕੋਨੇ ਵਿਚ ਆਪਣੇ ਬੇਲੀ ਨੂੰ ਲੈ ਕੇ ਬੈਠਾ ਹੋਇਆ ਸੀ। ਬਿੰਦ ਕੁ ਤਾਂ ਇੰਜ ਲੱਗਿਆ ਜਿਵੇਂ ਸਭ ਕੁਝ ਭੁੱਲ ਗਿਆ ਹੋਵੇ- ਪੁਲਿਸ ਅਧਿਕਾਰੀ ਵੀ; ਕਿ ਮੈਂ ਭੇਸ ਵਟਾ ਕੇ ਕੰਮ ਕਰ ਰਹੀ ਸੀ; ਤੇ ਇਹ ਕਿ ਮੈਂ ਹੱਥ ਲਏ ਕੰਮ ਬਾਬਤ ਪ੍ਰੇਸ਼ਾਨ ਸੀ। ਇਥੇ ਮੈਂ ਬਸ ਇਕ ਹੋਰ ਵਿਦਿਆਰਥੀ ਸੀ। ਮੈਨੂੰ ਪਿੱਛੇ ਆਪਣੇ ਪਰਿਵਾਰ, ਮਾਪਿਆਂ ਦਾ ਖਿਆਲ ਆਇਆ ਜਿਨ੍ਹਾਂ ਨੂੰ ਮੈਂ ਇਨ੍ਹਾਂ ਦਿਨਾਂ ਵਿਚ ਫੋਨ ਵੀ ਨਹੀਂ ਕੀਤਾ ਸੀ, ਜੋ ਮੇਰੇ ਅਚਾਨਕ ਬਦਲੇ ਹੋਏ ਵਤੀਰੇ ਨੂੰ ਲੈ ਕੇ ਫਿਕਰਮੰਦ ਸਨ। ਮੈਂ ਆਪਣਾ ਸੈਲਫੋਨ ਬੰਦ ਕੀਤਾ ਹੋਇਆ ਸੀ। ਮੈਂ ਕਿਸੇ ਸਥਾਨਕ ਸਾਈਬਰ ਕੈਫੇ ਤੋਂ ਉਨ੍ਹਾਂ ਨੂੰ ਮੇਲ ਕਰਦੀ ਜੋ ਬਹੁਤਾ ਨਜ਼ਦੀਕ ਵੀ ਨਾ ਹੋਵੇ। ਜਦੋਂ ਤੋਂ ਮੈਂ ਅਮਿਤ ਸ਼ਾਹ ਬਾਰੇ ਖੁਲਾਸਾ ਕੀਤਾ ਸੀ, ਉਹ ਹਰ ਵਕਤ ਮੇਰੀ ਰਾਜ਼ੀ-ਖੁਸ਼ੀ ਨੂੰ ਲੈ ਕੇ ਫਿਕਰਾਂ ‘ਚ ਡੁੱਬੇ ਰਹਿੰਦੇ ਸਨ।
ਇਨ੍ਹਾਂ ਸੋਚਾਂ ਵਿਚ ਡੁੱਬੀ ਹੋਈ ਨੇ, ਮੈਂ ਅਜੈ ਨੂੰ ਪੁੱਛਿਆ, ਉਹ ਮੈਨੂੰ ਮੇਰੇ ਹੋਸਟਲ ਨੇੜੇ ਕਿਸੇ ਮਾਰਕੀਟ ਵਿਖੇ ਛੱਡ ਸਕਦਾ ਹੈ? ਮੈਂ ਉਸ ਨੂੰ ਕਿਹਾ, ਮੇਰਾ ਕੁਝ ਸਮਾਨ ਮੁੱਕਣ ਵਾਲਾ ਹੈ। ਉਸ ਨੇ ਮੈਨੂੰ ਇਕ ਸ਼ਾਹੀ ਮਾਰਕੀਟ ਇਲਾਕੇ, ਸੈਟੇਲਾਈਟ ਰੋਡ ਸ਼ਾਪਿੰਗ ਸੈਂਟਰ ਵਿਚ ਲਾਹ ਦਿੱਤਾ। ਸੱਚੀਂਮੁੱਚੀਂ ਦੀ ਖਰੀਦਦਾਰੀ ਦਾ ਪ੍ਰਭਾਵ ਦੇਣ ਲਈ ਮੈਂ ਇਕ ਸੁਪਰ ਮਾਰਕੀਟ ਅੰਦਰ ਚਲੀ ਗਈ, ਗੁਸਲ ਦਾ ਨਿੱਕਸੁੱਕ ਖਰੀਦਿਆ ਅਤੇ ਫਿਰ ਸੁਪਰ ਸਟੋਰ ਦੇ ਨਾਲ ਬਣੇ ਪੀæ ਸੀæ ਓæ ਵਿਚ ਜਾ ਵੜੀ। ਇਹ ਪਰਿਵਾਰ ਨਾਲ ਗੱਲ ਕਰਨ ਦਾ ਸਭ ਤੋਂ ਮਹਿਫੂਜ਼ ਤਰੀਕਾ ਸੀ। ਮੈਂ ਆਪਣਾ ਲੈਂਡਲਾਈਨ ਨੰਬਰ ਮਿਲਾਇਆ। ਮੇਰੀ ਮਾਂ ਜੋ ਤਾਕਤ ਦਾ ਭਰਪੂਰ ਚਸ਼ਮਾ ਸੀ ਤੇ ਮਜ਼ਬੂਤ ਹੋਣ ਦਾ ਦਿਖਾਵਾ ਕਰਦੀ ਸੀ, ਨੇ ਫੋਨ ਚੁੱਕਿਆ। ਉਹ ਚਾਹੁੰਦੀ ਸੀ ਕਿ ਮੈਂ ਵਾਪਸ ਆ ਜਾਵਾਂ। ਇਹ ਕੈਸੀ ਪੱਤਰਕਾਰੀ ਸੀ ਕਿ ਮੇਰਾ ਆਪਣੇ ਪਰਿਵਾਰ ਨਾਲ ਵੀ ਕੋਈ ਰਾਬਤਾ ਨਹੀਂ ਸੀ। ਮੈਂ ਉਸ ਨੂੰ ਜਿੰਨਾ ਕੁ ਢਾਰਸ ਦੇ ਸਕਦੀ ਸੀ, ਦਿੱਤਾ ਅਤੇ ਆਪਣੇ ਅੰਦਰਲਾ ਖਾਲੀਪਣ ਮਹਿਸੂਸ ਕਰ ਕੇ ਫੋਨ ਰੱਖ ਦਿੱਤਾ।
ਅਗਲੀ ਸਵੇਰ ਮੈਂ ਸਿੰਘਲ ਨੂੰ ਦੁਬਾਰਾ ਫੋਨ ਕੀਤਾ, ਤੇ ਇਸ ਵਾਰ ਉਸ ਨੇ ਕਿਹਾ ਕਿ ਉਹ ਮੈਨੂੰ ਮਿਲੇਗਾ। ਮੇਰੀ ਛਾਣਬੀਣ ਮੈਨੂੰ ਜਿਸ ਬਿਖੜੇ ਪੈਂਡੇ ਉਪਰ ਤੋਰਨ ਜਾ ਰਹੀ ਸੀ, ਓੜਕ ਉਸ ਦਾ ਆਗਾਜ਼ ਹੋ ਗਿਆ।
(ਚਲਦਾ)