ਖੁਦ ਕਰਵਾਏ ਸਰਵੇਖਣ ਨੇ ਵਧਾਏ ਸ਼੍ਰੋਮਣੀ ਅਕਾਲੀ ਦਲ ਦੇ ਹੌਸਲੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਸਬੰਧੀ ਖੁਦ ਕਰਵਾਏ ਸਰਵੇਖਣ ਨਾਲ ਹੌਸਲੇ ਵਿਚ ਲੱਗਦਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂਆਂ ਨਾਲ ਸਰਵੇਖਣ ਦੇ ਨੁਕਤੇ ਸਾਂਝੇ ਕਰਦਿਆਂ ਦਾਅਵਾ ਕੀਤਾ ਹੈ ਕਿ ਮਾਝੇ ਵਿਚ ਦਲ ਲਈ ਰਾਹਤ ਦੀ ਰਿਪੋਰਟ ਹੈ, ਪਰ ਦੁਆਬਾ ਕਾਂਗਰਸ ਦੀ ਪਕੜ ਵਿਚ ਹੈ। ਅਕਾਲੀ ਦਲ ਨੂੰ ਮਾਲਵਾ ਹੱਥੋਂ ਖਿਸਕਦਾ ਨਜ਼ਰ ਆ ਹੈ। ਉਥੇ ਆਮ ਆਦਮੀ ਪਾਰਟੀ (ਆਪ) ਵੱਲੋਂ ਅਕਾਲੀ ਦਲ ਅਤੇ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੀ ਗੱਲ ਕਹੀ ਜਾ ਰਹੀ ਹੈ।

ਅਕਾਲੀ ਦਲ ਮੁਤਾਬਕ ਮਾਲਵੇ ਦੇ 6 ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ ਅਤੇ ਫਰੀਦਕੋਟ ਵਿਚ ‘ਆਪ’ ਦਾ ਹੋਰ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਅਧਾਰ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ‘ਤੇ ਕਬਜ਼ਾ ਕਾਇਮ ਰੱਖਣ ਲਈ ਰਾਖਵੀਆਂ ਸੀਟਾਂ ਉਤੇ ਧਿਆਨ ਕੇਂਦਰਤ ਕਰ ਦਿੱਤਾ ਹੈ। ਇਸ ਤਹਿਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਰਾਖਵੇਂ ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਹਾਕਮ ਪਾਰਟੀ ਨੂੰ ਲੱਗਦਾ ਹੈ ਕਿ ਰਾਖਵੇਂ ਹਲਕੇ ਚੋਣਾਂ ‘ਚ ਉਸ ਨੂੰ ਕੁਝ ਸਹਾਰਾ ਦੇ ਸਕਦੇ ਹਨ। ਅਕਾਲੀ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਵੱਲੋਂ ਕਰਵਾਏ ਤਾਜ਼ਾ ਸਰਵੇਖਣ ਰਾਹੀਂ ਅਕਾਲੀ ਦਲ ਆਪਣੇ ਆਪ ਨੂੰ ‘ਮੁਕਾਬਲੇ’ ਵਿਚ ਮੰਨਣ ਲੱਗਾ ਹੈ। ਰਾਜ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਹੈ, ਜਿਥੇ 67 ਸੀਟਾਂ ਹਨ। ਅਕਾਲੀ ਦਲ ਖੁਦ ਮੰਨਦਾ ਹੈ ਕਿ ਇਸ ਖਿੱਤੇ ਦੇ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ ਅਤੇ ਫਰੀਦਕੋਟ ਵਿਚ ਹੀ ‘ਆਪ’ ਪੱਕੇ ਪੈਰੀਂ ਹੈ। ਸੂਤਰਾਂ ਮੁਤਾਬਕ ਇਹ ਤੱਥ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਏਜੰਸੀ ਰਾਹੀਂ ਕਰਵਾਏ ਸਰਵੇਖਣ ਦੌਰਾਨ ਸਾਹਮਣੇ ਆਏ ਹਨ ਜੋ ਸੀਨੀਅਰ ਆਗੂਆਂ ਦੇ ਸਾਹਮਣੇ ਰੱਖੇ ਗਏ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।
__________________________________
ਹਾਕਮ ਧਿਰ ਨੂੰ ਰਾਖਵੀਂਆਂ ਸੀਟਾਂ ਦਾ ਸਹਾਰਾ
ਚੰਡੀਗੜ੍ਹ: ਹਾਕਮ ਧਿਰ ਨੂੰ ਰਾਖਵੀਂਆਂ ਸੀਟਾਂ ਦੇ ਸਹਾਰੇ ਸੱਤਾ ‘ਤੇ ਕਬਜ਼ਾ ਬਣਾਈ ਰੱਖਣ ਦੀ ਉਮੀਦ ਹੈ। ਪੰਜਾਬ ਵਿਚ ਇਸ ਸਮੇਂ ਰਾਖਵੇਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ 34 ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਣਨੀਤੀ ਬਣਾਈ ਹੈ ਕਿ ਇਨ੍ਹਾਂ ਹਲਕਿਆਂ ਵਿਚੋਂ ਜ਼ਿਆਦਾ ਤੋਂ ਜਿਆਦਾ ਸੀਟਾਂ ਹਥਿਆਈਆਂ ਜਾਣ। ਅਕਾਲੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਹਾਕਮ ਧਿਰ ਦੇ ਉਮੀਦਵਾਰ ਹੋਰ ਪਾਰਟੀਆਂ ਦੇ ਮੁਕਾਬਲੇ ਚੋਣਾਂ ਵਿਚ ਪੈਸਾ ਵੀ ਜ਼ਿਆਦਾ ਖਰਚ ਕਰ ਸਕਦੇ ਹਨ।
____________________________________
ਹੁਣ ਸਰਕਾਰੀ ਰੂਟਾਂ ‘ਤੇ ਬਾਦਲ ਦੀਆਂ ਬੱਸਾਂ
ਜਲੰਧਰ: ਪੰਜਾਬ ਦੇ ਸਭ ਤੋਂ ਵੱਡੇ ਟਰਾਂਸਪੋਰਟ ਵਜੋਂ ਜਾਣੇ ਜਾਂਦੇ ਬਾਦਲ ਪਰਿਵਾਰ ਉਤੇ ਇਕ ਵਾਰ ਫਿਰ ਆਪਣੀਆਂ ਬੱਸਾਂ ਨੂੰ ਮੁਨਾਫਾ ਦੇਣ ਦਾ ਇਲਜ਼ਾਮ ਲੱਗਿਆ ਹੈ। ਦਰਅਸਲ, ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਇਲਜ਼ਾਮ ਲਾਏ ਹਨ ਕਿ ਬਾਦਲ ਪਰਿਵਾਰ ਵੱਲੋਂ ਹਾਈ ਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਆਪਣੀਆਂ ਪ੍ਰਾਈਵੇਟ ਬੱਸਾਂ ਦਾ ਟਾਈਮ ਵਧਾ ਦਿੱਤਾ ਗਿਆ ਹੈ, ਜਦਕਿ ਸਰਕਾਰੀ ਬੱਸਾਂ ਦਾ ਟਾਈਮ ਘਟਾਇਆ ਗਿਆ ਹੈ। ਪੰਜਾਬ ਰੋਜਵੇਜ਼ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਮੰਗਤ ਖਾਨ ਨੇ ਕਿਹਾ ਕਿ ਜੂਨ ਵਿਚ ਬਾਦਲ ਪਰਿਵਾਰ ਨੇ ਹੁਸ਼ਿਆਰਪੁਰ ਵਿਚ ਰਾਜਧਾਨੀ ਤੇ ਆਜ਼ਾਦ ਟਰਾਂਸਪੋਰਟ ਖਰੀਦੀ ਸੀ। ਇਨ੍ਹਾਂ ਕੰਪਨੀਆਂ ਨੂੰ ਫਾਇਦਾ ਦੇਣ ਲਈ ਜੁਲਾਈ ਦੇ ਪਹਿਲੇ ਹਫਤੇ ਹੀ ਪ੍ਰਾਈਵੇਟ ਬੱਸਾਂ ਦੇ ਰੂਟ ਵਧਾ ਦਿੱਤੇ ਗਏ। ਸਰਕਾਰੀ ਬੱਸਾਂ ਦਾ ਟਾਈਮ ਘੱਟ ਕਰ ਦਿੱਤਾ ਗਿਆ ਤੇ ਪ੍ਰਾਈਵੇਟ ਬੱਸਾਂ ਦਾ ਟਾਈਮ 7 ਤੋਂ 13 ਮਿੰਟ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 24 ਜੁਲਾਈ, 2015 ਨੂੰ ਫੈਸਲਾ ਦਿੰਦੇ ਹੋਏ ਸਰਕਾਰੀ ਰੂਟ ਪ੍ਰਾਈਵੇਟ ਬੱਸਾਂ ਨੂੰ ਦੇਣ ‘ਤੇ ਰੋਕ ਲਾ ਦਿੱਤੀ ਸੀ। ਇਸ ਦੇ ਬਾਵਜੂਦ ਵੀ ਸਰਕਾਰ ਨੇ ਅਜਿਹਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਕਰੋੜਾਂ ਦਾ ਮੁਨਾਫਾ ਹੋ ਰਿਹਾ ਹੈ, ਜਦਕਿ ਸਰਕਾਰੀ ਟਰਾਂਸਪੋਰਟ ਘਾਟੇ ਵਿਚ ਜਾ ਰਿਹਾ ਹੈ। ਪੰਜਾਬ ਵਿਚ ਧਾਰਮਿਕ ਯਾਤਰਾ ‘ਤੇ ਸਰਕਾਰੀ ਬੱਸਾਂ ਨੂੰ ਭੇਜਣ ਦਾ ਵੀ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਹੋ ਰਿਹਾ ਹੈ ਕਿਉਂਕਿ ਜੋ ਬੱਸਾਂ ਯਾਤਰਾ ‘ਤੇ ਜਾਂਦੀਆਂ ਹਨ, ਉਨ੍ਹਾਂ ਦੀ ਥਾਂ ਉਤੇ ਵੀ ਸਿਰਫ ਪ੍ਰਾਈਵੇਟ ਬੱਸਾਂ ਨੂੰ ਹੀ ਚਲਾਇਆ ਜਾ ਰਿਹਾ ਹੈ।