ਡੇਂਗੂ ਅਤੇ ਚਿਕੁਨਗੁਨੀਆ ਬਣਿਆ ਪੰਜਾਬ ਸਰਕਾਰ ਲਈ ਵੰਗਾਰ

ਚੰਡੀਗੜ੍ਹ: ਡੇਂਗੂ ਅਤੇ ਚਿਕੁਨਗੁਨੀਆ ਦੇ ਹੱਲੇ ਅੱਗੇ ਪੰਜਾਬ ਸਰਕਾਰ ਬੇਵੱਸ ਹੈ। ਸਰਕਾਰ ਨੂੰ ਡੇਂਗੂ ਖਿਲਾਫ਼ ਲੜਾਈ ਲੜਦਿਆਂ ਦਹਾਕੇ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਉਹ ਇਸ ਮੱਛਰ ਨੂੰ ਖਤਮ ਕਰਨ ਵਿਚ ਨਾਕਾਮ ਰਹਿੰਦੀ ਆ ਰਹੀ ਹੈ। ਇਸੇ ਕਾਰਨ ਸੂਬੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਕਈ ਜਾਨਾਂ ਵੀ ਚਲੀਆਂ ਗਈਆਂ ਹਨ।

ਪਿਛਲੇ ਕੁਝ ਸਾਲਾਂ ਤੋਂ ਡੇਂਗੂ ਦੇ ਨਾਲ ਹੀ ਚਿਕੁਨਗੁਨੀਆ ਨੇ ਵੀ ਬਰਾਬਰ ਦਾ ਹੱਲਾ ਬੋਲ ਦਿੱਤਾ ਹੈ, ਜਿਸ ਕਰ ਕੇ ਲੜਾਈ ਹੋਰ ਵੀ ਮੁਸ਼ਕਲ ਹੋ ਗਈ ਹੈ। ਸਰਕਾਰ ਮੌਸਮੀ ਬਿਮਾਰੀਆਂ ਵਿਰੁੱਧ ਲੜਾਈ ਲਈ ਰਣਨੀਤੀ ਤਿਆਰ ਕਰਨ ਦੀ ਥਾਂ ਅਸਲੀਅਤ ‘ਤੇ ਪਰਦਾ ਪਾ ਕੇ ਡੰਗ ਟਪਾਊ ਨੀਤੀ ਵਿਚ ਵਿਸ਼ਵਾਸ ਰੱਖ ਰਹੀ ਹੈ।
ਮਲੇਰੀਆ ਤੋਂ ਬਾਅਦ ਡੇਂਗੂ ਅਤੇ ਚਿਕੁਨਗੁਨੀਆ ਵਿਰੁੱਧ ਫੈਸਲਾਕੁਨ ਲੜਾਈ ਲੜਨ ਵਾਸਤੇ ਸਿਹਤ ਵਿਭਾਗ ਅਤੇ ਸਥਾਨਕ ਸਰਕਾਰ ਵਿਭਾਗ ਨੂੰ ਰਲ ਕੇ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਦੋਹਾਂ ਵਿਭਾਗਾਂ ਕੋਲ ਸਾਧਨਾਂ ਦੀ ਘਾਟ ਨਹੀਂ ਹੈ, ਪਰ ਆਪਸੀ ਸਹਿਯੋਗ ਦੀ ਘਾਟ ਕਰ ਕੇ ਸਫਲ ਨਹੀਂ ਹੋ ਰਹੇ ਅਤੇ ਖਮਿਆਜ਼ਾ ਆਮ ਲੋਕ ਭੁਗਤਣ ਲਈ ਮਜਬੂਰ ਹਨ। ਸਿਹਤ ਵਿਭਾਗ ਦੇ ਅਧਿਕਾਰੀ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਤੱਕ ਸੀਮਤ ਰਹਿ ਰਹੇ ਹਨ ਜਦੋਂਕਿ ਸਥਾਨਕ ਸਰਕਾਰਾਂ ਵਿਭਾਗ ਫੌਗਿੰਗ ਅਤੇ ਸਪਰੇਅ ਤੋਂ ਅੱਗੇ ਨਹੀਂ ਤੁਰ ਰਿਹਾ ਹੈ। ਸਰਕਾਰ ਬਿਮਾਰੀ ਨੂੰ ਰੋਕਣ ਵਿਚ ਜਨਤਾ ਉਤੇ ਅਲਗਰਜ਼ੀ ਵਰਤਣ ਦਾ ਦੋਸ਼ ਮੜ੍ਹ ਰਹੀ ਹੈ। ਆਮ ਲੋਕ ਘਰਾਂ ਨੇੜੇ ਪਾਣੀ ਖੜ੍ਹਾ ਹੋਣ ਤੋਂ ਬਚਾਅ ਰੱਖਣ ਲਈ ਸਹਿਯੋਗ ਨਹੀਂ ਦੇ ਰਹੇ ਹਨ। ਨਗਰ ਕੌਂਸਲਾਂ ਆਪਣੇ ਪੱਧਰ ਉਤੇ ਲੋਕਾਂ ਦੇ ਦਬਾਅ ਹੇਠ ਫੌਗਿੰਗ ਕਰ ਕੇ ਬੁੱਤਾ ਸਾਰ ਰਹੀਆਂ ਹਨ ਪਰ ਸਥਾਨਕ ਸਰਕਾਰ ਵਿਭਾਗ ਨੇ ਕੋਈ ਠੋਸ ਪ੍ਰੋਗਰਾਮ ਨਹੀਂ ਦਿੱਤਾ ਹੈ।
ਦੋਹਾਂ ਵਿਭਾਗਾਂ ਨੇ ਸਾਂਝੀ ਮੀਟਿੰਗ ਕਰ ਕੇ ਸਾਧਨਾਂ ਦੀ ਸਹੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਸਮਝੀ ਹੈ। ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿਚ ਵੱਖਰੇ ਵਾਰਡ ਬਣਾਏ ਗਏ ਹਨ। ਐਮਰਜੈਂਸੀ ਲਈ ਹੈਲਪਲਾਈਨ ਨੰਬਰ ਦਿੱਤਾ ਗਿਆ ਹੈ ਅਤੇ ਮੋਬਾਈਲ ਐਪ ਉਤੇ ਸਾਰੀ ਜਾਣਕਾਰੀ ਦਿੱਤੀ ਗਈ ਹੈ।
ਵਿਭਾਗ ਦੇ ਬੁਲਾਰੇ ਦਾ ਦਾਅਵਾ ਹੈ ਕਿ ਮਰੀਜ਼ਾਂ ਦੇ ਇਲਾਜ ਅਤੇ ਲੋਕਾਂ ਨੂੰ ਜਾਗਰੂਕ ਕਰ ਕੇ ਪੂਰੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਵਿਭਾਗ ਅਗਲੇ ਸਾਲ ਤੱਕ ਡੇਂਗੂ ਲਈ ਟੀਕਾ ਬਾਜ਼ਾਰ ‘ਚ ਆਉਣ ਦੀ ਆਸ ਲਾਈ ਬੈਠਾ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਦਾਅਵਾ ਹੈ ਕਿ ਡੇਂਗੂ ਦੀ ਬਿਮਾਰੀ ਕੰਟਰੋਲ ਵਿਚ ਹੈ ਅਤੇ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਫੈਲਾ ਕੇ ਸਹਿਮ ਪੈਦਾ ਕਰਨ ਵਾਲਿਆਂ ਉਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਡਾæ ਐਚæਐਸ਼ ਬਾਲੀ ਦਾ ਕਹਿਣਾ ਹੈ ਕਿ ਹਸਪਤਾਲਾਂ ਵਿਚ ਡਾਕਟਰਾਂ ਅਤੇ ਦਵਾਈਆਂ ਦੀ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਹੈ। ਸੌ ਤੋਂ ਵੱਧ ਹਸਪਤਾਲਾਂ ਵਿਚ ਟੈਸਟਾਂ ਵਾਸਤੇ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ।
_______________________________
ਲਗਾਤਾਰ ਵਿਗੜ ਰਹੇ ਨੇ ਹਾਲਾਤ
ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਡੇਂਗੂ ਦਾ ਪਹਿਲਾ ਕੇਸ 1997 ਵਿਚ ਸਾਹਮਣੇ ਆਇਆ ਸੀ ਅਤੇ ਉਸ ਸਾਲ ਡੇਂਗੂ ਨਾਲ ਤਿੰਨ ਮੌਤਾਂ ਹੋਈਆਂ ਸਨ। ਉਸ ਤੋਂ ਬਾਅਦ 1999 ਵਿਚ ਮਰੀਜ਼ਾਂ ਦੀ ਸੰਖਿਆ 425 ਨੂੰ ਜਾ ਪੁੱਜੀ ਸੀ। ਚਾਰ ਸਾਲ ਬਿਮਾਰੀ ਦਾ ਪ੍ਰਕੋਪ ਘੱਟ ਹੀ ਰਿਹਾ ਅਤੇ 2003 ਵਿਚ ਇਹ ਭਿਆਨਕ ਰੂਪ ਧਾਰਨ ਕਰ ਗਈ ਸੀ ਅਤੇ 13 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਸਨ। 2004 ਅਤੇ 2005 ਵਿਚ ਡੇਂਗੂ ਤੋਂ ਬਚਾਅ ਰਹਿਣ ਤੋਂ ਬਾਅਦ 2006 ਵਿਚ ਜ਼ੋਰਦਾਰ ਹਮਲਾ ਹੋਇਆ ਅਤੇ ਮਰੀਜ਼ਾਂ ਦੀ ਗਿਣਤੀ 1163 ਨੂੰ ਪਾਰ ਕਰ ਗਈ ਸੀ। ਸਾਲ 2008 ਵਿਚ ਮਰੀਜ਼ਾਂ ਦੀ ਗਿਣਤੀ 4349 ਨੂੰ ਜਾ ਪੁੱਜੀ ਅਤੇ 21 ਲੋਕਾਂ ਦੀ ਮੌਤ ਹੋਈ ਸੀ। 2010 ਵਿਚ 4012 ਮਰੀਜ਼ ਡੇਂਗੂ ਦੀ ਲਪੇਟ ਵਿਚ ਆਏ ਅਤੇ ਇਨ੍ਹਾਂ ਵਿਚੋਂ 15 ਨੂੰ ਬਚਾਇਆ ਨਹੀਂ ਜਾ ਸਕਿਆ ਸੀ। 2011 ਵਿਚ ਕੁੱਲ 3921 ਮਰੀਜ਼ਾਂ ਵਿਚੋਂ 33 ਦੀ ਜਾਨ ਚਲੀ ਗਈ ਸੀ। 2013 ਵਿਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4117 ਮਰੀਜ਼ ਸਾਹਮਣੇ ਆਏ ਸਨ। ਸਾਲ 2014 ਵਿਚ ਅੱਠ ਮੌਤਾਂ ਹੋਈਆਂ ਪਰ ਉਸ ਤੋਂ ਅਗਲੇ ਸਾਲ ਹੀ ਮਰੀਜ਼ਾਂ ਦੀ ਗਿਣਤੀ 14149 ਹੋ ਗਈ ਅਤੇ 28 ਜਣਿਆਂ ਦੀ ਮੌਤ ਹੋ ਗਈ ਸੀ। ਇਸ ਸਾਲ ਡੇਂਗੂ ਦੇ 2200 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਰ੍ਹਾਂ ਮੌਤਾਂ ਹੋਣ ਦਾ ਸ਼ੱਕ ਹੈ, ਪਰ ਸਿਹਤ ਵਿਭਾਗ ਹਾਲ ਦੀ ਘੜੀ ਇਹ ਅੰਕੜੇ ਨਸ਼ਰ ਕਰਨ ਤੋਂ ਕਤਰਾ ਰਿਹਾ ਹੈ। ਚਿਕੁਨਗੁਨੀਆ ਦੇ ਮਰੀਜ਼ਾਂ ਦੀ ਗਿਣਤੀ 30 ਨੂੰ ਪਾਰ ਕਰ ਗਈ ਹੈ। ਸਿਹਤ ਵਿਭਾਗ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਨੂੰ ਲੈ ਕੇ ਸੰਤੁਸ਼ਟ ਨਜ਼ਰ ਆ ਰਿਹਾ ਹੈ, ਪਰ ਬਿਮਾਰੀ ਦੀ ਰੋਕਥਾਮ ਨੂੰ ਕਾਰਗਰ ਤਰੀਕੇ ਨਾਲ ਰੋਕਣ ਦੀ ਚਿੰਤਾ ਘੱਟ ਹੀ ਲੱਗਦੀ ਹੈ।