ਚੰਡੀਗੜ੍ਹ: ਪੰਜਾਬ ਸਰਕਾਰ ਨੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਰ ਕ੍ਰਾਈਮ ਐਕਟ ‘ਪਕੋਕਾ’ ਬਣਾਉਣ ਦਾ ਕਈ ਮਹੀਨੇ ਪਹਿਲਾਂ ਜੋ ਇਰਾਦਾ ਬਣਾਇਆ ਸੀ, ਉਹ ਬਦਲੇ ਹੋਏ ਸਿਆਸੀ ਹਾਲਾਤ ਨੂੰ ਸਾਹਮਣੇ ਰੱਖ ਕੇ ਫਿਲਹਾਲ ਛੱਡ ਦਿੱਤਾ ਹੈ। ਪੰਜਾਬ ਮੰਤਰੀ ਮੰਡਲ ਦੀਆਂ ਕਈ ਮੀਟਿੰਗਾਂ ਵਿਚ ਇਸ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ,
ਪਰ ਲੱਗਦਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਜ ਵਿਧਾਨ ਸਭਾ ਦੀਆਂ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੀਆਂ ਚੋਣਾਂ ਨੂੰ ਸਾਹਮਣੇ ਰੱਖਦੇ ਇਸ ਮੌਕੇ ਕੋਈ ਸਖਤ ਕਾਨੂੰਨ ਬਣਾਉਣ ਦੇ ਹੱਕ ਵਿਚ ਨਹੀਂ ਹਨ। ਕਿਹਾ ਜਾਂਦਾ ਹੈ ਕਿ ਐਲ਼ਆਰæ ਤੇ ਐਡਵੋਕੇਟ ਜਨਰਲ ਨੇ ਆਪੋ ਆਪਣੀ ਰਾਇ ਤੋਂ ਰਾਜ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ। ਪਹਿਲਾਂ ਤਾਂ ਇਸ ਸਖਤ ਕਾਨੂੰਨ ਨੂੰ ਬਣਾਉਣ ਤੇ ਫਿਰ ਇਸ ਦੀ ਪ੍ਰਵਾਨਗੀ ਲੈਣ ਲਈ ਕਾਫੀ ਲੰਬੀ ਪ੍ਰਕਿਰਿਆ ਹੈ। ਪ੍ਰਵਾਨਗੀ ਲਈ ਇਸ ਪ੍ਰਸਤਾਵਿਤ ਕਾਨੂੰਨ ਨੂੰ ਕੇਂਦਰੀ ਗ੍ਰਹਿ ਮੰਤਰੀ, ਫਿਰ ਪ੍ਰਧਾਨ ਮੰਤਰੀ ਤੇ ਅੰਤ ਵਿਚ ਰਾਸ਼ਟਰਪਤੀ ਕੋਲ ਭੇਜਣਾ ਲਾਜ਼ਮੀ ਹੈ। ਪਤਾ ਲੱਗਾ ਹੈ ਕਿ ਗੁੰਡਾ ਤੇ ਬੁਰੇ ਅਨਸਰਾਂ (ਬਦਮਾਸ਼ਾਂ) ਉਤੇ ਕਾਬੂ ਪਾਉਣ ਲਈ ਇਸ ਪ੍ਰਸਤਾਵਤ ਕਾਨੂੰਨ ਦੇ ਤਹਿਤ ਗ੍ਰਿਫਤਾਰ ਲੋਕਾਂ ਨੂੰ 10 ਸਾਲ ਤੱਕ ਦੀ ਸਜ਼ਾ ਦੇਣ ਦੀ ਇਸ ‘ਚ ਵਿਵਸਥਾ ਹੈ।
__________________________________
21 ਮੈਂਬਰੀ ਗੈਂਗਸਟਰ ਗਰੋਹ ਆਇਆ ਪੁਲਿਸ ਅੜਿੱਕੇ
ਸੁਲਤਾਨਪੁਰ ਲੋਧੀ: ਪਵਿੱਤਰ ਨਗਰੀ ਵਿਚ ਤਰਨ ਤਾਰਨ ਤੇ ਕਪੂਰਥਲਾ ਦੀ ਪੁਲਿਸ ਨੇ ਇਕ ਸਾਂਝੀ ਕਾਰਵਾਈ ਦੌਰਾਨ ਗੈਂਗਸਟਰਾਂ ਦੇ ਇਕ ਗਰੁੱਪ ਦੇ 21 ਮੈਂਬਰਾਂ ਨੂੰ ਪੰਜ ਗੱਡੀਆਂ ਤੇ ਭਾਰੀ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਉਂਜ ਗ੍ਰਿਫਤਾਰੀ ਤੋਂ ਪਹਿਲਾਂ ਦੋਵਾਂ ਧਿਰਾਂ ਵਿਚ ਜੰਮ ਕੇ ਗੋਲੀਬਾਰੀ ਹੋਈ। ਜਾਣਕਾਰੀ ਅਨੁਸਾਰ ਪੁਲਿਸ ਨੇ ਇਥੇ ਤਲਵੰਡੀ ਚੌਧਰੀਆਂ ਪੁਲ ਅਤੇ ਪਵਿੱਤਰ ਵੇਈਂ ਦੇ ਰਾਹ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੈਂਗ ਦੇ ਮੈਂਬਰ ਨਾਲ ਲਗਦੇ ਘਰਾਂ ਵਿਚ ਜਾ ਵੜੇ ਤੇ ਪੁਲਿਸ ‘ਤੇ ਗੋਲੀਆਂ ਚਲਾਉਣ ਲੱਗੇ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ। ਲੰਬਾ ਸਮਾਂ ਚੱਲੀ ਇਸ ਗੋਲੀਬਾਰੀ ਮਗਰੋਂ ਪੁਲਿਸ ਨੇ ਗੈਂਗ ਦੇ 21 ਮੈਂਬਰਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਇਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਰਿਵਾਲਵਰ, ਇਕ 315 ਬੋਰ ਬੰਦੂਕ ਅਤੇ ਤਿੰਨ ਡਬਲ ਬੈਰਕ ਬੰਦੂਕਾਂ ਅਤੇ ਪੰਜ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।