ਪੁਲਿਸ ਮੁਕਾਬਲੇ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਹਲਾਕ

ਚੰਡੀਗੜ੍ਹ: ਪੰਜਾਬ ਦਾ ਖਤਰਨਾਕ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਪੁਲਿਸ ਦੀ ਹਿੱਟ ਲਿਸਟ ‘ਤੇ ਸੀ। ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਨੇੜੇ ਬੰਬੀਹਾ ਅਤੇ ਉਸ ਦੇ ਸਾਥੀਆਂ ਦਾ ਪੁਲਿਸ ਨਾਲ ਟਾਕਰਾ ਹੋਇਆ। ਦੋਵਾਂ ਧਿਰਾਂ ਵਿਚ ਫਾਇਰਿੰਗ ਸ਼ੁਰੂ ਹੋਈ। ਜਦ ਗੋਲੀਆਂ ਦਾ ਖੜਾਕ ਰੁਕਿਆ ਤਾਂ ਬੰਬੀਹਾ ਪੁਲਿਸ ਦੀਆਂ ਗੋਲੀਆਂ ਨਾਲ ਵਿੰਨ੍ਹਿਆ ਪਿਆ ਸੀ। ਉਸ ਦਾ ਸਾਥੀ ਤਾਰਾ ਵੀ ਪੁਲਿਸ ਦੀਆਂ ਗੋਲੀਆਂ ਤੋਂ ਨਾ ਬਚ ਸਕਿਆ।

ਬੰਬੀਹਾ ਤੇ ਤਾਰਾ ਨੂੰ ਹਸਪਤਾਲ ਲਿਆਂਦਾ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਵਿੰਦਰ ਬੰਬੀਹਾ ਨੇ ਦਮ ਤੋੜ ਦਿੱਤਾ। ਤਾਰਾ ਇਸ ਵੇਲੇ ਜੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਬਠਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਬੰਬੀਹਾ ਬਠਿੰਡੇ ‘ਚ ਹੈ। ਉਸਦੀਆਂ ਪੈੜਾਂ ਨੱਪਦੇ ਹੋਏ ਪੁਲਿਸ ਰਾਮਪੁਰਾ ਫੂਲ ਜਾ ਪਹੁੰਚੀ। ਪੁਲਿਸ ਨੂੰ ਦੇਖਦਿਆਂ ਹੀ ਬੰਬੀਹੇ ਤੇ ਉਸ ਦੇ ਸਾਥੀਆਂ ਨੇ ਪੁਲਿਸ ‘ਤੇ ਗੋਲੀਆਂ ਵਰਾ ਦਿੱਤੀਆਂ। ਇਸ ‘ਤੇ ਪੁਲਿਸ ਟੀਮ ਨੇ ਵੀ ਮੂੰਹ-ਤੋੜ ਜਵਾਬ ਦਿੱਤਾ। ਨਤੀਜਾ ਇਹ ਹੋਇਆ ਕਿ ਪੁਲਿਸ ਲਈ ਸਿਰਦਰਦ ਬਣ ਚੁੱਕਿਆ ਬੰਬੀਹਾ ਮਾਰਿਆ ਗਿਆ। ਉਸ ਕੋਲੋਂ ਪੁਲਿਸ ਨੂੰ ਤਿੰਨ ਪਿਸਟਲ ਬਰਾਮਦ ਹੋਏ ਹਨ। ਉਹ ਕਈ ਕਤਲ, ਇਰਾਦਾ-ਏ-ਕਤਲ, ਲੁੱਟਾਂ-ਖੋਹਾਂ ਤੇ ਕੁੱਟਮਾਰ ਦੇ 15 ਤੋਂ ਵੱਧ ਸੰਗੀਨ ਮਾਮਲਿਆਂ ‘ਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਮੁਤਾਬਕ ਖੁੰਖਾਰ ਗੈਂਗਸਟਰਾਂ ‘ਚੋਂ ਇਕ ਦਵਿੰਦਰ ਬੰਬੀਹਾ ਬੇਹੱਦ ਸ਼ਾਤਿਰ ਤੇ ਬੇਰਹਿਮ ਇਨਸਾਨ ਸੀ। ਬੰਦਾ ਮਾਰਨਾ ਉਸ ਲਈ ਖੱਬੇ ਹੱਥ ਦਾ ਖੇਡ ਸੀ। ਇਹੀ ਵਜ੍ਹਾ ਸੀ ਕਿ ਉਹ ਪੁਲਿਸ ਅਤੇ ਆਪਣੇ ਵਿਰੋਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰੇਆਮ ਲਲਕਾਰਦਾ ਸੀ। ਬੰਬੀਹਾ ਇਸ ਸਾਲ ਫਿਰ ਚਰਚਾ ਵਿਚ ਆਇਆ ਸੀ, ਜਦੋਂ ਉਸ ਨੇ 20 ਫਰਵਰੀ 2016 ਨੂੰ ਸਰਪੰਚ ਰਵੀ ਖੁਆਜਕੇ ਨੂੰ ਵਿਆਹ ਸਮਾਗਮ ‘ਚ 14 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਵੀ ਦਿੰਦਾ ਰਿਹਾ। ਦਵਿੰਦਰ ਸਿੰਘ, ਜਿਲ੍ਹਾ ਮੋਗਾ ਦੇ ਪਿੰਡ ਬੰਬੀਹਾ ਦਾ ਰਹਿਣ ਵਾਲਾ ਸੀ। ਮਹਿਜ਼ 26 ਸਾਲ ਦੇ ਦਵਿੰਦਰ ਬੰਬੀਹਾ ਦਾ ਨਾਮ ਸੁਣਦੇ ਹੀ ਵਿਰੋਧੀਆਂ ਨੂੰ ਪਸੀਨਾ ਆ ਜਾਂਦਾ ਸੀ। ਅਜਿਹਾ ਗੈਂਗਸਟਰ ਜਿਸ ਨੂੰ ਪੰਜਾਬ ਪੁਲਿਸ ਹਥਕੜੀਆਂ ‘ਚ ਜਕੜਨ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਸੀ, ਪਰ ਉਹ ਹਰ ਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਅਲੋਪ ਹੋ ਜਾਂਦਾ ਸੀ। ਮਾਲਵਾ, ਦੁਆਬਾ ਜਾਂ ਫਿਰ ਮਾਝਾ ਹੋਵੇ, ਹਰ ਇਲਾਕੇ ਦੀ ਪੁਲਿਸ ਬੰਬੀਹਾ ਨੂੰ ਲੱਭ ਰਹੀ ਸੀ। ਪਰ ਬੰਬੀਹਾ ਖਾਕੀ ਵਾਲਿਆਂ ਨਾਲੋਂ ਵੱਧ ਫੁਰਤੀਲਾ ਤੇ ਸ਼ਾਤਿਰ ਸੀ।
________________________________
ਕਬੱਡੀ ਖਿਡਾਰੀ ਤੋਂ ਅਪਰਾਧਿਕ ਸਫਰ ਵੱਲ
ਕਬੱਡੀ ਖੇਡਣ ਦਾ ਸ਼ੌਕੀਨ ਦਵਿੰਦਰ ਆਮ ਮੁੰਡਿਆਂ ਵਾਂਗ ਸਕੂਲ ਜਾਂਦਾ ਸੀ। ਪੜ੍ਹਨ ਲਿਖਣ ‘ਚ ਕਾਫੀ ਹੁਸ਼ਿਆਰ ਵੀ ਸੀ। ਸਕੂਲ ਦੀ ਪੜ੍ਹਾਈ ਪੂਰੀ ਹੋਈ ਤਾਂ ਦਵਿੰਦਰ ਨੇ ਕਾਲਜ ‘ਚ ਦਾਖਲਾ ਲੈ ਲਿਆ। ਬੱਸ ਇਹੀ ਦਾਖਲਾ ਉਸ ਦੇ ਅਪਰਾਧ ਦੀ ਦੁਨੀਆਂ ‘ਚ ਦਾਖਲ ਹੋਣ ਦਾ ਸਬੱਬ ਬਣਿਆ। ਦਵਿੰਦਰ ਬੀæਏæ ਦੇ ਆਖਰੀ ਸਾਲ ‘ਚ ਸੀ, ਪਰ ਇਸੇ ਦੌਰਾਨ ਉਸ ਦੇ ਪਿੰਡ ਵਿਚ ਰਾਜਾ ਨਾਮੀ ਇਕ ਮੁੰਡੇ ਦਾ ਕਤਲ ਹੋਇਆ। ਇਸ ਕਤਲ ਮਾਮਲੇ ‘ਚ ਦਵਿੰਦਰ ਦਾ ਵੀ ਨਾਮ ਆਇਆ। ਉਸ ਵੇਲੇ ਉਹ ਮਹਿਜ਼ 20 ਸਾਲ ਦਾ ਸੀ। ਇਸ ਕਤਲ ਮਾਮਲੇ ‘ਚ ਬੰਬੀਹਾ ਨੂੰ ਹਥਕੜੀ ਜ਼ਰੂਰ ਲੱਗ ਗਈ, ਪਰ ਉਹ ਕਾਨੂੰਨ ਨੂੰ ਟਿੱਚ ਦੱਸਣ ਦੀਆਂ ਤਿਆਰੀਆਂ ਕਰਨ ਲੱਗਾ ਸੀ। ਅਦਾਲਤ ‘ਚ ਪੇਸ਼ੀ ਉਤੇ ਲਿਜਾਂਦੇ ਸਮੇਂ ਬੰਬੀਹਾ ਕਾਨੂੰਨ ਦੀਆਂ ਬੇੜੀਆਂ ਤੋੜ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਦਵਿੰਦਰ ਬੰਬੀਹਾ ਤੇ ਪੁਲਿਸ ਵਿਚਾਲੇ ਚੋਰ ਸਿਪਾਹੀ ਦਾ ਖੇਡ ਸ਼ੁਰੂ ਹੋਇਆ। ਸਾਲ 2010 ਤੋਂ ਬਾਅਦ ਬੰਬੀਹਾ ਕਦੇ ਪਿੰਡ ਨਹੀਂ ਆਇਆ। ਹੁਣ ਉਹ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਬਣ ਚੁੱਕਾ ਸੀ।