ਪੰਜਾਬ ਵਿਚ ਵਿਦਿਆਰਥੀ ਵੀ ਕਰਜ਼ੇ ਦੀ ਪੰਡ ਹੇਠ ਦੱਬੇ

ਬਠਿੰਡਾ: ਪੰਜਾਬ ਵਿਚ ਵਿਦਿਆਰਥੀ ਵੀ ਕਰਜ਼ੇ ਦੀ ਪੰਡ ਨੇ ਦੱਬ ਲਏ ਹਨ ਤੇ ਪਿੰਡਾਂ ਦੇ ਵਿਦਿਆਰਥੀਆਂ ਵਾਸਤੇ ਉਚ ਵਿੱਦਿਆ ਲਈ ਐਜੂਕੇਸ਼ਨ ਲੋਨ (ਪੜ੍ਹਾਈ ਲਈ ਕਰਜ਼ਾ) ਲੈਣਾ ਮਜਬੂਰੀ ਬਣ ਗਿਆ ਹੈ। ਮਾਪਿਆਂ ਨੇ ਇਹ ਲੋਨ ਚੁੱਕ ਕੇ ਬੱਚੇ ਤਾਂ ਪੜ੍ਹਾ ਲਏ, ਪਰ ਹੁਣ ਬੇਰੁਜ਼ਗਾਰੀ ਕਾਰਨ ਇਹ ਕਰਜ਼ਾ ਮੋੜਨਾ ਮੁਸ਼ਕਲ ਹੋ ਗਿਆ ਹੈ। ਕੇਂਦਰ ਸਰਕਾਰ ਨੇ ਉਚ ਵਿੱਦਿਆ ਖਾਤਰ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਦੀ ਸਹੂਲਤ ਦਿੱਤੀ ਹੋਈ ਹੈ। ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਪੰਜਾਬ ਦੇ 32,438 ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਵਾਸਤੇ ਕਰਜ਼ਾ ਚੁੱਕਿਆ ਹੈ।

ਇਨ੍ਹਾਂ ਵਿਦਿਆਰਥੀਆਂ ਸਿਰ 1021 ਕਰੋੜ ਦਾ ਕਰਜ਼ਾ ਹੈ, ਜਿਸ ਨੂੰ ਮੋੜਨ ਦਾ ਸੰਕਟ ਬਣਿਆ ਹੋਇਆ ਹੈ। ਹਾਲਾਂਕਿ ਬੈਂਕਾਂ ਦੇ ਡਿਫਾਲਟਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਡੀ ਨਹੀਂ ਹੈ, ਪਰ ਇਹ ਰੁਝਾਨ ਹੁਣ ਸ਼ੁਰੂ ਹੋ ਗਿਆ ਹੈ।
ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਤਿੰਨ ਸਾਲ ਪਹਿਲਾਂ ਐਜੂਕੇਸ਼ਨ ਲੋਨ ਦਾ ਬਕਾਇਆ 812 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 1021æ41 ਕਰੋੜ ਰੁਪਏ ਹੋ ਗਿਆ ਹੈ। ਜ਼ਿਆਦਾ ਲੋਨ ਕਿਸਾਨ ਪਰਿਵਾਰਾਂ ਨੇ ਚੁੱਕਿਆ ਹੋਇਆ ਹੈ। ਬੈਂਕਾਂ ਵੱਲੋਂ ਵਿਦਿਆਰਥੀਆਂ ਨੂੰ ਚਾਰ ਲੱਖ ਤੱਕ ਦਾ ਲੋਨ ਤਾਂ ਬਿਨਾਂ ਕਿਸੇ ਸਕਿਉਰਿਟੀ ਤੋਂ ਦਿੱਤਾ ਜਾਂਦਾ ਹੈ। 4 ਲੱਖ ਤੋਂ 7æ30 ਲੱਖ ਤੱਕ ਦਾ ਲੋਨ ਵਿਦਿਆਰਥੀਆਂ ਨੂੰ ਤੀਜੀ ਧਿਰ ਦੀ ਗਰੰਟੀ ਉਤੇ ਦਿੱਤਾ ਜਾਂਦਾ ਹੈ। ਇਸ ਤੋਂ ਉਪਰ ਦਾ ਲੋਨ ਲੈਣ ਲਈ ਬੈਂਕ ਸਕਿਉਰਿਟੀ ਲੈਂਦਾ ਹੈ।
ਕੇਂਦਰ ਸਰਕਾਰ ਨੇ ਵਿਦਿਆਰਥੀਆਂ ਲਈ ਲੋਨ ਪ੍ਰਕਿਰਿਆ ਸੁਖਾਲੀ ਬਣਾਉਣ ਲਈ ਵਿੱਦਿਆ ਲਕਸ਼ਮੀ ਪੋਰਟਲ ਵੀ ਬਣਾਇਆ ਹੈ, ਜਿਸ ਜ਼ਰੀਏ ਵਿਦਿਆਰਥੀ ਆਪਣੇ ਲੋਨ ਦੀ ਸਥਿਤੀ ਦੇਖ ਸਕਦਾ ਹੈ। ਦੇਸ਼ ਦੇ 26æ71 ਲੱਖ ਵਿਦਿਆਰਥੀਆਂ ਨੇ ਐਜੂਕੇਸ਼ਨ ਲੋਨ ਲਿਆ ਹੋਇਆ ਹੈ। ਰਾਜਸਥਾਨ ਦੇ 57, 940 ਵਿਦਿਆਰਥੀਆਂ ਨੇ 1355 ਕਰੋੜ, ਹਰਿਆਣਾ ਦੇ 36401 ਵਿਦਿਆਰਥੀਆਂ ਨੇ 953 ਕਰੋੜ , ਚੰਡੀਗੜ੍ਹ ਦੇ 4633 ਵਿਦਿਆਰਥੀਆਂ ਨੇ 166 ਕਰੋੜ ਅਤੇ ਗੁਜਰਾਤ ਦੇ 36401 ਵਿਦਿਆਰਥੀਆਂ ਨੇ 953 ਕਰੋੜ ਦਾ ਐਜੂਕੇਸ਼ਨ ਲੋਨ ਚੁੱਕਿਆ ਹੈ।
ਐਜੂਕੇਸ਼ਨ ਲੋਨ ਦੀ ਵਿਆਜ ਦਰ ਵਿਚ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਹੈ। ਤਕਰੀਬਨ 27 ਬੈਂਕਾਂ ਵੱਲੋਂ ਐਜੂਕੇਸ਼ਨ ਲੋਨ ਦਿੱਤਾ ਜਾ ਰਿਹਾ ਹੈ ਤੇ ਔਸਤਨ ਵਿਆਜ ਦਰ 10 ਤੋਂ 13 ਫੀਸਦੀ ਤੱਕ ਹੈ। ਬੈਂਕਾਂ ਵੱਲੋਂ ਪੜ੍ਹਾਈ ਦੌਰਾਨ ਵਿਦਿਆਰਥੀਆਂ ਤੋਂ ਕੋਈ ਕਿਸ਼ਤ ਨਹੀਂ ਲਈ ਜਾਂਦੀ। ਪੜ੍ਹਾਈ ਪੂਰੀ ਹੋਣ ਤੋਂ ਇਕ ਸਾਲ ਬਾਅਦ ਵਿਦਿਆਰਥੀਆਂ ਨੇ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ। ਜੇ ਪੜ੍ਹਾਈ ਮਗਰੋਂ ਵਿਦਿਆਰਥੀ ਨੂੰ ਨੌਕਰੀ ਮਿਲ ਜਾਂਦੀ ਹੈ ਤਾਂ ਨੌਕਰੀ ਦੇ 6 ਮਹੀਨੇ ਮਗਰੋਂ ਕਿਸ਼ਤ ਤਾਰਨੀ ਲਾਜ਼ਮੀ ਹੈ।
ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ ਨੇ ਕਿਹਾ ਕਿ ਵਿਦਿਆਰਥੀ ਬੇਰੁਜ਼ਗਾਰੀ ਕਾਰਨ ਦੋਹਰੀ ਮਾਰ ਝੱਲ ਰਹੇ ਹਨ। ਇਕ ਤਾਂ ਉਨ੍ਹਾਂ ਨੂੰ ਸਿੱਖਿਆ ਲਈ ਕਰਜ਼ਾ ਲੈਣਾ ਪਿਆ, ਦੂਜਾ ਨੌਕਰੀ ਨਾ ਮਿਲਣ ਕਰ ਕੇ ਕਿਸ਼ਤਾਂ ਮੋੜਨੀਆਂ ਮੁਸ਼ਕਲ ਹੋ ਗਈਆਂ। ਆਲ ਇੰਡੀਆ ਆਫੀਸਰਜ਼ ਐਸੋਸੀਏਸ਼ਨ (ਸਟੇਟ ਬੈਂਕ ਆਫ਼ ਪਟਿਆਲਾ) ਦੇ ਜ਼ੋਨਲ ਸਕੱਤਰ ਅਮਰੀਕ ਸਿੰਘ ਨੇ ਕਿਹਾ ਕਿ ਐਜੂਕੇਸ਼ਨ ਲੋਨ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਵਿਦਿਆਰਥੀਆਂ ਨੇ ਲਏ ਹਨ, ਜਿਨ੍ਹਾਂ ਦੇ ਮਾਪਿਆਂ ਕੋਲ ਪੜ੍ਹਾਈ ਕਰਾਉਣ ਦੀ ਪਹੁੰਚ ਨਹੀਂ ਹੈ। ਉਨ੍ਹਾਂ ਆਖਿਆ ਕਿ ਅਜਿਹੇ ਪਰਿਵਾਰਾਂ ਦੇ ਬੱਚੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਜਿਸ ਕਰ ਕੇ ਉਹ ਡਿਫਾਲਟਰ ਹੋਣੇ ਸ਼ੁਰੂ ਹੋ ਗਏ ਹਨ।
__________________________________
ਬੇਰੁਜ਼ਗਾਰਾਂ ਨੂੰ ਮੁਫਤ ਯਾਤਰਾ ਕਰਵਾਏਗੀ ਸਰਕਾਰ
ਚੰਡੀਗੜ੍ਹ: ਪੰਜਾਬ ਸਰਕਾਰ ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਤੀਰਥ ਯਾਤਰਾ ਕਰਾਏਗੀ। ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਸ਼ਾਂਤ ਕਰਨ ਲਈ ਇਹ ਨਵਾਂ ਸਰਕਾਰੀ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵਿਚ ਕੁਝ ਬਦਲਾਅ ਕੀਤਾ ਗਿਆ ਹੈ ਜਿਸ ਵਿਚ ਯਾਤਰੀਆਂ ਦੀ ਚੋਣ ਦਾ ਪੈਮਾਨਾ ਨਿਰਧਾਰਤ ਕੀਤਾ ਗਿਆ ਹੈ। ਨਵੇਂ ਫੈਸਲੇ ਅਨੁਸਾਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰੇਲ ਗੱਡੀ ਵਿਚ 25 ਫੀਸਦੀ ਸੀਟਾਂ ਬੇਰੁਜ਼ਗਾਰਾਂ ਅਤੇ ਵਿਦਿਆਰਥੀਆਂ ਲਈ ਰਾਖਵੀਆਂ ਕਰ ਦਿੱਤੀਆਂ ਹਨ। ਪਹਿਲਾਂ ਤੀਰਥ ਯਾਤਰਾ ਕਿਸੇ ਵੀ ਉਮਰ ਦਾ ਯਾਤਰੀ ਕਰ ਸਕਦਾ ਸੀ, ਪਰ ਹੁਣ 55 ਸਾਲ ਤੋਂ ਉਪਰ ਦਾ ਵਿਅਕਤੀ ਹੀ ਯਾਤਰਾ ਕਰ ਸਕੇਗਾ। ਨਵੀਂ ਨੀਤੀ ਵਿਚ ਬੇਰੁਜ਼ਗਾਰਾਂ ਅਤੇ ਵਿਦਿਆਰਥੀਆਂ ਨੂੰ ਉਮਰ ਹੱਦ ਤੋਂ ਛੋਟ ਦੇ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਤੀਰਥ ਯਾਤਰਾ ਵਾਸਤੇ ਬਣੀ ਮੰਤਰੀ ਪੱਧਰ ਦੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਨਵੇਂ ਬਦਲਾਅ ਅਨੁਸਾਰ ਮੌਜੂਦਾ ਅਤੇ ਸੇਵਾ ਮੁਕਤ ਸਰਕਾਰੀ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਤੀਰਥ ਯਾਤਰਾ ਸਕੀਮ ਵਿਚੋਂ ਆਊਟ ਕਰ ਦਿੱਤਾ ਗਿਆ ਹੈ। ਅੰਗਹੀਣ ਯਾਤਰੀਆਂ ਲਈ 10 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਇਕ ਪਰਿਵਾਰ ਦੇ ਵੱਧ ਤੋਂ ਵੱਧ ਤਿੰਨ ਮੈਂਬਰ ਹੀ ਹੁਣ ਤੀਰਥ ਯਾਤਰਾ ਕਰ ਸਕਣਗੇ। ਸਕੀਮ ਤਹਿਤ ਹੁਣ ਪੰਜਾਬ ਦਾ ਵਸਨੀਕ ਹੋਣ ਦੀ ਸ਼ਰਤ ਵੀ ਲਗਾ ਦਿੱਤੀ ਗਈ ਹੈ। ਸਮਾਜ ਸੇਵੀ ਲੋਕਾਂ ਦਾ ਵੀ ਹੁਣ ਸਕੀਮ ਵਿਚ ਧਿਆਨ ਰੱਖਿਆ ਗਿਆ ਹੈ।