ਡੇਵਿਡ ਹੈਡਲੀ ਨੂੰ ਘੱਟ ਸਜ਼ਾ ਦੇਣ ‘ਤੇ ਭਾਰਤ ਖਫ਼ਾ

ਨਵੀਂ ਦਿੱਲੀ: ਭਾਰਤ ਨੇ ਕਿਹਾ ਹੈ ਕਿ 2008 ਦੇ ਮੁੰਬਈ ਹਮਲਿਆਂ ਦੇ ਦੋਸ਼ੀ ਡੇਵਿਡ ਹੈਡਲੀ ਨੂੰ ਅਮਰੀਕਾ ਵੱਲੋਂ ‘ਸਖ਼ਤ ਸਜ਼ਾ’ ਨਾ ਦੇਣ ‘ਤੇ ਉਹ ਕਾਫੀ ਨਿਰਾਸ਼ ਹੈ। ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੂੰ ਦਿੱਤੀ ਗਈ 35 ਸਾਲਾਂ ਦੀ ਸਜ਼ਾ ਉਸ ਵੱਲੋਂ ਕੀਤੇ ਗਏ ਗੁਨਾਹਾਂ ਤੋਂ ਕਿਤੇ ਘੱਟ ਹੈ। ਇਸ ਦੇ ਬਾਵਜੂਦ ਭਾਰਤ ਉਸ ਦੀ ਸਪੁਰਦਗੀ ਲਈ ਕੋਸ਼ਿਸ਼ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨੀ-ਅਮਰੀਕੀ ਦਹਿਸ਼ਤਗਰਦ ਡੇਵਿਡ ਕੋਲਮੈਨ ਹੈਡਲੀ ਨੂੰ ਮੁੰਬਈ ਅਤਿਵਾਦੀ ਹਮਲੇ ਸਬੰਧੀ ਕੇਸ ਵਿਚ ਅਮਰੀਕੀ ਅਦਾਲਤ ਨੇ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 52 ਸਾਲਾ ਹੈਡਲੀ ਨੇ ਅਮਰੀਕੀ ਤਫ਼ਤੀਸ਼ਕਾਰਾਂ ਨਾਲ ਸਮਝੌਤਾ ਕਰ ਲਿਆ ਸੀ ਜਿਸ ਤਹਿਤ ਉਸ ਨੇ ਇਸ ਕੇਸ ਨਾਲ ਸਬੰਧਤ ਅਹਿਮ ਜਾਣਕਾਰੀ ਦੇਣ ਬਦਲੇ ਮੌਤ ਦੀ ਸਜ਼ਾ ਤੋਂ ਛੋਟ ਮੰਗੀ ਸੀ। ਇਸੇ ਕਰਕੇ ਇਸਤਗਾਸਾ ਪੱਖ ਨੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਨਹੀਂ ਕੀਤੀ।
ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਹੈਡਲੀ ਨੂੰ ‘ਸਖ਼ਤ ਸਜ਼ਾ’ ਮਿਲਣੀ ਚਾਹੀਦੀ ਸੀ ਜਦਕਿ ਗ੍ਰਹਿ ਸਕੱਤਰ ਆਰਕੇ ਸਿੰਘ ਨੇ ਕਿਹਾ ਕਿ ਪਾਕਿਸਤਾਨੀ-ਅਮਰੀਕੀ ਲਸ਼ਕਰ-ਏ-ਤੋਇਬਾ ਦੇ ਇਸ ਅਤਿਵਾਦੀ ‘ਤੇ ਮੁੰਬਈ ਹਮਲਿਆਂ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਮਿਲਣੀ ਚਾਹੀਦੀ ਹੈ। ਸ੍ਰੀ ਖੁਰਸ਼ੀਦ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਹੈਡਲੀ ਖ਼ਿਲਾਫ਼ ਭਾਰਤ ਵਿਚ ਮੁਕੱਦਮਾ ਚੱਲੇ ਤੇ ਉਸ ਨੂੰ ‘ਸਖ਼ਤ ਤੋਂ ਸਖ਼ਤ’ ਸਜ਼ਾ ਮਿਲੇ ਪਰ ਉਸ ਨੂੰ 35 ਸਾਲਾਂ ਦੀ ਸਜ਼ਾ ਦਿੱਤੇ ਜਾਣ ਤੋਂ ਕਾਫੀ ਨਿਰਾਸ਼ਾ ਹੈ। ਜੇਕਰ ਹੈਡਲੀ ਖ਼ਿਲਾਫ਼ ਇੱਥੇ ਮੁਕੱਦਮਾ ਚੱਲਦਾ ਤਾਂ ਉਸ ਨੂੰ ਸਖ਼ਤ ਸਜ਼ਾ ਮਿਲਣੀ ਸੀ। ਗ੍ਰਹਿ ਸਕੱਤਰ ਨੇ ਕਿਹਾ ਕਿ ਭਾਰਤ ਹੈਡਲੀ ਲਈ ਸਜ਼ਾ-ਏ-ਮੌਤ ਚਾਹੁੰਦਾ ਹੈ। ਇਸ ਦੌਰਾਨ ਕਾਂਗਰਸ ਤੇ ਭਾਜਪਾ ਨੇ ਇਕੋ ਸੁਰ ਵਿਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਡੇਵਿਡ ਹੈਡਲੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਕਾਂਗਰਸ ਦੇ ਤਰਜਮਾਨ ਰਾਸ਼ਿਦ ਅਲਵੀ ਨੇ ਕਿਹਾ ਕਿ ਹੈਡਲੀ ਨੂੰ ਹੋਈ ਸਜ਼ਾ ਤੋਂ ਉਨ੍ਹਾਂ ਦੀ ਪਾਰਟੀ ਨਿਰਾਸ਼ ਹੈ।
ਜ਼ਿਕਰਯੋਗ ਹੈ ਕਿ ਫੈਡਰਲ ਜ਼ਿਲ੍ਹਾ ਜੱਜ ਹੈਰੀ ਲੈਨਿਨਵੈਬਰ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ 35 ਸਾਲਾਂ ਦੀ ਕੈਦ ਕੱਟਣ ਮਗਰੋਂ ਹੈਡਲੀ ਨੂੰ ਪੰਜ ਸਾਲ ਹੋਰ ਪੁਲਿਸ ਦੀ ਨਿਗਰਾਨੀ ਹੇਠ ਬਿਤਾਉਣੇ ਪੈਣਗੇ। ਇਸਤਗਾਸਾ ਪੱਖ ਵੱਲੋਂ ਅਪਣਾਏ ਰੁਖ ‘ਤੇ ਆਪਣੀ ਨਾਖ਼ੁਸ਼ੀ ਜ਼ਾਹਰ ਕਰਦਿਆਂ ਜੱਜ ਲੈਨਿਨਵੈਬਰ ਨੇ ਕਿਹਾ ਕਿ ਮੁਲਜ਼ਮ ਦਹਿਸ਼ਤਗਰਦ ਹੈ। ਉਹ ਘਿਨਾਉਣੇ ਅਪਰਾਧ ਕਰਦਾ ਹੈ, ਫਿਰ ਤਫਤੀਸ਼ੀ ਏਜੰਸੀਆਂ ਨੂੰ ਸਹਿਯੋਗ ਦਿੰਦਾ ਹੈ ਤੇ ਇਸ ਸਹਿਯੋਗ ਬਦਲੇ ਇਨਾਮ ਹਾਸਲ ਕਰ ਜਾਂਦਾ ਹੈ। ਅਜਿਹਾ ਬੰਦਾ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਹੈਡਲੀ ਨੇ ਮੁਕੱਦਮੇ ਦੇ ਮੁੱਢ ਵਿਚ ਆਪਣਾ ਦੋਸ਼ ਕਬੂਲ ਲਿਆ ਸੀ ਤੇ ਫਿਰ ਮੁਕੱਦਮੇ ਦੌਰਾਨ ਆਪਣੇ ਸਹਿ-ਮੁਲਜ਼ਮ ਤਹੱਵੁਰ ਰਾਣਾ ਦੇ ਖ਼ਿਲਾਫ਼ ਗਵਾਹੀ ਦਿੱਤੀ ਸੀ। ਹੈਡਲੀ ਨੇ ਕਬੂਲਿਆ ਸੀ ਕਿ ਲਸ਼ਕਰ-ਏ-ਤੋਇਬਾ ਵੱਲੋਂ ਪਾਕਿਸਤਾਨ ਵਿਚ ਚਲਾਏ ਗਏ ਦਹਿਸ਼ਤਗਰਦੀ ਸਿਖਲਾਈ ਕੈਂਪਾਂ ਵਿਚ ਉਹ 2002 ਤੋਂ 2005 ਤੱਕ ਪੰਜ ਵਾਰ ਸ਼ਾਮਲ ਹੋਇਆ। ਉਸ ਤੋਂ ਬਾਅਦ ਲਸ਼ਕਰ ਤੋਂ ਮਿਲੀਆਂ ਹਦਾਇਤਾਂ ਮੁਤਾਬਕ ਉਹ ਵਾਰ ਵਾਰ ਭਾਰਤ ਗਿਆ ਤੇ ਮੁੰਬਈ ਵਿੱਚ ਉਨ੍ਹਾਂ ਥਾਵਾਂ ਤੇ ਟਿਕਾਣਿਆਂ ਦੀ ਚੋਣ ਕੀਤੀ ਜਿਨ੍ਹਾਂ ਨੂੰ 26 ਨਵੰਬਰ, 2008 ਵਿਚ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਵਿਚ ਛੇ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ।
______________________________________________
ਹੈਡਲੀ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ?
ਸ਼ਿਕਾਗੋ: ਪਾਕਿਸਤਾਨੀ ਅਮਰੀਕੀ ਅਤਿਵਾਦੀ ਡੇਵਿਡ ਹੈਡਲੀ ਜਿਸ ਜੇਕਰ ਅਮਰੀਕੀ ਸਰਕਾਰ ਨਾਲ ਕੀਤੇ ਸਮਝੌਤੇ ਤੋਂ ਮਾੜਾ ਮੋਟਾ ਵੀ ਉਰ੍ਹਾਂ-ਪਰ੍ਹਾਂ ਹੁੰਦਾ ਹੈ ਤਾਂ ਉਸ ਨੂੰ ਭਾਰਤ ਜਾਂ ਕਿਸੇ ਹੋਰ ਮੁਲਕ ਦੇ ਹਵਾਲੇ ਕੀਤਾ ਜਾ ਸਕਦਾ ਹੈ।ਅਮਰੀਕੀ ਅਟਾਰਨੀ ਗੈਰੀ ਐਸ ਸ਼ਾਪੀਰੋ ਨੇ ਦੱਸਿਆ ਕਿ “52 ਸਾਲਾ ਹੈਡਲੀ ਨੇ ਸਰਕਾਰ ਨਾਲ ਜੋ ਸਮਝੌਤਾ ਕੀਤਾ ਹੈ, ਜੇਕਰ ਉਹ ਉਸ ਮੁਤਾਬਕ ਨਹੀਂ ਚੱਲਦਾ ਤੇ ਭਵਿੱਖ ਵਿਚ ਕਿਸੇ ਵਿਦੇਸ਼ੀ ਸਰਕਾਰ ਨੂੰ ਜਾਂਚ ਵਿਚ ਸਹਿਯੋਗ ਨਹੀਂ ਦਿੰਦਾ ਤਾਂ ਉਸ ਨੂੰ ਦੂਜੇ ਮੁਲਕ ਦੇ ਸਪੁਰਦ ਕੀਤਾ ਜਾ ਸਕਦਾ ਹੈ। ਇਸ ਸਮੇਂ ਹੈਡਲੀ ਨਾਲ ਅਮਰੀਕੀ ਸਰਕਾਰ ਨੇ ਜੋ ਸਮਝੌਤਾ ਕੀਤਾ ਹੈ, ਉਸ ਮੁਤਾਬਕ ਉਸ ਨੂੰ ਭਾਰਤ, ਪਾਕਿਸਤਾਨ ਜਾਂ ਡੈਨਮਾਰਕ ਸਪੁਰਦ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਸ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਹੈਡਲੀ ਦੀ ਸਪੁਰਦਗੀ ਲੈਣ ਲਈ ਲਗਾਤਾਰ ਅਮਰੀਕਾ ‘ਤੇ ਦਬਾਅ ਜਾਰੀ ਰੱਖੇਗਾ। ਭਾਰਤ ਨੂੰ ਉਹ ਮੁੰਬਈ ਅਤਿਵਾਦੀ ਹਮਲਿਆਂ ਵਿਚ ਲੋੜੀਂਦਾ ਹੈ। ਇਨ੍ਹਾਂ ਹਮਲਿਆਂ ਵਿਚ ਛੇ ਅਮਰੀਕੀਆਂ ਸਣੇ 166 ਵਿਅਕਤੀ ਮਾਰੇ ਗਏ ਸਨ। ਅਟਾਰਨੀ ਜਨਰਲ ਅਨੁਸਾਰ ਹੈਡਲੀ ਨਾਲ ਹੋਏ ਸਮਝੌਤੇ ਮੁਤਾਬਕ ਜੇਕਰ ਉਹ ਜਾਂਚ ਵਿਚ ਸਹਿਯੋਗ ਨਹੀਂ ਕਰਦਾ ਜਾਂ ਸਹਿਯੋਗ ਕਰਨ ਵੇਲੇ ਕੁਝ ਲੁਕਾਉਂਦਾ ਹੈ ਤਾਂ ਇਹ ਸਮੁੱਚੇ ਸਮਝੌਤੇ ਦੀ ਉਲੰਘਣਾ ਮੰਨੀ ਜਾਵੇਗੀ। ਇਹ ਸਹਿਯੋਗ ਸਿਰਫ਼ ਅਮਰੀਕੀ ਪ੍ਰਸ਼ਾਸਨ ਨਾਲ ਹੀ ਨਹੀਂ ਸਗੋਂ ਵਿਦੇਸ਼ੀ ਸਰਕਾਰਾਂ ਨਾਲ ਵੀ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਲਸ਼ਕਰ-ਏ-ਤੋਇਬਾ ਦੇ ਆਗੂਆਂ ਸਮੇਤ ਨਾਮਜ਼ਦ ਹੋਰ ਛੇ ਵਿਅਕਤੀਆਂ ਨੂੰ ਵੀ ਨਿਆਂ ਦੀ ਗ੍ਰਿਫਤ ਵਿਚ ਲਿਆਉਣ ਦੀ ਕਾਰਵਾਈ ਜਾਰੀ ਰੱਖੇਗਾ। ਤਹੱਵਰ ਰਾਣਾ ਤੇ ਹੈਡਲੀ ਤੋਂ ਇਲਾਵਾ ਇਨ੍ਹਾਂ ਛੇ ਦੇ ਨਾਮ ਇਲਿਆਸ ਕਸ਼ਮੀਰੀ, ਅਬਦੁਰ ਰਹਿਮਾਨ, ਹਾਸ਼ਿਮ ਸਈਦ ਉਰਫ ਪਾਸ਼ਾ, ਅੱਬੂ ਕੁਹਾਫਾ, ਸਾਜਿਦ ਮੀਰ, ਮਜ਼ਹਰ ਇਕਬਾਲ ਤੇ ਮੇਜਰ ਇਕਬਾਲ ਹਨ। ਇਨ੍ਹਾਂ ਵਿਚੋਂ ਇਲਿਆਸ ਕਸ਼ਮੀਰੀ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਦੱਸਿਆ ਜਾਂਦਾ ਹੈ ਤੇ ਬਾਕੀ ਦੇ ਪੰਜ ਪਾਕਿਸਤਾਨ ਵਿਚ ਲੁਕੇ ਹੋਏ ਦੱਸੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਵੀ ਹੋਵੇ ਅਮਰੀਕਾ ਵੱਲੋਂ ਭਾਲ ਜਾਰੀ ਰਹੇਗੀ।

Be the first to comment

Leave a Reply

Your email address will not be published.