ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਿੱਖ ਕੌਮ ਦੇ ‘ਬੇਤਾਜ ਬਾਦਸ਼ਾਹ’ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਰਦਾਸੀਏ ਭਾਈ ਬਲਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਦੇ ਬਾਵਜੂਦ ਸਿਰੋਪਾਓ ਨਾ ਦੇ ਕੇ ਸਿੱਖ ਜਗਤ ਵਿਚ ਤਹਿਲਕਾ ਮਚਾ ਦਿੱਤਾ। ਦੇਖਿਆ ਜਾਵੇ ਤਾਂ ਅੱਜ ਜੋ ਪੰਜਾਬ ਅਤੇ ਸਿੱਖ ਧਰਮ ਅੰਦਰ ਹਾਹਾਕਾਰ ਮੱਚੀ ਪਈ ਹੈ, ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਮੁੱਖ ਮੰਤਰੀ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਿਰ ਹੀ ਲੱਗਦੀ ਹੈ।
ਕੁਝ ਮਹੀਨੇ ਪਹਿਲਾਂ ਹੀ ਜਦੋਂ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਕੋਲੋਂ ਮੁਆਫੀ ਦਿਵਾ ਕੇ ਵੋਟ ਬੈਂਕ ਆਪਣੇ ਨਾਮ ਕਰਨ ਦੀ ਚਾਲ ਖੇਡੀ ਗਈ ਤਾਂ ਸਿੱਖਾਂ ਅੰਦਰ ਭਾਂਬੜ ਬਲ ਉਠੇ। ਰੋਸ ਵਜੋਂ ਸਿੱਖ ਸੰਗਤ ਸੜਕਾਂ ‘ਤੇ ਨਿਕਲ ਆਈ। ਸੜਕਾਂ ‘ਤੇ ਇਹ ਹੜ੍ਹ ਵੇਖ ਕੇ ਇਹ ਲੋਕ ਅੰਦਰੋਂ ਕੰਬ ਉਠੇ ਅਤੇ ਇਕ ਹੋਰ ਭਿਆਨਕ ਕਾਰਾ ਸ਼ੁਰੂ ਹੋ ਗਿਆ। ਅਸਲ ਵਿਚ ਇਹ ਸੌੜੀ ਰਾਜਨੀਤੀ ਦੀ ਘਟੀਆ ਰਣਨੀਤੀ ਸੀ ਕਿ ਸਿੱਖਾਂ ਦੇ ਸੁਨਾਮੀ ਨੂੰ ਅਸਲੀ ਮੁੱਦੇ ਤੋਂ ਕਿਵੇਂ ਭਟਕਾਇਆ ਜਾਵੇ। ਇਸ ਲਈ ਪੰਜਾਬ ਦੀ ਸਿਆਸਤ ਅਤੇ ਧਰਮ ਦੇ ਮਾਲਕ ਬਣੇ ਬੈਠੇ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਦੇਹ ਦੇ ਅੰਗ ਪਾੜ-ਪਾੜ ਕੇ ਸੁੱਟਣੇ ਸ਼ੁਰੂ ਕਰ ਦਿਤੇ। ਜਿਉਂ ਹੀ ਇਹ ਮਾੜੀ ਖਬਰ ਆਈ, ਸਾਰਾ ਸਿੱਖ ਜਗਤ ਜਥੇਦਾਰਾਂ ਵੱਲੋਂ ਮੂੰਹ ਮੋੜ ਕੇ ਸ਼ਬਦ ਗੁਰੂ ਦੇ ਸਰੂਪ ਦੀ ਥਾਂ-ਥਾਂ ਉਤੇ ਹੋ ਰਹੀ ਬੇਅਦਬੀ ਵਾਲੇ ਪਾਸੇ ਹੋ ਤੁਰਿਆ। ਸਰਕਾਰ ਦੀ ਕੂਟਨੀਤੀ ਕੰਮ ਕਰ ਗਈ, ਕਈ ਹਫਤਿਆਂ ਤੱਕ ਸ਼ਬਦ ਗੁਰੂ ਦੇ ਅੰਗ ਗਲੀਆਂ ਤੇ ਸੜਕਾਂ ‘ਤੇ ਖਿਲਰਦੇ ਰਹੇ।
ਉਧਰ, ਸਿੱਖ ਪੰਜਾਬ ਸਰਕਾਰ ਨੂੰ ਆਵਾਜ਼ਾਂ ਮਾਰਦੇ ਰਹੇ ਅਤੇ ਰੋਸ ਮੁਜਾਹਰੇ ਕਰਦੇ ਰਹੇ ਕਿ ਗੁਨਾਹਗਾਰਾਂ ਨੂੰ ਫੜ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਪਰ ਸਜ਼ਾਵਾਂ ਕਿਸ ਨੂੰ ਅਤੇ ਕਿਸ ਨੇ ਦੇਣੀਆਂ ਸਨ? ਹੌਲੀ-ਹੌਲੀ ਡੇਰਾ ਮੁਖੀ ਅਤੇ ਜਥੇਦਾਰਾਂ ਵਾਲਾ ਮਸਲਾ ਠੰਢਾ ਹੋ ਗਿਆ ਅਤੇ ਗੁਰੂ ਦੀ ਬੇਅਦਬੀ ਕਰਨ ਵਾਲਾ ਵੀ ਅੱਜ ਤੱਕ ਨਾ ਫੜਿਆ ਗਿਆ। ਉਂਜ, ਰੱਤ ਪੀਣੀ ਸਰਕਾਰ ਰਾਜਨੀਤੀ ਦੇ ਤਖ਼ਤ ਅਤੇ ਗੁਰੂ ਦੀਆਂ ਗੋਲਕਾਂ ਉਤੇ ਜਿਉਂ ਦੀ ਤਿਉਂ ਬੈਠੀ ਰਹੀ, ਚੰਮ ਦੀਆਂ ਵੀ ਚਲਾਉਂਦੀ ਰਹੀ। ਫਿਰ ਵਕਤ ਆ ਗਿਆ ਕਿ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਪਹੁੰਚ ਗਏ, ਪਰ ਸਦਕੇ ਜਾਈਏ ਭਾਈ ਬਲਵੀਰ ਸਿੰਘ ਦੇ ਜੋ ਉਸ ਦਿਨ ਅਰਦਾਸੀਏ ਸਿੰਘ ਦੀ ਡਿਊਟੀ ‘ਤੇ ਤਾਇਨਾਤ ਸਨ। ਗੈਰਤ ਜਾਗ ਉਠੀ, ਉਨ੍ਹਾਂ ਪੰਜਾਬ ਦੇ ‘ਬਾਦਸ਼ਾਹ’ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਕੇ ਮਿਸਾਲ ਕਾਇਮ ਕਰ ਦਿੱਤੀ। ਉਨ੍ਹਾਂ ਸਿੱਖਾਂ ਦੀ ਇਜ਼ਤ ਰੱਖ ਵਿਖਾਈ। ਉਨ੍ਹਾਂ ਅੰਦਰ ਇਕ ਪਾਸੇ ਠਾਠਾਂ ਮਾਰਦਾ ਗੁਰੂ ਦੇ ਸਤਿਕਾਰ ਦਾ ਜਜ਼ਬਾ ਸੀ ਅਤੇ ਦੂਜੇ ਪਾਸੇ ਸੀ ਪੰਜਾਬ ਦਾ ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਦੀ ਨੌਕਰੀ, ਆਪਣਾ ਰੁਤਬਾ ਅਤੇ ਪਰਿਵਾਰ ਦੇ ਨਿਰਬਾਹ ਲਈ ਸਾਹਮਣੇ ਖੜ੍ਹੀਆਂ ਮੁਸ਼ਕਲਾਂ। ਇਨ੍ਹਾਂ ਸਭ ਗੱਲਾਂ ਤੋਂ ਉਪਰ ਉਠ ਕੇ ਇਸ ਸੱਚੇ ਸਿੱਖ ਨੇ ਗੁਰੂ ਵਾਲਾ ਹੋਣ ਦਾ ਸਬੂਤ ਦੇ ਕੇ ਸਿੱਖਾਂ ਦਾ ਮਾਣ ਰੱਖ ਲਿਆ।
ਉਧਰ, ਸ਼੍ਰ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਭਾਈ ਬਲਵੀਰ ਸਿੰਘ ਦਾ ਤਬਾਦਲਾ ਗੁਰਦੁਆਰਾ ਚਰਨ ਕਵਲ, ਮਾਛੀਵਾੜਾ ਕਰ ਕੇ ਆਪਣੇ ਸਰਕਾਰੀ ਹੋਣ ਦਾ ਸਬੂਤ ਦੇ ਦਿੱਤਾ ਅਤੇ ਬਿਆਨ ਵੀ ਜਾਰੀ ਕਰ ਦਿੱਤਾ ਕਿ ਬਲਵੀਰ ਸਿੰਘ ਨੂੰ ਇਹ ਪਹਿਲਾਂ ਹੀ ਆਦੇਸ਼ ਮਿਲ ਚੁੱਕਾ ਸੀ ਕਿ ਮੁੱਖ ਮੰਤਰੀ ਮੱਥਾ ਟੇਕਣ ਆ ਰਹੇ ਹਨ, ਉਨ੍ਹਾਂ ਲਈ ਸਿਰੋਪਾਓ ਤਿਆਰ ਰੱਖਿਆ ਜਾਵੇ, ਪਰ ਉਸ ਨੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੋਣ ਦੇ ਬਾਵਜੂਦ ਇਹ ‘ਗੁਨਾਹ’ ਕੀਤਾ ਹੈ। ਦੋ ਦਿਨ ਮਗਰੋਂ ਹੀ ਸਰਬਤ ਖਾਲਸਾ ਦੁਆਰਾ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਤਾਂ ਸ਼੍ਰ੍ਰੋਮਣੀ ਕਮੇਟੀ ਦੇ ਮੈਨੇਜਰ ਨੇ ਸੇਵਾਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਨ੍ਹਾਂ ਦੋਵਾਂ ਨੂੰ ਸਿਰੋਪਾਓ ਨਾ ਦਿੱਤਾ ਜਾਵੇ, ਬਲਕਿ ਉਥੋਂ ਸਿਰੋਪਾਓ ਚੁਕਵਾ ਕੇ ਲਾਂਭੇ ਕਰ ਦਿੱਤੇ ਗਏ, ਪਰ ਜਦੋਂ ਉਹ ਦੋਵੇਂ ਜਥੇਦਾਰ ਅੰਦਰ ਮੱਥਾ ਟੇਕਣ ਆਏ ਤਾਂ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਦੇ ਦਿੱਤਾ। ਸਿੱਟੇ ਵਜੋਂ ਇਕ ਘੰਟੇ ਮਗਰੋਂ ਹੀ ਉਸ ਖਿਲਾਫ ਕਾਰਵਾਈ ਕਰ ਦਿੱਤੀ ਗਈ।
ਵਿਚਾਰਨਯੋਗ ਹੈ ਕਿ ਬਾਦਲ ਨੂੰ ਅਰਦਾਸੀਏ ਨੇ ਸਿਰੋਪਾਓ ਨਹੀਂ ਦਿੱਤਾ ਤਾਂ ਸਾਰੀ ਸ਼੍ਰੋਮਣੀ ਕਮੇਟੀ ਅੱਗ ਬਬੂਲਾ ਹੋ ਗਈ; ਸਰਬਤ ਖਾਲਸੇ ਦੇ ਦੋ ਜਥੇਦਾਰਾਂ ਨੂੰ ਸੇਵਾਦਾਰ ਨੇ ਪਤਾਸਾ ਪ੍ਰਸ਼ਾਦ ਦੇ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਨੂੰ ਫਿਰ ਭਾਜੜਾਂ ਪੈ ਗਈਆਂ। ਹੁਣ ਸਿੱਖਾਂ ਨੂੰ ਇਹ ਸੋਚਣਾ ਪਵੇਗਾ ਕਿ ਸ੍ਰੀ ਅਕਾਲ ਤਖਤ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਸਿੱਖ ਕੌਮ ਦੇ ਧਾਰਮਿਕ ਸਥਾਨ ਹਨ ਜਾਂ ਸੱਤਾ ‘ਤੇ ਕਾਬਜ਼ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਨਿਜੀ ਅਦਾਰੇ! ਇਸੇ ਪ੍ਰਸੰਗ ਵਿਚ ਅੱਜ ਸਿੱਖਾਂ ਨੂੰ ਧੜੇਬੰਦੀਆਂ ਤੋਂ ਉਤੇ ਉਠ ਕੇ ਕੌਮ ਦੀ ਰਹਿਨੁਮਾਈ ਕਰਨ ਵਾਲੇ ਆਗੂਆਂ ਦੀ ਲੋੜ ਹੈ ਜੋ ਗੁਰੂ ਦੇ ਭੈਅ ਵਿਚ ਰਹਿ ਕੇ ਸੁਚੱਜੀ ਸੇਧ ਦੇ ਸਕਣ ਅਤੇ ਆਪਣੇ ਧਾਰਮਿਕ ਅਸਥਾਨਾਂ ਦੇ ਸਤਿਕਾਰ ਨੂੰ ਬਹਾਲ ਕਰਵਾ ਸਕਣ। ਅੱਜ ਹਰ ਮਾਈ ਭਾਈ ਦੇ ਜਾਗਣ ਦਾ ਵੇਲਾ ਹੈ। ਧੜੇਬੰਦੀਆਂ ਅਤੇ ਪਾਰਟੀਆਂ ਤੋਂ ਅੱਗੇ ਨਿਕਲ ਕੇ ਆਓ, ਪੰਜਾਬ ਲਈ ਕੁਝ ਕਰੀਏ!