ਇਸ ਲੇਖ ਦੇ ਲੇਖਕ ਗੁਰਪ੍ਰੀਤ ਸਿੰਘ ਕੈਨੇਡਾ ਤੋਂ ਨਿਕਲਦੇ ਮਾਸਿਕ ਅੰਗਰੇਜ਼ੀ ‘ਰੈਡੀਕਲ ਦੇਸੀ’ ਦੇ ਬਾਨੀ ਹਨ। ਕੈਨੇਡਾ ਪੁੱਜਣ ਤੋਂ ਪਹਿਲਾਂ ਉਹ ‘ਇੰਡੀਅਨ ਐਕਸਪ੍ਰੈੱਸ’ ਅਤੇ ‘ਦਿ ਟ੍ਰਿਬਿਊਨ’ ਅਖਬਾਰਾਂ ਨਾਲ ਜੁੜੇ ਰਹੇ ਹਨ। ਉਹ ਇਸ ਵਕਤ ਸਪਾਈਸ ਰੇਡੀਓ, ਬਰਨਬੀ ਵਿਖੇ ਨਿਊਜ਼ ਕਾਸਟਰ ਤੇ ਟਾਕ-ਸ਼ੋਅ ਹੋਸਟ ਹਨ ਅਤੇ ਬਤੌਰ ਫਰੀਲਾਂਸ ਲੇਖਕ ‘ਜਾਰਜੀਆ ਸਟਰੇਟ’, ‘ਪੀਪਲਜ਼ ਵਾਇਸ’ ਅਤੇ ‘ਹਿੰਦੁਸਤਾਨ ਟਾਈਮਜ਼’ ਆਦਿ ਅਖ਼ਬਾਰਾਂ ਲਈ ਲਿਖਦੇ ਹਨ। ਇਸ ਲੇਖ ਵਿਚ ਉਨ੍ਹਾਂ ਨੇ ਹਿੰਦੁਸਤਾਨੀ ਏਜੰਸੀਆਂ ਵਲੋਂ ਕੈਨੇਡਾ ਵਿਚ ਖ਼ਾਲਿਸਤਾਨੀ ਸਿਖਲਾਈ ਕੈਂਪਾਂ ਦੇ ਹਊਏ ਉਪਰ ਤਬਸਰਾ ਕੀਤਾ ਹੈ।
-ਸੰਪਾਦਕ
ਗੁਰਪ੍ਰੀਤ ਸਿੰਘ
ਤਰਜਮਾ: ਬੂਟਾ ਸਿੰਘ
ਬ੍ਰਿਟਿਸ਼ ਕੋਲੰਬੀਆ ਵਿਚ ਸਿੱਖ ਵੱਖਵਾਦੀਆਂ ਦੇ ਹਥਿਆਰਬੰਦ ਸਿਖਲਾਈ ਕੈਂਪ ਲੱਗਣ ਅਤੇ ਕੈਨੇਡਾ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀ ਆਈæਐਸ਼ਐਸ਼ ਨਾਲ ਮਿਲ ਕੇ ਉਨ੍ਹਾਂ ਵਲੋਂ ਹਿੰਦੁਸਤਾਨ ਵਿਚ ਗੜਬੜ ਕਰਾਉਣ ਦੇ ਹਾਲੀਆ ਦਾਅਵੇ ਉਨ੍ਹਾਂ ਤਾਕਤਾਂ ਅਤੇ ਏਜੰਸੀਆਂ ਵਲੋਂ ਡਰ ਪੈਦਾ ਕਰਨ ਦੀ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਜੋ ਸੌੜੇ ਸਿਆਸੀ ਹਿਤਾਂ ਲਈ ਕੰਮ ਕਰ ਰਹੀਆਂ ਹਨ।
ਹਿੰਦੁਸਤਾਨ ਦੇ ਕੁਝ ਉਘੇ ਰੋਜ਼ਾਨਾ ਅਖ਼ਬਾਰਾਂ ਨੇ ਹਾਲ ਹੀ ਵਿਚ ਰਿਪੋਰਟ ਛਾਪੀ ਸੀ ਕਿ ਸਿੱਖ ਅਤਿਵਾਦੀਆਂ ਵਲੋਂ ਮਿਸ਼ਨ ਵਿਚ ਹਥਿਆਰਬੰਦ ਸਿਖਲਾਈ ਕੈਂਪ ਚਲਾਇਆ ਜਾ ਰਿਹਾ ਹੈ। ਹਿੰਦੁਸਤਾਨੀ ਖੁਫ਼ੀਆ ਏਜੰਸੀਆਂ ਦੇ ਬੇਨਾਮ ਸੂਤਰਾਂ ਦਾ ਹਵਾਲਾ ਦਿੰਦਿਆਂ, ਇਸ ਮੀਡੀਆ ਨੇ ਨਾ ਸਿਰਫ਼ ਸਰੀ ਆਧਾਰਤ ਇਕ ਸਿੱਖ ਦੀ ਕੈਂਪ ਪ੍ਰਬੰਧਕ ਦੇ ਤੌਰ ‘ਤੇ ਨਿਸ਼ਾਨਦੇਹੀ ਕਰ ਦਿਤੀ, ਸਗੋਂ ਇਥੋਂ ਤਕ ਕਿਹਾ ਕਿ ਪੰਜਾਬ ਵਿਚ ਦਹਿਸ਼ਤਵਾਦ ਤੇ ਹਿੰਸਾ ਨੂੰ ਫਿਰ ਤੋਂ ਸੁਰਜੀਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੁਝ ਮੀਡੀਆ ਸਟੋਰੀਆਂ ਵਿਚ ਤਾਂ ਇਹ ਵੀ ਕਿਹਾ ਗਿਆ ਕਿ ਖ਼ਾਲਿਸਤਾਨ ਦੇ ਹਮਾਇਤੀ ਕੈਨੇਡਾ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਪੰਜਾਬ ਵਿਚ ਖ਼ਾਲਿਸਤਾਨ ਦੀ ਲਹਿਰ ਉਦੋਂ ਸ਼ੁਰੂ ਹੋਈ ਜਦੋਂ ਹਕੂਮਤ ਅਤੇ ਸਿੱਖ ਆਗੂਆਂ ਦਰਮਿਆਨ ਡੈੱਡਲਾਕ ਪੈਦਾ ਹੋ ਗਿਆ ਸੀ ਜੋ ਆਪਣੇ ਸੂਬੇ ਲਈ ਵੱਧ ਅਧਿਕਾਰ ਤੇ ਕਈ ਧਾਰਮਿਕ ਰਿਆਇਤਾਂ ਦੀ ਮੰਗ ਕਰ ਰਹੇ ਸਨ। ਇਨ੍ਹਾਂ ਮੰਗਾਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕੀਤਾ ਗਿਆ, ਸਗੋਂ ਨਰਮ-ਖ਼ਿਆਲ ਸਿੱਖ ਲੀਡਰਸ਼ਿਪ ਦੇ ਕਾਜ ਨੂੰ ਢਾਹ ਲਾਉਣ ਲਈ ਬਰਾਬਰ ਦੀ ਖਾੜਕੂ ਲਹਿਰ ਖੜ੍ਹੀ ਕੀਤੀ ਗਈ। 1984 ਵਿਚ ਅੰਮ੍ਰਿਤਸਰ ਵਿਚ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਸਿਆਸੀ ਇੰਤਹਾਪਸੰਦਾਂ ਵਲੋਂ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਏ ਜਾਣ ਤੋਂ ਬਾਅਦ ਜਿਨ੍ਹਾਂ ਉਪਰ ਇਸ ਪੂਜਾ ਸਥਾਨ ਦੇ ਅੰਦਰ ਹਥਿਆਰ ਜਮ੍ਹਾਂ ਕਰਨ ਅਤੇ ਹਿੰਸਾ ਨੂੰ ਅੰਜਾਮ ਦੇਣ ਦਾ ਇਲਜ਼ਾਮ ਸੀ, ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਸੀ। ਇੰਤਹਾਪਸੰਦਾਂ ਨੂੰ ਉਥੋਂ ਹਟਾਏ ਜਾਣ ਲਈ ਹਰਿਮੰਦਰ ਸਾਹਿਬ ਉਪਰ ਕੀਤੇ ਫ਼ੌਜੀ ਹਮਲੇ ਨੇ ਬਹੁਤ ਸਾਰੇ ਲੋਕਾਂ ਨੂੰ ਮਾਰਨ ਦੇ ਨਾਲ-ਨਾਲ ਕੰਪਲੈਕਸ ਵਿਚਲੀਆਂ ਇਮਾਰਤਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ। ਇਸ ਨਾਲ ਦੁਨੀਆ ਭਰ ਵਿਚ ਸਿੱਖਾਂ ਵਿਚ ਰੋਹ ਪੈਦਾ ਹੋ ਗਿਆ। ਇਨ੍ਹਾਂ ਹਾਲਾਤ ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਹੀ ਅੰਗ-ਰੱਖਿਅਕਾਂ ਹੱਥੋਂ ਮਾਰੀ ਗਈ। ਉਸ ਦੇ ਕਤਲ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਪੂਰੀ ਤਰ੍ਹਾਂ ਵਿਉਂਤਬਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਜੋ ਉਦੋਂ ਕੇਂਦਰ ਵਿਚ ਸੱਤਾਧਾਰੀ ਸੀ।
ਇਨ੍ਹਾਂ ਘਿਨਾਉਣੀਆਂ ਸਿਆਸੀ ਘਟਨਾਵਾਂ ਨੇ ਖ਼ਾਲਿਸਤਾਨ ਦੀ ਲਹਿਰ ਨੂੰ ਮਜ਼ਬੂਤ ਕੀਤਾ ਜੋ 1984 ਤਕ ਅਜੇ ਹਰਮਨਪਿਆਰੀ ਨਹੀਂ ਸੀ। ਜਿਸ ਸਾਲ 1984 ਵਿਚ ਸਿੱਖਾਂ ਉਪਰ ਵਿਆਪਕ ਪੈਮਾਨੇ ‘ਤੇ ਜ਼ੁਲਮ ਢਾਹੇ ਗਏ, ਉਦੋਂ ਤਕ ਸਿੱਖ ਭਾਈਚਾਰੇ ਵਿਚਲੇ ਮਹਿਜ਼ ਚੰਦ ਕੁ ਹਾਸ਼ੀਆਗ੍ਰਸਤ ਤੱਤ ਹੀ ਵੱਖਰੇ ਹੋਮਲੈਂਡ ਦੀ ਵਕਾਲਤ ਕਰਦੇ ਸਨ। ਖ਼ਾਲਿਸਤਾਨ ਲਈ ਖ਼ੂਨੀ ਸੰਘਰਸ਼ ਵਿਚ ਹਜ਼ਾਰਾਂ ਲੋਕ ਮਾਰੇ ਗਏ। ਖ਼ਾਲਿਸਤਾਨੀ ਇੰਤਹਾਪਸੰਦਾਂ ਦੀ ਹਥਿਆਰਬੰਦ ਲੜਾਈ 1990 ਦੇ ਅੱਧ ਤਕ ਚਲਦੀ ਰਹੀ। ਇਸ ਤੋਂ ਬਾਅਦ, ਅੰਸ਼ਕ ਤੌਰ ‘ਤੇ ਇੰਤਹਾਪਸੰਦਾਂ ਵਲੋਂ ਕੀਤੀਆਂ ਜ਼ਿਆਦਤੀਆਂ ਕਾਰਨ ਜੋ ਅਕਸਰ ਹੀ ਹਿੰਦੂਆਂ ਤੇ ਆਪਣੇ ਆਲੋਚਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਅਤੇ ਅੰਸ਼ਕ ਤੌਰ ‘ਤੇ ਰਾਜਕੀ ਜ਼ੁਲਮਾਂ ਕਾਰਨ ਇਸ ਨੂੰ ਆਮ ਹਮਾਇਤ ਮਿਲਣੀ ਬੰਦ ਹੋ ਗਈ। ਜਦਕਿ, ਕੈਨੇਡਾ ਵਿਚ ਖ਼ਾਲਿਸਤਾਨ ਲਈ ਹਮਾਇਤ ਅਜੇ ਵੀ ਬਰਕਰਾਰ ਹੈ ਜਿਥੇ ਪੰਜਾਬ ਤੋਂ ਆ ਕੇ ਸਿਆਸੀ ਪਨਾਹ ਲੈਣ ਵਾਲਿਆਂ ਦੀ ਕਮੀ ਨਹੀਂ ਹੈ। ਨਾਲ ਹੀ, ਕੈਨੇਡਾ ਦੇ ਕੁਝ ਸਿੱਖ ਗੁਰਦੁਆਰਿਆਂ ਉਪਰ ਕੰਟਰੋਲ ਹੋਣ ਕਰ ਕੇ ਖ਼ਾਲਿਸਤਾਨੀਆਂ ਦਾ ਮੁਕਾਮੀ ਸਿਆਸਤਦਾਨਾਂ ਉਪਰ ਚੋਖਾ ਰਸੂਖ਼ ਵੀ ਹੈ।
ਫਿਰ ਵੀ, ਇਹ ਮੰਨਣਾ ਗ਼ਲਤ ਹੋਵੇਗਾ ਕਿ ਖ਼ਾਲਿਸਤਾਨ ਤਹਿਰੀਕ ਅਜੇ ਵੀ ਬਹੁਤ ਤਕੜੀ ਹੈ ਅਤੇ ਇਸ ਵਕਤ ਹਿੰਦੁਸਤਾਨ ਲਈ ਕੋਈ ਸੱਚਮੁੱਚ ਦਾ ਖ਼ਤਰਾ ਬਣਦੀ ਹੈ। ਆਖ਼ਿਰਕਾਰ, ਜਦੋਂ ਪੰਜਾਬ ਦੇ ਲੋਕਾਂ ਦੀ ਖ਼ਾਲਿਸਤਾਨ ਵਿਚ ਅਸਲੋਂ ਹੀ ਰੁਚੀ ਨਹੀਂ ਹੈ, ਜੇ ਕੈਨੇਡਾ ਵਿਚ ਕੁਝ ਖ਼ਾਲਿਸਤਾਨੀ ਆਪਣਾ ਪ੍ਰਚਾਰ ਜਾਰੀ ਰੱਖ ਰਹੇ ਹਨ ਤਾਂ ਇਸ ਨਾਲ ਕੀ ਫ਼ਰਕ ਪੈਂਦਾ ਹੈ? ਕਿਸੇ ਤਹਿਰੀਕ ਦੇ ਜ਼ਿੰਦਾ ਰਹਿਣ ਲਈ ਆਮ ਲੋਕਾਂ ਵਿਚ ਇਸ ਪ੍ਰਤੀ ਖਿੱਚ ਜ਼ਰੂਰੀ ਹੁੰਦੀ ਹੈ। ਇਸ ਮਾਮਲੇ ਵਿਚ ਇਸ ਤਰ੍ਹਾਂ ਦੀ ਖਿੱਚ ਸਪਸ਼ਟ ਤੌਰ ‘ਤੇ ਨਦਾਰਦ ਹੈ। ਇਸ ਦਾ ਇਕ ਸੂਚਕ ਇਹ ਹੈ ਕਿ ਪੰਜਾਬ ਵਿਚ ਚੋਣਾਂ ਅੰਦਰ ਖ਼ਾਲਿਸਤਾਨੀ ਆਗੂਆਂ ਨੂੰ ਲਗਾਤਾਰ ਨਮੋਸ਼ੀ ਵਾਲੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਿਹਾਜ਼ਾ, ਇਨ੍ਹਾਂ ਹਾਲਾਤ ਵਿਚ ਉਪਰੋਕਤ ਮੀਡੀਆ ਰਿਪੋਰਟਾਂ ਦੇ ਅਸਲ ਮਾਇਨੇ ਕੀ ਹਨ? ਇਨ੍ਹਾਂ ਦੇ ਤੱਤ ਨੂੰ ਦੇਖੀਏ ਤਾਂ ਇਹ ਰਿਪੋਰਟਾਂ ਮਹਿਜ਼ ਗੁੱਝੇ ਤੁਅੱਸਬ ਅਤੇ ਹਿੰਦੁਸਤਾਨੀ ਰਾਜ ਦੀ ਗੁੱਝੀ ਮਨਸ਼ਾ ਨੂੰ ਹੀ ਜ਼ਾਹਰ ਕਰਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਖ਼ਾਲਿਸਤਾਨੀ ਹਿੰਸਕ ਕਾਰਵਾਈਆਂ ਵਿਚ ਸ਼ਾਮਲ ਰਹੇ ਹਨ ਅਤੇ ਪਾਕਿਸਤਾਨ ਦੀ ਹਮਾਇਤ ਨਾਲ ਬੰਬ ਧਮਾਕਿਆਂ ਤੇ ਕਤਲੋਗ਼ਾਰਤ ਨੂੰ ਅੰਜਾਮ ਦਿੰਦੇ ਰਹੇ ਹਨ, ਪਰ ਕੀ ਇਹ ਸਭ ਕੁਝ ਇਹ ਮੰਨ ਲੈਣ ਲਈ ਕਾਫ਼ੀ ਹੈ ਕਿ ਖ਼ਾਲਿਸਤਾਨੀ ਹੁਣ ਅਮਨ ਲਈ ਖ਼ਤਰਾ ਹਨ। ਇਥੇ ਜਿਨ੍ਹਾਂ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਐਸੇ ਕਿਸੇ ਖ਼ਤਰੇ ਦੀ ਹਕੀਕਤ ਨੂੰ ਸਥਾਪਤ ਕਰਨ ਵਿਚ ਨਾਕਾਮ ਹਨ। ਉਲਟਾ, ਇਨ੍ਹਾਂ ਰਿਪੋਰਟਾਂ ਦੇ ਮਨੋਰਥ ਨੂੰ ਲੈ ਕੇ ਸ਼ੱਕ ਖੜ੍ਹੇ ਹੋ ਜਾਂਦੇ ਹਨ। ਕੈਨੇਡੀਅਨ ਮੀਡੀਆ ਵਲੋਂ ਇਨ੍ਹਾਂ ਰਿਪੋਰਟਾਂ ਦੇ ਹਵਾਲੇ ਨਾਲ ਜੋ ਕਹਾਣੀਆਂ ਦੁਹਰਾਈਆਂ ਗਈਆਂ ਹਨ, ਉਨ੍ਹਾਂ ਦਾ ਕੋਈ ਮੂੰਹ-ਸਿਰ ਬਣਦਾ ਹੀ ਨਹੀਂ। ਮਿਸਾਲ ਵਜੋਂ, ਇਹ ਦਾਅਵੇ ਕਰਨ ਵਾਲੀਆਂ ਏਜੰਸੀਆਂ ਕਿਹੜੀਆਂ ਹਨ, ਉਨ੍ਹਾਂ ਦੀ ਕੋਈ ਉਚਿਤ ਸ਼ਨਾਖ਼ਤ ਨਹੀਂ ਦੱਸੀ ਗਈ। ਇਹ ਦਾਅਵੇ ਕਰਨ ਵਾਲੇ ਅਫ਼ਸਰਾਂ ਦੇ ਕੋਈ ਨਾਂ ਨਹੀਂ ਦਿੱਤੇ ਗਏ। ਵਿਡੰਬਨਾ ਦੇਖੋ, ਕੈਨੇਡੀਅਨ ਮੀਡੀਆ ਨੇ ਵੀ ਇਨ੍ਹਾਂ ਵਿਚੋਂ ਕੁਝ ਰਿਪੋਰਟਾਂ ਛਾਪੀਆਂ ਹਨ ਜੋ ਉਂਝ ਲੋੜੀਂਦੀ ਵਾਜਬੀਅਤ ਤੋਂ ਬਗ਼ੈਰ ਖ਼ਬਰਾਂ ਛਾਪਣ ਤੋਂ ਗੁਰੇਜ਼ ਕਰਦਾ ਹੈ।
ਇਨ੍ਹਾਂ ਕਹਾਣੀਆਂ ਦਾ ਸਭ ਤੋਂ ਅਹਿਮ ਪਹਿਲੂ ਇਨ੍ਹਾਂ ਨੂੰ ਛਾਪੇ ਜਾਣ ਦਾ ਬਹੁਤ ਅਹਿਮ ਮੌਕਾ ਹੈ ਜਿਸ ਵੱਲ ਗ਼ੌਰ ਕਰਨਾ ਜ਼ਰੂਰੀ ਹੈ। ਇਨ੍ਹੀਂ ਦਿਨੀਂ ਉਨ੍ਹਾਂ ਹਿੰਦੂਤਵੀ ਇੰਤਹਾਪਸੰਦਾਂ ਨੂੰ ਜਾਂਚ ਏਜੰਸੀਆਂ ਦੀ ਮਦਦ ਨਾਲ ਅਦਾਲਤਾਂ ਵਲੋਂ ਬਰੀ ਕੀਤਾ ਜਾ ਰਿਹਾ ਹੈ ਜੋ ਦਹਿਸ਼ਤਗਰਦ ਕਾਰਵਾਈਆਂ ਵਿਚ ਸ਼ਾਮਲ ਰਹੇ ਹਨ। 2014 ਵਿਚ ਨਰੇਂਦਰ ਮੋਦੀ ਦੇ ਭਾਰੀ ਬਹੁਗਿਣਤੀ ਨਾਲ ਸੱਤਾ ਵਿਚ ਆਉਣ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਸੰਕੇਤ ਆਉਣੇ ਸ਼ੁਰੂ ਹੋ ਗਏ ਸਨ ਕਿ ਇਨ੍ਹਾਂ ਅਨਸਰਾਂ ਉਪਰ ਲੱਗੇ ਦਹਿਸ਼ਤਗਰਦੀ ਦੇ ਦੋਸ਼ ਸਹਿਜੇ-ਸਹਿਜੇ ਵਾਪਸ ਲੈ ਲਏ ਜਾਣਗੇ। ਮੋਦੀ ਸਰਕਾਰ ਬਣਦੇ ਸਾਰ ਦਹਿਸ਼ਤਗਰਦੀ ਦੇ ਉਨ੍ਹਾਂ ਮਾਮਲਿਆਂ ਦੇ ਜਾਂਚ ਕਰਤਾਵਾਂ ਉਪਰ ਜਾਂਚ ਦੀ ਰਫ਼ਤਾਰ ਮੱਠੀ ਰੱਖਣ ਲਈ ਦਬਾਅ ਪੈਣਾ ਸ਼ੁਰੂ ਹੋ ਗਿਆ ਜਿਨ੍ਹਾਂ ਵਿਚ ਹਿੰਦੂ ਇੰਤਹਾਪਸੰਦ ਸ਼ਾਮਲ ਸਨ। ਇਉਂ, ਚੋਰੀ-ਚੋਰੀ ਹਿੰਦੂ ਇੰਤਹਾਪਸੰਦਾਂ ਨੂੰ ਮੁਆਫ਼ੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਹ ਦਬਾਅ ਇਸ ਕਦਰ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਆਈæਐਨæਏæ) ਦੀ ਪਾਬੰਦੀਸ਼ੁਦਾ ਗਰੁੱਪਾਂ ਦੀ ਸੂਚੀ ਵਿਚ ਇਕ ਵੀ ਹਿੰਦੂ ਇੰਤਹਾਪਸੰਦ ਜਥੇਬੰਦੀ ਦਾ ਨਾਂ ਨਹੀਂ ਮਿਲਦਾ। ਉਸ ਸੂਚੀ ਵਿਚ ਮਹਿਜ਼ ਸਿੱਖ, ਮੁਸਲਿਮ ਜਾਂ ਮਾਓਵਾਦੀ ਗਰੁੱਪਾਂ ਦੇ ਨਾਂ ਸ਼ਾਮਲ ਹਨ ਜਾਂ ਫਿਰ ਹਾਸ਼ੀਆਗ੍ਰਸਤ ਕੌਮੀਅਤਾਂ ਦੀਆਂ ਇੰਤਹਾਪਸੰਦ ਲਹਿਰਾਂ ਦੇ ਨਾਂ ਦਿਤੇ ਗਏ ਹਨ।
ਹਿੰਦੂ ਇੰਤਹਾਪਸੰਦਾਂ ਪ੍ਰਤੀ ਨਰਮਗੋਸ਼ਾ ਰੱਖਣ ਦੀ ਨੁਕਤਾਚੀਨੀ ਦੀ ਰੋਸ਼ਨੀ ਵਿਚ, ਹਿੰਦੁਸਤਾਨ ਦੀਆਂ ਖੁਫ਼ੀਆ ਏਜੰਸੀਆਂ ਨੂੰ ਇਹ ਬਹੁਤ ਰਾਸ ਆਉਂਦਾ ਹੈ ਕਿ ਦੁਸ਼ਮਣ ਕਿਤੇ ਹੋਰ ਦਿਖਾਏ ਜਾਣ। ਜੇ ਸਾਜ਼ਿਸ਼ ਮੌਜੂਦ ਹੀ ਨਾ ਹੋਵੇ ਤਾਂ ਸਾਰਾ ਧਿਆਨ ਕਿਸੇ ਖ਼ਤਮ ਹੋ ਚੁੱਕੀ ਲਹਿਰ ਵੱਲ ਲਾ ਦੇਣ ਦੀ ਕੋਈ ਤੁਕ ਨਹੀਂ ਬਣਦੀ। ਇਸ ਵਿਵਾਦਪੂਰਨ ਘਟਨਾ-ਵਿਕਾਸ ਦਾ ਇਕ ਹੋਰ ਪਹਿਲੂ ਵੀ ਗ਼ੌਰਤਲਬ ਹੈ; ਇਹ ਕੁਝ ਉਸ ਵਕਤ ਨਸ਼ਰ ਕੀਤਾ ਜਾ ਰਿਹਾ ਹੈ ਜਦੋਂ ਅਗਲੇ ਸਾਲ ਦੇ ਸ਼ੁਰੂ ਵਿਚ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਸੂਬੇ ਵਿਚ ਭਾਜਪਾ ਅਕਾਲੀ ਦਲ ਨਾਲ ਸੱਤਾ ਵਿਚ ਭਾਈਵਾਲ ਹੈ ਜੋ ਸਿੱਖ ਭੋਂਇ-ਸਰਦਾਰਾਂ ਅਤੇ ਕਿਸਾਨਾਂ ਦਾ ਨੁਮਾਇੰਦਾ ਹੋਣ ਦੇ ਦਾਅਵੇ ਕਰਦਾ ਹੈ। ਦੋਵਾਂ ਪਾਰਟੀਆਂ ਲੋੜੀਂਦੀ ਸਿਆਸੀ ਹਮਾਇਤ ਗੁਆ ਚੁੱਕੀਆਂ ਹਨ ਅਤੇ ਸਰਕਾਰ ਬਦਲੀ ਦੇ ਸੰਕੇਤ ਨਜ਼ਰ ਆ ਰਹੇ ਹਨ। ਆਲੋਚਕਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਦਹਿਸ਼ਤਗਰਦੀ ਦਾ ਖੌਫ਼ ਪੈਦਾ ਕਰ ਕੇ ਖੁਫ਼ੀਆ ਏਜੰਸੀਆਂ ਕਿਸੇ ਵਿਆਪਕ ਚਾਲ ਦੇ ਹਿੱਸੇ ਵਜੋਂ ਇਨ੍ਹਾਂ ਦੋ ਪਾਰਟੀਆਂ ਦੀ ਮਦਦ ਕਰਨ ਦੇ ਯਤਨ ਕਰ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਨੇ ਤਾਂ ਕੈਨੇਡਾ ਦੇ ਰੱਖਿਆ ਮੰਤਰੀ ਜੋ ਸਿੱਖ ਹੈ, ਨੂੰ ਵੀ ਇਸ ਬਿਰਤਾਂਤ ਵਿਚ ਲਿਆ ਘੜੀਸਿਆ ਹੈ। ਰਿਪੋਰਟਾਂ ਕਹਿੰਦੀਆਂ ਹਨ ਕਿ ਹਿੰਦੁਸਤਾਨੀ ਅਥਾਰਟੀਜ਼ ਨੇ ਟਰੂਡੋ ਸਰਕਾਰ ਨੂੰ ਇਨ੍ਹਾਂ ਰਿਪੋਰਟਾਂ ਉਪਰ ਗ਼ੌਰ ਕਰਨ ਲਈ ਲਿਖਿਆ ਹੈ ਜਿਸ ਦਾ ਰੱਖਿਆ ਮੰਤਰੀ ਅੰਮ੍ਰਿਤਧਾਰੀ ਸਿੱਖ ਹੈ। ਰੱਖਿਆ ਮੰਤਰੀ ਨੂੰ ਇਸ ਮਾਮਲੇ ਵਿਚ ਲਿਆ ਘੜੀਸਣ ਅਤੇ ਉਸ ਦੇ ਧਾਰਮਿਕ ਅਕੀਦੇ ਦਾ ਜ਼ਿਕਰ ਕਰਨ ਦੀ ਇਥੇ ਕੀ ਲੋੜ ਪੈ ਗਈ?
ਕਾਰਨ ਕੁਝ ਵੀ ਹੋਣ, ਇਹ ਰਿਪੋਰਟਾਂ ਦੋਸ਼ਪੂਰਨ ਅਤੇ ਬੇਪ੍ਰਤੀਤੀਆਂ ਹਨ। ਇਨ੍ਹਾਂ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਹਿੰਦੁਸਤਾਨ ਦੇ ਖੁਫ਼ੀਆ ਏਜੰਟਾਂ ਵਲੋਂ ਬਣਾ ਕੇ ਦਿੱਤੀ ਕਹਾਣੀ ਦੇ ਆਧਾਰ ‘ਤੇ ਪੇਸ਼ ਕੀਤੀਆਂ ਝੂਠੀਆਂ ਕਹਾਣੀਆਂ ਹਨ ਜੋ ਬਹੁਗਿਣਤੀ ਭਾਈਚਾਰੇ ਦੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਦੀ ਥਾਂ ਹਿੰਦੁਸਤਾਨੀ ਅਵਾਮ ਦੇ ਮਨਾਂ ਅੰਦਰ ਆਈæਐਸ਼ਆਈæ ਅਤੇ ਖ਼ਾਲਿਸਤਾਨੀ ਦਹਿਸ਼ਤਗਰਦੀ ਦਾ ਖੌਫ਼ ਪੈਦਾ ਕਰਨ ਦੇ ਯਤਨ ਕਰ ਰਹੇ ਹਨ। ਬਦਕਿਸਮਤੀ ਇਹ ਹੈ ਕਿ ਕੁਝ ਖ਼ਾਸ ਪੱਤਰਕਾਰ ਸਵੈ-ਇੱਛਾ ਨਾਲ ਇਸ ਚਾਲ ਦੇ ਮੋਹਰੇ ਬਣੇ ਹੋਏ ਹਨ ਅਤੇ ਉਹ ਇਸ ਕੂੜ ਨੂੰ ਪ੍ਰਚਾਰਨ ਦੇ ਸੰਦ ਬਣ ਗਏ। ਹਿੰਦੁਸਤਾਨੀ ਅਵਾਮ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਬਦੇਸ਼ਾਂ ਵਿਚ ਐਸੇ ਸੱਚੇ ਧਰਮ ਨਿਰਪੱਖ ਹਿੰਦੁਸਤਾਨੀ ਬੈਠੇ ਹਨ ਜਿਨ੍ਹਾਂ ਨੂੰ ਆਪਣੇ ਵਤਨ ਦਾ ਖ਼ਿਆਲ ਹੈ ਅਤੇ ਉਹ ਹਮੇਸ਼ਾ ਸਿੱਖ ਵੱਖਵਾਦੀਆਂ ਦੇ ਖ਼ਿਲਾਫ਼ ਖੜ੍ਹੇ ਹੋਏ ਹਨ। ਐਸੇ ਹਕੀਕੀ ਖ਼ਤਰੇ ਦੀ ਸੂਰਤ ਵਿਚ ਲੋੜ ਪੈਣ ‘ਤੇ ਉਹ ਮੁੜ ਵਿਰੋਧ ਕਰਨਗੇ, ਪਰ ਇਸ ਵਕਤ ਹਿੰਦੁਸਤਾਨੀਓ! ਤੁਹਾਨੂੰ ਕੈਨੇਡਾ ਤੋਂ ਕੋਈ ਹਕੀਕੀ ਖ਼ਤਰਾ ਨਹੀਂ ਹੈ। ਮੀਡੀਆ ਦੇ ਕੁਝ ਲੋਕਾਂ ਵਲੋਂ ਤੁਹਾਨੂੰ ਜੋ ਪਰੋਸਿਆ ਜਾ ਰਿਹਾ ਹੈ, ਉਸ ਉਪਰ ਬਿਲਕੁਲ ਯਕੀਨ ਨਾ ਕਰੋ। ਇਸ ਦੀ ਥਾਂ ਸਗੋਂ ਹਾਕਮ ਜਮਾਤਾਂ ਦੇ ਉਸ ਏਜੰਡੇ ਤੋਂ ਚੁਕੰਨੇ ਹੋਵੋ ਜੋ ਸੱਤਾ ਵਿਚ ਬਣੇ ਰਹਿਣ ਲਈ ਲੋਕਾਂ ਨੂੰ ਆਪਸ ਵਿਚ ਪਾੜ ਕੇ ਰੱਖਣ ਦੀਆਂ ਆਦੀ ਹਨ।