ਰਵਾਇਤੀ ਫਸਲਾਂ ਵੱਲ ਮੁੜਨ ਲੱਗੇ ਕਿਸਾਨ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਫਸਲੀ ਵਿਭਿੰਨਤਾ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਭਾਰੀ ਸੱਟ ਵੱਜਣ ਜਾ ਰਹੀ ਹੈ। ਬੇਸ਼ੱਕ ਫਸਲੀ ਵਿਭਿੰਨਤਾ ਦੇ ਨਾਮ ਉਤੇ ਕਰੋੜਾਂ ਰੁਪਏ ਖਰਚੇ ਗਏ, ਪਰ ਇਸ ਦੇ ਨਤੀਜੇ ਉਲਟ ਦੇਖਣ ਨੂੰ ਮਿਲ ਰਹੇ ਹਨ। ਕੇਂਦਰ ਸਰਕਾਰ ਵੱਲੋਂ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਸਿਰਫ 60 ਰੁਪਏ ਵਧਾਉਣ ਦੇ ਬਾਵਜੂਦ ਸਾਲ 2016-17 ਦੌਰਾਨ ਝੋਨੇ ਹੇਠ ਰਕਬੇ ਦਾ ਵਾਧਾ ਰਿਕਾਰਡ ਪੱਧਰ ਉਤੇ ਪੁੱਜਣ ਦਾ ਅਨੁਮਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਾਸਮਤੀ ਹੇਠ ਵੀ ਰਕਬਾ ਘਟਾਉਣ ਦੀ ਸਲਾਹ ਦਿੱਤੀ ਹੈ।

ਭਾਵ ਇਸ ਰਕਬੇ ਵਿਚ ਵੀ ਪੂਸਾ 44 ਵਰਗੀਆਂ ਸਾਧਾਰਨ ਕਿਸਮਾਂ ਵਾਲਾ ਝੋਨਾ ਹੀ ਲਾਇਆ ਜਾਵੇਗਾ।
ਕੇਂਦਰ ਸਰਕਾਰ ਨੇ ਏ ਗ੍ਰੇਡ ਝੋਨੇ ਦਾ ਭਾਅ 60 ਰੁਪਏ ਕੁਇੰਟਲ ਵਧਾ ਕੇ 1510 ਰੁਪਏ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿਚ ਇਸੇ ਕਿਸਮ ਦੀ ਬਿਜਾਈ ਹੁੰਦੀ ਹੈ। ਭਾਅ ਵਿਚ ਇਹ ਵਾਧਾ ਸਿਰਫ ਚਾਰ ਫੀਸਦੀ ਹੈ ਅਤੇ ਇਹ ਮਹਿੰਗਾਈ ਦੀ ਦਰ ਨੂੰ ਵੀ ਪੂਰਾ ਨਹੀਂ ਕਰਦਾ। ਇਸ ਦੇ ਬਾਵਜੂਦ ਇਸ ਸਾਲ ਝੋਨੇ ਹੇਠ ਰਕਬਾ ਪਿਛਲੇ ਸਾਲ ਦੇ ਤਕਰੀਬਨ 28 ਲੱਖ ਤੋਂ ਵਧ ਕੇ 30 ਲੱਖ ਹੈਕਟੇਅਰ ਹੋ ਸਕਦਾ ਹੈ। ਇਸ ਵਿਚ ਬਾਸਮਤੀ ਵੀ ਸ਼ਾਮਲ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਾਰਕੀਟ ਦੀ ਸਮੱਸਿਆ ਕਾਰਨ ਬਾਸਮਤੀ ਹੇਠ ਰਕਬਾ ਘਟਾਉਣ ਦੀ ਸਲਾਹ ਦਿੱਤੀ ਹੈ। ਪੀæਏæਯੂæ ਅਨੁਸਾਰ 2014-15 ਦੌਰਾਨ ਬਾਸਮਤੀ ਹੇਠ 8æ62 ਲੱਖ ਹੈਕਟੇਅਰ ਰਕਬਾ ਸੀ।
2015-16 ਦੌਰਾਨ ਇਹ 7æ60 ਲੱਖ ਹੈਕਟੇਅਰ ਹੋ ਗਿਆ। ਪਿਛਲੇ ਸਾਲ ਬਾਸਮਤੀ 1509 ਨੂੰ ਵੇਚਣ ਲਈ ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਖੱਜਲ ਖੁਆਰ ਹੋਣਾ ਪਿਆ ਸੀ ਅਤੇ ਸਾਧਾਰਨ ਝੋਨੇ ਦੇ 1450 ਰੁਪਏ ਵਾਲਾ ਘੱਟੋ ਘੱਟ ਸਮਰਥਨ ਮੁੱਲ ਵੀ ਨਹੀਂ ਮਿਲਿਆ ਸੀ। ਹੁਣ ਯੂਨੀਵਰਸਿਟੀ ਨੇ ਬਾਸਮਤੀ ਹੇਠ ਰਕਬਾ ਪੰਜ ਲੱਖ ਹੈਕਟੇਅਰ ਤੋਂ ਵੀ ਘਟਾਉਣ ਦੀ ਸਿਫਾਰਸ਼ ਕੀਤੀ ਹੈ।
ਅਜਿਹਾ ਨਾ ਕਰਨ ਦੀ ਸੂਰਤ ਵਿਚ ਪਹਿਲਾਂ ਹੀ ਪਏ ਸਟਾਕ ਕਾਰਨ ਬਾਸਮਤੀ ਦੀ ਖਰੀਦ ਦਾ ਸੰਕਟ ਮੁੜ ਡੂੰਘਾ ਹੋ ਸਕਦਾ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਬਾਸਮਤੀ ਦੀਆਂ ਦੋ ਕਿਸਮਾਂ ਦੀ ਕਾਸ਼ਤ ਹੁੰਦੀ ਹੈ। ਲੰਘੇ ਸਾਲ 1121 ਹੇਠ ਰਕਬਾ ਤਕਰੀਬਨ 70 ਫੀਸਦੀ ਅਤੇ 1509 ਕਿਸਮ ਹੇਠ ਲਗਪਗ 30 ਫੀਸਦੀ ਸੀ। ਪਿਛਲੇ ਸੀਜ਼ਨ ਵਿਚ ਚਿੱਟੇ ਮੱਛਰ ਦੇ ਹਮਲੇ ਕਰ ਕੇ ਹੋਈ ਨਰਮੇ ਦੀ ਬਰਬਾਦੀ ਨੇ ਕਿਸਾਨਾਂ ਦਾ ਨਰਮੇ ਤੋਂ ਮੋਹ ਭੰਗ ਕਰ ਦਿੱਤਾ। ਸਾਲ 2015-16 ਦੌਰਾਨ ਤਕਰੀਬਨ 4æ53 ਲੱਖ ਹੈਕਟੇਅਰ ਵਿਚ ਨਰਮੇ ਦੀ ਫਸਲ ਸੀ। ਇਸ ਵਾਰ ਇਹ 2æ60 ਲੱਖ ਹੈਕਟੇਅਰ ਤੱਕ ਸਿਮਟ ਜਾਣ ਦਾ ਅਨੁਮਾਨ ਹੈ। ਨਰਮੇ ਹੇਠੋਂ ਘਟਿਆ ਰਕਬਾ ਝੋਨੇ ਅਧੀਨ ਹੀ ਜਾ ਰਿਹਾ ਹੈ।
____________________________
ਸਰਕਾਰੀ ਨੀਤੀਆਂ ਖੇਤੀ ਵੰਨ-ਸੁਵੰਨਤਾ ‘ਤੇ ਭਾਰੂ!
ਚੰਡੀਗੜ੍ਹ: ਸਰਕਾਰ ਬੇਸ਼ੱਕ ਫਸਲੀ ਵਿਭਿੰਨਤਾ ਦਾ ਪ੍ਰਚਾਰ ਕਰਦੀ ਹੈ, ਪਰ ਨੀਤੀਆਂ ਝੋਨੇ ਹੇਠ ਰਕਬਾ ਵਧਾਉਣ ਨੂੰ ਉਤਸ਼ਾਹਤ ਕਰਦੀਆਂ ਹਨ। ਲਗਾਤਾਰ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦਾ ਰੁਝਾਨ, ਮੰਡੀ, ਕੀਟਾਂ ਦੇ ਹਮਲੇ ਦੀ ਘੱਟ ਸੰਭਾਵਨਾ, ਖਰੀਦ ਦੀ ਗਾਰੰਟੀ ਅਤੇ ਪੱਕੀ ਆਮਦਨ ਕਾਰਨ ਕਿਸਾਨ ਝੋਨੇ ਨੂੰ ਛੱਡਣ ਦੀ ਸਥਿਤੀ ਵਿਚ ਨਹੀਂ ਹਨ। ਗੌਰਤਲਬ ਹੈ ਕਿ ਪਿਛਲੇ ਸਾਲ ਲਗਪਗ 168 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਸੂਬੇ ਵਿਚ ਝੋਨੇ ਦਾ ਔਸਤ ਉਤਪਾਦਨ 60 ਕੁਇੰਟਲ ਪ੍ਰਤੀ ਹੈਕਟੇਅਰ ਹੈ। ਜੇ ਤੀਹ ਲੱਖ ਹੈਕਟੇਅਰ ਰਕਬੇ ਵਿਚ ਝੋਨੇ ਲਾਇਆ ਜਾਂਦਾ ਹੈ ਤਾਂ ਇਸ ਵਾਰ 180 ਲੱਖ ਟਨ ਝੋਨਾ ਮੰਡੀਆਂ ਵਿਚ ਆ ਸਕਦਾ ਹੈ।