ਸਵਰਨ ਸਿੰਘ ਟਹਿਣਾ
ਫੋਨ: 91-98141-78883
ਇਸ ਸੀਜ਼ਨ ‘ਚ ਜਿੰਨੇ ਵੀ ਵਿਆਹਾਂ ‘ਤੇ ਜਾਣ ਦਾ ਮੌਕਾ ਮਿਲਿਆ, ਸਭ ਵਿਚ ਕਈ ਗੱਲਾਂ ਸਮਾਨ ਸਨ। ਫ਼ਜ਼ੂਲ ਖਰਚੀ, ਸ਼ਰਾਬ, ਕਬਾਬ, ਨਾਚ-ਗਾਣਾ ਤੇ ਮੂਰਖਤਾ-ਪੰਜ ਚੀਜ਼ਾਂ ਤਾਂ ਲਗਭਗ ਹਰ ਵਿਆਹ ਵਿਚ ਇਕੋ ਜਿਹੀਆਂ ਦਿਸੀਆਂ। ਕਈ ਦੋਸਤ ਘਰੋਂ ਬਹੁਤ ਸਰਦੇ-ਪੁੱਜਦੇ ਸਨ ਤੇ ਕਈ ਮਹਾਤੜ ਸਾਥੀ, ਪਰ ਮਹਾਤੜਾਂ ਨੇ ਵੀ ਅੱਡੀਆਂ ਚੁੱਕ-ਚੁੱਕ ਫਾਹਾ ਲੈਣ ‘ਚ ਕੋਈ ਕਸਰ ਬਾਕੀ ਨਾ ਛੱਡੀ। ਇਕ ਦੋਸਤ ਦਾ ਵਾਲ-ਵਾਲ ਕਰਜ਼ੇ ਵਿਚ ਵਿੰਨਿਆ ਪਿਐ ਪਰ ਉਸ ਨੇ ‘ਨੱਕ’ ਦੇ ਚੱਕਰ ਵਿਚ ਪੰਜ ਕੁ ਲੱਖ ਦਾ ਖਰਚਾ ਕੀਤਾ ਏ ਤੇ ਇਸ ਬਾਰੇ ਉਸ ਦਾ ਤਰਕ ਏ ਕਿ ਵਿਆਹ ਰੋਜ਼-ਰੋਜ਼ ਨਹੀਂ ਹੁੰਦੇ, ਇਕ ਵਾਰ ਹੀ ਖੁਸ਼ੀਆਂ ਮਨਾਉਣੀਆਂ ਮਿਲਦੀਆਂ ਨੇæææਪਰ ਉਸ ਨੂੰ ਕੌਣ ਸਮਝਾਵੇ ਕਿ ਕਰਜ਼ੇ ਦਾ ਵਿਆਜ ਤਾਂ ਰੋਜ਼-ਰੋਜ਼ ਹੀ ਜੰਮਦਾ ਹੈ।
ਵਿਆਹ ਸਭ ਤੋਂ ਅਹਿਮ ਤੇ ਪਵਿੱਤਰ ਬੰਧਨ ਮੰਨਿਆ ਜਾਂਦਾ ਏ। ਮੁੱਢ ਕਦੀਮ ਤੋਂ ਹੀ ਇਹੋ ਜਿਹੀਆਂ ਖੁਸ਼ੀਆਂ ਲੋਕ ਆਪੋ-ਆਪਣੇ ਢੰਗ-ਤਰੀਕੇ ਨਾਲ ਮਨਾਉਂਦੇ ਆ ਰਹੇ ਨੇ ਪਰ ਸਮੇਂ ਦੀ ਚਾਲ ਨਾਲ ਖੁਸ਼ੀਆਂ ਮਨਾਉਣ ਦੇ ਰੰਗ-ਢੰਗ ਬਦਲਦੇ ਰਹੇ ਨੇ। ਕੋਠਿਆਂ ‘ਤੇ ਸਪੀਕਰ ਲੱਗਣੇ, ਮੇਲ-ਗੇਲ ਲਈ ਪਿੰਡ ‘ਚੋਂ ਮੰਜੇ ‘ਕੱਠੇ ਕਰਨੇ, ਸਪੀਕਰ ‘ਚੋਂ ਹੋਕੇ ਦੇ-ਦੇ ਦੁੱਧ ਇਕੱਠਾ ਕਰਨਾ, ਘਰ-ਘਰ ਜਾ ਕੇ ਕੰਮ ਕਰਾਉਣ ਲਈ ਬੰਦਿਆਂ ਨੂੰ ਵਗਾਰਨਾ-ਸਭ ਕੁਝ ਪਹਿਲਾਂ ਹੋਰ ਤਰ੍ਹਾਂ ਦਾ ਸੀ ਤੇ ਅੱਜ ਹੋਰ ਤਰ੍ਹਾਂ ਦਾ। ਅੱਜ ਵਿਆਹ ਸੱਤ ਦਿਨਾਂ ਦੇ ਨਹੀਂ, ਮਸੀਂ ਸੱਤ ਘੰਟਿਆਂ ਦੇ ਹੁੰਦੇ ਨੇ ਪਰ ਕਈਆਂ ਸਿਰ ਕਰਜ਼ਾ ਏਨਾ ਚੜ੍ਹਾ ਜਾਂਦੇ ਨੇ ਕਿ ਸੱਤ-ਸੱਤ ਸਾਲ ਵਿਆਜ ਨਹੀਂ ਉਤਰਦਾ।
ਹੁਸ਼ਿਆਰਪੁਰ ਦੇ ਇੱਕ ਪੈਲੇਸ ਵਿਚ ਵਿਆਹ ‘ਤੇ ਜਾਣ ਦਾ ਸਬੱਬ ਬਣਿਆ। ਪੈਲੇਸ ‘ਚ ਲੱਖਾਂ ਰੁਪਏ ਦੀ ਫੁੱਲਾਂ ਵਾਲੀ ਸਜਾਵਟ ਦੇਖ ਹੈਰਾਨੀ ਦੀ ਹੱਦ ਨਾ ਰਹੀ। ਦਸ ਕੁ ਤਰ੍ਹਾਂ ਦੀ ਸ਼ਰਾਬ ਤੇ ਪੰਦਰਾਂ ਕੁ ਤਰ੍ਹਾਂ ਦਾ ਮੀਟ ਵੇਟਰਾਂ ਦੇ ਡੌਂਗਿਆਂ ਵਿਚ ਘੁੰਮ ਰਿਹਾ ਸੀ। ਸ਼ਰਾਬ ਦਾ ਦੌਰ ਭਖਿਆ ਹੋਇਆ ਸੀ ਤੇ ਸਟੇਜ ‘ਤੇ ਪੰਜ ਕੁੜੀਆਂ-ਪੰਜ ਮੁੰਡੇ ਨੱਚ ਰਹੇ ਸਨ। ਗਾਣੇ ਉਹੀ ਸਨ, ਜਿਨ੍ਹਾਂ ਦੀ ਹਰ ਸੂਝਵਾਨ ਪੰਜਾਬੀ ਆਲੋਚਨਾ ਕਰ ਰਿਹਾ ਏ, ‘ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ’, ‘ਮੈਂ ਜਾਗਾਂ ਸਵੇਰੇ ਤੇ ਕੁੜੀਆਂ ਚੁਫ਼ੇਰੇ’, ‘ਏਨਾ ਵੀ ਨਾ ਡੋਪ-ਸ਼ੋਪ ਮਾਰਿਆ ਕਰੋ।’
ਜਿਉਂ-ਜਿਉਂ ਦਾਰੂ ਖਿੜ ਰਹੀ ਸੀ, ਸਭ ਸਟੇਜ ਵੱਲ ਅਹੁਲ ਰਹੇ ਸਨ। ਨੱਚਣ ਵਾਲੀਆਂ ਕੁੜੀਆਂ ਦੇ ਤਨ ਨਿਹਾਰੇ ਜਾ ਰਹੇ ਸਨ ਤੇ ਅੱਗੋਂ ਉਹ ਵੀ ਸ਼ਰਾਬੀਆਂ ਦੀਆਂ ਜੇਬਾਂ ਹੌਲੀਆਂ ਕਰਨ ਲਈ ਨੇੜੇ ਆਉਣ ਵਾਲਿਆਂ ਵੱਲ ਉਂਗਲਾਂ ਕਰ ਰਹੀਆਂ ਸਨ। ਅਚਾਨਕ ਉਹ ਅਜਿਹੀ ਸ਼ਰਾਰਤ ਕਰਦੀਆਂ ਕਿ ਸੱਠ ਸਾਲਾ ਅਧਖੜ ਆਪਣੀ ਉਮਰ ਭੁੱਲ ਜਵਾਨ ਬਣ ਜਾਂਦਾ। ਉਹ ਉਨ੍ਹਾਂ ਦਾ ਹੱਥ ਫੜਦੇ ਤੇ ਨੋਟ ਵਾਰਦੇ। ਥੋੜ੍ਹਾ ਬਹੁਤ ਖਹਿਣਾ ਤਾਂ ਉਹ ਹੱਸ-ਹੱਸ ਜਰ ਲੈਂਦੀਆਂ, ਪਰ ਜੇ ਕੋਈ ਜ਼ਿਆਦਾ ਬਦਤਮੀਜ਼ੀ ਕਰਦਾ ਤਾਂ ਤੜਿੰਗ ਹੋ ਜਾਂਦੀਆਂ।
ਇਹ ਸਭ ਕੁਝ ਲਗਭਗ ਢਾਈ ਘੰਟੇ ਚੱਲਿਆ ਤੇ ਮਹਿਸੂਸ ਹੋਇਆ ਕਿ ਸ਼ਰਮ, ਹਯਾ, ਗ਼ੈਰਤਮੰਦੀ ਵਰਗੀਆਂ ਗੱਲਾਂ ਤਾਂ ਸਿਰਫ਼ ਕਿੱਸਿਆਂ, ਕਹਾਣੀਆਂ ਤੱਕ ਸੀਮਤ ਨੇ। ਇਨ੍ਹਾਂ ਵੀਹ-ਵੀਹ ਸਾਲਾਂ ਦੀਆਂ ਕੁੜੀਆਂ ਨਾਲ ਸ਼ਰਾਬ ‘ਚ ਟੁੰਨ ਹੋਏ ਬਜ਼ੁਰਗ ਆਪਣੀ ਉਮਰ ਭੁੱਲ, ਨੂੰਹਾਂ, ਧੀਆਂ, ਪਤਨੀ, ਨਿਆਣਿਆਂ, ਪੋਤੇ-ਪੋਤੀਆਂ ਨੂੰ ਪਰੋਖੇ ਕਰ ਸਭ ਕੁਝ ਉਹੀ ਕਰ ਰਹੇ ਨੇ, ਜਿਹੜੇ ਦਾਰੂ ‘ਚ ਮਸਤੇ ਨੌਜਵਾਨ ਕਰਦੇ ਹੁੰਦੇ ਸਨ। ਗਾਣਿਆਂ ਦੀ ਧਮਕ ‘ਤੇ ਨੱਚਦਾ ਮੇਲ-ਗੇਲ ਭੁੱਲ ਗਿਆ ਜਾਪਦਾ ਸੀ ਕਿ ਗਾਉਣ ਵਾਲੇ ਦੇ ਬੋਲ ਕੀ ਨੇ। ‘ਠੁਮਕਾ ਲਗਾ ਨੀਂ ਚੰਨੋ’ ਗੀਤ ‘ਤੇ ਖਰੂਦ ਮਚਾਉਂਦੇ ਭੱਦਰਪੁਰਸ਼ ਆਪਣੀ ਭੈਣ ਦੇ ਲੱਕ ਦੇ ਹੁਲਾਰੇ ਗਿਣਦੇ ਪ੍ਰਤੀਤ ਹੋ ਰਹੇ ਸਨ ਤੇ ਨਿਆਣਿਆਂ ਤੋਂ ਸਿਆਣਿਆਂ ਤੱਕ ਹੋਸ਼ ਕਿਸੇ ਨੂੰ ਨਹੀਂ ਸੀ। ਅਖੀਰ ਡੋਲੀ ਤੁਰ ਗਈ ਤੇ ਪਲਾਂ ‘ਚ ਹੀ ਹਾਲ ਖਾਲੀ ਹੋ ਗਿਆ। ਏਨੇ ਕੁ ਘੰਟਿਆਂ ਵਿਚ ਹੀ ਪੰਜਾਬੀਆਂ ਦੀ ਖਰਚੀਲੀ ਸੋਚ ਅਤੇ ਮੂਰਖਮੱਤੀਆਂ ਦੀਆਂ ਅਜਿਹੀਆਂ ਉਦਾਹਰਣਾਂ ਮਿਲੀਆਂ ਕਿ ਪੁੱਛੋ ਕੁਝ ਨਾ।
ਇੱਕ ਹੋਰ ਵਿਆਹ ‘ਤੇ ਗਏ ਤਾਂ ਲਾੜੇ ਦੇ ਭਰਾ ਨੇ ਦੱਸਿਆ ਕਿ ਆਹ ਡਾਂਸ ਗਰੁਪ ਦਿੱਲੀਓਂ ਸੱਦਿਐ। ‘ਓਥੋਂ ਕਿਉਂ ਸੱਦਿਆ?’ ਦਾ ਜਵਾਬ ਸੀ, ‘ਕੁੜੀਆਂ ਸੋਹਣੀਆਂ ਨੇ, ਟਿਕਾਊ ਨੇ, ਅੰਗ ਸੋਹਣੇ ਦਿਖਾਉਂਦੀਆਂ ਨੇ ਤੇ ਆਪਣੀ ਸਾਰੀ ਬਰਾਤ ਬਾਹਰ ਵੱਸਣ ਵਾਲਿਆਂ ਦੀ ਏ, ਉਨ੍ਹਾਂ ਦੀਆਂ ਅੱਖਾਂ ਤੱਤੀਆਂ ਕਰਨ ਲਈ ਸਵਾ ਲੱਖ ‘ਚ ਗਰੁਪ ਸੱਦਣਾ ਪਿਆæææ।’
ਇੱਕ ਹੋਰ ਵਿਆਹ ਮੌਕੇ ਨਸ਼ੇ ‘ਚ ਟੁੰਨ ਹੋਏ ਇੱਕ ਭੱਦਰਪੁਰਸ਼ ਨੇ ਗੋਲੀ ਚਲਾ ਦਿੱਤੀ। ‘ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ’ ਗਾਣਾ ਕਾਹਦਾ ਚੱਲਿਆ, ਉਹ ਖੁਦ ਨੂੰ ਭੂਸ਼ਰਿਆ ਸੰਢਾ ਸਮਝ ਬੈਠਾ। ਨੇਫ਼ੇ ‘ਚੋਂ ਰਿਵਾਲਵਰ ਕੱਢੀ ਤੇ ਤਾੜ-ਤਾੜ ਕਰਦੀਆਂ ਤਿੰਨ ਗੋਲੀਆਂ ਕੱਢ ਦਿੱਤੀਆਂ। ਇਕਦਮ ਮਾਹੌਲ ਸ਼ਾਂਤ ਹੋ ਗਿਆ। ਸਾਰੇ ਚਾਂਭਲੇ ਹੋਏ ਸੋਚੀ ਜਾ ਰਹੇ ਸਨ ਕਿ ਜੇ ਘੋੜਾ ਦੱਬਣ ਵੇਲ਼ੇ ਹੱਥ ਖੱਬੇ-ਸੱਜੇ ਹੋ ਜਾਂਦਾ ਤਾਂæææ। ਪਰ ਗੋਲੀ ਚਲਾਉਣ ਵਾਲਾ ਕਹਿ ਰਿਹਾ ਸੀ, ‘ਆਪਾਂ ਸ਼ੇਰ ਹੁੰਦੇ ਆਂæææਪੰਜਾਬੀ ਹੁੰਦੇ ਆਂæææਲੰਡੀ-ਬੁੱਚੀ ਖੰਘਣ ਨਹੀਂ ਦੇਈਦੀæææਕੋਈ ਅੱਖ ‘ਚ ਅੱਖ ਪਾ ਕੇ ਦੇਖੇæææਬੁਰਰਰਰਾæææ।’
ਅਸੀਂ ਸਭ ਵਿਆਹਾਂ ਨੂੰ ਮਾਨਣ ਦੀ ਥਾਂ ਸਮਝਣ ਦੀ ਕੋਸ਼ਿਸ਼ ਜਿਆਦਾ ਕੀਤੀ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਕੇਹੀ ਬਣ ਗਈ ਏ। ਵੈਸੇ ਪੰਜਾਬ ਸਿਰ ਸੱਤਰ ਹਜ਼ਾਰ ਕਰੋੜ ਦਾ ਕਰਜ਼ਾ ਏ, ਕਹਿੰਦੇ ਨੇ ਹਰ ਜੰਮਦੇ ਪੰਜਾਬੀ ਦੇ ਸਿਰ ਕਈ ਹਜ਼ਾਰ ਕਰਜ਼ੇ ਤੋਹਫ਼ਾ ਏ, ਕਿਸਾਨ ਸਾਲ ਦਰ ਸਾਲ ਕਰਜ਼ਾਈ ਹੋ ਰਿਹੈ, ਸ਼ਾਹੂਕਾਰਾਂ ਦਾ ਭੰਨਿਆ ਪਿਐ, ਜ਼ਮੀਨਾਂ ਖਰਚ ਕੀਤੇ ਪੈਸੇ ਨਹੀਂ ਮੋੜਦੀਆਂæææਫੇਰ ਇਨ੍ਹਾਂ ਕੋਲ ਉਜਾੜਨ ਲਈ ਪੈਸਾ ਕਿਵੇਂ ਆ ਜਾਂਦੈ। ਨਿਆਣਿਆਂ ਨੂੰ ਬੀæਏæ ਕਰਾ ਕੇ ਘਰ ਬਿਠਾ ਲੈਂਦੇ ਨੇ ਕਿ ਘਰ ਦਾ ਖਰਚਾ ਨਹੀਂ ਚੱਲਦਾ, ਫੇਰ ਉਨ੍ਹਾਂ ਨਿਆਣਿਆਂ ਦੇ ਵਿਆਹਾਂ ‘ਤੇ ਲੱਖਾਂ ਰੁਪਿਆ ਪਾਣੀ ਵਾਂਗ ਕਿਵੇਂ ਵਹਾ ਦਿੰਦੇ ਨੇ।
ਤੇ ਹੌਲੀ-ਹੌਲੀ ਇਨ੍ਹਾਂ ਸਭ ਗੱਲਾਂ ਦਾ ਰਹੱਸ ਵੀ ਖੁੱਲ੍ਹਦਾ ਗਿਆ। ਇੱਕ ਵਿਆਹ ਵਾਲੇ ਨੇ ਸ਼ਾਹੂਕਾਰ ਤੋਂ ਅੱਠ ਲੱਖ ਰੁਪਿਆ ਦੋ ਫ਼ੀਸਦੀ ਵਿਆਹ ‘ਤੇ ਫੜਿਆ ਸੀ। ਇੱਕ ਲਾੜਾ ਵਲੈਤ ਤੋਂ ਆਇਆ ਸੀ। ਪੰਜ ਸਾਲ ਉਹਨੇ ਇੰਗਲੈਂਡ ‘ਚ ਹੱਡ ਤੋੜਵੀਂ ਮਿਹਨਤ ਕੀਤੀ ਸੀ ਤੇ ਕੀਤੀ ਕਮਾਈ ਉਹਨੇ ਪੰਜ-ਸੱਤ ਘੰਟਿਆਂ ਦੇ ਸ਼ੁਗਲ ‘ਤੇ ਉਡਾ ਛੱਡੀ। ਇੱਕ ਦੀ ਸੜਕ ‘ਤੇ ਲੱਗਦੀ ਜ਼ਮੀਨ ਮਹਿੰਗੇ ਭਾਅ ਵਿਕੀ ਸੀ ਤੇ ਉਹਨੇ ਪੁੱਤ ਦੇ ਵਿਆਹ ‘ਤੇ ਸੱਭੇ ਸ਼ੌਕ ਪੁਗਾਏ ਤੇ ਇੱਕ ਨੇ ਦੋ ਏਕੜ ਜ਼ਮੀਨ ਗਹਿਣੇ ਕਰਕੇ ਧੀ ਨੂੰ ਦਾਜ ਵਿਚ ਕਾਰ ਵੀ ਦਿੱਤੀ।
ਇਹ ਸਾਡੇ ‘ਮਹਾਨ ਪੰਜਾਬੀਆਂ’ ਦੀ ਸੋਚ ਏ। ਇਨ੍ਹਾਂ ਪੰਜਾਬੀਆਂ ਦੀ ਦਾਰੂ ਬਿਨਾਂ ਹਰ ਖੁਸ਼ੀ ਅਧੂਰੀ ਏ, ਸੰਗੀਤ ਨਾਲ ਏਨਾ ਗੂੜ੍ਹਾ ਨਾਤਾ ਏ ਕਿ ਇਨ੍ਹਾਂ ਦੀਆਂ ਹੀ ਧੀਆਂ-ਭੈਣਾਂ ਬਾਰੇ ਗਾਉਣ ਵਾਲਿਆਂ ਨੂੰ ਪੰਜ-ਪੰਜ ਲੱਖ ਦੇ ਕੇ ਸੱਦਿਆ ਜਾਂਦੈ, ਪਹਿਲਾਂ ਇਹ ਗੋਲੀ ਚਲਾਉਂਦੇ ਨੇ, ਫੇਰ ਤਰੀਕਾਂ ਭੁਗਤਦੇ ਨੇ ਤੇ ਬਾਅਦ ‘ਚ ਇਨ੍ਹਾਂ ਦੇ ਭੰਡੀ ਪ੍ਰਚਾਰ ‘ਤੇ ਆਧਾਰਤ ਗੀਤ ਆਉਂਦੇ ਨੇ, ਪਰ ਇਹ ਸਮਝਦੇ ਨੇ ਕਿ ‘ਅਸੀਂ ਫੰਨੇ ਖਾਂ ਏਦਾਂ ਹੀ ਹੁੰਦੇ ਆਂæææ।’ ਲੋਕ ਤਾਂ ਪੈਰ ‘ਤੇ ਕੁਹਾੜੀ ਮਾਰ ਬੈਠਦੇ ਨੇ, ਪਰ ਇਹ ਤਾਂ ਕੁਹਾੜੀ ‘ਤੇ ਪੈਰ ਮਾਰਨ ਜਾਂਦੇ ਨੇ। ਪਰ ਫਿਰ ਵੀ ਇਹ ‘ਮਹਾਨ’ ਨੇ, ਕਿਉਂਕਿ ਇਹ ਪੰਜਾਬ ਵਿਚ ਜੰਮੇ ਨੇ ਤੇ ਇਨ੍ਹਾਂ ਦੀ ਅਣਖ, ਇੱਜ਼ਤ, ਸੂਝ ‘ਤੇ ਸਵਾਲ ਕਰਨ ਲੱਗਿਆਂ ਸੌ ਵਾਰ ਸੋਚਣਾ ਪੈਂਦੈ ਕਿ ਕਿਤੇ ਇਹ ‘ਗੈਰਤਮੰਦ’ ਲਿਖਣ ਵਾਲੇ ਨੂੰ ਹੀ ਗਾਲ੍ਹਾਂ ਦਾ ਪ੍ਰਸ਼ਾਦ ਨਾ ਵੰਡਣ ਲੱਗ ਜਾਣ।
ਪੰਜਾਬੀ ਫ਼ਿਲਮਾਂ ਦਾ ‘ਜਾਣਾ’
ਨਵਾਂ ਸਾਲ ਜਿਵੇਂ ਭਾਰਤੀ ਕ੍ਰਿਕਟ ਟੀਮ ਲਈ ਬਹੁਤਾ ਵਧੀਆ ਨਹੀਂ ਚੜ੍ਹਿਆ, ਠੀਕ ਉਹੋ ਜਿਹਾ ਹੀ ਪੰਜਾਬੀ ਫ਼ਿਲਮਾਂ ਲਈ ਜਾਪ ਰਿਹੈ। ਪੈਂਦੀ ਸੱਟੇ ਦੋ-ਤਿੰਨ ਫ਼ਿਲਮਾਂ ਫਲਾਪ ਹੋ ਹਟੀਆਂ ਨੇ। ‘ਸਾਡੀ ਲਵ ਸਟੋਰੀ’ ਨਾਲ ਜਿੰਨੀ ਮਾੜੀ ਹੋਈ, ਉਸ ਨੇ ਗਿੱਪੀ ਗਰੇਵਾਲ ਦੀ ਫ਼ਿਲਮ ‘ਮਿਰਜ਼ਾ’ ਦੀ ਯਾਦ ਤਾਜ਼ਾ ਕਰਾ ਦਿੱਤੀ।
ਜਨਵਰੀ ਵਿਚ ਹੀ ‘ਪਗੜੀ ਸਿੰਘ ਦਾ ਤਾਜ’ ਰਿਲੀਜ਼ ਹੋਈ, ਜਿਸ ਬਾਰੇ ਸਾਲ ਪਹਿਲਾਂ ਤੋਂ ਹੀ ਅਖ਼ਬਾਰਾਂ ਵਿਚ ਲਿਖਿਆ ਜਾਣ ਲੱਗਾ ਸੀ ਪਰ ਇਹ ਫ਼ਿਲਮ ਰਿਲੀਜ਼ ਕਦੋਂ ਹੋਈ, ਕਿਸੇ ਨੂੰ ਨਹੀਂ ਪਤਾ। ਅਮਰਿੰਦਰ ਗਿੱਲ ਦੀ ਫ਼ਿਲਮ ‘ਤੂੰ ਤੇਰਾ 22, ਮੈਂ ਤੇਰਾ 22’ ਨੂੰ ਚੰਗਾ ਹੁੰਗਾਰਾ ਜ਼ਰੂਰ ਮਿਲਿਆ ਏ ਤੇ ਉਹ ਵੀ ਉਦੋਂ ਜਦੋਂ ਇਸ ਫ਼ਿਲਮ ਬਾਰੇ ਕਈ ਤਰ੍ਹਾਂ ਦਾ ਨਾਂਹ ਪੱਖੀ ਪ੍ਰਚਾਰ ਹੋ ਰਿਹਾ ਸੀ। ਅਮਰਿੰਦਰ ਦੇ ਸੰਜੀਦਾ ਗਾਣਿਆਂ ਤੇ ਚੰਗੀ ਕਹਾਣੀ ਕਰਕੇ ਪ੍ਰੋਡਿਊਸਰ ਵੱਲੋਂ ਫ਼ਿਲਮ ‘ਤੇ ਲਗਾਏ ਪੈਸੇ ਵਾਪਸ ਆ ਗਏ ਨੇ।
ਗਿੱਪੀ ਗਰੇਵਾਲ ਦੀ 15 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ‘ਸਿੰਘ ਵਰਸਿਜ਼ ਕੌਰ’ ਦਾ ਪ੍ਰਚਾਰ ਕਈ ਹਫ਼ਤਿਆਂ ਤੋਂ ਜਾਰੀ ਹੈ ਪਰ ਦਰਸ਼ਕਾਂ ਨੇ ਇਸ ਦਾ ਸੰਗੀਤ ਬਿਲਕੁਲ ਪਸੰਦ ਨਹੀਂ ਕੀਤਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ‘ਸਾਡੀ ਲਵ ਸਟੋਰੀ’ ਦਾ ਰਿਕਾਰਡ ਤੋੜੇਗੀ। ਉਸ ਤੋਂ ਬਾਅਦ ਮਿਸ ਪੂਜਾ ਦੀ ‘ਪੂਜਾ ਕਿਵੇਂ ਆਂ’ ਰਿਲੀਜ਼ ਹੋਵੇਗੀ ਤੇ ਵਕਤ ਹੀ ਦੱਸੇਗਾ ਕਿ ਇਹ ਦਰਸ਼ਕਾਂ ਨੂੰ ਖਿੱਚਦੀ ਹੈ ਜਾਂ ਨਹੀਂ।
Leave a Reply