ਸਤਨਾਮ ਦੀ ਖੁਦਕੁਸ਼ੀ ‘ਚੋਂ ਉਪਜੇ ਸਵਾਲਾਂ ਦਾ ਸਾਹਮਣਾ ਕਰਦਿਆਂ

ਬੂਟਾ ਸਿੰਘ
ਫੋਨ: +91-94634-74342
ਸਤਨਾਮ 28 ਅਪਰੈਲ ਨੂੰ ਸਦੀਵੀ ਵਿਛੋੜਾ ਦੇ ਗਿਆ। ਵਕਤ ਦੇ ਬੇਰਹਿਮ ਯਥਾਰਥ ਨਾਲ ਪਲ-ਪਲ ਜੂਝਦਿਆਂ ਉਸ ਨੇ ਆਪਣੀ ਜ਼ਿੰਦਗੀ ਦੇ ਅੰਤ ਦੀ ਜੋ ਚੋਣ ਕੀਤੀ, ਉਹ ਸਾਡੇ ਸਾਰਿਆਂ ਲਈ ਅਸਹਿ ਹੱਦ ਤਕ ਦਰਦਨਾਕ ਹੈ। ਸਤਨਾਮ ਦੀ ਖ਼ੁਦਕੁਸ਼ੀ ਨਾਲ ਪੰਜਾਬ ਦੀ ਇਨਕਲਾਬੀ ਤੇ ਜਮਹੂਰੀ ਲਹਿਰ ਵਿਚ ਪਿਛਲੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਕੀਤੀਆਂ ਗਈਆਂ ਦੋ ਖ਼ੁਦਕੁਸ਼ੀਆਂ ਵਿਚ ਇਕ ਨਾਂ ਹੋਰ ਜੁੜ ਗਿਆ ਹੈ। ਉਸ ਤੋਂ ਪਹਿਲਾਂ ਦੋ ਹੋਣਹਾਰ ਨੌਜਵਾਨ- ਅਫ਼ਰੋਜ਼ ਅੰਮ੍ਰਿਤ ਤੇ ਨਵਕਰਨ, ਪਿਛਲੇ ਸਮੇਂ ਵਿਚ ਖ਼ੁਦਕੁਸ਼ੀ ਕਰ ਚੁੱਕੇ ਹਨ। ਇਨ੍ਹਾਂ ਤਿੰਨਾਂ ਖ਼ੁਦਕੁਸ਼ੀਆਂ ਦੇ ਬੇਸ਼ੱਕ ਆਪੋ-ਆਪਣੇ ਵਿਸ਼ੇਸ਼ ਹਾਲਾਤ ਹਨ, ਇਸ ਦੇ ਬਾਵਜੂਦ ਰੁਝਾਨ ਦੇ ਤੌਰ ‘ਤੇ ਇਹ ਫ਼ਿਕਰਮੰਦੀ ਦੀ ਜ਼ੋਰਦਾਰ ਮੰਗ ਕਰਦੇ ਹਨ।

ਅਸੀਂ ਸਾਰੇ ਇਸ ਸਵਾਲ ਨਾਲ ਖੌਝਲ ਰਹੇ ਹਾਂ ਕਿ ਆਖ਼ਿਰਕਾਰ ਸਾਥੀ ਸਤਨਾਮ ਵਰਗੇ ਪ੍ਰਪੱਕ ਸਾਥੀ ਨੇ ਇਉਂ ਕਿਉਂ ਕੀਤਾ? ਕੀ ਉਸ ਕੋਲ ਹੋਰ ਕੋਈ ਚੋਣ ਨਹੀਂ ਸੀ? ਕੀ ਸਤਨਾਮ ਦਾ ਆਪਣੇ ਹੀ ਉਨ੍ਹਾਂ ਸੁਪਨਿਆਂ ਤੋਂ ਮੋਹ ਐਨਾ ਭੰਗ ਹੋ ਗਿਆ ਸੀ ਜਿਨ੍ਹਾਂ ਦੀ ਖ਼ਾਤਰ ਉਸ ਨੇ ਆਪਣਾ ਨਿੱਜੀ ਭਵਿੱਖ ਸੰਵਾਰਨ ਤੋਂ ਪਾਰ ਜਾ ਕੇ ਸਮੁੱਚੇ ਸਮਾਜ ਦੇ ਭਵਿੱਖ ਨੂੰ ਰੋਸ਼ਨ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਆਪਣੀ ਨਿੱਜੀ ਜ਼ਿੰਦਗੀ ਤੇ ਪਰਿਵਾਰ, ਸਭ ਕੁਝ ਦਾਅ ‘ਤੇ ਲਾ ਦਿੱਤਾ ਸੀ?
ਜਿਸ ਤਰ੍ਹਾਂ ਦੇ ਸਮਾਜ ਅਤੇ ਰਾਜ ਪ੍ਰਬੰਧ ਵਿਚ ਅਸੀਂ ਰਹਿ ਰਹੇ ਹਾਂ, ਉਸ ਵਿਚ ਖ਼ੁਦਕੁਸ਼ੀਆਂ ਹੈਰਾਨੀਜਨਕ ਗੱਲ ਨਹੀਂ। ਜਮਾਤਾਂ ਵਿਚ ਵੰਡੇ ਇਸ ਸਮਾਜ ਦੀ ਹਰ ਜਮਾਤ, ਹਰ ਤਬਕੇ ਦੇ ਆਪੋ-ਆਪਣੇ ਖ਼ਾਸ ਤਣਾਅ, ਦਬਾਅ ਅਤੇ ਕਾਰਨ ਹਨ ਜੋ ਇਨ੍ਹਾਂ ਸਮਾਜੀ ਹਿੱਸਿਆਂ ਦੇ ਕਈ ਮੈਂਬਰਾਂ ਨੂੰ ਕਈ ਵਾਰ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲੈਣ ਦੇ ਰਾਹ ਧੱਕ ਦਿੰਦੇ ਹਨ; ਤੇ ਉਹ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਂਦੇ ਹਨ। ਨਿਸ਼ਚੇ ਹੀ ਉਨ੍ਹਾਂ ਦੇ ਇਉਂ ਕਰਨ ਦੇ ਹਾਲਾਤ ਅਤੇ ਕਾਰਨ ਵੱਖੋ-ਵੱਖਰੇ ਹੁੰਦੇ ਹਨ।
ਜ਼ਿੰਦਗੀ ਨੂੰ ਭਰਪੂਰ ਜਿਉਣਾ ਲੋਚਦੇ ਇਨਸਾਨ ਉਪਰ ਜਦੋਂ ਇਹ ਸੋਚ ਹਾਵੀ ਹੋ ਜਾਂਦੀ ਹੈ ਕਿ ਉਸ ਦੀ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨਾ ਜਾਂ ਹੱਲ ਕਰਨ ਲਈ ਯਤਨ ਜਾਰੀ ਰੱਖਣਾ ਹੁਣ ਉਸ ਦੇ ਵੱਸ ਦੀ ਗੱਲ ਨਹੀਂ; ਜਦੋਂ ਮਾਯੂਸੀ ਅਤੇ ਨਿਰਾਸ਼ਤਾ ਉਸ ਉਪਰ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਉਸ ਨੂੰ ਉਨ੍ਹਾਂ ਮੁਸ਼ਕਲਾਂ ਵਿਚੋਂ ਬਾਹਰ ਨਿਕਲਣ ਲਈ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ ਤੇ ਉਹ ਇਸ ਨਤੀਜੇ ‘ਤੇ ਪਹੁੰਚ ਜਾਂਦਾ ਹੈ ਕਿ ਉਸ ਦਾ ਜਿਉਣਾ ਹੁਣ ਬੇਕਾਰ ਹੈ, ਉਦੋਂ ਹੀ ਉਹ ਖ਼ੁਦਕੁਸ਼ੀ ਦਾ ਰਾਹ ਅਖ਼ਤਿਆਰ ਕਰਦਾ ਹੈ।
ਪਰ ਇਨਕਲਾਬੀ ਸਮਾਜੀ ਤਬਦੀਲੀ ਲਈ ਸੰਗਰਾਮਾਂ ਦੇ ਪਾਂਧੀ, ਇਨਕਲਾਬੀ ਆਸ਼ਾਵਾਦੀ ਇਨਸਾਨਾਂ ਦਾ ਖ਼ੁਦਕੁਸ਼ੀ ਦੇ ਰਾਹ ਦੀ ਚੋਣ ਕਰਨਾ ਗੰਭੀਰ ਫ਼ਿਕਰਮੰਦੀ ਦਾ ਮਾਮਲਾ ਹੈ। ਇਸ ਤਰ੍ਹਾਂ ਦੇ ਇਨਸਾਨਾਂ ਕੋਲ ਸਮਾਜ ਦੇ ਵਿਕਾਸ ਦੇ ਨਿਯਮਾਂ ਨੂੰ ਸਮਝਣ ਦਾ ਵਿਗਿਆਨਕ ਨਜ਼ਰੀਆ ਅਤੇ ਇਸ ਤਰ੍ਹਾਂ ਦੀ ਤਬਦੀਲੀ ਲਈ ਜ਼ਰੂਰੀ ਸਪਸ਼ਟ ਸਿਧਾਂਤਕ ਤੇ ਸਿਆਸੀ ਸੂਝ ਹੁੰਦੀ ਹੈ। ਉਹ ਇਸ ਸਵਾਲ ਬਾਰੇ ਸਪਸ਼ਟ ਹੁੰਦੇ ਹਨ ਕਿ ਆਲੇ-ਦੁਆਲੇ ਦੀ ਹਕੀਕਤ ਤੋਂ ਪਲਾਇਨ ਕਰਨ ਨਾਲ ਕੁਝ ਵੀ ਬਦਲਣ ਵਾਲਾ ਨਹੀਂ। ਹਕੀਕਤ ਦਾ ਸਾਹਮਣਾ ਕਰਦੇ ਹੋਏ ਸਿਰਫ਼ ਇਨਕਲਾਬੀ ਸੰਘਰਸ਼ਾਂ ਰਾਹੀਂ ਇਨਕਲਾਬੀ ਤਬਦੀਲੀ ਲਿਆ ਕੇ ਹੀ ਸਮਾਜ ਨੂੰ ਮਨੁੱਖ ਦੇ ਜਿਉਣਯੋਗ, ਬਿਹਤਰ ਅਤੇ ਉਨ੍ਹਾਂ ਮੁਸ਼ਕਲਾਂ ਤੇ ਬੁਰਾਈਆਂ ਤੋਂ ਮੁਕਤ ਬਣਾਇਆ ਜਾ ਸਕਦਾ ਹੈ ਜੋ ਜ਼ਿੰਦਗੀ ਨੂੰ ਅਣਮਨੁੱਖੀ ਬਣਾਉਣ ਲਈ ਜ਼ਿੰਮੇਵਾਰ ਹਨ।
ਸਤਨਾਮ ਕੋਲ ਮਾਰਕਸਵਾਦ ਤੇ ਹੋਰ ਵਿਚਾਰਧਾਰਾਵਾਂ ਦਾ ਭਰਪੂਰ ਗਿਆਨ ਸੀ। ਉਸ ਨੇ ਦੁਨੀਆ ਭਰ ਦਾ ਸਾਹਿਤ ਨਿੱਠ ਕੇ ਪੜ੍ਹਿਆ ਹੋਇਆ ਸੀ। ਉਸ ਕੋਲ ਸਿਆਸੀ ਜ਼ਿੰਦਗੀ ਦਾ ਲੰਬਾ ਤਜਰਬਾ ਸੀ। ਉਸ ਨੇ ਪੇਂਡੂ ਕਿਰਤੀਆਂ, ਸਨਅਤੀ ਮਜ਼ਦੂਰਾਂ, ਖ਼ਾਸ ਕਰ ਕੇ ਲੁਧਿਆਣੇ ਦੇ ਪਰਵਾਸੀ ਮਜ਼ਦੂਰਾਂ ਅਤੇ ਜੰਗਲ ਦੇ ਆਦਿਵਾਸੀਆਂ ਦੀ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਤੋਂ ਵਾਂਝੀ, ਅਕਹਿ ਮੁਸ਼ਕਲਾਂ ਨਾਲ ਪਲ-ਪਲ ਸੰਘਰਸ਼ ਕਰਦੀ ਜ਼ਿੰਦਗੀ ਨੂੰ ਉਨ੍ਹਾਂ ਦੇ ਦਰਮਿਆਨ ਰਹਿ ਕੇ ਨੇੜਿਓਂ ਦੇਖਿਆ, ਜਾਣਿਆ ਤੇ ਸਮਝਿਆ ਸੀ। ਮਿਹਨਤਕਸ਼ਾਂ ਨੂੰ ਇਸ ਤਰ੍ਹਾਂ ਦੀ ਅਣਮਨੁੱਖੀ ਜ਼ਿੰਦਗੀ ਜਿਉਣ ਲਈ ਬੇਵੱਸ ਤੇ ਮਜਬੂਰ ਕਰਨ ਵਾਲੇ ਸਮਾਜੀ ਤੇ ਰਾਜਸੀ ਹਾਲਾਤ ਨੂੰ ਬਦਲਣ ਲਈ ਇਨਕਲਾਬੀ ਸੰਘਰਸ਼ਾਂ ਦੀ ਜ਼ਰੂਰਤ ਨੂੰ ਉਹ ਬਾਖ਼ੂਬੀ ਸਮਝਦਾ ਸੀ। ‘ਜੰਗਲਨਾਮਾ’ ਸਿਰਜਦਿਆਂ ਅਤੇ ‘ਸਪਾਰਟਕਸ’ ਦਾ ਅਨੁਵਾਦ ਕਰਦਿਆਂ ਉਸ ਨੇ ਯੁਗ ਬਦਲਣ ਦੇ ਸੰਗਰਾਮ ਵਿਚ ਮਸਰੂਫ਼ ਸ਼ਾਨਦਾਰ ਕਿਰਦਾਰਾਂ ਨੂੰ ਆਪਣੇ ਅੰਦਰ ਕਿੰਨੀ ਡੂੰਘੀ ਸ਼ਿੱਦਤ ਨਾਲ ਮਹਿਸੂਸ ਕੀਤਾ ਸੀ। ਜੇ ਫਿਰ ਵੀ ਉਸ ਨੇ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਨੂੰ ਆਪਣਾ ਅੰਤ ਚੁਣਿਆ ਤਾਂ ਇਹ ਚੋਣ ਉਸ ਅੰਦਰ ਪਿਛਲੇ ਸਮੇਂ ਤੋਂ ਘਰ ਕਰ ਗਈ ਇਸ ਨਾਂਹਪੱਖੀ ਸੋਚ ਕਾਰਨ ਸੀ ਕਿ ਹੁਣ ਉਸ ਦੇ ਆਪਣੇ ਅੰਦਰ ਇਨ੍ਹਾਂ ਨਾਮੁਆਫ਼ਕ ਹਾਲਾਤ ਦਾ ਸਾਹਮਣਾ ਕਰਨ ਦੀ ਹਿੰਮਤ ਅਤੇ ਇਸ ਨੂੰ ਬਦਲਣ ਲਈ ਜ਼ੋਰ-ਅਜ਼ਮਾਈ ਕਰਨ ਦੀ ਤਾਕਤ ਨਹੀਂ ਰਹੀ। ਮੁੱਖ ਤੌਰ ‘ਤੇ ਇਹ ਸਮਾਜੀ-ਪਰਿਵਾਰਕ ਰਿਸ਼ਤਿਆਂ ਦੀਆਂ ਉਲਝਣਾਂ ਸਨ ਜਿਨ੍ਹਾਂ ਨੇ ਉਸ ਦੇ ਮਨੋਬਲ ਨੂੰ ਖ਼ੋਰਾ ਲਾਉਣ ਵਿਚ ਆਪਣੀ ਭੂਮਿਕਾ ਨਿਭਾਈ ਜਿਸ ਦਾ ਪੜਚੋਲਵਾਂ ਖ਼ੁਲਾਸਾ ਉਨ੍ਹਾਂ ਦੀ ਬੇਟੀ ਰੀਵਾ ਨੇ ਆਪਣੇ ਪਿਆਰੇ ਪਾਪਾ ਨੂੰ ਸਮਰਪਿਤ ਚੰਦ ਸਤਰਾਂ ਵਿਚ ਕੀਤਾ ਹੈ। ਨਾਲ ਹੀ ਇਨਕਲਾਬੀ ਲਹਿਰ ਦੀ ਕਮਜ਼ੋਰੀ ਦੀ ਵੀ ਇਸ ਵਿਚ ਆਪਣੀ ਇਕ ਭੂਮਿਕਾ ਹੈ।
ਉਸ ਅੰਦਰ ਉਭਰ ਰਹੇ ਨਿਰਾਸ਼ਾਜਨਕ ਵਿਚਾਰਾਂ ਨੂੰ ਦੂਰ ਕਰਨ ਲਈ ਬੇਸ਼ੱਕ ਉਸ ਦੇ ਬਹੁਤ ਸਾਰੇ ਨੇੜਲੇ ਸਾਥੀ, ਦੋਸਤ ਤੇ ਹਿਤੈਸ਼ੀ ਲਗਾਤਾਰ ਯਤਨ ਕਰਦੇ ਰਹੇ, ਪਰ ਆਖ਼ਿਰਕਾਰ ਸਾਡਾ ਇਹ ਜ਼ਿੰਦਾਦਿਲ ਸਾਥੀ ਨਾਮੁਆਫ਼ਕ ਹਾਲਾਤ ਨਾਲ ਜੂਝਦਿਆਂ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੇ ਉਹ ਦਰਦਨਾਕ ਅੰਤ ਖ਼ੁਦ ਲਈ ਚੁਣ ਲਿਆ ਜਿਸ ਨੂੰ ਉਸ ਨੇ ਅਫ਼ਰੋਜ਼ ਅੰਮ੍ਰਿਤ ਵਲੋਂ ਖ਼ੁਦਕੁਸ਼ੀ ਕਰਨ ਸਮੇਂ ਖ਼ੁਦ ਹੀ ਜ਼ੋਰਦਾਰ ਤਰੀਕੇ ਨਾਲ ਰੱਦ ਕੀਤਾ ਸੀ।
ਘੋਰ ਆਰਥਿਕ ਸੰਕਟ ਮੂੰਹ ਆਏ ਕਿਸਾਨਾਂ ਤੇ ਮਜ਼ਦੂਰਾਂ ਨੂੰ ‘ਖ਼ੁਦਕੁਸ਼ੀਆਂ ਨਹੀਂ ਸੰਗਰਾਮ’ ਦਾ ਰਾਹ ਦਿਖਾਉਣ ਵਾਲੇ ਇਨਕਲਾਬੀ ਕਾਫ਼ਲਿਆਂ ਦੇ ਕੁਝ ਜੁਝਾਰੂ ਜਦੋਂ ਖ਼ੁਦ ਹੀ ਉਸ ਰਾਹ ਪੈਣ ਲੱਗ ਜਾਣ ਤਾਂ ਇਹ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਦੇ ਗੰਭੀਰਤਾ ਨਾਲ ਸੋਚ-ਵਿਚਾਰ ਤੇ ਸਵੈ-ਚਿੰਤਨ ਕਰ ਕੇ ਉਨ੍ਹਾਂ ਹਾਲਾਤ ਨੂੰ ਬਦਲਣ ਲਈ ਸੰਜੀਦਾ ਉਪਰਾਲੇ ਕਰਨ ਦਾ ਵੇਲਾ ਹੈ ਜਿਨ੍ਹਾਂ ਨੂੰ ਆਪਣੇ ਲਈ ਨਾਮੁਆਫ਼ਕ ਸਮਝ ਕੇ ਸੰਗਰਾਮਾਂ ਦੇ ਪਾਂਧੀ ਕਾਂਟਾ ਬਦਲ ਕੇ ਆਤਮਘਾਤ ਦੇ ਰਾਹ ਪੈਣ ਲਈ ਮਜਬੂਰ ਹੋ ਜਾਂਦੇ ਹਨ।
ਸਤਨਾਮ ਇਨਕਲਾਬੀ ਲਹਿਰ ਦੀਆਂ ਸਿਧਾਂਤਕ ਤੇ ਸਿਆਸੀ ਕਮਜ਼ੋਰੀਆਂ ਨੂੰ ਪੂਰੀ ਬੇਬਾਕੀ ਅਤੇ ਗੰਭੀਰਤਾ ਨਾਲ ਲਗਾਤਾਰ ਉਠਾਉਂਦਾ ਰਿਹਾ ਸੀ। ਉਸ ਦਾ ਮੰਨਣਾ ਸੀ ਕਿ ਇਨਕਲਾਬੀ ਲਹਿਰ ਵਿਚ ਦੁਨੀਆ ਅਤੇ ਸਾਡੇ ਮੁਲਕ ਦੇ ਬਦਲ ਚੁੱਕੇ ਹਾਲਾਤ ਨੂੰ ਸਮਝਣ ਲਈ ਲੋੜੀਂਦੀ ਰਚਨਾਤਮਕਤਾ ਨਹੀਂ ਹੈ। ਉਹ ਕਹਿੰਦਾ ਹੁੰਦਾ ਸੀ ਕਿ ਲਹਿਰ ਦੇ ਕਾਫ਼ਲੇ ਪੁਰਾਣੀਆਂ ਧਾਰਨਾਵਾਂ ਦੇ ਰਟਣ-ਮੰਤਰ ਅਤੇ ਖੋਖਲੀ ਲਫ਼ਾਜ਼ੀ ਵਿਚ ਗ੍ਰਸ ਕੇ ਐਸੀਆਂ ਮਸ਼ੀਨਾਂ ਬਣ ਚੁੱਕੇ ਹਨ ਜਿਨ੍ਹਾਂ ਨੇ ਖ਼ੁਦ ਨੂੰ ਰੁਟੀਨਵਾਦ ਦੇ ਸੰਵੇਦਨਹੀਣ ਖੋਲ ਵਿਚ ਬੰਦ ਕਰ ਲਿਆ ਹੈ। ਉਹ ਕਮਿਊਨਿਸਟ ਜਥੇਬੰਦੀ ਅੰਦਰ ਜਮਹੂਰੀਅਤ ਦੀ ਅਮਲਦਾਰੀ ਉਪਰ ਵੀ ਗੰਭੀਰ ਸਵਾਲ ਉਠਾਉਂਦੇ ਸੀ। ਉਸ ਨੂੰ ਇਹ ਕਮੀ ਬਹੁਤ ਚੁਭਦੀ ਸੀ ਕਿ ਲਹਿਰ ਅੰਦਰ ਵਿਚਾਰਧਾਰਕ ਅਤੇ ਸਿਆਸੀ-ਸਿਧਾਂਤਕ ਸਵਾਲਾਂ ਉਪਰ ਨਿੱਠ ਕੇ ਬਹਿਸ-ਮੁਬਾਹਸਾ ਨਹੀਂ ਹੋ ਰਿਹਾ ਤੇ ਦਰਪੇਸ਼ ਵੱਡੇ ਸਵਾਲਾਂ ਨੂੰ ਮੁਖ਼ਾਤਬ ਹੀ ਨਹੀਂ ਹੋਇਆ ਜਾ ਰਿਹਾ ਜਿਸ ਕਾਰਨ ਇਨਕਲਾਬੀ ਲਹਿਰ ਠੋਸ ਹਾਲਾਤ ਦਾ ਠੋਸ ਨਿਰਣਾ ਕਰ ਕੇ ਸਿਆਸੀ ਲਾਂਘੇ ਭੰਨਣ ਅਤੇ ਵਿਸ਼ਾਲ ਲੋਕਾਈ ਨੂੰ ਆਪਣੇ ਕਲਾਵੇ ਵਿਚ ਲੈ ਕੇ ਇਨਕਲਾਬੀ ਭਵਿੱਖ-ਨਕਸ਼ੇ ਵਾਲੀ ਯੁਗ-ਪਲਟਾਊ ਸਿਆਸੀ ਤਾਕਤ ਵਿਚ ਬਦਲਣ ਤੋਂ ਅਸਮਰੱਥ ਹੈ। ਉਸ ਦੇ ਸਵਾਲ ਕਿੱਥੋਂ ਤਕ ਵਾਜਬ ਹਨ, ਇਹ ਬਹਿਸ ਦਾ ਮੁੱਦਾ ਹੋ ਸਕਦੇ ਹਨ, ਤੇ ਲਾਜ਼ਮੀ ਹੋਣੇ ਚਾਹੀਦੇ ਹਨ; ਪਰ ਇਕ ਚੀਜ਼ ਤੈਅ ਹੈ ਕਿ ਇਨਕਲਾਬੀ ਲਹਿਰ ਨੂੰ ਅਜੋਕੀਆਂ ਚੁਣੌਤੀਆਂ ਦੇ ਹਾਣ ਦੀ ਹੋਣ ਲਈ ਆਪਣੀਆਂ ਕਮਜ਼ੋਰੀਆਂ ਤੇ ਅਸਫ਼ਲਤਾਵਾਂ ਉਪਰ ਖੁੱਲ੍ਹੇ ਮਨ ਨਾਲ ਨਜ਼ਰਸਾਨੀ ਤੇ ਚਰਚਾ ਕਰਨ ਦੀ ਡਾਢੀ ਜ਼ਰੂਰਤ ਹੈ। ਸਮੇਂ ਦੇ ਹਾਣੀ ਇਨਕਲਾਬੀ ਸੰਘਰਸ਼ਾਂ ਦੀ ਨਵੀਂ ਉਠਾਣ ਹੀ ਹਾਲਾਤ ਦੇ ਥਪੇੜਿਆਂ ਨਾਲ ਡਗਮਗਾ ਰਹੇ ਇਨਕਲਾਬੀ ਆਸ਼ਾਵਾਦ ਨੂੰ ਮਜ਼ਬੂਤੀ ਦੇ ਸਕੇਗੀ, ਤੇ ਐਸੀਆਂ ਦਰਦਨਾਕ ਤਰਾਸਦੀਆਂ ਨੂੰ ਠੱਲ੍ਹ ਪਾ ਸਕੇਗੀ ਜਿਸ ਨੂੰ ਅੰਜਾਮ ਦੇਣ ਦੀ ਚੋਣ ਕਰ ਕੇ ਸਾਥੀ ਸਤਨਾਮ ਨੇ ਇਉਂ ਆਪਣੀ ਜ਼ਿੰਦਗੀ ਦਾ ਅੰਤ ਕੀਤਾ।
ਸਤਨਾਮ ਨੇ ਮਾਓਵਾਦੀ ਲਹਿਰ ਦੇ ਗੜ੍ਹ ਬਸਤਰ ਦੇ ਅਬੂਝਮਾੜ ਇਲਾਕੇ ਵਿਚ ਚੋਟੀ ਦੇ ਮਾਓਵਾਦੀ ਆਗੂਆਂ ਤੇ ਹਥਿਆਰਬੰਦ ਗੁਰੀਲਿਆਂ ਨਾਲ ਕਈ ਮਹੀਨੇ ਗੁਜ਼ਾਰ ਕੇ ਇਸ ਲਹਿਰ ਬਾਰੇ ‘ਜੰਗਲਨਾਮਾ’ ਨਾਂ ਦੀ ਮੌਲਿਕ ਰਚਨਾ ਪੰਜਾਬੀ ਜ਼ੁਬਾਨ ਦੀ ਝੋਲੀ ਪਾਈ ਜੋ ਅੰਗਰੇਜ਼ੀ ਅਤੇ ਦਰਜਨ ਦੇ ਕਰੀਬ ਹਿੰਦੁਸਤਾਨੀ ਜ਼ੁਬਾਨਾਂ ਵਿਚ ਅਨੁਵਾਦ ਹੋ ਕੇ ਉਸ ਨੂੰ ‘ਜੰਗਲਨਾਮਾ’ ਤਖ਼ੱਲਸ ਦੇ ਰੂਪ ਵਿਚ ਨਿਆਰੀ ਪਛਾਣ ਦੇ ਗਈ। ਬੁੱਕਰ ਇਨਾਮ ਜੇਤੂ ਲੇਖਕਾ ਅਰੁੰਧਤੀ ਰਾਏ ਦੱਸਦੀ ਹੈ ਕਿ ਉਸ ਨੂੰ ਬਸਤਰ ਦੇ ਜੰਗਲਾਂ ਵਿਚ ਜਾ ਕੇ ਮਾਓਵਾਦੀ ਲਹਿਰ ਨੂੰ ਸਮਝਣ ਲਈ ‘ਜੰਗਲਨਾਮਾ’ ਨੇ ਪ੍ਰੇਰਿਆ ਸੀ। ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਮੁਕੰਮਲ ਉਰਦੂ ਸ਼ਾਇਰੀ ‘ਪੈਮਾਨੇ-ਇਨਕਲਾਬ’ ਦਾ ਲਿਪੀਅੰਤਰ ਤੋਂ ਇਲਾਵਾ ਸਤਨਾਮ ਨੇ ਸੰਸਾਰ ਪ੍ਰਸਿੱਧ ਨਾਵਲ ‘ਸਪਾਰਟਕਸ’, ਮਾਰਕਸ ਦੀ ‘ਇਕਨਾਮਿਕ ਐਂਡ ਫ਼ਿਲਾਸਫ਼ਿਕ ਮੈਨੂਸਕ੍ਰਿਪਟ’ ਵਰਗੀਆਂ ਬਹੁਤ ਸਾਰੀਆਂ ਚਰਚਿਤ ਕਿਤਾਬਾਂ ਦੇ ਅਨੁਵਾਦ ਕਰ ਕੇ ਪੰਜਾਬੀ ਜ਼ੁਬਾਨ ਦੀ ਚੋਖੀ ਸੇਵਾ ਕੀਤੀ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚ ਇਕੋ ਜਿੰਨੀ ਮੁਹਾਰਤ ਵਾਲਾ ਕਲਮ ਦਾ ਧਨੀ ਸੀ। ਵਿਸ਼ਵ ਸਾਹਿਤ ਦਾ ਡੂੰਘਾ ਗਿਆਤਾ ਸਤਨਾਮ ਠੇਠ ਪੰਜਾਬੀ ਲਫ਼ਜ਼ਾਂ ਦਾ ਚਲਦਾ-ਫਿਰਦਾ ਸ਼ਬਦਕੋਸ਼ ਸੀ। 1970ਵਿਆਂ ਵਿਚ ਨਕਸਲਬਾੜੀ ਲਹਿਰ ਦੀ ਬੁਲੰਦੀ ਦੇ ਦੌਰ ਵਿਚ ਕੁਲਵਕਤੀ ਕਮਿਊਨਿਸਟ ਬਣੇ ਗੁਰਮੀਤ ਉਰਫ਼ ਸਤਨਾਮ ਨੇ ਸਾਢੇ ਚਾਰ ਦਹਾਕੇ ਕਮਿਊਨਿਸਟ ਲਹਿਰ ਵਿਚ ਨਿੱਠ ਕੇ ਕੰਮ ਕੀਤਾ। ਮਾਓਵਾਦੀ ਪੱਖੀ ਮਸ਼ਹੂਰ ਅੰਗਰੇਜ਼ੀ ਰਸਾਲੇ ਪੀਪਲਜ਼ ਮਾਰਚ, ਪੀਪਲਜ਼ ਰਜਿਸਟਂੈਸ, ਜਨ ਪ੍ਰਤੀਰੋਧ, ਜੈਕਾਰਾ, ਸੁਲਗਦੇ ਪਿੰਡ, ਲੋਕ ਕਾਫ਼ਲਾ ਵਰਗੇ ਮੁਤਬਾਦਲ ਇਨਕਲਾਬੀ ਸਿਆਸਤ ਦੇ ਤਰਜਮਾਨ ਪੌਣੀ ਦਰਜਨ ਰਸਾਲਿਆਂ ਦਾ ਸੰਪਾਦਨ ਕਰਦਿਆਂ ਉਨ੍ਹਾਂ ਨੇ ਆਦਿਵਾਸੀਆਂ, ਦਲਿਤਾਂ, ਔਰਤਾਂ, ਕੌਮੀਅਤਾਂ, ਧਾਰਮਿਕ ਘੱਟਗਿਣਤੀਆਂ ਦੇ ਹੱਕ ਵਿਚ ਅਤੇ ਹਿੰਦੁਸਤਾਨੀ ਸਟੇਟ ਵਲੋਂ ਢਾਹੇ ਜਾ ਰਹੇ ਜਬਰ ਵਿਰੁੱਧ ਵਿਚ ਡਟ ਕੇ ਕਲਮ ਚਲਾਈ ਅਤੇ ਇਨ੍ਹਾਂ ਸਵਾਲਾਂ, ਖ਼ਾਸ ਕਰ ਕੇ ਗੁਜਰਾਤ ਕਤਲੇਆਮ ਅਤੇ ਅਪਰੇਸ਼ਨ ਗ੍ਰੀਨ ਹੰਟ ਨੂੰ ਲੈ ਕੇ ਕੁਲ ਹਿੰਦ ਪੱਧਰ ‘ਤੇ ਕਈ ਚਰਚਿਤ ਮੁਹਿੰਮਾਂ ਵਿਚ ਆਗੂ ਭੂਮਿਕਾ ਨਿਭਾਈ। ਕੌਮਾਂਤਰੀ ਮਾਮਲਿਆਂ ਉਪਰ ਉਸ ਦੀ ਖ਼ਾਸ ਮੁਹਾਰਤ ਸੀ। ਮਾਰਕਸਵਾਦੀ ਵਿਚਾਰਧਾਰਾ ਦਾ ਗਹਿ-ਗੱਡਵਾਂ ਧਾਰਨੀ ਸਤਨਾਮ ਅਕਸਰ ਹੀ ਸਿਆਸੀ ਤੇ ਸਿਧਾਂਤਕ ਕੰਮਜ਼ੋਰੀਆਂ ‘ਚ ਗ੍ਰਸੀ ਕਮਿਊਨਿਸਟ ਲਹਿਰ ਦੀ ਬੇਬਾਕੀ ਨਾਲ ਆਲੋਚਨਾ ਕਰਦਾ ਸੀ ਅਤੇ ਇਸ ਦੀ ਖੜੋਤ ਤੋਂ ਕਾਫ਼ੀ ਮਾਯੂਸ ਸੀ।

ਇੱਕ ਮਹਾਂਮਾਨਵ ਦੀ ਖੁਦਕੁਸ਼ੀ

ਸੁਰਿੰਦਰਪਾਲ ਸਰਾਓ
ਸੱਤਰਵਿਆਂ ‘ਚ ਸਮਾਜ ਅੰਦਰ ਵੱਡੀ ਤਬਦੀਲੀ ਲਿਆਉਣ ਲਈ ਚੱਲੀ ਨਕਸਲੀ ਲਹਿਰ ਦੌਰਾਨ ਸੈਂਕੜੇ ਨੌਜਵਾਨਾਂ ਨੇ ਆਪਣੇ ਘਰ ਪਰਿਵਾਰ ਛੱਡੇ ਸਨ, ਜਿਨ੍ਹਾਂ ਵਿਚੋਂ ਬਹੁਤੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ ਅਤੇ ਜਿਹੜੇ ਬਚ ਗਏ ਸਨ, ਉਹ ਵੀ ਕੋਈ ਜਿਉਂਦਿਆਂ ਵਿਚ ਨਹੀਂ ਸਨ ਰਹੇ। ਉਨ੍ਹਾਂ ਨੂੰ ਆਪਣੀ ਬਚਦੀ ਜ਼ਿੰਦਗੀ ਜਾਂ ਤਾਂ ਰੂਪੋਸ਼ੀ ਦੀ ਹਾਲਤ ਵਿਚ ਜਾਂ ਫਿਰ ਕਿਸੇ ਜਾਅਲੀ ਪਛਾਣ ਥੱਲੇ ਗੁਜ਼ਾਰਨੀ ਪਈ। ਉਹ ਅਜਿਹੇ ਮਹਾਂਮਾਨਵ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲੀ ਅਤੇ ਖੂਬਸੂਰਤ ਬਣਾਉਣ ਲਈ ਆਪਣੇ ਆਪ ਨੂੰ ਤਬਾਹ ਕਰ ਲਿਆ ਸੀ ਪਰ ਉਨ੍ਹਾਂ ਦੀ ਇਸ ਕੁਰਬਾਨੀ ਦਾ ਇੱਕ ਧੇਲਾ ਵੀ ਮੁੱਲ ਨਹੀਂ ਸੀ ਪਿਆ। ਜਿਹੜੇ ਸ਼ਹੀਦ ਹੋ ਗਏ ਸਨ, ਉਨ੍ਹਾਂ ਦੇ ਨਾ ਕਿਤੇ ਬੁੱਤ ਲੱਗੇ ਅਤੇ ਨਾ ਹੀ ਉਨ੍ਹਾਂ ਦੇ ਨਾਂ ਉਤੇ ਕਿਤੇ ਮੇਲੇ ਲੱਗੇ। ਜਿਹੜੇ ਜਿਉਂਦੇ ਬਚੇ ਸਨ, ਉਹ ਵੀ ਸਾਰੇ ਵਕਤ ਦੀ ਧੂੜ੍ਹ ਦੇ ਇੰਨਾ ਥੱਲੇ ਦਬ ਗਏ ਕਿ ਅੱਜ ਚਾਰ ਦਹਾਕਿਆਂ ਮਗਰੋਂ ਉਨ੍ਹਾਂ ਦਾ ਸਨਮਾਨ ਕਰਨਾ ਤਾਂ ਦੂਰ, ਲੋਕਾਂ ਨੇ ਉਨ੍ਹਾਂ ਨੂੰ ਪਹਿਚਾਨਣਾ ਵੀ ਬੰਦ ਕਰ ਦਿੱਤਾ ਹੈ। ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਨੇ ਅਜਿਹੇ ਮਹਾਂਮਾਨਵਾਂ ਦੀ ਹਾਲਤ ਆਪਣੀ ਇਕ ਨਜ਼ਮ ਵਿਚ ਇਸ ਤਰ੍ਹਾਂ ਬਿਆਨੀ ਹੈ:
ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਹੁਤ ਹੈ
ਕੌਣ ਪਹਿਚਾਣੇਗਾ ਸਾਨੂੰ
ਮੱਥੇ ਉਤੇ ਮੌਤ ਦਸਤਖਤ ਕਰ ਗਈ ਹੈ
ਚਿਹਰੇ ਉਤੇ ਯਾਰ ਪੈੜਾਂ ਛੱਡ ਗਏ ਨੇ।

ਸ਼ਾਮ ਨੂੰ ਜਦ ਮੜ੍ਹੀ ‘ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ
ਉਹ ਕਿ ਜਿਹੜਾ ਮਰ ਗਿਆ ਹੈ
ਉਹ ਕਿ ਜਿਸ ਦੀ ਮੌਤ ਦਾ
ਇਸ ਭਰੀ ਨਗਰੀ ‘ਚ ਬਸ ਮੈਨੂੰ ਪਤਾ ਹੈ।

ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ
ਬਹੁਤ ਰਹਿ ਜਾਵਾਂਗਾ ਕੱਲਾ
ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ
ਹੁਣ ਘਰਾਂ ‘ਚ ਵੱਸਣਾ ਸੌਖਾ ਨਹੀਂ ਹੈ।
ਪਿਛਲੇ ਦਿਨੀਂ 64 ਸਾਲ ਦੀ ਉਮਰ ਵਿਚ ਪਟਿਆਲਾ ਵਿਖੇ ਖੁਦਕੁਸ਼ੀ ਕਰਨ ਵਾਲਾ ਸਤਨਾਮ ਵੀ ਅਜਿਹੇ ਮਹਾਂਮਾਨਵਾਂ ਵਿਚੋਂ ਇਕ ਸੀ। ਉਹ ਆਪਣੇ ਆਖਰੀ ਸਾਹ ਤੀਕ ਗਰੀਬਾਂ, ਨਿਆਸਰਿਆਂ ਦੇ ਹੱਕਾਂ ਲਈ ਲੜਦਾ ਰਿਹਾ, ਉਨ੍ਹਾਂ ਲਈ ਲਿਖਦਾ ਰਿਹਾ, ਉਨ੍ਹਾਂ ਦੀ ਆਵਾਜ਼ ਬਣਦਾ ਰਿਹਾ।
2002 ਵਿਚ ਸਤਨਾਮ ਨੇ ਕਈ ਮਹੀਨੇ ਛੱਤੀਸਗੜ੍ਹ ਦੇ ਜੰਗਲਾਂ ਵਿਚ ਮਾਓਵਾਦੀਆਂ ਅਤੇ ਆਦਿਵਾਸੀ ਲੋਕਾਂ ਵਿਚ ਗੁਜ਼ਾਰੇ ਅਤੇ ਜੀਉਣ ਲਈ ਉਨ੍ਹਾਂ ਦੇ ਸੰਘਰਸ਼ ਨੂੰ ਬਹੁਤ ਕਰੀਬ ਤੋਂ ਵੇਖਿਆ। ਇਨ੍ਹਾਂ ਸਾਰੇ ਤਜਰਬਿਆਂ ਨੂੰ ਸਤਨਾਮ ਨੇ ਆਪਣੀ ਪੁਸਤਕ ‘ਜੰਗਲਨਾਮਾ’ ਵਿਚ ਪੇਸ਼ ਕੀਤਾ। ਇਨ੍ਹਾਂ ਜੰਗਲਾਂ ਵਿਚ ਮਾਓਵਾਦੀਆਂ ਦੀ ਹਕੂਮਤ ਚੱਲਦੀ ਹੈ। ਸਤਨਾਮ ਇਨ੍ਹਾਂ ਮਾਓਵਾਦੀਆਂ ਦੇ ਜ਼ਰੀਏ ਆਦਿਵਾਸੀਆਂ ਨੂੰ ਮਿਲਿਆ। ਉਹ ਨੌਜਵਾਨ ਮਾਓਵਾਦੀਆਂ ਨਾਲ ਕਈ ਕਈ ਦਿਨ ਘੁੰਮਦਾ ਰਿਹਾ, ਜੋ ਹਮੇਸ਼ਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੁਨੇਹੇ ਜਾਂ ਸਮਾਨ ਪਹੁੰਚਾਉਣ ਲਈ ਤੁਰੇ ਰਹਿੰਦੇ ਸਨ। ਕੁਝ ਆਦਿਵਾਸੀ ਗਰੀਲੇ ਵੀ ਸਨ, ਪਰ ਸਾਰੇ ਨਹੀਂ। ਇਸ ਕਿਤਾਬ ਵਿਚ ਸਤਨਾਮ ਨੇ ਗੌਂਡਜ਼ ਕਬੀਲੇ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਹੈ। ਉਹ ਦੱਸਦਾ ਹੈ ਕਿ ਇਸ ਕਬੀਲੇ ਦੇ ਬਹੁਤੇ ਲੋਕ 20 ਤੋਂ ਵੱਧ ਗਿਣਤੀ ਨਹੀਂ ਜਾਣਦੇ। ਇਸ ਲਈ ਉਹ ਕਿੱਦਾਂ ਜਾਣ ਸਕਦੇ ਹਨ ਕਿ ਉਨ੍ਹਾਂ ਦੇ ਆਲੇ ਦੁਆਲੇ ਹਜ਼ਾਰਾਂ ਕਰੋੜ ਦੇ ਖਣਿਜ ਪਦਾਰਥ ਪਏ ਹਨ। ਉਨ੍ਹਾਂ ਦੀ ਔਸਤ ਉਮਰ 50 ਸਾਲ ਨਹੀਂ ਟੱਪਦੀ। ਉਹ ਸਮੇਂ ਨੂੰ ਮਿੰਟਾਂ ਜਾਂ ਘੰਟਿਆਂ ਨਾਲ ਨਹੀਂ ਸਗੋਂ ਦਿਨ-ਰਾਤ ਅਤੇ ਮੌਸਮ ਤਬਦੀਲੀ ਦੇ ਹਿਸਾਬ ਨਾਲ ਮਾਪਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਅਜੇ ਤੀਕ ਰੇਲ ਗੱਡੀ ਜਾਂ ਬੱਸ ਨਹੀਂ ਵੇਖੀ।
ਸਤਨਾਮ ਦੀ ਇਹ ਕਿਤਾਬ ਇਕ ਅਜਿਹਾ ਦਸਤਾਵੇਜ਼ ਹੈ, ਜਿਹੜਾ ਭਾਰਤ ਅੰਦਰ ਵਸਦੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਉਤੇ ਰੌਸ਼ਨੀ ਪਾਉਂਦਾ ਹੈ, ਜਿਨ੍ਹਾਂ ਨੂੰ ਬਤੌਰ ਨਾਗਰਿਕ ਅਜੇ ਤੀਕ ਨਾ ਕੋਈ ਪਹਿਚਾਣ ਮਿਲੀ ਹੈ, ਨਾ ਕੋਈ ਸਹੂਲਤ ਮਿਲੀ ਹੈ ਅਤੇ ਨਾ ਹੀ ਅਧਿਕਾਰ। ਇਹ ਤਾਂ ਰਹੀ ਇਕ ਆਦਿਵਾਸੀ ਕਬੀਲੇ ਦੀ ਕਹਾਣੀ, ਜਿਹੜੇ ਇਸ ਕਰਕੇ ਸਹੂਲਤਾਂ ਅਤੇ ਅਧਿਕਾਰਾਂ ਤੋਂ ਵਾਂਝੇ ਹਨ, ਕਿਉਂਕਿ ਉਹ ਜੰਗਲਾਂ ਵਿਚ ਰਹਿੰਦੇ ਹਨ। ਪਰ ਸਤਨਾਮ ਵਰਗੇ ਸੰਵੇਦਨਸ਼ੀਲ ਬੰਦਿਆਂ ਨੂੰ ਇਸ ਦੇਸ਼ ਦੇ ਉਨ੍ਹਾਂ ਕਰੋੜਾਂ ਲੋਕਾਂ ਦਾ ਦੁੱਖ ਵੀ ਦਿਨ ਰਾਤ ਪਰੇਸ਼ਾਨ ਕਰਦਾ ਰਿਹਾ, ਜਿਹੜੇ ਆਪਣੇ ਵੋਟ ਰਾਹੀਂ ਇਸ ਦੇਸ਼ ਦੀ ਸਰਕਾਰ ਬਣਾਉਂਦੇ ਹਨ, ਪਰ ਇਸ ਦੇ ਬਾਵਜੂਦ ਉਹ ਖੁਦ ਗਰੀਬੀ, ਨਾਬਰਾਬਰੀ, ਅਨਪੜ੍ਹਤਾ, ਫਿਰਕੂਪੁਣੇ ਅਤੇ ਚੋਰ-ਬਾਜ਼ਾਰੀ ਦੇ ਜੰਜਾਲ ਵਿਚੋਂ ਬਾਹਰ ਨਹੀਂ ਨਿਕਲ ਪਾਉਂਦੇ।
ਸਤਨਾਮ ਵਰਗੇ ਬੰਦਿਆਂ ਦਾ ਖੁਦਕੁਸ਼ੀ ਕਰਨਾ ਕਿਸ ਧਿਰ ਦੀ ਅਸਫਲਤਾ ਵੱਲ ਸੰਕੇਤ ਕਰਦਾ ਹੈ? ਸਮਾਜ ਦੀ ਜਾਂ ਇਨਸਾਨ ਦੀ? ਯੁੱਗ ਬਦਲਣ ਲਈ ਕਦੇ ਸਿਰ ਉਤੇ ਕਫਨ ਬੰਨ੍ਹ ਕੇ ਘਰੋਂ ਨਿਕਲੇ ਬੰਦੇ ਨੂੰ ਅਸੀਂ ‘ਕਾਇਰ’ ਕਹਿਣ ਦੀ ਗੁਸਤਾਖੀ ਨਹੀਂ ਕਰ ਸਕਦੇ। ਨਾ ਹੀ ਦਹਾਕਿਆਂ ਤੋਂ ਮਹਾਂਮਾਨਵ ਬਣ ਕੇ ਮਜ਼ਲੂਮਾਂ ਦੇ ਹੱਕਾਂ ਲਈ ਲੜਨ ਵਾਲੇ ਇਨਸਾਨ ਨੂੰ ਅਸੀਂ ‘ਨਿਰਾਸ਼ਾ ਦਾ ਸ਼ਿਕਾਰ’ ਕਹਿ ਕੇ ਪੱਲਾ ਝਾੜ ਸਕਦੇ। ਸਤਨਾਮ ਨੇ ਸਾਰੀ ਜ਼ਿੰਦਗੀ ਕੋਈ ਵੀ ਛੋਟਾ ਕੰਮ ਨਹੀਂ ਕੀਤਾ, ਉਸ ਨੇ ਹਮੇਸ਼ਾਂ ਵੱਡੇ ਟਾਹਣਾਂ ਨੂੰ ਹੀ ਹੱਥ ਪਾਇਆ। ਬਤੌਰ ਮਨੁੱਖ ਸਤਨਾਮ ਵਰਗੇ ਬੰਦਿਆਂ ਦੀ ਇਸ ਸਮਾਜ ਨੂੰ ਜੋ ਦੇਣ ਹੈ, ਉਸ ਨੂੰ ਪੈਸਿਆਂ ਜਾਂ ਕਾਮਯਾਬੀ ਦੇ ਪੈਮਾਨਿਆਂ ਨਾਲ ਨਹੀਂ ਮਿਣਿਆ ਜਾ ਸਕਦਾ। ਅੱਜ ਉਨ੍ਹਾਂ ਦੇ ਚੁਣੇ ਰਾਹਾਂ ਉਤੇ ਕੋਈ ਨਹੀਂ ਤੁਰਦਾ। ਉਹ ਪੈਂਡੇ ਹੀ ਅਜਿਹੇ ਹਨ, ਜਿਹੜੇ ਸਿਰਫ ਮਹਾਂਮਾਨਵਾਂ ਲਈ ਹੀ ਬਣੇ ਹਨ। ਅੱਜ ਕੱਲ੍ਹ ਅਜਿਹੇ ਬੰਦੇ ਪੈਦਾ ਨਹੀਂ ਹੁੰਦੇ। ਹੁਣ ਤਾਂ ਨਿੱਕੇ ਨਿੱਕੇ ਲੋਕਾਂ ਦਾ ਜ਼ਮਾਨਾ ਹੈ, ਜਿਨ੍ਹਾਂ ਦੇ ਸੁਫਨੇ, ਹੌਂਸਲੇ, ਗਮ, ਖੁਸ਼ੀਆਂ ਅਤੇ ਮੰਜ਼ਿਲਾਂ ਨਿੱਕੀਆਂ ਨਿੱਕੀਆਂ ਹਨ। ਇਹ ਨਿੱਕੇ ਲੋਕਾਂ ਦਾ ਸੰਸਾਰ ਹੈ, ਸਤਨਾਮ ਵਰਗੇ ਮਹਾਂਮਾਨਵ ਹੁਣ ਇੱਥੇ ਹੋਰ ਦੇਰ ਲਈ ਨਹੀਂ ਠਹਿਰ ਸਕਦੇ।