ਸੁਖਬੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸੱਤ ਨੂੰ ਸੰਮਨ ਜਾਰੀ

ਅੰਮ੍ਰਿਤਸਰ: ਸਿਵਲ ਜੂਨੀਅਰ ਜੱਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ ਜਬਰੀ ਦੁਕਾਨ ਖਾਲੀ ਕਰਵਾਉਣ ਦੇ ਇਕ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਸਮੇਤ ਸੱਤਾਂ ਨੂੰ ਨੋਟਿਸ ਜਾਰੀ ਕਰਦਿਆਂ 19 ਮਈ ਨੂੰ ਅਦਾਲਤ ਵਿਚ ਪੇਸ਼ ਹੋਣ ਬਾਬਤ ਸੰਮਨ ਜਾਰੀ ਕੀਤੇ ਗਏ ਹਨ।

ਸ੍ਰੀ ਹਰਿਮੰਦਰ ਸਾਹਿਬ ਦੀ ਬਾਹਰੀ ਚਾਰ ਦੀਵਾਰੀ ਵਿਚ ਘੰਟਾ ਘਰ ਬਾਹੀ ਦੀਆਂ ਦੁਕਾਨਾਂ ਨੂੰ ਗਲਿਆਰੇ ਦੇ ਸੁੰਦਰੀਕਰਨ ਸਬੰਧੀ ਜਾਰੀ ਪ੍ਰੋਜੈਕਟ ਤਹਿਤ ਖਾਲੀ ਕਰਵਾਉਣ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਕੋਸ਼ਿਸ਼ਾਂ ਦੌਰਾਨ ਇਕ ਕਿਰਾਏਦਾਰ ਹਰਬੀਰ ਸਿੰਘ ਵੱਲੋਂ ਇਸ ਕਾਰਵਾਈ ਤੋਂ ਇਨਕਾਰੀ ਹੁੰਦਿਆਂ ਜਬਰੀ ਦਖ਼ਲ-ਅੰਦਾਜ਼ੀ ਖਿਲਾਫ਼ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ। ਦੁਕਾਨਦਾਰ ਦੇ ਦਾਅਵੇ ਅਨੁਸਾਰ ਇਸ ਮੁਤੱਲਕਾ ਉਸ ਨੇ ਅਦਾਲਤ ਵਿਚੋਂ ਸਟੇਅ ਲਿਆ ਹੋਇਆ ਹੈ ਤੇ ਉਸ ਦੇ ਹੱਕ ਵਿਚ ਫੈਸਲਾ ਵੀ ਹੋਇਆ ਹੈ।
ਜਦਕਿ ਸ਼੍ਰੋਮਣੀ ਕਮੇਟੀ ਪ੍ਰਬੰਧਕ ਉਸ ਪਾਸੋਂ ਇਸ ਦੁਕਾਨ ਨੂੰ ਜਬਰੀ ਹਥਿਆਉਣਾ ਚਾਹੁੰਦੇ ਸਨ ਅਤੇ ਇਸ ਦੇ ਬਦਲੇ ਜੋ ਦੁਕਾਨ ਉਨ੍ਹਾਂ ਨੂੰ ਦਿੱਤੀ ਜਾ ਰਹੀ ਸੀ, ਉਹ ਕੰਮ ਦੇ ਲਿਹਾਜ਼ ਨਾਲ ਉਸ ਲਈ ਵਾਜਬ ਨਹੀਂ ਸੀ। ਉਸ ਨੇ ਦੋਸ਼ ਲਾਇਆ ਕਿ ਬੀਤੇ 11 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੀ ਫੇਰੀ ਦੌਰਾਨ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਜੁਆਨੀ ਆਦੇਸ਼ ਦੇ ਕੇ ਉਸ ਦੀ ਦੁਕਾਨ ਜਬਰੀ ਖਾਲੀ ਕਰਵਾਉਣ ਲਈ ਕਿਹਾ। ਉਸ ਨੇ ਦਾਅਵਾ ਕੀਤਾ ਹੈ ਕਿ ਇਸੇ ਰਾਤ ਕਰੀਬ 1æ30 ਵਜੇ ਸ਼੍ਰੋਮਣੀ ਕਮੇਟੀ ਦੀ ਗੱਡੀ ਨੰਬਰ ਪੀæ ਬੀæ 02-ਬੀæ ਵੀæ 8513 ‘ਤੇ ਆਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਸ ਦੀ ਦੁਕਾਨ ਵਿਚੋਂ ਜਬਰੀ ਸਾਮਾਨ ਖੁਰਦ ਬੁਰਦ ਕਰਨ ਦੀ ਮਨਸ਼ਾ ਨਾਲ ਚੁੱਕ ਲਿਆ।
_________________________________________
ਮੱਕੜ ਵੱਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਤੌਬਾ
ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਵਜੋਂ ਹੁਣ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸਮਾਂ ਪ੍ਰਧਾਨਗੀ ਕਰ ਲਈ ਹੈ ਤੇ ਹੁਣ ਅਗਾਂਹ ਅਜਿਹੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਅਗਲੀ ਪ੍ਰਧਾਨਗੀ ਤੋਂ ਮੋਹ ਭੰਗ ਹੋਣ ਪਿਛੇ ਆਪਣੀ ਸਿਹਤ ਢਿੱਲੀ ਰਹਿਣ ਦਾ ਤਰਕ ਦਿੰਦਿਆਂ ਆਖਿਆ ਕਿ ਪਾਰਟੀ ਜਿਸ ਨੂੰ ਮਰਜ਼ੀ ਅਗਲੇ ਪ੍ਰਧਾਨ ਵਜੋਂ ਪੇਸ਼ ਕਰ ਸਕਦੀ ਹੈ ਅਤੇ ਉਨ੍ਹਾਂ ਨੇ ਅਗਲਾ ਪਿੜ ਖੁੱਲ੍ਹਾ ਛੱਡ ਦਿੱਤਾ ਹੈ।
ਇਥੇ ਖਾਲਸਾ ਕਾਲਜ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਅਗਲੀ ਟਰਮ ਦੇ ਪ੍ਰਧਾਨ ਵਜੋਂ ਖ਼ੁਦ ਹੀ ਨਾਂਹ ਕਰਨਗੇ। ਉਨ੍ਹਾਂ ਆਖਿਆ ਕਿ ਪਿਛਲੇ ਕਈ ਹਫਤਿਆਂ ਤੋਂ ਉਹ ਬਿਮਾਰ ਚੱਲ ਰਹੇ ਹਨ। ਸਿਹਤ ਵਿਗੜੀ ਹੋਣ ਦੇ ਬਾਵਜੂਦ ਫਿਲਹਾਲ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ, ਪਰ ਅਗਲੇ ਪ੍ਰਧਾਨ ਵਜੋਂ ਉਨ੍ਹਾਂ ਦੀ ਸਿਹਤ ਇਜਾਜ਼ਤ ਨਹੀਂ ਦੇਵੇਗੀ।