ਗੁਰਦਾਸਪੁਰ: ਆਈæਐਸ਼ ਦੇ ਅਤਿਵਾਦੀਆਂ ਦੇ ਚੁੰਗਲ ਤੋਂ ਬਚ ਕੇ ਆਏ ਪੰਜਾਬੀ ਨੌਜਵਾਨ ਹਰਜੀਤ ਮਸੀਹ ਨੂੰ ਹੁਣ ਪੰਜਾਬ ਪੁਲਿਸ ਨੇ ਘੇਰ ਲਿਆ ਹੈ। ਬਟਾਲਾ ਅਦਾਲਤ ਨੇ ਪੁਲਿਸ ਨੂੰ ਪੁੱਛਗਿਛ ਕਰਨ ਲਈ ਹਰਜੀਤ ਦਾ ਰਿਮਾਂਡ ਦਿੱਤਾ ਹੈ। ਹਰਜੀਤ ਖਿਲਾਫ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਹੋਇਆ ਹੈ। ਕਾਬਲੇਗੌਰ ਹੈ ਕਿ ਹਰਜੀਤ ਨੇ ਦਾਅਵਾ ਕੀਤਾ ਸੀ ਕਿ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਨੇ 39 ਭਾਰਤੀਆਂ ਨੂੰ ਮਾਰ ਦਿੱਤਾ ਹੈ ਤੇ ਉਹ ਇਕੱਲਾ ਹੀ ਬਚ ਕੇ ਆਇਆ ਹੈ।
ਦੂਜੇ ਪਾਸੇ, ਭਾਰਤ ਸਰਕਾਰ ਇਸ ਦਾਅਵੇ ਨੂੰ ਖਾਰਜ ਕਰ ਕਹਿ ਰਹੀ ਹੈ ਕਿ ਸਾਰੇ ਭਾਰਤੀ ਸੁਰੱਖਿਅਤ ਹਨ। ਜੂਨ 2014 ਵਿਚ ਇਰਾਕ ਦੇ ਮੌਸੂਲ ਵਿਚ ਭਾਰਤੀਆਂ ਨੂੰ ਇਸਲਾਮਿਕ ਸਟੇਟ ਨੇ ਅਗਵਾ ਕਰ ਲਿਆ ਸੀ। ਇਨ੍ਹਾਂ 39 ਭਾਰਤੀਆਂ ਵਿਚੋਂ ਨੌਂ ਦੇ ਪਰਿਵਾਰਾਂ ਨੇ ਹੀ ਹਰਜੀਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਨ੍ਹਾਂ ਨੇ ਹਰਜੀਤ ਜ਼ਰੀਏ ਇਰਾਕ ਜਾਣ ਦਾ ਇਲਜ਼ਾਮ ਲਾਇਆ ਹੈ। ਹਰਜੀਤ ਦੇ ਫੁੱਫੜ ਰਾਜਵੀਰ ‘ਤੇ ਵੀ ਕੇਸ ਦਰਜ ਹੋਇਆ ਹੈ। ਰਾਜਵੀਰ ਦੁਬਈ ਵਿਚ ਰਹਿੰਦਾ ਹੈ। ਇਰਾਕ ‘ਚ ਅਗਵਾ ਹੋਏ ਨੌਜਵਾਨਾਂ ਦੇ ਨੌਂ ਪਰਿਵਾਰਾਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਹਰਜੀਤ ਦੇ ਕਹਿਣ ਉਤੇ ਹੀ ਆਪਣੇ ਪੁੱਤਰਾਂ ਨੂੰ ਇਰਾਕ ਭੇਜਿਆ ਸੀ।
ਦੁਬਈ ਵਿਚ ਰਹਿਣ ਵਾਲਾ ਹਰਜੀਤ ਦਾ ਫੁੱਫੜ ਉਨ੍ਹਾਂ ਦਾ ਟਰੈਵਲ ਏਜੰਟ ਸੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਹਰਜੀਤ ਮੁੜ ਇਰਾਕ ਜਾਣ ਦੀ ਫਿਰਾਕ ਵਿਚ ਹੈ ਤੇ ਉਸ ਨੂੰ ਰੋਕਿਆ ਜਾਏ।
ਗੁਰਭਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ 6 ਜੂਨ 2014 ਨੂੰ ਉਸ ਦੇ ਭਰਾ ਮਨਜਿੰਦਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਹਰਜੀਤ ਮਸੀਹ ਉਨ੍ਹਾਂ ਨੂੰ ਇਕੱਲੇ ਛੱਡ ਕੇ ਕਿਤੇ ਚਲਾ ਗਿਆ ਹੈ, ਜਿਸ ਤੋਂ ਬਾਅਦ 15 ਜੂਨ 2014 ਨੂੰ ਫਿਰ ਫੋਨ ‘ਤੇ ਮਨਜਿੰਦਰ ਸਿੰਘ ਨਾਲ ਗੱਲ ਹੁੰਦੀ ਰਹੀ, ਪਰ ਉਸ ਤੋਂ ਬਾਅਦ ਫੋਨ ਬੰਦ ਆ ਰਿਹਾ ਹੈ। ਉਸ ਤੋਂ ਬਾਅਦ ਜੂਨ 2015 ਨੂੰ ਹਰਜੀਤ ਮਸੀਹ ਜਦੋਂ ਭਾਰਤ ਵਾਪਸ ਆਇਆ ਤਾਂ ਗੁਰਭਿੰਦਰ ਕੌਰ ਅਤੇ ਰਿਸ਼ਤੇਦਾਰਾਂ ਦੇ ਨਾਲ ਹਰਜੀਤ ਨੂੰ ਮਿਲੀ।
ਜ਼ਿਕਰਯੋਗ ਹੈ ਕਿ ਹਰਜੀਤ ਮਸੀਹ ਨੇ 14 ਮਈ 2015 ਨੂੰ ਮੁਹਾਲੀ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਸੀ ਕਿ ਆਈæਐਸ਼ ਦੇ ਅਤਿਵਾਦੀਆਂ ਨੇ ਬੰਧਕ ਬਣਾਏ 40 ਪੰਜਾਬੀਆਂ ਵਿਚੋਂ 39 ਨੂੰ ਉਸ ਦੀਆਂ ਅੱਖਾਂ ਸਾਹਮਣੇ ਮੌਤ ਦੇ ਘਾਟ ਉਤਾਰਿਆ ਸੀ। ਉਸ ਨੇ ਦੱਸਿਆ ਸੀ ਕਿ ਉਹ ਜੂਨ 2013 ਨੂੰ ਇਰਾਕ ਗਿਆ ਸੀ ਅਤੇ 11 ਜੂਨ 2014 ਨੂੰ ਉਕਤ ਅਤਿਵਾਦੀ ਸੰਗਠਨ ਵੱਲੋਂ ਭਾਰਤ ਅਤੇ ਬੰਗਲਾਦੇਸ਼ ਦੇ ਤਕਰੀਬਨ 60 ਲੋਕਾਂ ਨੂੰ ਬੰਧਕ ਬਣਾਇਆ ਸੀ, ਜਿਨ੍ਹਾਂ ਵਿਚੋਂ ਬੰਗਲਾਦੇਸ਼ੀਆਂ ਨੂੰ ਛੱਡ ਦਿੱਤਾ ਗਿਆ ਸੀ ਅਤੇ 16 ਜੂਨ 2014 ਨੂੰ ਭਾਰਤੀਆਂ ਨੂੰ ਗੱਡੀਆਂ ਵਿਚ ਬੰਦ ਕਰ ਕੇ ਜੰਗਲਾਂ ਵਿਚ ਲਿਜਾਇਆ ਗਿਆ, ਜਿਥੇ ਲਾਈਨ ਬਣਾ ਕੇ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਵਿਚੋਂ ਕੇਵਲ ਉਹ ਹੀ ਬਚਿਆ ਸੀ। ਉਸ ਦੇ ਪੇਟ ‘ਤੇ ਗੋਲੀ ਜ਼ਰੂਰ ਲੱਗੀ, ਪਰ ਉਹ ਬਾਕੀ ਪੰਜਾਬੀਆਂ ਨਾਲ ਲੇਟਿਆ ਰਿਹਾ, ਜਿਥੋਂ ਉਹ ਕਿਸੇ ਤਰੀਕੇ ਨਾਲ ਬਚ ਨਿਕਲਿਆ ਤੇ ਬੰਗਲਾਦੇਸ਼ੀ ਦੀ ਪਛਾਣ ਦੱਸ ਕੇ ਆਪਣੀ ਵਾਪਸ ਆਪਣੀ ਕੰਪਨੀ ਵਿਚ ਪਹੁੰਚ ਗਿਆ, ਜਿਥੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਵਾਪਸ ਆਪਣੇ ਦੇਸ਼ ਪਹੁੰਚਿਆ।