ਬਠਿੰਡਾ: ਪੰਜਾਬ ਸਰਕਾਰ ਵੱਲੋਂ ਸੈਰ-ਸਪਾਟੇ ਲਈ ਖੋਲ੍ਹੇ ਰਿਜ਼ੌਰਟਾਂ ਨੇ ਸਰਕਾਰੀ ਖਜ਼ਾਨੇ ਨੂੰ 202 ਕਰੋੜ ਦਾ ਵੱਡਾ ਰਗੜਾ ਲਾਇਆ ਹੈ। ਸੈਰ-ਸਪਾਟੇ ਵਾਲੇ ਚਾਰ ਸੂਬਿਆਂ ਵਿਚ ਬਣਾਏ ਗਏ ਇਹ ਰਿਜ਼ੌਰਟ (ਹਾਲੀਡੇਅ ਹੋਮਜ਼) ਖਜ਼ਾਨੇ ਲਈ ਘਾਟੇ ਦਾ ਸੌਦਾ ਬਣੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਮਸੂਰੀ, ਜੈਪੁਰ ਤੇ ਧਰਮਸ਼ਾਲਾ ਵਿਚਲੇ ਸਾਲਾਂ ਤੋਂ ਬੰਦ ਪਏ ਰਿਜ਼ੌਰਟਾਂ ਉਤੇ ਹੀ ਸਾਲਾਨਾ ਔਸਤਨ 16 ਕਰੋੜ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ। ਚੌਥਾ, ਗੋਆ ਦਾ ਰਿਜ਼ੌਰਟ ਵੀ ਘਾਟੇ ਵਿਚ ਚੱਲ ਰਿਹਾ ਹੈ ਤੇ ਉਪਰੋਂ ਸਰਕਾਰ ਹੁਣ ਇਨ੍ਹਾਂ ਨੂੰ ਰੈਨੋਵੇਟ ਕਰਨ ਦੀ ਯੋਜਨਾ ਬਣਾ ਰਹੀ ਹੈ।
ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਵਿਕਾਸ ਬੋਰਡ ਤੋਂ ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਸੂਬਾ ਸਰਕਾਰ ਵੱਲੋਂ ਪੰਜਾਬ ਤੋਂ ਬਾਹਰ ਗੋਆ ਵਿਚ ਸੋਹਨੀ ਹਾਲੀਡੇਅ ਇੰਨ, ਮਸੂਰੀ ਵਿਚ ਸੈਪਲਿੰਗ ਅਸਟੇਟ ਹਾਲੀਡੇਅ ਰਿਜ਼ੌਰਟ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਚ ਮਾਊਂਟ ਵਿਊ ਹਾਲੀਡੇਅ ਰਿਜ਼ੌਰਟ ਅਤੇ ਜੈਪੁਰ ਵਿਚ ਰਾਜ ਸਰਾਏ ਹਾਲੀਡੇਅ ਰਿਜ਼ੌਰਟ ਬਣਾਇਆ ਗਿਆ ਸੀ। ਹੁਣ ਇਨ੍ਹਾਂ ਵਿਚੋਂ ਸਿਰਫ ਗੋਆ ਦਾ ਰਿਜ਼ੌਰਟ ਹੀ ਚੱਲ ਰਿਹਾ ਹੈ ਜਦੋਂ ਕਿ ਜੈਪੁਰ, ਮਸੂਰੀ ਤੇ ਧਰਮਸ਼ਾਲਾ ਦੇ ਰਿਜ਼ੌਰਟ ਬੰਦ ਹੋਣ ਮਗਰੋਂ ਵੀ ਸਰਕਾਰ ਇਨ੍ਹਾਂ ‘ਤੇ 105 ਕਰੋੜ ਰੁਪਏ ਦਾ ਖਰਚ ਚੁੱਕੀ ਹੈ। ਗੋਆ ਦਾ ਰਿਜ਼ੌਰਟ ਸਾਲ 2009-10 ਤੋਂ ਦਸੰਬਰ 2015 ਤੱਕ 18æ47 ਕਰੋੜ ਦੇ ਘਾਟੇ ਵਿਚ ਹੈ। ਇਸ ਰਿਜ਼ੌਰਟ ਦੇ ਆਮ ਕਮਰੇ ਦਾ ਪ੍ਰਤੀ ਦਿਨ ਕਿਰਾਇਆ 100 ਰੁਪਏ ਅਤੇ ਏਸੀ ਕਮਰੇ ਦਾ ਕਿਰਾਇਆ 250 ਰੁਪਏ ਨਿਰਧਾਰਤ ਹੈ। ਪੰਜਾਬ ਸਰਕਾਰ ਨੇ 31 ਜੁਲਾਈ, 1991 ਨੂੰ ਗੋਆ ਵਿਚ 22æ70 ਲੱਖ ਰੁਪਏ ਦੀ ਜਾਇਦਾਦ ਖਰੀਦ ਕੇ ਰਿਜ਼ੌਰਟ ਬਣਾਇਆ ਸੀ। ਮਸੂਰੀ ਦਾ ਰਿਜ਼ੌਰਟ 4 ਨਵੰਬਰ, 1987 ਨੂੰ 50æ62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਸੀ, ਜੋ 2003-04 ਤੋਂ ਬੰਦ ਪਿਆ ਹੈ। ਬੰਦ ਹੋਣ ਮਗਰੋਂ ਹੁਣ ਤੱਕ ਇਹ ਸਰਕਾਰੀ ਖਜ਼ਾਨੇ ਉਤੇ 50æ79 ਕਰੋੜ ਰੁਪਏ ਦਾ ਬੋਝ ਪਾ ਚੁੱਕਾ ਹੈ। ਸਰਕਾਰ ਔਸਤਨ ਹਰ ਸਾਲ ਇਸ ‘ਤੇ ਚਾਰ ਕਰੋੜ ਰੁਪਏ ਖਰਚ ਰਹੀ ਹੈ।
ਇਸੇ ਤਰ੍ਹਾਂ ਸਰਕਾਰ ਨੇ ਧਰਮਸ਼ਾਲਾ ਵਿਚ 9 ਅਪਰੈਲ, 1987 ਨੂੰ 54æ74 ਲੱਖ ਦੀ ਲਾਗਤ ਨਾਲ ਰਿਜ਼ੌਰਟ ਬਣਾਇਆ ਸੀ ਜੋ ਸਾਲ 2004-05 ਤੋਂ ਬੰਦ ਹੋ ਚੁੱਕਾ ਹੈ। ਸਰਕਾਰ ਲੰਘੇ 12 ਵਰ੍ਹਿਆਂ ਦੌਰਾਨ ਇਸ ‘ਤੇ 53æ67 ਕਰੋੜ ਰੁਪਏ ਖਰਚ ਚੁੱਕੀ ਹੈ। ਜੈਪੁਰ ਦਾ ਰਿਜ਼ੌਰਟ 31 ਮਈ, 1990 ਵਿਚ ਇਕ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਸੀ ਤੇ ਇਹ ਸਾਲ 2006-07 ਤੋਂ ਬੰਦ ਪਿਆ ਹੈ। ਇਸ ‘ਤੇ ਹੁਣ ਤੱਕ 52æ35 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਸੈਰ ਸਪਾਟਾ ਵਿਭਾਗ ਦੇ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਤੋਂ ਬਾਹਰਲੇ ਰਿਜ਼ੌਰਟਾਂ ਨੂੰ ਰੈਨੋਵੇਟ ਕਰਕੇ ਚਲਾਇਆ ਜਾਵੇਗਾ ਜਾਂ ਫਿਰ ਇਨ੍ਹਾਂ ਨੂੰ ਲੀਜ਼ ‘ਤੇ ਦਿੱਤਾ ਜਾਵੇਗਾ।