ਬਸਤਰ ਵਿਚ ਰਾਜਕੀ ਫਾਸ਼ੀਵਾਦ ਦਾ ਚਿਹਰਾ

ਛੱਤੀਸਗੜ੍ਹ ਵਿਚ ਜਮਹੂਰੀ ਕਾਰਕੁਨਾਂ, ਪੱਤਰਕਾਰਾਂ ਅਤੇ ਵਕੀਲਾਂ ਨੂੰ ਕਿਸ ਤਰ੍ਹਾਂ ਦੇ ਫਾਸ਼ੀਵਾਦੀ ਹਾਲਾਤ ਵਿਚ ਕੰਮ ਕਰਨਾ ਪੈ ਰਿਹਾ ਹੈ, ਇਹ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ, ਸਰਕਾਰੀ ਪੁਸ਼ਤ-ਪਨਾਹੀ ਵਾਲੇ ਗਰੋਹਾਂ ਦੀ ਦਹਿਸ਼ਤਵਾਦੀ ਮੁਹਿੰਮ ਅਤੇ ਹਕੂਮਤੀ ਜਬਰ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਬਸਤਰ ਵਿਚੋਂ ਕੱਢਣ ਦੇ ਸਿਲਸਿਲੇ ਦੀ ਸ਼ਕਲ ਵਿਚ ਸਾਹਮਣੇ ਆ ਰਿਹਾ ਹੈ। ਹਾਲ ਹੀ ਵਿਚ ਇਕ ਹੋਰ ਪੱਤਰਕਾਰ ਦੀਪਕ ਜੈਸਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਮਾਜ ਵਿਗਿਆਨੀ ਬੇਲਾ ਭਾਟੀਆ ਖ਼ਿਲਾਫ਼ ਕਿਸ ਤਰ੍ਹਾਂ ਦੀ ਭੜਕਾਊ ਮੁਹਿੰਮ ਚਲਾਈ ਜਾ ਰਹੀ ਹੈ,

ਇਸ ਦੇ ਵੇਰਵੇ ਉਸ ਨੇ ਆਪਣੇ ਹਾਲੀਆ ਨੋਟ ਵਿਚ ਦਿੱਤੇ ਹਨ। ਬੇਲਾ ਦੇ ਨਾਲ-ਨਾਲ ਉਸ ਦੇ ਪਤੀ ਜਾਂ ਡਰੈੱਜ਼ ਜੋ ਕੌਮਾਂਤਰੀ ਪ੍ਰਸਿੱਧੀ ਵਾਲਾ ਅਰਥ ਸ਼ਾਸਤਰੀ ਹੈ ਤੇ 37 ਸਾਲ ਤੋਂ ਹਿੰਦੁਸਤਾਨ ਵਿਚ ਰਹਿ ਰਿਹਾ ਹੈ, ਨੂੰ ਵਿਦੇਸ਼ੀ ਅਤੇ ਨਕਸਲੀ ਹਮਾਇਤੀ ਕਰਾਰ ਦੇ ਕੇ ਉਨ੍ਹਾਂ ਦੇ ਖ਼ਿਲਾਫ਼ ਭੜਕਾਊ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਬੇਲਾ ਵਲੋਂ ਦਿੱਤੇ ਵੇਰਵੇ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ ਅਤੇ ਉਹ ਪਰਚਾ ਵੀ ਛਾਪਿਆ ਜਾ ਰਿਹਾ ਹੈ ਜਿਹੜਾ ਲੋਕਾਂ ਨੂੰ ਭੜਕਾਉਣ ਲਈ ਬੇਲਾ ਖਿਲਾਫ ਕੱਢਿਆ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਮਨੁੱਖੀ ਹੱਕਾਂ ਲਈ ਜੂਝ ਰਹੇ ਕਾਰਕੁਨ ਮਹਿਤਾਬ ਦਾ ਖੁੱਲ੍ਹਾ ਖਤ ਹੈ ਜੋ ਬੇਲਾ ਦੇ ਨਾਂ ਲਿਖਿਆ ਗਿਆ ਹੈ। ਇਹ ਸਾਰੀ ਸਮੱਗਰੀ ਅਸੀਂ ਆਪਣੇ ਕਾਲਮਨਵੀਸ ਬੂਟਾ ਸਿੰਘ ਦੀ ਬਦੌਲਤ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਸਮੱਗਰੀ ਤੋਂ ਉਥੋਂ ਦੇ ਹਾਲਾਤ ਦੀ ਸੂਹ ਮਿਲਦੀ ਹੈ। -ਸੰਪਾਦਕ

ਸਮਾਜ ਵਿਗਿਆਨੀ ਬੇਲਾ ਭਾਟੀਆ ਦੀ ਆਵਾਜ਼
“26 ਮਾਰਚ, ਸ਼ਨਿੱਚਰਵਾਰ, ਸ਼ਾਮ ਨੂੰ ਚਾਰ ਵਜੇ ਭੜਕਿਆ ਹੋਇਆ ਹਜੂਮ (100 ਕੁ ਬੰਦੇ) ਜਗਦਲਪੁਰ ਤੋਂ ਅੱਠ ਕਿਲੋਮੀਟਰ ਦੂਰ ਉਸ ਪਿੰਡ ਵਿਚ ਮੇਰੀ ਗ਼ੈਰਹਾਜ਼ਰੀ ਵਿਚ ਆਇਆ, ਜਿਥੇ ਮੈਂ ਰਹਿੰਦੀ ਹਾਂ। ਉਹ ਚਾਰ ਜੀਪਾਂ/ਕਾਰਾਂ, ਪੰਜ ਆਟੋ ਅਤੇ ਪਿੱਕਅੱਪ ਵਾਹਨ ਵਿਚ ਸਵਾਰ ਸਨ। ਇਸ ਗਰੁੱਪ ਵਿਚ ਮਰਦ ਤੇ ਔਰਤਾਂ ਅਤੇ ਸਾਦਾ ਕੱਪੜਿਆਂ ਵਿਚ ਪੁਲਿਸੀਏ ਸ਼ਾਮਲ ਸਨ ਜਿਨ੍ਹਾਂ ਵਿਚੋਂ ਕੁਝ ਹਥਿਆਰਬੰਦ ਸਨ। ਪਿੰਡ ਵਾਲਿਆਂ ਨੇ ਉਨ੍ਹਾਂ ਵਿਚੋਂ ਕੁਝ ਨੂੰ ਪਛਾਣ ਲਿਆ ਜੋ ਲਾਗਲੇ, ਸੜਕ ਉਪਰ ਵਸੇ ਪਿੰਡ ਵਾਲੇ ਸਨ। 4-5 ਬੰਦੇ ਇਸੇ ਪਿੰਡ ਦੀ ਇਕ ਹੋਰ ਬਸਤੀ ਦੇ ਸਨ। ਗਰੁੱਪ ਨੇ ਬੈਨਰ ਚੁੱਕੇ ਹੋਏ ਸਨ। ਉਹ ਮੇਰੇ ਘਰ ਆਏ। ਮੇਰੀ ਮਕਾਨ ਮਾਲਕਣ ਅਤੇ ਕੁਝ ਗੁਆਂਢੀਆਂ ਦੀ ਜਵਾਬਤਲਬੀ ਕੀਤੀ ਗਈ। ਉਹ ਕਹਿ ਰਹੇ ਸਨ ਕਿ ਨਕਸਲੀ ‘ਆਤੰਕਵਾਦੀ’ ਨੂੰ ਰਹਿਣ ਲਈ ਕਮਰਾ ਕਿਉਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਮਕਾਨ ਮਾਲਕਣ ਨੂੰ ਮੈਨੂੰ ਤੁਰੰਤ ਕੱਢ ਦੇਣ ਲਈ ਕਿਹਾ। ਉਹ ਮਕਾਨ ਮਾਲਕਣ ਤੋਂ ਉਸ ਦੇ ਪਤੀ ਬਾਰੇ ਵੀ ਜਾਣਕਾਰੀ ਲੈ ਰਹੇ ਸਨ।
ਫਿਰ ਉਨ੍ਹਾਂ ਮੇਰੇ ਖ਼ਿਲਾਫ਼ ਨਾਅਰੇ (ਬੇਲਾ ਭਾਟੀਆ ਮੁਰਦਾਬਾਦ ਸਮੇਤ) ਲਾਉਂਦੇ ਹੋਏ ਉਥੇ ਜਲੂਸ ਕੱਢਿਆ ਅਤੇ ਹੱਥ-ਪਰਚੇ ਵੰਡੇ। ਉਨ੍ਹਾਂ ਵਿਚ ਮੇਰੇ ਉਪਰ ਬਾਹਰੋਂ ਆਈ “ਨਕਸਲੀ ਦਲਾਲ” ਦਾ ਇਲਜ਼ਾਮ ਲਾਇਆ ਗਿਆ ਸੀ। ਪਰਚਾ ਇਸ ਨਾਅਰੇ ਨਾਲ ਖ਼ਤਮ ਹੁੰਦਾ ਹੈ- ‘ਬਸਤਰ ਛੋੜੋ, ਬਸਤਰ ਛੋੜੋ, ਬੇਲਾ ਭਾਟੀਆ ਬਸਤਰ ਛੋੜੋ’। ਪਰਚੇ ਉਪਰ ਕਿਸੇ ਦਾ ਨਾਂ ਜਾਂ ਕੋਈ ਵੇਰਵਾ ਨਹੀਂ ਦਿੱਤਾ ਗਿਆ। ਉਨ੍ਹਾਂ ਵਿਚੋਂ ਕੁਝ ਬੱਚਿਆਂ ਨੂੰ ਮਿਠਾਈਆਂ ਵੀ ਵੰਡ ਰਹੇ ਸਨ।”
___________________________
ਮਨੁੱਖੀ ਅਧਿਕਾਰ ਕਾਰਕੁਨ ਦਾ ਬੇਲਾ ਦੇ ਨਾਂ ਖੁੱਲ੍ਹਾ ਖਤ
ਪਿਆਰੀ ਬੇਲਾ,
ਤੁਹਾਡਾ ਖ਼ਤ ਪੜ੍ਹ ਕੇ ਬਹੁਤ ਖੁਸ਼ੀ ਹੋਈ ਅਤੇ ਹਿੰਮਤ ਵੀ ਮਿਲੀ। ਖੁਸ਼ੀ ਇਸ ਲਈ ਕਿ ਤੁਸੀਂ ਸਹੀ-ਸਲਾਮਤ ਹੋ ਅਤੇ ਹਿੰਮਤ ਇਸ ਲਈ ਕਿਉਂਕਿ ਜਿਸ ਡਰ ਦੀ ਹਾਲਤ ਵਿਚ ਮੈਂ ਬਸਤਰ ਤੋਂ ਵਾਪਸ ਪਰਤਿਆ ਹਾਂ, ਉਸ ਵਿਚ ਤੁਹਾਡਾ ਖ਼ਤ ਉਮੀਦ ਦੀ ਕਿਰਨ ਹੈ ਅਤੇ ਇਹ ਸਿਖਿਆ ਦਿੰਦਾ ਹੈ ਕਿ ਸਾਨੂੰ ਬੇਖ਼ੌਫ਼, ਹਿੰਮਤ ਨਾਲ ਹਰ ਤਰ੍ਹਾਂ ਦੀ ਹਿੰਸਾ ਅਤੇ ਦਾਬੇ ਦੇ ਖ਼ਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਸ਼ਾਂਤੀ, ਨਿਆਂ ਅਤੇ ਜਮਹੂਰੀਅਤ ਦੀ ਸਥਾਪਨਾ ਲਈ ਸੰਘਰਸ਼।
ਪਿਛਲੇ ਹਫ਼ਤੇ ਜਦੋਂ ਅਸੀਂ ਜਗਦਲਪੁਰ ਵਿਚ ਸਾਲ ਬਾਅਦ ਮਿਲੇ ਸੀ ਤਾਂ ਤੁਸੀਂ ਕਿੰਨੀ ਖੁਸ਼ ਨਜ਼ਰ ਆ ਰਹੇ ਸੀ। ਮੈਨੂੰ ਚੇਤੇ ਹੈ, ਤੇ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਕਿ ਪਿਛਲੀ ਮੁਲਾਕਾਤ ਦੇ ਮੁਕਾਬਲੇ ਤੁਸੀਂ ਜ਼ਿਆਦਾ ਤਾਜ਼ਾ ਦਮ ਅਤੇ ਊਰਜਾਵਾਨ ਲੱਗ ਰਹੇ ਸੀ ਜਿਸ ਦੇ ਜਵਾਬ ਵਿਚ ਤੁਹਾਡਾ ਕਹਿਣਾ ਸੀ- “ਮੈਂ ਬਹੁਤ ਖੁਸ਼ ਹਾਂ ਕਿਉਂਕਿ ਵਰ੍ਹਿਆਂ ਬਾਅਦ ਮੈਂ ਉਹ ਕਰ ਸਕੀ ਹਾਂ ਜੋ ਕਰਨਾ ਚਾਹੁੰਦੀ ਸੀ।” ਤੁਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਮਹਿਜ਼ ਅਕਾਦਮਿਕ ਕੰਮਾਂ ਤੋਂ ਅੱਗੇ ਜਾ ਕੇ, ਆਪਣੀ ਨਾਗਰਿਕ ਜ਼ਿੰਮੇਦਾਰੀ ਨਿਭਾਉਣਾ ਚਾਹੁੰਦੇ ਸੀ। ਤੁਸੀਂ ਆਪਣੇ ਖ਼ਤ ਵਿਚ ਵੀ ਲਿਖਿਆ ਹੈ: “ਇਕ ਵਕਤ ਆਇਆ ਜਦੋਂ ਮੈਨੂੰ ਜ਼ਰੂਰੀ ਲੱਗਣ ਲੱਗਿਆ ਕਿ ਮੈਂ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਵਿਚ ਮਦਦ ਕਰਾਂ। ਮੈਂ ਖੋਜਕਾਰ ਸੀ ਅਤੇ ਨਾਲ ਹੀ ਨਾਗਰਿਕ ਵੀ। ਮੈਂ ਮੁਲਕ ਦੇ ਹੋਰ ਸੂਬਿਆਂ ਵਿਚ ਜਿਥੇ-ਜਿਥੇ ਵੀ ਕੰਮ ਕੀਤਾ ਸੀ, ਉਥੇ ਵੀ ਇਹ ਜ਼ਿੰਮੇਦਾਰੀ ਨਿਭਾਈ ਸੀ, ਤਾਂ ਬਸਤਰ ਵਿਚ ਕਿਉਂ ਨਹੀਂ? ਇਹ ਸੋਚ ਕੇ ਮੈਂ ਆਦਿਵਾਸੀਆਂ ਨਾਲ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਮੈਂ ਮੰਨਦੀ ਹਾਂ ਕਿ ਸਾਡੇ ਵਰਗੇ ਮੁਲਕ ਵਿਚ ਜੋ ਲੋਕ ਪੜ੍ਹੇ-ਲਿਖੇ ਹਨ, ਉਨ੍ਹਾਂ ਦੀ ਸਮਾਜ ਪ੍ਰਤੀ ਜ਼ਿੰਮੇਦਾਰੀ ਵਧ ਜਾਂਦੀ ਹੈ।”
ਸ਼ਾਇਦ ਬਸਤਰ ਮੁਲਕ ਦੇ ਹੋਰ ਹਿੱਸਿਆਂ, ਖ਼ਾਸ ਤੌਰ ‘ਤੇ ਅਖੌਤੀ ਮੇਨਲੈਂਡ ਵਾਂਗ ਨਹੀਂ ਹੈ। ਬਸਤਰ ਵਿਚ ਹਕੂਕ ਅਤੇ ਸੰਵਿਧਾਨ ਵਰਗੇ ਲਫ਼ਜ਼ ਮਹਿਜ਼ ਕਿਤਾਬਾਂ ਤਕ ਮਹਿਦੂਦ ਹਨ। ਤੁਹਾਡੇ ਹੀ ਲਫ਼ਜ਼ਾਂ ‘ਚ, “ਬਸਤਰ ਵਿਚ ਸਰਕਾਰ ਅਤੇ ਮਾਓਵਾਦੀਆਂ ਦਰਮਿਆਨ ਯੁੱਧ ਚਲ ਰਿਹਾ ਹੈ।” ਤੇ ਐਸੇ ਹਾਲਾਤ ਵਿਚ ਕੰਮ ਕਰਨਾ, ਖ਼ਾਸ ਕਰ ਕੇ ਅਵਾਮ ਦੇ ਸੰਵਿਧਾਨਕ ਹੱਕਾਂ ਲਈ ਲੜਨਾ, ਉਸ ਦੇ ਬਾਰੇ ਲਿਖਣਾ ਅਤੇ ਸੱਚ ਨੂੰ ਉਜਾਗਰ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸੇ ਮੁਸ਼ਕਿਲ ਕੰਮ ਨੂੰ ਤੁਸੀਂ ਅੰਜ਼ਾਮ ਦੇ ਰਹੋ ਹੋ ਜੋ ਕਾਬਲੇ-ਤਾਰੀਫ਼ ਵੀ ਹੈ ਅਤੇ ਸਾਹਸੀ ਵੀ।
ਮੈਂ ਜਾਣਦਾ ਹਾਂ ਕਿ ਤੁਹਾਡਾ ਬਸਤਰ ਵਿਚ ਜਾ ਕੇ ਰਹਿਣਾ ਕਿਸੇ “ਕੁਰਬਾਨੀ ਜਾਂ ਗੋਰੇ ਆਦਮੀ ਦਾ ਬੋਝ” ਦੀ ਧਾਰਨਾ ਤਹਿਤ ਕੀਤਾ ਗਿਆ ਕੋਈ ਫ਼ੈਸਲਾ ਨਹੀਂ ਹੈ, ਜਿਵੇਂ ਜ਼ਿਆਦਾਤਰ ਮੱਧ ਵਰਗ ਸਮਝਦਾ ਹਾਂ ਅਤੇ ਆਮ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ। ਤੁਹਾਡਾ ਇਹ ਫ਼ੈਸਲਾ, ਜਿੱਥੋਂ ਤਕ ਮੈਂ ਸਮਝ ਸਕਿਆ ਹਾਂ, ਜ਼ਿੰਮੇਦਾਰ ਨਾਗਰਿਕ ਦਾ ਫ਼ੈਸਲਾ ਹੈ ਜੋ ਸ਼ਾਂਤੀ ਅਤੇ ਅਨਿਆਂ ਦੀ ਸਥਾਪਨਾ ਵਿਚ ਆਪਣਾ ਯੋਗਦਾਨ ਦੇਣਾ ਚਾਹੁੰਦਾ ਹੈ ਅਤੇ ਆਪਣੀਆਂ ਤਾਕਤਾਂ ਲਗਾ ਦੇਣਾ ਚਾਹੁੰਦਾ ਹੈ। ਕਾਸ਼, ਮੈਂ ਵੀ ਅਜਿਹਾ ਕਰ ਸਕਦਾ ਅਤੇ ਮੇਰੇ ਅੰਦਰ ਵੀ ਇੰਨੀ ਹਿੰਮਤ ਹੁੰਦੀ!
ਤੁਸੀਂ ਆਪਣੇ ਖ਼ਤ ਵਿਚ ਮੁਕਾਮੀ ਜਥੇਬੰਦੀ ‘ਸਮਾਜਿਕ ਏਕਤਾ ਮੰਚ’ ਦੁਆਰਾ ਤੁਹਾਡੇ ਉਪਰ ਨਕਸਲੀ ਹੋਣ ਦਾ ਇਲਜ਼ਾਮ ਲਗਾਏ ਜਾਣ ਦਾ ਜ਼ਿਕਰ ਕੀਤਾ ਹੈ। ਇਸ ਬਾਰੇ ਪੜ੍ਹਦਿਆਂ ਮੈਨੂੰ ਪਿਛਲੇ ਹਫ਼ਤੇ (17 ਮਾਰਚ) ਦਾ ਵਾਕਿਆ ਚੇਤੇ ਆ ਗਿਆ। ਉਸ ਰਾਤ ਤੁਸੀਂ, ਮੈਂ ਅਤੇ ਸਾਡੀ ਇਕ ਹੋਰ ਸਾਥੀ ਬਸ ਵਿਚ ਜਗਦਲਪੁਰ ਤੋਂ ਰਾਏਪੁਰ ਆ ਰਹੇ ਸੀ। ਬਸ ਰੁਕਦੇ ਸਾਰ ‘ਸਮਾਜਿਕ ਏਕਤਾ ਮੰਚ’ ਦੇ ਦੋ ਅਹੁਦੇਦਾਰ ਸਾਡੀ ਬਸ ਵਿਚ ਆ ਵੜੇ ਅਤੇ ਸਾਡੇ ਤਿੰਨਾਂ ਨਾਲ ਗੱਲਬਾਤ ਘੱਟ, ਪੁੱਛ-ਗਿੱਛ ਜ਼ਿਆਦਾ ਕਰਨ ਲੱਗੇ। ਸਾਡਾ ਨਾਂ, ਪਤਾ, ਫ਼ੋਨ ਨੰਬਰ ਤੇ ਆਉਣ ਦਾ ਮਕਸਦ ਨੋਟ ਕੀਤਾ ਅਤੇ ਫ਼ੋਟੋ ਵੀ ਲਏ, ਤੇ ਉਸੇ ਵਕਤ ਸਾਰਾ ਕੁਝ ਵੱਟਸਐਪ ਜ਼ਰੀਏ ਕਿਸੇ ਨੂੰ ਭੇਜ ਦਿੱਤਾ।
ਉਹ ਸਾਨੂੰ ਲਗਾਤਾਰ ਉਸ ਦਿਨ (17 ਮਾਰਚ) ਸੁਕਮਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਬੱਚੀ ਦੇ ਮਾਓਵਾਦੀਆਂ ਦੇ ਬਾਰੂਦੀ-ਸੁਰੰਗ ਧਮਾਕੇ ਵਿਚ ਮਾਰੇ ਜਾਣ ਬਾਰੇ ਸਵਾਲ ਕਰ ਰਹੇ ਸਨ ਅਤੇ ਉਸ ਦੀ ਨਿਖੇਧੀ ਕਰਨ ਲਈ ਕਹਿ ਰਹੇ ਸਨ। ਸਾਡੇ ਵਲੋਂ ਵਾਰ-ਵਾਰ ਐਸੇ ਵਾਕਿਆ ਦੀ ਨਿਖੇਧੀ ਕਰਨ ਦੇ ਬਾਵਜੂਦ ਉਹ ਇਉਂ ਸਵਾਲ ਕਰ ਰਹੇ ਸਨ ਜਿਵੇਂ ਅਸੀਂ ਹੀ ਉਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੋਵੇ। ਉਨ੍ਹਾਂ ਨੇ ਭਾਵੇਂ ਸਾਡੇ ਨਾਲ ਬਦਸਲੂਕੀ ਨਹੀਂ ਕੀਤੀ, ਪਰ ਉਨ੍ਹਾਂ ਦਾ ਤਰੀਕਾ ਡਰਾਉਣ ਵਾਲਾ ਸੀ।
ਫਿਰ ਰਸਤੇ ਵਿਚ ਦੇਰ ਰਾਤ, ਦੋ ਵਾਰ ਸਾਡੇ ਬੈਗਾਂ ਦੀ ਤਲਾਸ਼ੀ ਹੋਈ। ਨਾਂ, ਪਤਾ ਅਤੇ ਫ਼ੋਟੋ ਲੈਣ ਦਾ ਉਹੀ ਸਿਲਸਿਲਾ ਚੱਲਿਆ। ਤੁਹਾਡੀ ਤਾਂ ਡਾਇਰੀ ਅਤੇ ਨੋਟਬੁਕ ਵੀ ਘੋਖੀ ਗਈ। ਦੁੱਖ ਤਾਂ ਇਹ ਹੈ ਕਿ “ਸਾਡੀ ਵਜ੍ਹਾ ਨਾਲ ਇਹ ਕੁਝ ਬਾਕੀ ਮੁਸਾਫ਼ਰਾਂ ਨੂੰ ਵੀ ਝੱਲਣਾ ਪਿਆ; ਇਕ ਨਹੀਂ, ਦੋ-ਦੋ ਵਾਰ। ਇਸ ਚੱਕਰ ਵਿਚ ਸਾਡੀ ਬਸ ਦੋ ਘੰਟੇ ਤੋਂ ਜ਼ਿਆਦਾ ਲੇਟ ਪਹੁੰਚੀ। ਹੁਣ ਸੁਣਨ ਵਿਚ ਆ ਰਿਹਾ ਹੈ ਕਿ ‘ਸਮਾਜਿਕ ਏਕਤਾ ਮੰਚ’ ਦੀ ਸਹਿਯੋਗੀ ਜਥੇਬੰਦੀ ‘ਮਹਿਲਾ ਏਕਤਾ ਮੰਚ’ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਖ਼ਤ ਲਿਖ ਕੇ ਤੁਹਾਡੇ, ਜਗਦਲਪੁਰ ਲੀਗਲ ਏਡ ਦੇ ਸਾਥੀਆਂ ਅਤੇ ਸਾਡੀ ਉਸ ਸਾਥੀ ਦੇ ਖ਼ਿਲਾਫ਼, ਜੋ 17 ਮਾਰਚ ਦੇ ਸਫ਼ਰ ਵਿਚ ਸਾਡੇ ਨਾਲ ਸੀ, ਨਕਸਲੀ ਹਮਾਇਤੀ ਅਤੇ ਛੱਤੀਸਗੜ੍ਹ ਪਬਲਿਕ ਸਕਿਓਰਿਟੀ ਐਕਟ ਦੇ ਤਹਿਤ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ; ਪਰ ਇਹ ਕਿਹੜਾ ਅੰਤ ਸੀ। 19 ਮਾਰਚ ਦੀ ਰਾਤ ਜਦੋਂ ਤੁਸੀਂ ਰਾਏਪੁਰ ਤੋਂ ਜਗਦਲਪੁਰ ਵਾਪਸ ਜਾ ਰਹੇ ਸੀ ਤਾਂ ਇਕ ਵਾਰ ਫਿਰ ‘ਸਮਾਜਿਕ ਏਕਤਾ ਮੰਚ’ ਵਾਲਿਆਂ ਨੇ ਤੁਹਾਨੂੰ ਫ਼ੋਨ ਕੀਤਾ। ਲਗਾਤਾਰ ਤੁਹਾਨੂੰ ਸਵਾਲ ਕਰਦੇ ਰਹੇ। ਉਨ੍ਹਾਂ ਦਾ ਤਰੀਕਾ ਡਰਾਉਣ ਵਾਲਾ ਸੀ। ਸੱਚ ਪੁੱਛੋ ਤਾਂ ਮੈਂ ਬੁਰੀ ਤਰ੍ਹਾਂ ਡਰ ਵੀ ਗਿਆ ਸੀ। ਤੁਹਾਨੂੰ ਵਾਪਸ ਜਾਣ ਤੋਂ ਰੋਕਣਾ ਚਾਹੁੰਦਾ ਸੀ, ਪਰ ਤੁਹਾਡੀ ਵਚਨਬੱਧਤਾ ਨੂੰ ਜਾਣਦੇ ਹੋਏ ਮੇਰੀ ਤੁਹਾਨੂੰ ਰੋਕਣ ਦੀ ਹਿੰਮਤ ਨਹੀਂ ਪਈ। ਮੈਨੂੰ ਨਹੀਂ ਪਤਾ ਕਿ ਮੇਰਾ ਤੁਹਾਨੂੰ ਨਾ ਰੋਕਣ ਦਾ ਫ਼ੈਸਲਾ ਕਿੱਥੋਂ ਤਕ ਸਹੀ ਸੀ ਅਤੇ ਕਿੱਥੋਂ ਤਕ ਗ਼ਲਤ!
ਬਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਮਨ ਹਮੇਸ਼ਾ ਉਧਰ ਹੀ ਲੱਗਾ ਰਹਿੰਦਾ ਹੈ। ਤੁਹਾਡੇ ਵੱਲ, ਸੋਨੀ (ਸੋਰੀ) ਦੀਦੀ ਵੱਲ, ਲਿੰਗਾ (ਕੋੜੋਪੀ) ਵੱਲ ਅਤੇ ਹਜ਼ਾਰਾਂ ਆਦਿਵਾਸੀਆਂ ਵੱਲ ਜਿਨ੍ਹਾਂ ਉਪਰ ਅਣ-ਐਲਾਨੀ ਜੰਗ ਥੋਪ ਦਿੱਤੀ ਗਈ ਹੈ। ਸਮਝ ਨਹੀਂ ਆਉਂਦਾ ਕਿ ਇਹ ਸਭ ਕਦੋਂ ਤਕ ਚਲਦਾ ਰਹੇਗਾ। ਕੀ ਬਸਤਰ ਵਿਚ ਕਦੇ ਸ਼ਾਂਤੀ, ਨਿਆਂ ਅਤੇ ਜਮਹੂਰੀਅਤ ਦੀ ਸਥਾਪਨਾ ਹੋ ਸਕੇਗੀ? ਪਤਾ ਨਹੀਂ। ਬਸ ਦੁਆ ਹੈ ਕਿ ਤੁਹਾਡੇ ਯਤਨ ਰੰਗ ਲਿਆਉਣ।
ਤੁਹਾਡਾ
ਮਹਿਤਾਬ, 23 ਮਾਰਚ 2016