ਪਹਿਲ ਕੌਣ ਕਰੇ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
‘ਪਹਿਲ ਕੌਣ ਕਰੇ?’ ਆਪਣੇ ਰਿਸ਼ਤੇਦਾਰ ਮੁੰਡੇ ਦੇ ਮੂੰਹੋਂ ਇਹ ਸਵਾਲ ਸੁਣ ਕੇ ‘ਮਾਸੜ ਜੀ’ ਚੁੱਪ ਜਿਹੇ ਹੋ ਗਏ। ਜਵਾਬ ਵਜੋਂ ਕੋਈ ਠੋਸ ਗੱਲ ਨਾ ਅਹੁੜਨ ਕਰ ਕੇ ‘ਆਹੋæææਹੂੰæææਨਹੀਂ’ ਦੇ ਉਘੜ-ਦੁਘੜੇ ਸ਼ਬਦ ਬੋਲਦਿਆਂ ਉਨ੍ਹਾਂ ਮੂੰਹੋਂ ਇੰਨਾ ਕੁ ਸਰਿਆ, “ਗੱਲ ਤਾਂ ਤੇਰੀ ਠੀਕ ਐ ਕਾਕਾ, ਪਰæææ।” ‘ਪਰ’ ਕਹਿਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਚੇਤਾ ਆ ਗਿਆ ਕਿ ਮੈਂ ਦੋਹਾਂ ਕੁੜਮਾਂ ਦੇ ਮਨ੍ਹਾ ਕਰਦਿਆਂ-ਕਰਦਿਆਂ, ਦੋਹਾਂ ਧੀਆਂ ਨੂੰ ਵਿਤੋਂ ਬਾਹਰਾ ਦਾਜ ਦਿੱਤਾ। ਨਾ ਚਾਹੁੰਦਿਆਂ ਵੀ ਮੈਰਿਜ ਪੈਲੇਸਾਂ ਵਿਚ ਮੀਟ-ਸ਼ਰਾਬ ਚਲਾਇਆ। ਮੁੰਡੇ ਦੇ ਵਿਆਹ ਮੌਕੇ ਭੇਡ ਚਾਲ ‘ਤੇ ਟੁਰਦਿਆਂ ‘ਪਾਰਟੀ’ ਕੀਤੀ। ਪਾਰਟੀ ਵਿਚ ਮੁੰਡਿਆਂ ਵੱਲੋਂ ਸੱਦੀ ਗਈ ‘ਗਾਉਣ ਵਾਲੀ’ ਨੂੰ ਮੈਂ ਰੋਕ ਨਾ ਸਕਿਆ। ਭਾਈਚਾਰੇ ਵਿਚ ‘ਸਮਾਜ ਸੁਧਾਰਕ’ ਦੇ ਤੌਰ ‘ਤੇ ਜਾਣਿਆ ਜਾਂਦਾ ਹੋਣ ਦੇ ਬਾਵਜੂਦ ਅਡੰਬਰੀ/ਫਜ਼ੂਲ ਖਰਚੀਆਂ ਕੀਤੀਆਂ, ਜਿਨ੍ਹਾਂ ਦੁਕੰਮੜਿਆਂ ਦੀ ਲਿਖ ਕੇ ਜਾਂ ਬੋਲ ਕੇ ਖਿਲਾਫਤ ਕਰਦਾ ਰਿਹਾ, ਅੱਕ ਚੱਬਣ ਵਾਂਗ ਉਹ ਸਾਰੇ ਕਰਨੇ ਪਏ। ਹੁਣ ਕਿਹੜੇ ਮੂੰਹ ਨਾਲ ਮੈਂ ਮੁੰਡੇ ਨੂੰæææ!
‘ਮਾਸੜ ਜੀ’ ਦੇ ਇਸ ਮਨ-ਮੰਥਨ ਨੂੰ ‘ਬਰੇਕ’ ਉਦੋਂ ਲੱਗੀ ਜਦੋਂ ਮੁੰਡੇ ਨੇ ਗੱਲਾਂ ਦਾ ਮੁਹਾਣ ਮੋੜਨ ਲਈ ਆਖਿਆ, “ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਮਾਸੜ ਜੀ!”
ਵਰ੍ਹਿਆਂ ਤੋਂ ਵਿਦੇਸ਼ ਰਹਿੰਦੇ ‘ਮਾਸੜ ਜੀ’ ਨੇ ਆਪਣਾ ਲੜਕਾ ਪੰਜਾਬ ਵਿਆਹ ਕੇ ਲਿਆਂਦਾ ਸੀ। ਨੂੰਹ ਰਾਣੀ ਵੀ ਜਲਦੀ ਵਿਦੇਸ਼ ਆ ਪਹੁੰਚੀ। ਹੁਣ ਸੁੱਖ ਨਾਲ ਉਸ ਦੀ ਗੋਦੀ ਨੂੰ ਭਾਗ ਲੱਗ ਗਏ ਸਨ। ਕਾਕਾ ਹੋਣ ਦੀ ਖੁਸ਼ਖਬਰੀ ਪੰਜਾਬ ਰਹਿੰਦੇ ਨਾਨਕਾ ਪਰਿਵਾਰ ਨੂੰ ਵੀ ਭੇਜੀ ਗਈ। ਕਾਕਾ ਭਾਵੇਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਸੱਤ ਸਮੁੰਦਰੋਂ ਪਾਰ ਪੈਦਾ ਹੋਇਆ ਸੀ ਪਰ ਨਾਨਕਿਆਂ ਨੇ ਕਬੀਲਦਾਰੀ ਦੀ ਰਵਾਇਤ ਦਾ ਇੰਨ-ਬਿੰਨ ਪਾਲਣ ਕਰਿਆ। ਉਹ ਪੰਜੀਰੀ ਦਾ ਪੀਪਾ ਭਰ ਕੇ, ਸਮੇਤ ਕੱਪੜਿਆਂ ਨਾਲ ਤੂਸੇ ਹੋਏ ਅਟੈਚੀ ਭਰ ਕੇ ਸੁੱਖਾਂ ਲੱਧੇ ਦੋਹਤੇ ਦੇ ਦਾਦਕੇ ਪਿੰਡ ਪਹੁੰਚੇ ਹੋਏ ਸਨ, ਜਿਥੇ ਉਨ੍ਹਾਂ ਦੇ ਵਿਦੇਸ਼ੀ ਕੁੜਮ ਦਾ ਭਰਾ ਤੇ ਮਾਂ-ਬਾਪ ਰਹਿੰਦੇ ਸਨ। ਨਿੱਕੜੇ ਬਾਲ ਵਾਸਤੇ ਚਾਂਦੀ ਦੇ ਕੰਗਣ, ਸੱਸ ਦੇ ਕੰਨਾਂ ਨੂੰ ਵਾਲੀਆਂ ਤੇ ਸੂਟ, ਸਹੁਰੇ ਲਈ ਮੁੰਦੀ, ਦਾਈ ਲਈ ਸੂਟæææਅਤੇ ਹੋਰ ਕਿੰਨਾ ਕੁਝ ‘ਵੈਬ-ਕੈਮ’ ਉਤੇ ਨਾਲੋ-ਨਾਲ ‘ਲਾਈਵ’ ਦਿਖਾਇਆ ਜਾ ਰਿਹਾ ਸੀ।
ਆਪਣੀ ਆਦਤ ਮੁਤਾਬਕ ਇਸ ਸਾਰੇ ਕੁਝ ਨੂੰ ‘ਬੇਲੋੜਾ ਖਰਚਾ’ ਦੱਸ ਕੇ ‘ਮਾਸੜ ਜੀ’ ਆਪਣੇ ਪੋਤਰੇ ਦੇ ਮਾਮੇ ਨੂੰ ਉਪਦੇਸ਼ ਦੇਣ ਲੱਗੇ ਹੋਏ ਸਨ, ਜਦੋਂ ਉਨ੍ਹਾਂ ਜ਼ੋਰ ਦੇ ਕੇ ਫਰਮਾਇਆ ਕਿ ਕਾਕਾ, ਇਨ੍ਹਾਂ ਫਜ਼ੂਲ ਰਸਮਾਂ ਨੂੰ ਛੱਡ ਦਿਉ ਹੁਣ! ਤਦ ਨਵ-ਜਨਮੇ ਕਾਕੇ ਦੇ ਮਾਮੇ ਨੇ ‘ਬੁੜ੍ਹੇ ਨੂੰ’ ਚੁੱਪ ਕਰਾਉਣ ਲਈ ਇਹ ਸਵਾਲ ਖੜ੍ਹਾ ਕਰ ਦਿੱਤਾ, “ਮਾਸੜ ਜੀ, ਮੈਂ ਮੰਨਦਾਂ, ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਇੱਧਰ ਨੂੰ ਪੈਰ ਪੁੱਟਣ ਲਈ ਪਹਿਲ ਕੌਣ ਕਰੇ?”
ਭਲਾਈ ਵਾਲੇ ਪਾਸੇ ਨੂੰ ਪਹਿਲ ਕਰਨ ਤੋਂ ਕੰਨੀਂ ਕਤਰਾਉਂਦਿਆਂ ਸਾਡੇ ਸਮਾਜ ਵਿਚ ਰੱਜ ਕੇ ਝੁੱਗਾ ਚੌੜ ਕਰਵਾਇਆ ਜਾ ਰਿਹਾ ਹੈ। ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ’ ਵਾਲਾ ਅਖਾਣ ਵੀ ‘ਪਹਿਲ ਕਰਨ’ ਤੋਂ ਡਰਦੇ ਲੋਕਾਂ ਦੇ ਦਿਮਾਗ ਦੀ ਕਾਢ ਹੈ। ਦਾਜ-ਦਹੇਜ, ਭਰੂਣ ਹੱਤਿਆ, ਲੱਚਰ ਗਾਇਕੀ, ਫੈਸ਼ਨਪ੍ਰਸਤੀ, ਅਡੰਬਰੀ ਵਿਆਹਾਂ ਮੌਕੇ ਕੰਨ ਪਾੜਵਾਂ ਸ਼ੋਰ-ਸ਼ਰਾਬਾ, ਬੋਦੀਆਂ ਰਸਮਾਂ ਦੀ ਪਾਲਣਾ ਕਰਨ ਵਰਗੇ ਸਮਾਜੀ ਕਲੰਕਾਂ ਵਿਰੁਧ ਧੂੰਆਂ-ਧਾਰ ਪ੍ਰਚਾਰ ਹੋ ਰਿਹਾ ਹੈ। ਲੰਮੇ ਲੇਖ, ਗੀਤ ਤੇ ਨਾਟਕ ਲਿਖੇ ਜਾ ਰਹੇ ਹਨ, ਪਰ ‘ਪਹਿਲ ਕਰਨ’ ਵੇਲੇ ਸਾਡੇ ਸਾਰਿਆਂ ਦੇ ਸਾਹਮਣੇ ਇਹ ਸਵਾਲ ਆ ਖੜ੍ਹਦੈ, ‘ਜੇ ਇੰਜ ਕਰ ਲਿਆ, ਤਦ ਫਲਾਣੇ ਕੀ ਕਹਿਣਗੇ?’ ਫਲਾਣਿਆਂ ਦੇ ਡਰ ਦੀ ‘ਕੁੜਿੱਕੀ’ ਵਿਚ ਅਸੀਂ ਹੱਸ ਕੇ ਸਿਰ ਫਸਾ ਲੈਂਦੇ ਹਾਂ; ਲੇਕਿਨ ਨਵੇਂ, ਸੁਖਾਵੇਂ ਤੇ ਪੱਧਰੇ ਰਾਹ ਤਲਾਸ਼ਣ ਵੇਲੇ ਅਸੀਂ ਪਹਿਲੋਂ ਪਈਆਂ ਲੀਹਾਂ ਉਤੇ ਹੀ ਤੁਰ ਪੈਂਦੇ ਹਾਂ।
ਨਵੀਆਂ ਪੈੜਾਂ ਪਾ ਕੇ ਸੁਖੀ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀਆਂ ਤਸ਼ਬੀਹਾਂ ਦੇਣ ਦੀ ਥਾਂ ਇਥੇ ਮੈਂ ਆਪਣੇ ਨਿੱਜ ਦੀਆਂ ਦੋ ਕੁ ਘਟਨਾਵਾਂ ਦਾ ਵਰਣਨ ਕਰ ਰਿਹਾ ਹਾਂ। ਹੈਨ ਇਹ ਆਟੇ ‘ਚ ਲੂਣ ਵਾਂਗ ਹੀ; ਇਉਂ ਨਾ ਸਮਝਣਾ ਕਿ ਮੈਂ ਇਥੇ ਆਪਣੇ-ਆਪ ਨੂੰ ਕੋਈ ਵੱਡਾ ‘ਇਨਕਲਾਬੀ’ ਸਿੱਧ ਕਰਨ ਜਾ ਰਿਹਾਂ। ਮਜਬੂਰੀ ਅਧੀਨ ਬਥੇਰੀ ਵਾਰ ਅਣ-ਮੰਨੇ ਮਨ ਨਾਲ ‘ਹਾਂ’ ਕਰਨੀ ਪੈਂਦੀ ਹੈ, ਪਰ ਇਹ ਦੋ ਵਾਕਿਆ ਇਸ ਵਿਸ਼ੇ ਨਾਲ ਸਬੰਧਿਤ ਹਨ।
ਇਕ ਸਾਲ ਰੱਖੜੀ ਦਾ ਤਿਉਹਾਰ ਆਉਣ ਨੂੰ ਹਫ਼ਤਾ ਕੁ ਰਹਿੰਦਾ ਸੀ। ਅਸੀਂ ਤਿੰਨਾਂ ਭਰਾਵਾਂ ਨੇ ਇਕ ਸਲਾਹ ਕਰ ਲਈ; ਐਤਕੀਂ ਪਿੰਡ ਆਈਆਂ ਭੈਣਾਂ ਦੇ ਮਨਾਂ ਵਿਚੋਂ ਰੱਖੜੀ ਦਾ ਇਹ ਕਰਮ-ਕਾਂਡ ਜਿਹਾ ਕੱਢ ਦੇਣਾ ਹੈ। ਰੱਖੜੀ ਵਾਲੇ ਦਿਨ ਰੰਗ-ਬਰੰਗੀਆਂ ਸਿਤਾਰਿਆਂ ਨਾਲ ਸ਼ਿੰਗਾਰੀਆਂ ਰੱਖੜੀਆਂ ਅਸੀਂ ਗੁੱਟਾਂ ‘ਤੇ ਬੰਨ੍ਹਵਾ ਲਈਆਂ। ਬਣਦਾ-ਸਰਦਾ ਮਾਇਕ ਮਾਣ-ਸਨਮਾਨ ਵੀ ਕਰ ਦਿੱਤਾ ਭੈਣਾਂ ਦਾ। ਇਸ ਤੋਂ ਬਾਅਦ ਬੈਠ ਕੇ ਅਸੀਂ ਰੱਖੜੀ ਰਸਮ ਦਾ ਅੱਗਾ-ਪਿੱਛਾ ਖੋਲ੍ਹ ਸੁਣਾਇਆ। ਚੰਗੇ ਭਾਗਾਂ ਨੂੰ ਗੱਲ ਉਨ੍ਹਾਂ ਦੇ ਖਾਨੇ ਪੈ ਗਈ। ਉਹ ਇਸ ‘ਤੇ ਸਹਿਮਤ ਹੋਈਆਂ ਕਿ ਔਰਤ ਜਾਤ ਨੂੰ ਨਿਮਾਣੀ, ਨਿਤਾਣੀ ਅਤੇ ਮੁਥਾਜ ਬਣਾਉਣ ਵਾਲੀ ਇਹ ਰਸਮ ਬਿਲਕੁਲ ਫਜ਼ੂਲ ਹੈ। ਉਸ ਤੋਂ ਬਾਅਦ ਉਹ ਰੱਖੜੀਆਂ ਵਾਲੇ ਦਿਨਾਂ ਵਿਚ ਵੈਸੇ ਹੀ ਮਿਲਣ-ਗਿਲਣ ਤਾਂ ਆਉਂਦੀਆਂ ਰਹੀਆਂ ਪਰ ਧਾਗਿਆਂ ਦੇ ਝੰਜਟ ‘ਚ ਮੁੜ ਨਹੀਂ ਪਈਆਂ।
ਦੂਜੀ ਮਿਸਾਲ ਉਦੋਂ ਦੀ ਹੈ, ਜਦੋਂ ਸਾਡੇ ਪਿਤਾ ਜੀ ਸਵਰਗਵਾਸ ਹੋਏ। ਅੰਤਮ ਸਸਕਾਰ ਤੋਂ ਬਾਅਦ ਸਾਰੇ ਸਲਾਹਾਂ ਦੇਣ ਲੱਗ ਪਏ ਕਿ ਫਲਾਣੇ ਦਿਨ ਤੱਕ ਕੀਰਤਪੁਰ ਜਾ ਕੇ ਅਸਤ ਪਾਉਣੇ ਚਾਹੀਦੇ ਹਨ। ਆਂਢ-ਗੁਆਂਢ ਦੀਆਂ ਬੀਬੀਆਂ ਸਾਨੂੰ ਬਜ਼ੁਰਗਾਂ ਦੇ ਅਸਤ ਜਲ ਪ੍ਰਵਾਹ ਕਰਨ ਵਾਲੀ ਰਸਮ ਦੇ ‘ਨਿਯਮ’ ਸਮਝਾਉਣ ਲੱਗ ਪਈਆਂ। ਅਸੀਂ ਭਾਈਆਂ ਨੇ ਬਹਿ ਕੇ ਸਲਾਹ ਕੀਤੀ ਕਿ ਕਿਸੇ ਦੂਜੇ ਦੇ ਮੂੰਹੋਂ ਅਸਤ ਪਾਉਣ ਦੀ ਗੱਲ ਸੁਣ ਕੇ ਸਾਡਾ ਬਾਪ, ਗੁਰਬਾਣੀ ਦੀਆਂ ਤੁਕਾਂ ਬੋਲ ਕੇ ਇਸ ਨੂੰ ਭੰਡਦਾ ਹੁੰਦਾ ਸੀ। ਕਈ ਵਾਰ ਤਾਂ ਉਹ ਅਜਿਹੇ ਕਰਮ-ਕਾਂਡਾਂ ਵਿਚ ਫਸੇ ਲੋਕਾਂ ਦੇ ‘ਗਲ ਪੈਣ’ ਤੱਕ ਵੀ ਚਲੇ ਜਾਂਦਾ ਸੀ। ਹੁਣ ਉਹਦੇ ਆਪਣੇ ਅਸਤ ਪਾਉਣ ਲੱਗਿਆਂ ਸਾਨੂੰ ਸੰਗ ਨਾ ਆਊਗੀ।
ਸਿਦਕ ਜਿਹੇ ਨਾਲ ਅਸੀਂ ਤਿੰਨੇ ਭਰਾ ਸਿਵਿਆਂ ‘ਚ ਪਹੁੰਚੇ। ਖਾਦ ਵਾਲੇ ਵੱਡੇ ਥੈਲੇ ‘ਚ ਸਾਰੀ ਰਾਖ ਪਾ ਲਈ। ਜਾ ਪਹੁੰਚੇ ਸਤਲੁਜ ਦਰਿਆ ਦੇ ਕੰਢੇ ਜੋ ਸਾਡੇ ਪਿੰਡ ਦੇ ਸਿਵਿਆਂ ਤੋਂ ਡੇਢ ਕੁ ਮੀਲ ਦੀ ਵਿੱਥ ‘ਤੇ ਵਹਿੰਦਾ ਹੈ। ਸਾਰੀ ਸੁਆਹ ਸਤਲੁਜ ਦੇ ਨੀਲੇ ਪਾਣੀਆਂ ‘ਚ ਮੁਘੇਰ ਕੇ ਅਸੀਂ ਤਿੰਨਾਂ ਭਰਾਵਾਂ ਨੇ ਨਮ ਅੱਖਾਂ ਨਾਲ ਆਪਣੇ ਸਿਰੜੀ ਤੇ ਸਿਦਕੀ ਬਾਪ ਨੂੰ ਆਖਰੀ ਫਤਹਿ ਬੁਲਾ ਦਿੱਤੀ।
‘ਪਹਿਲ ਕਰਨ’ ਦੀ ਉਪਮਾ ਕਰਨ ਵਾਲੀ ਇਕ ਕਵਿਤਾ ਸਾਡੇ ਸਕੂਲ ਦੀ ਪਾਠ-ਪੁਸਤਕ ਵਿਚ ਛਪੀ ਹੁੰਦੀ ਸੀ। ਹਾਸ-ਰਸ ਕਵੀ ਐਸ਼ਐਸ਼ ਚਰਨ ਸਿੰਘ ‘ਸ਼ਹੀਦ’ ਦੀ ਲਿਖੀ ਇਸ ਕਵਿਤਾ ਵਿਚ ਕਿਸੇ ‘ਬੁੱਧੂ’ ਦਾ ਢਿੱਲੜਪੁਣਾ ਵਰਣਨ ਕੀਤਾ ਹੋਇਆ ਹੈ। ਕਹਿੰਦੇ, ਇਸ ਨਾਂ ਵਾਲਾ ਕੋਈ ਬੰਦਾ ਆਪਣਾ ਖੋਤਾ ਲੈ ਕੇ ਡੰਗਰਾਂ ਦੇ ਹਸਪਤਾਲ ਚਲਾ ਗਿਆ। ਡਾਕਟਰ ਨੂੰ ਆਪਣੇ ਖੋਤੇ ਦੀ ਮਰਜ਼ ਬਾਰੇ ਦੱਸ ਕੇ ਉਸ ਨੇ ਦਵਾਈ ਦੀ ਮੰਗ ਕੀਤੀ। ਡਾਕਟਰ ਨੇ ਦੋ-ਚਾਰ ਚੀਜ਼ਾਂ ਲਿਖ ਦਿੱਤੀਆਂ ਕਿ ਪੰਸਾਰੀ ਦੀ ਹੱਟੀ ਤੋਂ ਇਹ ਸ਼ੈਆਂ ਲੈ ਕੇ ਇਮਾਮ-ਜਿਸਤੇ ਵਿਚ ਚੰਗੀ ਤਰ੍ਹਾਂ ਕੁੱਟ-ਰਗੜ ਲੈਣੀਆਂ। ਕੱਪੜ-ਛਾਣ ਕਰ ਕੇ ਇਨ੍ਹਾਂ ਨੂੰ ਬਾਂਸ ਦੀ ਪੋਰੀ ਵਿਚ ਰੱਖ ਲੈਣਾ। ਖੜ੍ਹੇ ਖੋਤੇ ਦੀਆਂ ਨਾਸਾਂ ਉਤੇ ਦਵਾਈ ਨਾਲ ਭਰੀ ਹੋਈ ਪੋਰੀ ਰੱਖ ਕੇ, ਪਿਛਿਉਂ ਜ਼ੋਰ ਦੀ ਫੂਕ ਮਾਰ ਦੇਣੀ, ‘ਦੇਖੀਂ ਇਹ ਤੇਰੇ ਖੋਤੇ ਨੂੰ ਅਰਬੀ ਘੋੜੇ ਵਾਂਗ ਦੁੜਾਊ!’ ਡਾਕਟਰ ਤੋਂ ਦਵਾਈ ਦੇਣ ਦਾ ਢੰਗ-ਤਰੀਕਾ ਚੰਗੀ ਤਰ੍ਹਾਂ ਸੁਣ ਸਮਝ ਕੇ ਬੁੱਧੂ ਜੀ ਖੋਤੇ ਨੂੰ ਘਰੇ ਲੈ ਆਏ।
ਦੂਜੇ ਦਿਨ ਸੁਵਖਤੇ ਹੀ ਲਾਲ ਅੱਖਾਂ, ਸੁੱਜਿਆਂ ਨੱਕ-ਮੂੰਹ ਲੈ ਕੇ ਖਊਂ-ਖਊਂ ਕਰਦਾ ਬੁੱਧੂ ਡੰਗਰ ਡਾਕਟਰ ਕੋਲ ਪਹੁੰਚ ਕੇ ਹਾਲ ਪਾਹਰਿਆ ਕਰਨ ਲੱਗਾ। ਹੈਰਾਨ ਹੋਏ ਡਾਕਟਰ ਨੇ ਉਸ ਦਾ ਹੁਲੀਆ ਵਿਗੜ ਜਾਣ ਦਾ ਕਾਰਨ ਪੁੱਛਿਆ। ਹਫ਼ਦਾ ਹੋਇਆ ਬੁੱਧੂ ਹੱਡ ਬੀਤੀ ਸੁਣਾਉਣ ਲੱਗਾ, “ਡਾਕਟਰ ਸਾਹਿਬ, ਤੁਹਾਡੇ ਕਹਿਣੇ ਮੁਤਾਬਿਕ ਮੈਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਕੁੱਟ-ਛਾਣ ਕੇ ਪਾਊਡਰ ਜਿਹਾ ਬਣਾ ਲਿਆ। ਨਲਪੀ ਭਰ ਕੇ ਖੋਤੇ ਦੀਆਂ ਨ੍ਹਾਸਾਂ ਉਤੇ ਟਿਕਾ ਦਿੱਤੀ। ਪੂਰੇ ਤਾਣ ਨਾਲ ਹਾਲੇ ਮੈਂ ਫੂਕ ਮਾਰਨ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਮੈਥੋਂ ਪਹਿਲੋਂ ਖੋਤੇ ਨੇ ਜ਼ੋਰ ਦਾ ਸੁੜ੍ਹਕਾ ਮਾਰ ਦਿੱਤਾ। ਸਾਰੀ ਦਵਾਈ ਮੇਰੀਆਂ ਨ੍ਹਾਸਾਂ, ਮੂੰਹ ਤੇ ਅੱਖਾਂ ‘ਚ ਜਾ ਪਈ, ‘ਕੀ ਦੱਸਾਂ ਮੈਂ ਵਾਂਗ ਹਨੇਰੀ ਦਵਾਈ ਉਧਰੋਂ ਆਈ!’æææਜਨਾਬ, ਮੈਨੂੰ ਤਾਂ ਉਦੋਂ ਦਾ ਈ ਹੁੱਥੂ ਛਿੜਿਆ ਹੋਇਐ ਤੇ ਅੱਖਾਂ ਤੋਂ ਵੀ ਝੌਲਾ-ਝੌਲਾ ਦਿਸਦੈ!!”
ਸਾਰਾ ਕੁਝ ਜਾਣਦਿਆਂ-ਬੁੱਝਦਿਆਂ ਵੀ ਜਿਹੜੇ ਸੱਜਣ ‘ਪਹਿਲ ਕੌਣ ਕਰੇ?’ ਬਾਰੇ ਸੋਚੀਂ ਪਏ, ਭੇਡਾਂ ਦੇ ਵੱਗ ਦੇ ਸਾਥੀ ਬਣਦੇ ਰਹਿਣ, ਨਵੇਂ ਰਾਹ ਤਲਾਸ਼ਣ ਦੀ ਬਜਾਏ ਅੱਖਾਂ ਮੁੰਦ ਕੇ ਲੀਹਾਂ ਵਿਚ ਹੀ ਤਰਦੇ ਰਹਿਣ, ਉਹ ਉਕਤ ਕਹਾਣੀ ਵਾਲੇ ਬੁੱਧੂ ਦੇ ਭਰਾ ਹੀ ਕਹੇ ਜਾ ਸਕਦੇ ਹਨ। ਆਲੇ-ਦੁਆਲੇ ਝਾਕਦਿਆਂ ‘ਪਹਿਲ ਕੌਣ ਕਰੇ?’ ਪੁੱਛਣ ਨਾਲੋਂ ਖੁਦ ਹੀ ਪਹਿਲ ਕਰਨੀ ਚਾਹੀਦੀ ਹੈ।

Be the first to comment

Leave a Reply

Your email address will not be published.