ਇਕ ਸਦੀ ਬਾਅਦ ਹੋਵੇਗੀ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਨਾਖ਼ਤ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਸੂਚੀ ਤਿਆਰ ਕਰਨ ਦੇ ਕੀਤੇ ਗਏ ਫੈਸਲੇ ਨਾਲ ਮੁੜ ਆਸ ਬੱਝੀ ਹੈ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਸਥਾਨ ਰੱਖਦੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸਮੂਹ ਸ਼ਹੀਦਾਂ ਦੀ ਅੰਤਿਮ ਤੇ ਪੱਕੀ ਸੂਚੀ ਤਿਆਰ ਹੋ ਜਾਵੇਗੀ। ਇਸ ਨਾਲ ਨਵੀਂ ਪੀੜ੍ਹੀ ਨੂੰ 13 ਅਪਰੈਲ, 1919 ਨੂੰ ਸ਼ਹੀਦ ਹੋਏ ਲੋਕਾਂ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ।
ਜ਼ਲ੍ਹਿਆਵਾਲਾ ਬਾਗ ਦੇ ਗੋਲੀ ਕਾਂਡ ਤੋਂ 94 ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸ਼ਹੀਦਾਂ ਦੀ ਸ਼ਨਾਖ਼ਤ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਨ੍ਹਾਂ ਦੇਸ਼ ਦੇ ਆਜ਼ਾਦੀ ਅੰਦੋਲਨ ਦੌਰਾਨ 1919 ਦੀ ਵਿਸਾਖੀ ਮੌਕੇ ਕੁਰਬਾਨੀਆਂ ਦਿੱਤੀਆਂ। ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਵਿਚ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਮੇਟੀ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਤਿੰਨ ਮਹੀਨਿਆਂ ਵਿਚ ਦੇਵੇਗੀ ਤੇ ਕਮੇਟੀ ਵੱਲੋਂ ਜ਼ਲ੍ਹਿਆਂਵਾਲਾ ਬਾਗ ਗੋਲੀ ਕਾਂਡ ਵਿਚ ਸ਼ਹੀਦ ਹੋਣ ਵਾਲੇ ਵਿਅਕਤੀਆਂ ਤੇ ਉਨ੍ਹਾਂ ਦੇ ਵਾਰਸਾਂ ਦੀ ਪਛਾਣ ਤੇ ਪਤਾ ਲਾਉਣ ਤੋਂ ਇਲਾਵਾ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ ਕਿ ਰਾਜ ਸਰਕਾਰ ਹੁਣ 94 ਸਾਲ ਬਾਅਦ ਸ਼ਹੀਦ ਹੋਣ ਵਾਲਿਆਂ ਦੇ ਵਾਰਸਾਂ ਨੂੰ ਕੀ ਮੁਆਵਜ਼ਾ, ਪੈਨਸ਼ਨ ਜਾਂ ਦੂਜੀਆਂ ਸਹੂਲਤਾਂ ਦੇ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਵੀ 13 ਦਸੰਬਰ, 2008 ਨੂੰ ਜ਼ਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਸਕੀਮ ਹੇਠ ਲੈਣ ਦਾ ਫੈਸਲਾ ਲਿਆ ਸੀ ਜਦੋਂਕਿ ਦੂਜੇ ਆਜ਼ਾਦੀ ਘੁਲਾਟੀਆਂ ਨੂੰ ਇਹ ਪੈਨਸ਼ਨ 1980 ਤੋਂ ਮਿਲ ਰਹੀ ਹੈ।
ਇਸ ਘਟਨਾ ਨੂੰ ਵਾਪਰਿਆਂ ਤਤਰੀਬਨ 94 ਸਾਲ ਹੋ ਗਏ ਹਨ ਪਰ ਹੁਣ ਤੱਕ ਇਸ ਕਾਂਡ ਦੇ ਸ਼ਹੀਦਾਂ ਦੀ ਪੱਕੀ ਸੂਚੀ ਤਿਆਰ ਨਹੀਂ ਹੋ ਸਕੀ। ਇਸ ਵੇਲੇ ਸ਼ਹੀਦਾਂ ਬਾਰੇ ਕਈ ਸੂਚੀਆਂ ਹਨ ਜਿਨ੍ਹਾਂ ਵਿੱਚ ਵੱਖੋ-ਵੱਖਰੇ ਅੰਕੜੇ ਹਨ। ਜ਼ਿਲਾ ਪ੍ਰਸ਼ਾਸਨ ਕੋਲ ਮੌਜੂਦ ਸੂਚੀ ਵਿਚ 501 ਸ਼ਹੀਦਾਂ ਦਾ ਜ਼ਿਕਰ ਹੈ। ਇਹ ਸੂਚੀ 1921 ਵਿਚ ਅੰਗਰੇਜ਼ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਗਈ ਸੀ ਜਦਕਿ ਜਲ੍ਹਿਆਂਵਾਲਾ ਬਾਗ ਸ਼ਹੀਦ ਮੈਮੋਰੀਅਲ ਟਰਸੱਟ ਦੀ ਸੂਚੀ ਵਿਚ ਸ਼ਹੀਦਾਂ ਦੀ ਗਿਣਤੀ 388 ਹੈ।
ਇਸੇ ਤਰ੍ਹਾਂ ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸੰਮਤੀ ਦੀ ਸੂਚੀ ਵਿਚ ਸ਼ਹੀਦਾਂ ਦੀ ਗਿਣਤੀ 464 ਦੱਸੀ ਗਈ ਹੈ। ਇਸ ਤੋਂ ਇਲਾਵਾ ਵੀ ਦੇਸ਼ ਵਿਚ ਇਸ ਬਾਰੇ ਕੁਝ ਹੋਰ ਸੂਚੀਆਂ ਹਨ ਜਿਨ੍ਹਾਂ ਵਿਚ ਸ਼ਹੀਦਾਂ ਦੇ ਅੰਕੜੇ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ। ਇਸ ਤੋਂ ਪਹਿਲਾਂ ਵੀ ਪੱਕੀ ਸੂਚੀ ਤਿਆਰ ਕਰਨ ਲਈ ਯਤਨ ਸ਼ੁਰੂ ਹੋਏ ਸਨ ਤੇ ਉਸ ਵੇਲੇ ਫੈਸਲਾ ਕੀਤਾ ਗਿਆ ਸੀ ਕਿ ਸਾਰੀਆਂ ਸੂਚੀਆਂ ਵਿਚ ਸ਼ਾਮਲ ਇਕੋ ਜਿਹੇ ਨਾਂ ਵਾਲੇ ਸ਼ਹੀਦਾਂ ਨੂੰ ਬਿਨਾਂ ਵਿਵਾਦ ਸੂਚੀ ਵਿਚ ਸ਼ਾਮਲ ਕਰ ਲਿਆ ਜਾਵੇ ਤੇ ਵੱਖ-ਵੱਖ ਨਾਵਾਂ ਵਾਲੇ ਸ਼ਹੀਦਾਂ ਬਾਰੇ ਪੜਤਾਲ ਕੀਤੀ ਜਾਵੇ ਪਰ ਕੋਈ ਅੰਤਿਮ ਨਿਰਣਾ ਨਾ ਹੋਣ ਕਾਰਨ ਇਹ ਕਾਰਜ ਵਿਚਾਲੇ ਹੀ ਰਹਿ ਗਿਆ ਸੀ।
ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸੰਮਤੀ ਦੇ ਪ੍ਰਧਾਨ ਭੂਸ਼ਣ ਬਹਿਲ ਨੇ ਆਖਿਆ ਕਿ ਸੰਮਤੀ ਵੱਲੋਂ ਪੱਕੀ ਤੇ ਅੰਤਿਮ ਸੂਚੀ ਤਿਆਰ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਸਨ ਪਰ ਹੁਣ ਸੂਬਾ ਸਰਕਾਰ ਵੱਲੋਂ ਕੀਤੇ ਗਏ ਫੈਸਲੇ ਨਾਲ ਇਨ੍ਹਾਂ ਯਤਨਾਂ ਨੂੰ ਬੂਰ ਪਵੇਗਾ। ਸ੍ਰੀ ਬਹਿਲ ਦੇ ਦਾਦਾ ਐਡਵੋਕੇਟ ਲਾਲਾ ਹਰੀ ਰਾਮ ਵੀ 13 ਅਪਰੈਲ, 1919 ਨੂੰ ਜਲ੍ਹਿਆਂਵਾਲਾ ਬਾਗ ਵਿਖੇ ਵਾਪਰੇ ਹਾਦਸੇ ਸਮੇਂ ਸ਼ਾਮਲ ਸਨ। ਉਹ ਉਥੇ ਹੋਏ ਜਲਸੇ ਵਿਚ ਜਥਾ ਲੈ ਕੇ ਸ਼ਾਮਲ ਹੋਏ ਸਨ। ਇਸ ਜਲਸੇ ‘ਤੇ ਉਸ ਵੇਲੇ ਜਨਰਲ ਡਾਇਰ ਵੱਲੋਂ ਅੰਨ੍ਹੇਵਾਹ ਗੋਲੀ ਚਲਾਈ ਗਈ ਸੀ ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ ਅਤੇ ਜ਼ਖ਼ਮੀ ਹੋ ਗਏ ਸਨ।

Be the first to comment

Leave a Reply

Your email address will not be published.