ਜਥੇਦਾਰਾਂ ਦੇ ਅਸਤੀਫੇ ਲਈ ਅੜੀਆਂ ਪੰਥਕ ਧਿਰਾਂ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਰੱਦ ਕਰਨ ਦੇ ਫੈਸਲੇ ਪਿੱਛੋਂ ਵੀ ਪੰਥਕ ਜਥੇਬੰਦੀਆਂ ਜਥੇਦਾਰਾਂ ਦੇ ਅਸਤੀਫਿਆਂ ‘ਤੇ ਅੜੀਆਂ ਹੋਈਆਂ ਹਨ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਦਾ ਫੈਸਲਾ ਲੈਣ ਤੇ ਫੈਸਲਾ ਰੱਦ ਕਰਨ ਦੌਰਾਨ ਜੋ ਕੁਝ ਵੀ ਵਾਪਰਿਆ ਹੈ, ਉਸ ਲਈ ਜਥੇਦਾਰ ਜ਼ਿੰਮੇਵਾਰ ਹਨ।

ਇਸ ਲਈ ਉਨ੍ਹਾਂ ਨੂੰ ਆਪਣੇ ਅਹੁਦਿਆਂ ਉਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਸੰਤ ਸਮਾਜ ਨੇ ਇਕ ਮਤਾ ਪਾਸ ਕਰਕੇ ਜਥੇਦਾਰਾਂ ਨੂੰ ਨੈਤਿਕਤਾ ਦੇ ਆਧਾਰ ਉਤੇ ਅਸਤੀਫੇ ਦੇਣ ਦੀ ਮੰਗ ਕੀਤੀ ਹੈ।
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਉਹ ਸਰਬੱਤ ਖਾਲਸਾ 10 ਨਵੰਬਰ ਨੂੰ ਸੱਦਣ ਦੇ ਆਪਣੇ ਫੈਸਲੇ ਉਤੇ ਕਾਇਮ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੰਘ ਸਾਹਿਬ ਵੱਲੋਂ ਆਪਣਾ ਫੈਸਲਾ ਰੱਦ ਕਰਨ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਇਕ ਹੀ ਫੈਸਲਾ ਦੋ ਵਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ ਤੇ ਕੌਮ ਅੰਦਰ ਬਖੇੜਾ ਖੜ੍ਹਾ ਕੀਤਾ ਹੈ। ਆਪਣਾ ਹੀ ਫੈਸਲਾ ਰੱਦ ਕਰਕੇ ਉਨ੍ਹਾਂ ਆਪ ਹੀ ਕੀਤਾ ਗੁਨਾਹ ਮੰਨ ਲਿਆ ਹੈ। ਤਖਤਾਂ ਦੇ ਸਿੰਘ ਸਾਹਿਬਾਨ ਨੂੰ ਤੁਰੰਤ ਅਹੁਦਿਆਂ ਤੋਂ ਅਸਤੀਫੇ ਦੇ ਕੇ ਪੰਜ ਪਿਆਰਿਆਂ ਅੱਗੇ ਪੇਸ਼ ਹੋਣਾ ਚਾਹੀਦਾ ਹੈ ਤੇ ਤਨਖਾਹ ਲਗਵਾਉਣੀ ਚਾਹੀਦੀ ਹੈ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਆਖਿਆ ਕਿ ਇਸ ਫੈਸਲੇ ਨਾਲ ਪੰਥ ਨੂੰ ਰਾਹਤ ਜ਼ਰੂਰ ਮਿਲੀ ਹੈ, ਪਰ ਸੰਤੁਸ਼ਟੀ ਉਸ ਵੇਲੇ ਹੋਵੇਗੀ, ਜਦੋਂ ਅਜਿਹੇ ਗਲਤ ਫੈਸਲੇ ਲੈਣ ਵਾਲੇ ਜਥੇਦਾਰ ਆਪਣੀਆਂ ਪਦਵੀਆਂ ਤੋਂ ਅਸਤੀਫੇ ਦੇ ਦੇਣਗੇ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਦਾ ਫੈਸਲਾ ਖਾਲਸਾ ਪੰਥ ਦੀ ਜਿੱਤ ਹੈ। ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਇਨ੍ਹਾਂ ਦੇ ਫੈਸਲਿਆਂ ਕਾਰਨ ਸਿੱਖ ਧਰਮ ਦਾ ਮਖੌਲ ਬਣਿਆ ਹੈ, ਜਿਸ ਕਾਰਨ ਇਹ ਧਾਰਮਿਕ ਅਪਰਾਧੀ ਹਨ। ਇਸ ਦੌਰਾਨ ਅਕਾਲੀ ਦਲ ਮਾਨ ਦੇ ਮੁਖੀ ਸਿਮਰਨਜੀਤ ਸਿੰਘ ਮਾਨ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਆਦਿ ਨੇ ਆਖਿਆ ਕਿ ਅਜਿਹੀ ਬੱਜਰ ਗਲਤੀ ਲਈ ਜਥੇਦਾਰਾਂ ਨੂੰ ਨੈਤਿਕ ਆਧਾਰ ਤੇ ਅਸਤੀਫੇ ਦੇਣੇ ਚਾਹੀਦੇ ਹਨ।
_____________________________
ਸਿੱਖ ਜਥੇਬੰਦੀਆਂ ਸਰਬੱਤ ਖਾਲਸਾ ਉਤੇ ਕਾਇਮ
ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਸਰਬੱਤ ਖਾਲਸਾ 10 ਨਵੰਬਰ ਨੂੰ ਸੱਦਣ ਦੇ ਆਪਣੇ ਫੈਸਲੇ ਉਤੇ ਕਾਇਮ ਹਨ। ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਆਖਿਆ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸੱਦਣ ਦਾ ਫੈਸਲਾ ਪਹਿਲਾਂ ਵਾਂਗ ਕਾਇਮ ਹੈ। ਸਰਬੱਤ ਖਾਲਸਾ ਪਹਿਲਾਂ ਨਿਰਧਾਰਤ ਮਿਤੀ ਨੂੰ ਅੰਮ੍ਰਿਤਸਰ ਵਿਚ ਹੀ ਹੋਵੇਗਾ, ਜਿਸ ਵਿਚ ਅਕਾਲ ਤਖਤ ਦੀ ਮਾਣ ਮਰਿਆਦਾ ਤੇ ਸਿਧਾਂਤਾਂ ਨੂੰ ਬਹਾਲ ਕਰਨ ਤੇ ਪੰਚ ਪ੍ਰਧਾਨੀ ਪ੍ਰਥਾ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਹੋਵੇਗੀ।