ਧਰਮ ਰਾਜਨੀਤੀ ਉਪਰ ਕੁੰਡਾ ਜਾਂ ਫਿਰ…

ਜਤਿੰਦਰ ਪਨੂੰ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਖਿਆਲ ਨੂੰ ਖਾਸ ਮਹੱਤਵ ਦਿੰਦੇ ਹਨ ਕਿ ਰਾਜਨੀਤੀ ਉਤੇ ਧਰਮ ਦਾ ਕੁੰਡਾ ਹੋਵੇ ਤਾਂ ਇਹ ਬਦੀਆਂ ਅਤੇ ਬੁਰਾਈਆਂ ਤੋਂ ਬਚ ਸਕਦੀ ਹੈ। ਹਿੰਦੂਤੱਵ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੇ ਲਈ ਮਾਈ-ਬਾਪ ਵਾਲਾ ਦਰਜਾ ਰੱਖਦੇ ਆਰ ਐਸ ਐਸ ਬਾਰੇ ਇਹੋ ਕਹਿੰਦੀ ਹੈ ਕਿ ਸਾਡੀ ਪਾਰਟੀ ਦੀ ਰਾਜਨੀਤੀ ਵਿਚ ਸਵੱਛਤਾ ਇਸ ਸੰਗਠਨ ਦੇ ਕਾਰਨ ਹੈ।

ਹੁਣ ਜਦੋਂ ਭਾਜਪਾ ਵਿਚ ਬਹੁਤ ਸਾਰੇ ਲੋਕ ਭ੍ਰਿਸ਼ਟਾਚਾਰ ਦੀ ਕਾਲਖ ਨਾਲ ਚਿਹਰੇ ਲਿਬੇੜ ਚੁੱਕੇ ਹਨ, ਇਹ ਗੱਲ ਅਜੇ ਤੱਕ ਆਖੀ ਜਾਂਦੀ ਹੈ ਕਿ ਕੁਰਾਹੇ ਪੈਣ ਤੋਂ ਪਾਰਟੀ ਨੂੰ ਬਚਾਉਣ ਲਈ ਆਰ ਐਸ ਐਸ ਦਾ ਕੁੰਡਾ ਇਸ ਦੇ ਸਿਰ ਉਤੇ ਚਾਹੀਦਾ ਹੈ।
ਇੱਕ ਸਿੱਖ ਵਿਦਵਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੇਲਿਆਂ ਵਿਚ ਗਿਣਿਆ ਜਾਂਦਾ ਹੈ। ਵੀਹ ਕੁ ਸਾਲ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬਹੁਤ ਨੇੜੇ ਸੀ। ਇੱਕ ਵਾਰ ਆਪਣੇ ਗੈਰ-ਸਰਕਾਰੀ ਸੰਗਠਨ ਵੱਲੋਂ ਉਸ ਨੇ ਇੱਕ ਪਰਚਾ ਛਾਪ ਕੇ ਇਹ ਸੋਚ ਪੇਸ਼ ਕੀਤੀ ਸੀ ਕਿ ਜਿਵੇਂ ਹਿੰਦੂ ਸਮਾਜ ਦੀ ਰਾਜਨੀਤੀ ਨੂੰ ਆਰ ਐਸ ਐਸ ਸੇਧ ਦਿੰਦਾ ਹੈ, ਸਿੱਖ ਸਮਾਜ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸੇ ਤਰ੍ਹਾਂ ਦੀ ਜ਼ਿੰਮੇਵਾਰੀ ਚੁੱਕਣੀ ਤੇ ਨਿਭਾਉਣੀ ਚਾਹੀਦੀ ਹੈ। ਇਹ ਗੱਲ ਕਈ ਹੋਰ ਲੋਕਾਂ ਵੱਲੋਂ ਵੀ ਕਹੀ ਜਾ ਚੁੱਕੀ ਹੈ ਤੇ ਉਨ੍ਹਾਂ ਵਿਚ ਸਾਰੇ ਜਣੇ ਸਿਆਸੀ ਪੱਖੋਂ ਬੇਈਮਾਨ ਵੀ ਨਹੀਂ ਸਨ, ਪਰ ਇਸ ਸੋਚ ਨਾਲ ਸਿੱਟੇ ਕਿੰਨੇ ਕੁ ਚੰਗੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ, ਇਹ ਹੁਣ ਆਰ ਐਸ ਐਸ ਤੇ ਭਾਜਪਾ ਦੇ ਰਿਸ਼ਤਿਆਂ ਨਾਲ ਜੁੜੇ ਹਾਲਾਤ ਤੋਂ ਜ਼ਾਹਰ ਹੋ ਗਿਆ ਹੈ। ਮੱਧ ਪ੍ਰਦੇਸ਼ ਦੇ ਸਭ ਤੋਂ ਵੱਧ ਚਰਚਿਤ ਵਿਆਪਮ ਘੋਟਾਲੇ ਦੀ ਲਾਗ ਹੁਣ ਆਰ ਐਸ ਐਸ ਦੇ ਬੰਦ ਦਰਵਾਜ਼ਿਆਂ ਅੰਦਰ ਵੀ ਜਾ ਪਹੁੰਚੀ ਸੁਣੀਂਦੀ ਹੈ।
ਕਿਹਾ ਜਾਂਦਾ ਹੈ ਕਿ ਧਰਮ ਲੋਕਾਂ ਨੂੰ ਸੰਜਮ ਤੇ ਸਬਰ ਨਾਲ ਰਹਿਣਾ ਸਿੱਖਾਉਂਦਾ ਹੈ ਤੇ ਆਰ ਐਸ ਐਸ ਨਾਲ ਜੁੜੇ ਪੱਕੇ ਪ੍ਰਚਾਰਕ ਤੇ ਕੁੱਲ-ਵਕਤੀ ਸੋਇਮ ਸੇਵਕ ਆਪਣੇ ਲਈ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖਦੇ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਯਾਦ ਨਾ ਹੋਵੇ ਕਿ ਪ੍ਰਧਾਨ ਮੰਤਰੀ ਹੁੰਦੇ ਹੋਏ ਅਟਲ ਬਿਹਾਰੀ ਵਾਜਪਾਈ ਜਦੋਂ ਸਾਲ 2001 ਵਿਚ ਅਮਰੀਕਾ ਗਏ ਤਾਂ ਓਥੇ ਉਨ੍ਹਾਂ ਨੇ ਇਹ ਕਿਹਾ ਸੀ ਕਿ ਮੈਂ ਵੀ ਸੋਇਮ ਸੇਵਕ ਹਾਂ। ਬਾਅਦ ਵਿਚ ਰੌਲਾ ਪੈ ਜਾਣ ਉਤੇ ਉਨ੍ਹਾਂ ਇਹ ਸਫਾਈ ਦਿੱਤੀ ਸੀ ਕਿ ਸੋਇਮ ਸੇਵਕ ਦਾ ਮਤਲਬ ਨਿਰ-ਸੁਆਰਥ ਸੇਵਾ ਕਰਨ ਵਾਲਾ ਵਾਲੰਟੀਅਰ ਹੁੰਦਾ ਹੈ ਤੇ ਮੈਂ ਭਾਰਤ ਮਾਂ ਦਾ ਸੋਇਮ ਸੇਵਕ ਹਾਂ। ਇਹ ਗੱਲ ਅਮਰੀਕਾ ਵਿਚ ਉਨ੍ਹਾ ਆਰ ਐਸ ਐਸ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿਚ ਕਹੀ ਸੀ ਤੇ ਜਿਸ ਬੰਦੇ ਦੀ ਪਹਿਲ ਉਤੇ ਇਹ ਸਮਾਗਮ ਕਰਾਇਆ ਗਿਆ ਸੀ, ਬਾਅਦ ਵਿਚ ਉਸ ਨੂੰ ਵਾਜਪਾਈ ਨੇ ਦਿੱਲੀ ਮੁੜ ਕੇ ਕੋਈ ਸਰਕਾਰੀ ਫੈਸਲਾ ਕਰਨ ਤੋਂ ਬਿਨਾਂ ਹੀ ਭਾਰਤ ਦਾ ‘ਅੰਬੈਸਡਰ ਐਟ ਲਾਰਜ’ ਥਾਪ ਦਿੱਤਾ ਸੀ। ਇਸ ਅਹੁਦੇ ਦਾ ਮਤਲਬ ਹੁੰਦਾ ਹੈ ਕਿ ਉਹ ਭਾਰਤ ਦਾ ਉਕਾ-ਪੁੱਕਾ ਰਾਜਦੂਤ ਹੈ, ਜਿਸ ਦੀ ਕੋਈ ਪੱਕੀ ਡਿਊਟੀ ਨਹੀਂ, ਸਗੋਂ ਇੱਕ ਖਾਸ ਸੋਚ ਲਈ, ਖਾਸ ਕੰਮ ਕਰਨ ਵਾਸਤੇ ਨਿਯੁਕਤ ਕੀਤਾ ਗਿਆ ਹੈ।
ਭਾਵੇਂ ਵਾਜਪਾਈ ਸਾਹਿਬ ਨੇ ਇਹ ਕਿਹਾ ਸੀ ਕਿ ਇਹ ਵਿਅਕਤੀ ਬਿਨਾਂ ਸੁਆਰਥ ਤੋਂ ਭਾਰਤ ਦੀ ਸੇਵਾ ਕਰਨ ਨੂੰ ਤਿਆਰ ਹੈ, ਪਰ ਕੁਝ ਚਿਰ ਪਿੱਛੋਂ ਉਸ ਨੇ ਆਪਣੇ ਲਈ ਦੂਤਘਰ ਅਤੇ ਅਮਰੀਕਾ ਸਰਕਾਰ ਵੱਲੋਂ ਡਿਪਲੋਮੈਟਿਕ ਦਰਜੇ ਦੀ ਕੋਸ਼ਿਸ਼ ਅਰੰਭ ਦਿੱਤੀ ਸੀ। ਇੱਕ ਦੇਸ਼ ਵਿਚ ਇੱਕੋ ਵਕਤ ਕਿਸੇ ਵੀ ਦੇਸ਼ ਦੇ ਦੋ ਰਾਜਦੂਤ ਨਹੀਂ ਹੋ ਸਕਦੇ। ਅਮਰੀਕੀ ਸਰਕਾਰ ਉਸ ਨੂੰ ਰਾਜਦੂਤ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਸੀ। ਇਸ ਦਾ ਹੱਲ ਕੱਢਣ ਲਈ ਉਸ ਨੂੰ ਯੂ ਐਨ ਓ ਵਿਚ ਵਿਸ਼ੇਸ਼ ਪ੍ਰਤੀਨਿਧ ਬਣਾ ਕੇ ਅਮਰੀਕਾ ਤੋਂ ਇਹ ਪ੍ਰਵਾਨਗੀ ਦਿਵਾਈ ਗਈ। ਇਸ ਦੇ ਬਾਅਦ ਨਿਊ ਯਾਰਕ ਵਿਚ ਭਾਰਤੀ ਦੂਤ ਨਾਲ ਨਿਭਾ ਹੋਣ ਦੀਆਂ ਵੀ ਕਈ ਮੁਸ਼ਕਲਾਂ ਆਈਆਂ ਸਨ। ਜਦੋਂ ਮਨਮੋਹਨ ਸਿੰਘ ਦੀ ਸਰਕਾਰ ਬਣੀ ਤਾਂ ਬਿਨਾਂ ਸੁਆਰਥ ‘ਭਾਰਤ ਮਾਤਾ ਦੀ ਸੇਵਾ’ ਕਰਨ ਵਾਲਾ ਇਹ ‘ਅੰਬੈਸਡਰ ਐਟ ਲਾਰਜ’ ਆਪਣੇ ਆਪ ਅਸਤੀਫਾ ਦੇ ਗਿਆ ਸੀ। ਏਦਾਂ ਦੇ ਕਈ ਕਿੱਸੇ ਹੋਰ ਦੱਸੇ ਜਾ ਸਕਦੇ ਹਨ।
ਪਿਛਲੇ ਸਾਲ ਜਦੋਂ ਨਰਿੰਦਰ ਮੋਦੀ ਸਰਕਾਰ ਆਈ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਭਾਸ਼ਣ ਉਤੇ ਭਰੋਸਾ ਕਰ ਲਿਆ ਸੀ ਕਿ ਮੋਦੀ ਸਾਹਿਬ ਕਹਿੰਦੇ ਹਨ ਕਿ ‘ਮੈਂ ਨਾ ਖਾਊਂਗਾ ਤੇ ਨਾ ਖਾਣ ਦੇਊਂਗਾ।’ ਇਹ ਵੀ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦਫਤਰ ਵਿਚ ਉਨ੍ਹਾਂ ਨੇ ਚੁਣ-ਚੁਣ ਕੇ ਨਿਰਸੁਆਰਥ ਕੰਮ ਕਰਨ ਵਾਲੇ ਆਰ ਐਸ ਐਸ ਦੇ ਸੋਇਮ ਸੇਵਕ ਲਿਆ ਬਿਠਾਏ ਹਨ, ਜਿਹੜੇ ਨਾ ਖਾਣਗੇ ਤੇ ਨਾ ਕਿਸੇ ਨੂੰ ਖਾਣ ਦੇਣਗੇ। ਅਸੀਂ ਉਦੋਂ ਵੀ ਇਹ ਯਕੀਨ ਨਹੀਂ ਸੀ ਕੀਤਾ। ਕਾਰਨ ਇਹ ਸੀ ਕਿ ਜੇ ਮੋਦੀ ਸਾਹਿਬ ਏਡੇ ਭ੍ਰਿਸ਼ਟਾਚਾਰ ਦੇ ਵਿਰੋਧੀ ਤੇ ਉਨ੍ਹਾਂ ਦੇ ਸਾਥੀ ਨਿਰ-ਸੁਆਰਥ ਦੇਸ਼ ਸੇਵਾ ਦੀ ਭਾਵਨਾ ਵਾਲੇ ਹੁੰਦੇ ਤਾਂ ਗੁਜਰਾਤ ਦੇ ਹਾਲਾਤ ਹੋਰ ਤਰ੍ਹਾਂ ਦੇ ਹੋਣੇ ਸਨ। ਗੁਜਰਾਤ ਵਿਚ ਸ਼ਰਾਬ ਦੀ ਮਨਾਹੀ ਹੈ, ਇਸ ਦੇ ਬਾਵਜੂਦ ਉਥੇ ਇਹ ਆਸਾਨੀ ਨਾਲ ਮਿਲ ਸਕਦੀ ਹੈ। ਪਿਛਲੇ ਸਾਲ ਗੁਜਰਾਤ ਦੇ ਬਨਾਸਕਾਂਠਾ ਇਲਾਕੇ ਵਿਚ ਜੁਲਾਈ ਤੇ ਅਗਸਤ ਦੇ ਦੋ ਮਹੀਨਿਆਂ ਵਿਚ ਇੱਕ ਕਰੋੜ ਵੀਹ ਲੱਖ ਰੁਪਏ ਦੀ ਨਾਜਾਇਜ਼ ਸਰਾਬ ਸਮੇਤ ਸਤਾਰਾਂ ਗੱਡੀਆਂ ਦੇ ਫੜੀ ਗਈ ਸੀ ਅਤੇ ਖਾਸ ਗੱਲ ਇਹ ਕਿ ਬਨਾਸਕਾਂਠਾ ਲੋਕ ਸਭਾ ਹਲਕੇ ਤੋਂ ਚੁਣਿਆ ਗਿਆ ਭਾਜਪਾ ਆਗੂ ਹਰੀਭਾਈ ਪਾਰਥੀਭਾਈ ਚੌਧਰੀ ਇਸ ਵੇਲੇ ਭਾਰਤ ਦਾ ਗ੍ਰਹਿ ਰਾਜ ਮੰਤਰੀ ਹੈ। ਯਾਦਦਾਸ਼ਤ ਦੀ ਘਾਟ ਵਾਲੇ ਲੋਕਾਂ ਨੂੰ ਇਹ ਗੱਲ ਵੀ ਯਾਦ ਕਰਾਉਣ ਵਾਲੀ ਹੋ ਸਕਦੀ ਹੈ ਕਿ 2009 ਵਿਚ ਗੁਜਰਾਤ ਵਿਚ ਸ਼ਰਾਬ ਪੀ ਕੇ ਮਰਨ ਦੇ ਇੱਕ ਕਾਂਡ ਵਿਚ ਇੱਕ ਸੌ ਛੱਤੀ ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਦੇ ਬਾਅਦ ਨਰਿੰਦਰ ਮੋਦੀ ਸਰਕਾਰ ਨੇ ਫੜੋ-ਫੜੀ ਕਰਨੀ ਸ਼ੁਰੂ ਕੀਤੀ ਤੇ ਕਈ ਥਾਂ ਸ਼ਰਾਬ ਦੇ ਗੋਦਾਮ ਫੜ ਕੇ ਬੋਤਲਾਂ ਦੇ ਢੇਰਾਂ ਉਤੇ ਬੁਲਡੋਜ਼ਰ ਫੇਰ ਦਿੱਤੇ ਗਏ ਸਨ, ਪਰ ਉਨ੍ਹਾਂ ਗੋਦਾਮਾਂ ਦਾ ਸਬੰਧ ਭਾਜਪਾ ਦੇ ਵਿਧਾਇਕਾਂ ਨਾਲ ਜੁੜਦਾ ਸੁਣਿਆ ਗਿਆ ਸੀ।
ਅਸੀਂ ਇਹ ਚੇਤਾ ਨਹੀਂ ਕਰਵਾਉਣਾ ਚਾਹੁੰਦੇ ਕਿ ਵਾਜਪਾਈ ਸਰਕਾਰ ਦੇ ਸਮੇਂ ਜਿਹੜੇ ਬਾਈ ਸੌ ਪੈਟਰੋਲ ਪੰਪ ਤੇ ਗੈਸ ਏਜੰਸੀਆਂ ਨਾਜਾਇਜ਼ ਅਲਾਟ ਕੀਤੇ ਗਏ ਅਤੇ ਫਿਰ ਸੁਪਰੀਮ ਕੋਰਟ ਦੇ ਦਖਲ ਪਿੱਛੋਂ ਰੱਦ ਕਰਨੇ ਪਏ ਸਨ, ਉਨ੍ਹਾਂ ਵਿਚੋਂ ਵੱਡਾ ਗੱਫਾ ਆਰ ਐਸ ਐਸ ਨਾਲ ਜੁੜੇ ਲੋਕਾਂ ਲਈ ਕੱਢਿਆ ਗਿਆ ਸੀ। ਉਸ ਵੇਲੇ ਰਾਜ ਸਭਾ ਮੈਂਬਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ, ਜੋ ਆਰ ਐਸ ਐਸ ਨਾਲ ਬਚਪਨ ਵੇਲੇ ਦਾ ਜੁੜਿਆ ਹੋਇਆ ਸੀ, ਨੇ ਇਹ ਵੀ ਕਹਿ ਦਿੱਤਾ ਸੀ ਕਿ ਹੁਣ ਸਾਡੇ ਵਾਜਪਾਈ ਸਾਹਿਬ ਦੀ ਸਰਕਾਰ ਹੈ, ਸਾਰੀ ਉਮਰ ਸੰਗਠਨ ਦੀ ਸੇਵਾ ਕਰਨ ਵਾਲਿਆਂ ਨੂੰ ਜੇ ਹੁਣ ਵੀ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ ਤਾਂ ਫਿਰ ਕਦੋਂ ਮਿਲਣਗੀਆਂ?
ਇਸ ਵਕਤ ਸਭ ਤੋਂ ਵੱਧ ਚਰਚਾ ਮੱਧ ਪ੍ਰਦੇਸ਼ ਦੇ ਵਿਆਪਮ ਘੋਟਾਲੇ ਦੀ ਹੋ ਰਹੀ ਹੈ। ਗੁਜਰਾਤ ਦੇ ਨਾਲ ਹੀ ਮੱਧ ਪ੍ਰਦੇਸ਼ ਨੂੰ ਵੀ ਹਿੰਦੂਤੱਵ ਦੀ ਲੈਬਾਰਟਰੀ ਸਮਝਿਆ ਜਾਂਦਾ ਸੀ, ਤੇ ਹੁਣ ਤੱਕ ਸਮਝਿਆ ਜਾਂਦਾ ਹੈ। ਜਿਹੜੇ ਸੂਰਜ ਨਮਸਕਾਰ ਵਰਗੇ ਪ੍ਰੋਗਰਾਮ ਨਰਿੰਦਰ ਮੋਦੀ ਸਰਕਾਰ ਦੀ ਮੰਤਰੀ ਸਿਮਰਤੀ ਇਰਾਨੀ ਸਾਰੇ ਦੇਸ਼ ਦੇ ਲੋਕਾਂ ਉਤੇ ਹੁਣ ਥੋਪ ਦੇਣਾ ਚਾਹੁੰਦੀ ਹੈ, ਇਹ ਪਹਿਲਾਂ ਮੱਧ ਪ੍ਰਦੇਸ਼ ਵਿਚ ਭਾਜਪਾ ਦੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੇ ਅਰੰਭ ਕੀਤੇ ਸਨ। ਹਰ ਕੇਸ ਵਿਚ ਧਰਮ ਤੇ ਸੰਗਠਨ ਨੂੰ ਅੱਗੇ ਰੱਖਣ ਵਾਲੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਦੇ ਅਧੀਨ ਜਿਹੜਾ ਨੌਕਰੀਆਂ ਅਤੇ ਦਾਖਲਿਆਂ ਦਾ ਵੱਡਾ ਘਪਲਾ ‘ਵਿਆਪਮ’ ਸਾਹਮਣੇ ਆਇਆ ਹੈ, ਉਸ ਵਿਚ ਵੀ ਉਹੋ ਬੰਦੇ ਵੱਧ ਹਨ, ਜਿਨ੍ਹਾਂ ਨੂੰ ਉਸ ਨੇ ਸੋਇਮ ਸੇਵਕ ਹੋਣ ਕਾਰਨ ਅੱਗੇ ਲਾ ਰੱਖਿਆ ਸੀ। ਸੁਧੀਰ ਸ਼ਰਮਾ ਨਾਂ ਦੇ ਬੰਦੇ ਦੀ ਇਸ ਵਿਚ ਸਭ ਤੋਂ ਵੱਧ ਚਰਚਾ ਹੋਈ ਹੈ, ਉਹ ਕਿਸੇ ਵੇਲੇ ਏਨਾ ਗਰੀਬ ਸੀ ਕਿ ਰਾਤ ਨੂੰ ਰੋਟੀ ਪੱਕਣ ਦੀ ਚਿੰਤਾ ਹੁੰਦੀ ਸੀ। ਆਰ ਐਸ ਐਸ ਨਾਲ ਜੁੜ ਕੇ ਉਹ ਭਾਜਪਾ ਵਿਧਾਇਕ ਲਕਸ਼ਮੀ ਕਾਂਤ ਸ਼ਰਮਾ ਦੇ ਨੇੜੇ ਲੱਗਾ ਅਤੇ ਫਿਰ ਵਿਆਪਮ ਦੇ ਮਾਮਲੇ ਦੀ ਵਿਚਕਾਰਲੀ ਕੁੰਡੀ ਬਣਦਾ ਗਿਆ।
ਲਕਸ਼ਮੀ ਕਾਂਤ ਸ਼ਰਮਾ ਅਗਲੇ ਮੋੜ ਉਤੇ ਮੰਤਰੀ ਬਣ ਗਿਆ ਤਾਂ ਸੁਧੀਰ ਸ਼ਰਮਾ ਉਸ ਦੇ ਦਫਤਰ ਵਿਚ ਨਿੱਜੀ ਸਹਾਇਕ ਜਾ ਬਣਿਆ ਤੇ ਫਿਰ ਉਹ ਮੰਤਰੀ ਵੀ ਬਣ ਗਿਆ। ਇਸ ਪਿੱਛੋਂ ਸੁਧੀਰ ਸ਼ਰਮਾ ਨੋਟ ਛਾਪਣ ਦੀ ਇਹੋ ਜਿਹੀ ਮਿੱਲ ਬਣ ਗਿਆ ਕਿ ਹੁਣ ਹੋਈ ਪੜਤਾਲ ਵਿਚ ਉਸ ਦੀ ਜਾਇਦਾਦ ਕਰੋੜਾਂ ਰੁਪਏ ਦੀ ਲੱਭੀ ਹੈ। ਸਿਰਫ ਜਾਇਦਾਦ ਹੀ ਨਹੀਂ ਮਿਲੀ, ਛਾਪੇ ਪੈਣ ਮਗਰੋਂ ਉਸ ਦੀਆਂ ਡਾਇਰੀਆਂ ਵੀ ਫੜੀਆਂ ਗਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਜਿਹੜੀ ਕਮਾਈ ਉਹ ਅਤੇ ਲਕਸ਼ਮੀ ਕਾਂਤ ਸ਼ਰਮਾ ਕਰਦੇ ਸਨ, ਉਸ ਦਾ ਦਸਵੰਧ ਆਰ ਐਸ ਐਸ ਹਾਈ ਕਮਾਨ ਨਾਲ ਜੁੜੇ ਕੁਝ ਲੋਕਾਂ ਤੱਕ ਵੀ ਜਾਂਦਾ ਸੀ। ਇੱਕ ਕੇਂਦਰੀ ਮੰਤਰੀ ਸਮੇਤ ਭਾਜਪਾ ਅਤੇ ਆਰ ਐਸ ਐਸ ਦੇ ਕਈ ਵੱਡੇ ਲੀਡਰਾਂ ਲਈ ਹਵਾਈ ਟਿਕਟਾਂ ਅਤੇ ਹੋਰ ਸਭ ਤਰ੍ਹਾਂ ਦੇ ਖਰਚੇ ਭਰਨ ਦਾ ਕੰਮ ਵੀ ਸੁਧੀਰ ਸ਼ਰਮਾ ਕਰਦਾ ਸੀ। ਉਸ ਦੇ ਖਿਲਾਫ ਕੇਸ ਵੀ ਦਰਜ ਹੁੰਦੇ ਰਹੇ, ਪਰ ਧੁਰ ਉਪਰ ਤੱਕ ਪਹੁੰਚ ਹੋਣ ਕਾਰਨ ਕਦੇ ਉਸ ਨੂੰ ਫੜਿਆ ਨਹੀਂ ਸੀ ਜਾਂਦਾ।
ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਮੱਧ ਪ੍ਰਦੇਸ਼ ਦੇ ਵਿਆਪਮ ਘੋਟਾਲੇ ਦੀ ਜਾਂਚ ਸੀ ਬੀ ਆਈ ਵੱਲੋਂ ਕੀਤੇ ਜਾਣ ਦਾ ਵਿਰੋਧ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਲਈ ਕਰਦਾ ਸੀ ਕਿ ਉਹ ਖੁਦ ਤੇ ਉਸ ਨਾਲ ਜੁੜੀ ਜੁੰਡੀ ਦੇ ਬਚਣ ਦਾ ਰਾਹ ਨਹੀਂ ਰਹਿਣਾ। ਹੁਣ ਇੱਕ ਗੱਲ ਇਹ ਸੁਣਨ ਵਿਚ ਆਈ ਹੈ ਕਿ ਵਿਰੋਧ ਕਰਨ ਦਾ ਅਸਲ ਕਾਰਨ ਇਹ ਸੀ ਕਿ ਇਸ ਨਾਲ ਸਿਰਫ ਸਰਕਾਰ ਹੀ ਬੇਪਰਦ ਨਹੀਂ ਹੋਣੀ, ਸਰਕਾਰ ਚਲਾ ਰਹੀ ਭਾਜਪਾ ਦੇ ਨਾਲ ਧਰਮ ਦੀ ਧਾਰਨਾ ਦੇ ਉਹ ਝੰਡਾ ਬਰਦਾਰ ਵੀ ਲੋਕਾਂ ਸਾਹਮਣੇ ਬੇਪਰਦ ਹੋ ਜਾਣਗੇ, ਜਿਹੜੇ ਲੋਕਾਂ ਨੂੰ ਸਬਕ ਪੜ੍ਹਾਉਂਦੇ ਹਨ ਕਿ ਰਾਜਨੀਤੀ ਉਤੇ ਧਰਮ ਦਾ ਕੁੰਡਾ ਰਹੇ ਤਾਂ ਬੇਲਗਾਮ ਨਹੀਂ ਹੁੰਦੀ।
ਸਦੀਆਂ ਤੋਂ ਧਰਮ ਨੂੰ ਰਾਜਿਆਂ ਨੇ ਆਪਣੇ ਪਾਪਾਂ ਉਤੇ ਪਰਦਾ ਪਾਉਣ ਤੇ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਇਹ ਸਮਝਾਉਣ ਵਾਸਤੇ ਵਰਤਿਆ ਹੈ ਕਿ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ, ਜੋ ਕੁਝ ਹੁੰਦਾ ਹੈ, ਦੁਨੀਆਂ ਤੋਂ ਦੂਰ ਬੈਠੇ ਈਸ਼ਵਰ ਦੇ ਹੁਕਮ ਨਾਲ ਹੁੰਦਾ ਹੈ। ਭਾਰਤ ਵਿਚ ਅੱਜ ਵੀ ਰਾਜਾਂ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਸਭ ਨੂੰ ਧਰਮ ਦੀ ਓਟ ਚਾਹੀਦੀ ਹੈ, ਇਸ ਵਾਸਤੇ ਨਹੀਂ ਕਿ ਪਾਪਾਂ ਤੋਂ ਬਚੇ ਰਹਿਣ ਲਈ ਕੁੰਡਾ ਰੱਖਣਾ ਹੈ, ਸਗੋਂ ਲੋਕਾਂ ਨੂੰ ਇਹ ਦੱਸਣ ਲਈ ਕਿ ਇਨ੍ਹਾਂ ਲੋਕਾਂ ਦਾ ਦੋਸ਼ ਨਹੀਂ, ਜੋ ਕੁਝ ਹੁੰਦਾ ਹੈ, ਉਹ ਬੰਦੇ ਤੋਂ ਰੱਬ ਕਰਵਾਉਂਦਾ ਹੈ। ਕੁਝ ਕੇਸਾਂ ਦੇ ਅਦਾਲਤੀ ਹੁਕਮਾਂ ਨਾਲ ਭਾਰਤ ਵਿਚ ਘਾਲੇ-ਮਾਲੇ ਨਹੀਂ ਰੁਕ ਜਾਣੇ, ਇਹ ਤਾਂ ਉਦੋਂ ਰੁਕਣਗੇ, ਜਦੋਂ ਲੋਕ ਸਮਝ ਜਾਣਗੇ ਕਿ ਰੱਬ ਦੇ ਨਾਂ ਉਤੇ ਧੋਖਾ ਕਿੱਡਾ ਹੋ ਰਿਹਾ ਹੈ।