ਜਾਰਜ, ਵਸੁੰਧਰਾ, ਦਾਊਦ ਤੇ ਸਿਆਸਤਦਾਨਾਂ ਦਾ ਕਿਰਦਾਰ

-ਜਤਿੰਦਰ ਪਨੂੰ
ਭਾਰਤੀ ਰਾਜਨੀਤੀ ਵਿਚ ਇਹੋ ਜਿਹੇ ਆਗੂ ਬਹੁਤ ਹਨ, ਜਿਹੜੇ ਪਾਰਟੀ ਵਿਚ ਆਣ ਕੇ ਹੋਰ ਬੋਲੀ ਬੋਲਦੇ ਤੇ ਬਾਹਰ ਜਾ ਕੇ ਹੋਰ। ਅਜਿਹੇ ਲੋਕ ਭਾਰਤੀ ਜਨਤਾ ਪਾਰਟੀ ਅੰਦਰ ਹੋਰ ਵੀ ਵੱਧ ਹਨ। ਦੋ ਵੱਡੀਆਂ ਪਾਰਟੀਆਂ ਵਿਚ ਕਦੇ-ਕਦਾਈਂ ਆਉਣ-ਜਾਣ ਕਰਨ ਵਾਲਿਆਂ ਦੀ ਗੱਲ ਅਸੀਂ ਇਸ ਵੇਲੇ ਨਹੀਂ ਕਰ ਰਹੇ, ਸਿਰਫ ਉਨ੍ਹਾਂ ਦੀ ਕਰ ਰਹੇ ਹਾਂ, ਜਿਹੜੇ ਇੱਕੋ ਪਾਰਟੀ ਦੇ ਕਦੇ ਨਾਲ ਹੁੰਦੇ ਹਨ ਅਤੇ ਕਦੇ ਲੋੜ ਪੈਣ ਉਤੇ ਉਸੇ ਦਾ ਰਾਹ ਰੋਕਣ ਤੱਕ ਚਲੇ ਜਾਂਦੇ ਹਨ।

ਮਿਸਾਲ ਵਜੋਂ ਰਾਜਸਥਾਨ ਦਾ ਗਵਰਨਰ ਕਲਿਆਣ ਸਿੰਘ ਹੈ। ਉਹ ਜਦੋਂ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਗਿਆ ਤਾਂ ਉਸ ਲਈ ਭਾਜਪਾ ਚੰਗੀ ਸੀ, ਪਰ ਜਦੋਂ ਗੱਦੀ ਖੁੱਸ ਗਈ ਤਾਂ ਉਸ ਨੇ ਬਾਬਰੀ ਮਸਜਿਦ ਸਮੇਤ ਸਾਰੇ ਮਾਮਲੇ ਉਧੇੜ ਦਿੱਤੇ ਸਨ। ਬਾਬਰੀ ਮਸਜਿਦ ਦੀ ਜਾਂਚ ਕਰਦੇ ਕਮਿਸ਼ਨ ਕੋਲ ਉਸ ਨੇ ਇੱਕ ਬਿਆਨ ਵਿਚ ਆਰ ਐਸ ਐਸ ਨਾਲ ਜੁੜੇ ਲੀਡਰਾਂ ਸਮੇਤ ਇਸ ਕਾਂਡ ਦੀ ਸਾਜ਼ਿਸ਼ ਦੇ ਸਾਰੇ ਮੋਹਰਿਆਂ ਬਾਰੇ ਜਾ ਦੱਸਿਆ। ਫਿਰ ਉਹ ਪਾਰਟੀ ਵਿਚ ਵਾਪਸ ਆ ਗਿਆ ਤਾਂ ਉਨ੍ਹਾਂ ਬਿਆਨਾਂ ਤੋਂ ਮੁੱਕਰ ਗਿਆ।
ਉਮਾ ਭਾਰਤੀ ਜਦੋਂ ਅਡਵਾਨੀ ਵਾਲੀ ਮੀਟਿੰਗ ਵਿਚੋਂ ਦਿੱਲੀ ਤੋਂ ਰੌਲਾ ਪਾ ਕੇ ਨਿਕਲ ਗਈ ਤਾਂ ਪਾਰਟੀ ਨੇ ਉਸ ਨੂੰ ਮੁੱਢਲੀ ਮੈਂਬਰੀ ਤੋਂ ਕੱਢ ਦਿੱਤਾ। ਉਸ ਨੇ ਪ੍ਰਤੀਕਿਰਿਆ ਇਹ ਦਿੱਤੀ ਸੀ ਕਿ ‘ਮੈਨੂੰ ਕਿਹੜਾ ਕੱਢ ਸਕਦਾ ਹੈ, ਮੈਂ ਖੁਦ ਭਾਜਪਾ ਹਾਂ।’ ਭਾਜਪਾ ਆਗੂ ਪ੍ਰਮੋਦ ਮਹਾਜਨ ਨੇ ਮਜ਼ਾਕ ਉਡਾਇਆ ਸੀ, ”ਸ਼ੁਕਰ ਕਰੋ, ਉਮਾ ਨੇ ਆਪਣੇ ਆਪ ਨੂੰ ਭਾਜਪਾ ਕਿਹਾ ਹੈ, ਉਹ ਆਪਣੇ ਆਪ ਨੂੰ ‘ਭਾਰਤ ਮਾਂ’ ਵੀ ਕਹਿ ਸਕਦੀ ਹੈ।” ਉਮਾ ਭਾਰਤੀ ਫਿਰ ਭਾਜਪਾ ਵਿਚ ਪਰਤ ਆਈ। ਇਹੋ ਜਿਹਾ ਇੱਕ ਆਗੂ ਰਾਮ ਜੇਠਮਲਾਨੀ ਹੈ, ਜਿਹੜਾ ਇਸ ਵਕਤ ਭਾਜਪਾ ਦੀ ਮਦਦ ਨਾਲ ਜਿੱਤ ਕੇ ਆਇਆ ਰਾਜ ਸਭਾ ਦਾ ਆਜ਼ਾਦ ਮੈਂਬਰ ਹੈ।
ਪ੍ਰਸਿੱਧ ਕਾਨੂੰਨਦਾਨ ਰਾਮ ਜੇਠਮਲਾਨੀ ਕਈ ਵਾਰੀ ਭਾਜਪਾ ਵਿਚ ਆਇਆ ਤੇ ਕਈ ਵਾਰੀ ਇਸ ਵਿਚੋਂ ਬਾਹਰ ਕੀਤਾ ਗਿਆ। ਅਟਲ ਬਿਹਾਰੀ ਵਾਜਪਾਈ ਦੇ ਨਾਲ ਕਾਨੂੰਨ ਮੰਤਰੀ ਵੀ ਰਿਹਾ ਸੀ ਤੇ ਅਗਲੀ ਚੋਣ ਵਿਚ ਵਾਜਪਾਈ ਦੇ ਮੁਕਾਬਲੇ ਚੋਣ ਲੜਨ ਵੀ ਤੁਰ ਪਿਆ ਸੀ। ਉਸ ਤੋਂ ਬਾਅਦ ਫਿਰ ਉਹ ਭਾਜਪਾ ਵਿਚ ਆ ਗਿਆ। ਪਿਛਲੇ ਸਾਲ ਉਹ ਫਿਰ ਇਸ ਪਾਰਟੀ ਨੂੰ ਛੱਡ ਗਿਆ ਸੀ। ਅੱਜ-ਕੱਲ੍ਹ ਉਹ ਇੱਕ ਵੱਡੀ ਚਰਚਾ ਦਾ ਕੇਂਦਰ ਹੈ।
ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਅਜੋਕੇ ਸੰਸਾਰ ਵਿਚ ਸਭ ਤੋਂ ਵੱਡੇ ਮਾਫੀਆ ਸਰਗਣਿਆਂ ਵਿਚੋਂ ਇੱਕ ਦਾਊਦ ਇਬਰਾਹੀਮ ਨੇ ਨਰਸਿਮਹਾ ਰਾਓ ਸਰਕਾਰ ਦੇ ਸਮੇਂ ਆਤਮ ਸਮੱਰਪਣ ਦੀ ਪੇਸ਼ਕਸ਼ ਕੀਤੀ ਸੀ ਅਤੇ ਉਸ ਨੂੰ ਠੁਕਰਾ ਦਿੱਤਾ ਗਿਆ ਸੀ। ਇਹ ਪੇਸ਼ਕਸ਼ ਰਾਮ ਜੇਠਮਲਾਨੀ ਦੇ ਰਾਹੀਂ ਹੋਈ ਸੀ ਤੇ ਠੁਕਰਾਈ ਸ਼ਰਦ ਪਵਾਰ ਨੇ ਸੀ, ਜਿਹੜਾ ਉਸ ਵੇਲੇ ਮਹਾਰਾਸ਼ਟਰ ਦਾ ਕਾਂਗਰਸੀ ਮੁੱਖ ਮੰਤਰੀ ਹੁੰਦਾ ਸੀ।
ਚਰਚਾ ਦਾ ਮੁੱਢ ਇਸ ਲਈ ਬੱਝਾ ਕਿ ਅਜੋਕੀ ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਨੇ ਦਾਊਦ ਬਾਰੇ ਇੱਕ ਦੂਸਰੇ ਤੋਂ ਉਲਟ ਗੱਲਾਂ ਕੀਤੀਆਂ ਸਨ ਅਤੇ ਉਨ੍ਹਾਂ ਗੱਲਾਂ ਬਾਰੇ ਇੱਕ ਪੱਤਰਕਾਰ ਨੇ ਦਾਊਦ ਦੇ ਕਾਰ-ਮੁਖਤਿਆਰ ਛੋਟਾ ਸ਼ਕੀਲ ਤੱਕ ਜਾ ਪਹੁੰਚ ਕੀਤੀ। ਸ਼ਕੀਲ ਅੱਗੋਂ ਭੜਕ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਸ਼ਕੀਲ ਨੇ ਕਿਹਾ ਕਿ ‘ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਸਭ ਤੋਂ ਪਹਿਲਾਂ ਦਾਊਦ ਦੀ ਗੱਲ ਛੇੜਦੀ ਹੈ, ਦਾਊਦ ਕੋਈ ਬੱਕਰੀ ਦਾ ਬੱਚਾ ਹੈ, ਜਿਸ ਨੂੰ ਕੋਈ ਜਾ ਕੇ ਫੜ ਲਵੇਗਾ? ਦੋ ਕੁ ਦਹਾਕੇ ਪਹਿਲਾਂ ਇੱਕ ਵਾਰੀ ਉਂਜ ਉਸ ਨੇ ਆਤਮ ਸਮੱਰਪਣ ਦੀ ਪੇਸ਼ਕਸ਼ ਕੀਤੀ ਸੀ, ਉਦੋਂ ਕਿਸੇ ਨੇ ਮੰਨੀ ਨਹੀਂ ਸੀ।’ ਇਹ ਵੀ ਉਸ ਨੇ ਕਹਿ ਦਿੱਤਾ ਕਿ ਪੇਸ਼ਕਸ਼ ਉਦੋਂ ਰਾਮ ਜੇਠਮਲਾਨੀ ਦੇ ਰਾਹੀਂ ਹੋਈ ਸੀ।
ਰਾਮ ਜੇਠਮਲਾਨੀ ਨੇ ਇਹ ਕਹਾਣੀ ਸੱਚੀ ਮੰਨ ਲਈ ਅਤੇ ਨਾਲ ਇਹ ਕਹਿ ਦਿੱਤਾ ਕਿ ਇਸ ਬਾਰੇ ਖੁਦ ਉਸ ਨੇ ਸ਼ਰਦ ਪਵਾਰ ਤੱਕ ਪਹੁੰਚ ਕੀਤੀ ਸੀ, ਪਰ ਉਸ ਨੇ ਹਾਮੀ ਨਹੀਂ ਸੀ ਭਰੀ। ਅੱਗੋਂ ਸ਼ਰਦ ਪਵਾਰ ਨੇ ਵੀ ਮੁੱਕਰਨ ਦੀ ਲੋੜ ਨਹੀਂ ਸਮਝੀ, ਸਗੋਂ ਸਾਫ ਕਹਿ ਦਿੱਤਾ ਕਿ ਗੱਲ ਇਸੇ ਤਰ੍ਹਾਂ ਹੀ ਹੋਈ ਸੀ, ਪਰ ਅਸੀਂ ਇਸ ਲਈ ਨਹੀਂ ਸੀ ਮੰਨੇ ਕਿ ਦਾਊਦ ਅਪਰਾਧੀ ਹੁੰਦਾ ਹੋਇਆ ਵੀ ਆਪਣੀਆਂ ਸ਼ਰਤਾਂ ਉਤੇ ਆਤਮ ਸਮੱਰਪਣ ਕਰਨਾ ਚਾਹੁੰਦਾ ਸੀ, ਜੇਲ੍ਹ ਦੀ ਬਜਾਏ ਉਹ ਆਪਣੇ ਘਰ ਵਿਚ ਕੈਦ ਰੱਖੇ ਜਾਣ ਦੀ ਮੰਗ ਕਰਦਾ ਸੀ। ਇਹ ਸ਼ਰਤਾਂ ਮੰਨ ਲੈਂਦੇ ਤਾਂ ਇੱਕ ਗਲਤ ਲੀਹ ਪੈ ਜਾਣੀ ਸੀ।
ਕਾਨੂੰਨ ਦੇ ਪੱਖੋਂ ਉਸ ਦੀ ਗੱਲ ਵਿਚ ਵਜ਼ਨ ਹੈ, ਪਰ ਇਸ ਤੋਂ ਪਹਿਲਾਂ ਕਈ ਲੋਕ ਸ਼ਰਤਾਂ ਦੇ ਨਾਲ ਵੀ ਆਤਮ ਸਮੱਰਪਣ ਕਰਦੇ ਰਹੇ ਹਨ। ਫੂਲਾਂ ਦੇਵੀ ਨੇ ਵੀ ਕੁਝ ਸ਼ਰਤਾਂ ਨਾਲ ਸਮੱਰਪਣ ਕੀਤਾ ਸੀ। ਅੰਦਰਲੀ ਗੱਲ ਕੁਝ ਲੋਕ ਇਹ ਕਹਿੰਦੇ ਹਨ ਕਿ ਸ਼ਰਦ ਪਵਾਰ ਦੀ ਆਪਣੇ ਵਕਤ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨਾਲ ਬਣਦੀ ਨਹੀਂ ਸੀ ਤੇ ਉਸ ਨੂੰ ਡਰ ਸੀ ਕਿ ਰਾਓ ਇਸ ਪ੍ਰਕਿਰਿਆ ਨੂੰ ਗਲਤ ਮੋੜਾ ਦੇ ਸਕਦਾ ਹੈ।
ਹੁਣ ਭਾਜਪਾ ਇਹ ਮੁੱਦਾ ਦੋ ਤਰ੍ਹਾਂ ਚੁੱਕ ਕੇ ਬਹਿਸ ਨੂੰ ਹਵਾ ਦਿੰਦੀ ਹੈ। ਇੱਕ ਇਹ ਕਿ ਜੇ ਉਦੋਂ ਉਹ ਆਤਮ ਸਮੱਰਪਣ ਕਰਵਾ ਲਿਆ ਜਾਂਦਾ ਤਾਂ ਜਿੰਨਾ ਨੁਕਸਾਨ ਉਸ ਦੇ ਪਿੱਛੋਂ ਹੋਇਆ ਹੈ, ਉਸ ਤੋਂ ਬਚਿਆ ਜਾ ਸਕਦਾ ਸੀ। ਦੂਸਰਾ ਇਹ ਪੁੱਛਿਆ ਗਿਆ ਹੈ ਕਿ ਭਾਰਤ ਦੇ ਲੋਕਾਂ ਤੋਂ ਏਡੀ ਵੱਡੀ ਗੱਲ ਏਨਾ ਚਿਰ ਲੁਕਾ ਕੇ ਕਿਉਂ ਰੱਖੀ ਗਈ ਅਤੇ ਕਿਸ ਨੇ ਰੱਖੀ ਸੀ?
ਅਸਲੀਅਤ ਇਹ ਹੈ ਕਿ ਰਾਜਨੀਤੀ ਦੇ ਪਰਦੇ ਓਹਲੇ ਕਈ ਕੁਝ ਲੁਕਿਆ ਰਹਿੰਦਾ ਹੈ, ਜਿੰਨਾ ਚਿਰ ਭੇਦ ਖੁੱਲ੍ਹ ਨਹੀਂ ਜਾਂਦਾ, ਆਪਸੀ ਵਿਰੋਧ ਦੇ ਬਾਵਜੂਦ ਇੱਕ ਦੂਸਰੇ ਦਾ ਓਹਲਾ ਸਾਰੇ ਰੱਖਦੇ ਹਨ, ਧੂੰਆਂ ਨਹੀਂ ਨਿਕਲਣ ਦੇਂਦੇ।
ਹੁਣੇ-ਹੁਣੇ ਲਲਿਤ ਮੋਦੀ ਕਾਂਡ ਦੌਰਾਨ ਦੋ ਭਾਜਪਾ ਆਗੂ ਬੀਬੀਆਂ ਦੇ ਵਿਹਾਰ ਦਾ ਰੌਲਾ ਪਿਆ। ਇੱਕ ਬੀਬੀ ਨੇ ਆਪਣੇ ਦੇਸ਼ ਨਾਲ ਵਫਾਦਾਰੀ ਤੋੜ ਕੇ ਵੀਹ ਕਰੋੜ ਰੁਪਏ ਪਿੱਛੇ ਲਲਿਤ ਮੋਦੀ ਵਾਸਤੇ ਬ੍ਰਿਟੇਨ ਦੀ ਸਰਕਾਰ ਲਈ ਹਲਫੀਆ ਬਿਆਨ ਦੇ ਦਿੱਤਾ। ਸਾਰੀ ਭਾਜਪਾ ਕਹਿੰਦੀ ਹੈ ਕਿ ਸਾਨੂੰ ਇਸ ਬਾਰੇ ਪਤਾ ਨਹੀਂ। ਦੂਸਰੀ ਬੀਬੀ ਦਾ ਪਤੀ ਪਿਛਲੇ ਬਾਈ ਸਾਲ ਤੋਂ ਓਸੇ ਲਲਿਤ ਮੋਦੀ ਦਾ ਵਕੀਲ ਹੈ ਅਤੇ ਧੀ ਵੀ ਲਲਿਤ ਮੋਦੀ ਦੇ ਕੇਸਾਂ ਵਿਚ ਪੇਸ਼ ਹੁੰਦੀ ਰਹੀ ਹੈ। ਆਪਣਾ ਪਾਸਪੋਰਟ ਦਾ ਕੇਸ ਜਿੱਤਣ ਪਿੱਛੋਂ ਲਲਿਤ ਨੇ ਧੰਨਵਾਦ ਕਰਨ ਲਈ ਜਿਨ੍ਹਾਂ ਲੋਕਾਂ ਦੇ ਨਾਂ ਫੇਸਬੁੱਕ ਉਤੇ ਲਿਖੇ, ਉਨ੍ਹਾਂ ਵਿਚ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਦਾ ਨਾਂ ਵੀ ਸ਼ਾਮਲ ਸੀ। ਕੀ ਭਾਜਪਾ ਨੂੰ ਉਦੋਂ ਵੀ ਪਤਾ ਨਹੀਂ ਸੀ ਲੱਗਾ? ਕਾਂਗਰਸ ਦੇ ਜਿਹੜੇ ਆਗੂ ਹੁਣ ਵਰਕੇ ਫੋਲੀ ਜਾਂਦੇ ਹਨ, ਕੀ ਉਨ੍ਹਾਂ ਨੂੰ ਉਦੋਂ ਫੇਸਬੁੱਕ ਦੀ ਉਹ ਐਂਟਰੀ ਨਹੀਂ ਸੀ ਦਿੱਸੀ ਅਤੇ ਉਹ ਕੇਸ ਰੱਦ ਹੋਣ ਦੇ ਬਾਅਦ ਵੀ ਉਹ ਇਸ ਬਾਰੇ ਚੁੱਪ ਕਿਉਂ ਬੈਠੇ ਰਹੇ ਸਨ?
ਇੱਕ ਹੋਰ ਵੱਡਾ ਕਿੱਸਾ ਵਾਜਪਾਈ ਸਰਕਾਰ ਦਾ ਚੇਤੇ ਕਰਨਾ ਚਾਹੀਦਾ ਹੈ। ਭਾਰਤੀ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਆਪ ਵੀ ਅਮਰੀਕਾ ਦਾ ਪੱਕਾ ਭਗਤ ਗਿਣਿਆ ਜਾਂਦਾ ਸੀ ਤੇ ਵਾਜਪਾਈ ਸਰਕਾਰ ਵੀ ਅਮਰੀਕਾ ਦੇ ਬਹੁਤ ਨੇੜ ਵਾਲੀ ਸੀ। ਅਮਰੀਕਾ ਦੇ ਇੱਕ ਉਪ ਵਿਦੇਸ਼ ਮੰਤਰੀ ਸਟਰੋਬ ਟਾਲਬੋਟ ਨੇ ਅਹੁਦਾ ਛੱਡਣ ਪਿੱਛੋਂ ਕਿਤਾਬ ਲਿਖ ਕੇ ਇਹ ਖੁਲਾਸਾ ਕਰ ਦਿੱਤਾ ਕਿ ਜਾਰਜ ਫਰਨਾਂਡੇਜ਼ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਵਜੋਂ ਅਮਰੀਕਾ ਆਇਆ ਤਾਂ ਉਸ ਦੀ ਸਾਰੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ ਸੀ। ਵਾਜਪਾਈ ਸਰਕਾਰ ਵਿਚੋਂ ਕਈ ਮੰਤਰੀਆਂ ਨੇ ਇਹ ਕਿਹਾ ਕਿ ਹੋ ਸਕਦਾ ਹੈ ਕਿ ਏਦਾਂ ਹੀ ਹੋਵੇ, ਪਰ ਸਾਨੂੰ ਇਸ ਬਾਰੇ ਪਤਾ ਨਹੀਂ। ਜਾਰਜ ਫਰਨਾਂਡੇਜ਼ ਨੂੰ ਜਦੋਂ ਸਿੱਧਾ ਇਸੇ ਗੱਲ ਬਾਰੇ ਮੀਡੀਏ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਕਿਹਾ ਕਿ ਇਸੇ ਤਰ੍ਹਾਂ ਹੋਇਆ ਸੀ, ਉਨ੍ਹਾਂ ਨੇ ਮੈਨੂੰ ਕੱਪੜੇ ਉਤਾਰਨ ਨੂੰ ਕਿਹਾ ਤੇ ਮੈਂ ਉਤਾਰ ਦਿੱਤੇ, ਇਸ ਵਿਚ ਮੈਨੂੰ ਕੁਝ ਗਲਤ ਨਹੀਂ ਸੀ ਲੱਗਾ। ਉਸ ਨੇ ਇਹ ਵੀ ਮੰਨ ਲਿਆ ਕਿ ਜਦੋਂ ਵਾਪਸ ਆਇਆ ਤਾਂ ਪ੍ਰਧਾਨ ਮੰਤਰੀ ਨੂੰ ਨਾ ਸਿਰਫ ਦੱਸ ਦਿੱਤਾ ਸੀ, ਬਲਕਿ ਅਮਰੀਕਾ ਦੇ ਇਸ ਵਿਹਾਰ ਬਾਰੇ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਵਿਚਾਰ ਵੀ ਹੋਈ ਅਤੇ ਰਾਏ ਬਣੀ ਸੀ ਕਿ ਗੱਲ ਨੂੰ ਤੂਲ ਨਾ ਦਿੱਤੀ ਜਾਵੇ।
ਫਰਨਾਂਡੇਜ਼ ਦੇ ਇਹ ਗੱਲ ਮੰਨਣ ਤੋਂ ਪਹਿਲਾਂ ਇਹ ਗੱਲ ਦੋ ਸਾਲ ਦੇ ਕਰੀਬ ਸਾਰੇ ਦੇਸ਼ ਦੇ ਲੋਕਾਂ ਤੋਂ ਲੁਕਾਈ ਗਈ ਸੀ ਤੇ ਜਦੋਂ ਭੇਦ ਖੁੱਲ੍ਹ ਗਿਆ ਤਾਂ ਇਹ ਵੀ ਚਰਚਾ ਚੱਲੀ ਸੀ ਕਿ ਇਸ ਦਾ ਉਦੋਂ ਦੀ ਵਿਰੋਧੀ ਧਿਰ ਕਾਂਗਰਸ ਨੂੰ ਪਹਿਲਾਂ ਹੀ ਪਤਾ ਸੀ। ਭਾਰਤ ਦੇ ਇੱਕ ਮੰਤਰੀ ਦੀ ਇਸ ਤਰ੍ਹਾਂ ਕਿਸੇ ਦੇਸ਼ ਵਿਚ ਸਾਰੇ ਕੱਪੜੇ ਲੁਹਾ ਕੇ ਬੇਇੱਜ਼ਤੀ ਹੋਣ ਦੀ ਘਟਨਾ ਦੇ ਬਾਅਦ ਵੀ ਵਿਰੋਧੀ ਧਿਰ ਵਿਚ ਬੈਠੀ ਹੋਈ ਕਾਂਗਰਸ ਪਾਰਟੀ ਨੇ ਇਸ ਉਤੋਂ ਪਰਦਾ ਕਿਉਂ ਨਾ ਚੁੱਕਿਆ?
ਹੁਣ ਸਵਾਲ ਦਾਊਦ ਇਬਰਾਹੀਮ ਦਾ ਹੈ। ਇਸ ਬਾਰੇ ਹੁਣ ਜਦੋਂ ਭਾਜਪਾ ਇਹ ਪੁੱਛਦੀ ਹੈ ਕਿ ਸ਼ਰਦ ਪਵਾਰ ਨੇ ਏਨੀ ਦੇਰ ਓਹਲਾ ਕਿਉਂ ਰੱਖਿਆ ਤਾਂ ਇਸ ਗੱਲ ਬਾਰੇ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਸ ਦੇ ਲੀਡਰਾਂ ਵਿਚੋਂ ਵੀ ਕਿਸੇ ਨੂੰ ਪਤਾ ਨਹੀਂ ਸੀ? ਜਿਹੜੇ ਵਕੀਲ ਰਾਮ ਜੇਠਮਲਾਨੀ ਨੇ ਇਸ ਵਿਚੋਲਗੀ ਦੀ ਕੋਸ਼ਿਸ਼ ਕੀਤੀ ਸੀ, ਉਹ ਉਸ ਤੋਂ ਛੇ ਸਾਲ ਬਾਅਦ ਭਾਜਪਾ ਦੀ ਵਾਜਪਾਈ ਸਰਕਾਰ ਵਿਚ ਕਾਨੂੰਨ ਮੰਤਰੀ ਰਿਹਾ ਸੀ, ਕੀ ਉਦੋਂ ਵੀ ਏਡੀ ਭੇਦ ਵਾਲੀ ਗੱਲ ਉਹ ਲੁਕਾਈ ਬੈਠਾ ਰਿਹਾ?
ਅਫਜ਼ਲ ਗੁਰੂ ਨੂੰ ਫਾਂਸੀ ਦੇਣ ਵਿਚ ਦੇਰੀ ਬਾਰੇ ਕਾਂਗਰਸ ਦੇ ਲੀਡਰਾਂ ਨੂੰ ਇੱਕ ਵਾਰੀ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਇਸ ਨੂੰ ਫਾਂਸੀ ਕਿਉਂ ਨਹੀਂ ਦੇਂਦੇ, ਕੀ ਇਹ ਤੁਹਾਡਾ ਜਵਾਈ ਲੱਗਦਾ ਹੈ। ਉਸ ਦਾ ਕੇਸ ਅਦਾਲਤ ਵਿਚ ਰਾਮ ਜੇਠਮਲਾਨੀ ਉਦੋਂ ਲੜਦਾ ਸੀ ਤੇ ਉਹ ਭਾਜਪਾ ਦੀ ਰਾਸ਼ਟਰੀ ਪ੍ਰੀਸ਼ਦ ਦਾ ਵੀ ਮੈਂਬਰ ਸੀ। ਕੀ ਇਸ ਵਿਚੋਂ ਭਾਜਪਾ ਦਾ ਦੋਗਲਾਪਣ ਨਹੀਂ ਦਿਸਦਾ? ਰਾਮ ਜੇਠਮਲਾਨੀ ਨੇ, ਭਾਜਪਾ ਦੇ ਕਈ ਦਹਾਕਿਆਂ ਦੇ ਜੋੜੀਦਾਰ ਨੇ, ਦਾਊਦ ਬਾਰੇ ਜਿਹੜੀ ਗੱਲ ਕੀਤੀ ਸੀ, ਜੇ ਸ਼ਰਦ ਪਵਾਰ ਨੇ ਉਹ ਮੰਨ ਲਈ ਹੁੰਦੀ, ਕੀ ਇਹ ਸਵਾਲ ਕਿਸੇ ਭਾਜਪਾ ਆਗੂ ਨੇ ਫੇਰ ਨਹੀਂ ਸੀ ਪੁੱਛਣਾ ਕਿ ਦਾਊਦ ਕਿਸ ਦਾ ਜਵਾਈ ਹੈ, ਜਿਸ ਵਾਸਤੇ ਸਰਕਾਰ ਏਨਾ ਝੁਕਣ ਵਾਲੀਆਂ ਸ਼ਰਤਾਂ ਪ੍ਰਵਾਨ ਕਰ ਕੇ ਆਤਮ ਸਮੱਰਪਣ ਕਰਾਉਂਦੀ ਫਿਰਦੀ ਹੈ? ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਬਾਰੇ ਕਾਂਗਰਸ ਅਤੇ ਭਾਜਪਾ ਦੋਵਾਂ ਦੀ ਲੀਡਰਸ਼ਿਪ ਕਟਹਿਰੇ ਵਿਚ ਖੜੀ ਹੋ ਸਕਦੀ ਹੈ।
ਜਾਰਜ ਫਰਨਾਂਡੇਜ਼ ਨੂੰ ਨੰਗੇ ਕਰਨ ਦਾ ਕਿੱਸਾ ਕੁਝ ਸਾਲ ਪਿੱਛੋਂ ਨੰਗਾ ਹੋਇਆ ਸੀ। ਵਸੁੰਧਰਾ ਰਾਜੇ ਵੱਲੋਂ ਦੇਸ਼ ਨਾਲ ਵਫਾ ਭੁਲਾ ਕੇ ਆਪਣੇ ਦੇਸ਼ ਵਿਰੁੱਧ ਬੇਗਾਨੇ ਦੇਸ਼ ਨੂੰ ਲਿਖ ਕੇ ਦੇਣ ਦਾ ਕਿੱਸਾ ਕੁਝ ਸਾਲ ਪਿੱਛੋਂ ਲੋਕਾਂ ਨੂੰ ਪਤਾ ਲੱਗਾ ਸੀ। ਦਾਊਦ ਦਾ ਕਿੱਸਾ ਵੀਹ ਤੋਂ ਵੱਧ ਸਾਲ ਲੰਘਣ ਪਿੱਛੋਂ ਬੇਪਰਦ ਹੋਇਆ। ਇਹੋ ਜਿਹੇ ਕਈ ਹੋਰ ਕੇਸ ਹਨ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਹੁਣ ਏਦਾਂ ਦਾ ਕੁਝ ਨਹੀਂ ਹੋ ਰਿਹਾ? ਕੀ ਲੋਕ ਇਹ ਸੋਚ ਲੈਣ ਕਿ ਹੁੰਦਾ ਤਾਂ ਹੋਈ ਜਾਵੇ, ਆਪੇ ਸਮਾਂ ਪਾ ਕੇ ਬਾਹਰ ਆ ਜਾਵੇਗਾ? ਕੀ ਰਾਜਸੀ ਮੰਚ ਉਤੇ ਹੋਰ ਅਤੇ ਪਰਦੇ ਪਿੱਛੇ ਹੋਰ ਨਾਟਕ ਇੰਜ ਹੀ ਹੁੰਦੇ ਰਹਿਣੇ ਹਨ? ਲੋਕਤੰਤਰ ਨੂੰ ਲੁਕਾ-ਲੁਕਾਈ ਦਾ ਤੰਤਰ ਕਿਉਂ ਬਣਾ ਦਿੱਤਾ ਗਿਆ ਹੈ? ਇੱਕ ਜਾਂ ਦੂਸਰੀ ਪਾਰਟੀ ਵਿਚੋਂ ਵੱਡੀਆਂ ਦੋਵਾਂ ਧਿਰਾਂ ਵਿਚੋਂ ਕੋਈ ਵੀ ਹੋ ਸਕਦੀ ਹੈ, ਪਰ ਵਿਹਾਰ ਪੱਖੋਂ ਦੋਵਾਂ ਦੀ ਇੱਕੋ ਜਿਹੀ ਸਥਿਤੀ ਕਿਉਂ ਨਜ਼ਰ ਆ ਰਹੀ ਹੈ? ਆਖਰ ਕੋਈ ਫਰਕ ਤਾਂ ਲੋਕਾਂ ਨੂੰ ਦਿਸਣਾ ਚਾਹੀਦਾ ਹੈ।