ਗੁਲਜ਼ਾਰ ਸਿੰਘ ਸੰਧੂ
ਨੇਕ ਚੰਦ ਸਾਡੇ ਸਮਿਆਂ ਦਾ ਇੱਕ ਅਜਿਹਾ ਭਗਤ ਸੀ ਜਿਸ ਨੇ ਟੁੱਟੀਆਂ ਟਾਈਲਾਂ, ਕੱਪ, ਪਲੇਟਾਂ, ਗਿਲਾਸ ਤੇ ਕਮੋਡਾਂ ਦੇ ਟੁਕੜਿਆਂ ਨੂੰ ਅਜਿਹੀ ਕਾਰੀਗਰੀ ਨਾਲ ਜੋੜਿਆ ਕਿ ਉਸ ਦੀ ਕਲਾ ਸੱਤ ਸਮੁੰਦਰ ਪਾਰ ਤੱਕ ਜਾਣੀ ਜਾਣ ਲੱਗੀ ਤੇ ਉਹ ਵੀ ਉਸ ਦੇ ਜੀਉਂਦੇ ਜੀ।
ਉਸ ਦੀ ਕਲਾ ਏਨੀ ਸਾਦਾ ਤੇ ਸਰਲ ਸੀ ਕਿ ਪਵਨ ਬਾਂਸਲ ਵਰਗੇ ਰਾਜਨੀਤੀਵਾਨ ਤੇ ਸ਼ਿਵ ਸਿੰਘ ਵਰਗੇ ਬੁੱਤ ਘਾੜੇ, ਰਾਣੀ ਬਲਬੀਰ ਤੇ ਨੀਲਮ ਮਾਨ ਸਿੰਘ ਵਰਗੀਆਂ ਨਾਟਸ਼ਾਲਾ ਨੂੰ ਪ੍ਰਣਾਈਆਂ ਹਸਤੀਆਂ ਅਤੇ ਮਿਲਖਾ ਸਿੰਘ ਤੇ ਬਲਬੀਰ ਸਿੰਘ ਵਰਗੇ ਖੇਡ ਜਗਤ ਦੇ ਉਘੇ ਸਿਤਾਰੇ ਹੀ ਨਹੀਂ ਆਮ ਸੈਲਾਨੀ ਵੀ ਵੇਖ ਕੇ ਦੰਗ ਰਹਿ ਜਾਂਦੇ ਹਨ। ਏਸ ਕੰਮ ਲਈ ਉਸ ਨੇ ਹਥੌੜਾ ਤੇ ਛੈਣੀ ਨਹੀਂ ਵਰਤੇ ਸੀਮਿੰਟ ਗਾਰਾ ਤੇ ਉਂਗਲਾਂ ਤੋਂ ਕੰਮ ਲਿਆ। ਉਹ ਸਾਡੇ ਸਮਿਆਂ ਦਾ ਧੰਨਾ ਜੱਟ ਸੀ ਜਿਹੜਾ ਓਧਰਲੇ ਪੰਜਾਬ ਵਿਚ ਸੈਣੀ ਜੱਟਾਂ ਦੇ ਘਰ ਧੰਨੇ ਭਗਤ ਤੋਂ ਪੰਜ ਸੌ ਸਾਲ ਪਿੱਛੋਂ ਪੈਦਾ ਹੋਇਆ ਤੇ ਏਧਰਲੇ ਪੰਜਾਬ ਲਈ ਉਸਾਰੀ ਗਈ ਰਾਜਧਾਨੀ ਚੰਡੀਗੜ੍ਹ ਨੂੰ ਅੰਤਰਾਸ਼ਟਰੀ ਨਕਸ਼ੇ ਤੇ ਉਭਾਰਨ ਵਿਚ ਲੀ ਕਾਰਬੂਜੇ ਦਾ ਸਾਨੀ ਹੋ ਗੁਜ਼ਰਿਆ। ਕਿਸੇ ਕਵੀ ਦੇ ਕਹਿਣ ਵਾਂਗ ‘ਧੰਨੇ ਪੱਥਰ ‘ਚੋਂ ਪਾ ਲਿਆ ਜੋ ਨਾਨਕ ਨੇ ਲਭਿਆ ਨੂਰ ‘ਚੋਂ।’ ਨੇਕ ਚੰਦ ਨੇ ਵੀ ਆਪਣਾ ਰੱਬ ਲਭਣ ਲਈ ਦਿਨ ਰਾਤ ਇਕ ਕਰ ਰਖਿਆ ਸੀ, ਸਭ ਨੂੰ ਪਤਾ ਹੈ।
ਧੰਨੇ ਭਗਤ ਨੇ ਰਾਜਸਥਾਨ ਦੇ ਟਾਂਕ ਖੇਤਰ ਵਿਚ ਜਾਟਾਂ ਦੇ ਘਰ ਜਨਮ ਲੈ ਕੇ ਅਜਿਹੀ ਬਾਣੀ ਦੀ ਰਚੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ। ਕਾਸ਼ੀ ਜਾ ਕੇ ਸਵਾਮੀ ਰਾਮਾਨੰਦ ਤੋਂ ਗੁਰੂਦੀਖਸ਼ਾ ਲੈਣ ਤੋਂ ਬਹੁਤ ਪਹਿਲਾਂ ਚੜ੍ਹਦੀ ਉਮਰੇ ਧੰਨਾ ਭਗਤ ਵੀ ਮੂਰਤੀ ਪੂਜਕ ਹੁੰਦਾ ਸੀ। ਜੋ ਧੰਨੇ ਨੇ ਪੱਥਰ ‘ਚੋਂ ਪਾਇਆ, ਨੇਕ ਚੰਦ ਨੇ ਟੁੱਟੇ ਹੋਏ ਠੀਕਰ ਤੇ ਠੀਕਰੀਆਂ ਜੋੜ ਕੇ ਆਪੂੰ ਸਿਰਜੀਆਂ ਮੂਰਤੀਆਂ ‘ਚੋਂ ਪਾ ਲਿਆ। ਉਸ ਨੇ ਟੁੱਟੇ ਕਮੋਡਾਂ ਤੇ ਟੁੱਟੀਆਂ ਵੰਗਾਂ ਵਿਚੋਂ ਮਾਨਵੀ ਜਿਸਮਾਂ ਦੇ ਅੰਗ ਉਭਾਰੇ ਤੇ ਅਦੁਤੀ ਨਾਮਣਾ ਖਟਿਆ।
ਨੇਕ ਚੰਦ ਦੀ ਪ੍ਰਾਪਤੀ ਤੇ ਉਸਤਤ ਨੂੰ ਧੰਨੇ ਜੱਟ ਬਾਰੇ ਪ੍ਰਚਲਤ ਉਸ ਲੋਕ ਬੋਲੀ ਨਾਲ ਵੀ ਸਮੇਟਿਆ ਜਾ ਸਕਦਾ ਹੈ ਜਿਸ ਨੂੰ ਡੰਗਰ ਚਾਰਦੇ ਪੇਂਡੂ ਮੁੰਡੇ ਆਮ ਹੀ ਗਾਇਆ ਕਰਦੇ ਹਨ:
ਰੱਬ ਫਿਰਦਾ ਸੀ ਧੰਨੇ ਦੇ ਖੁਰ ਵਢੱਦਾ
ਉਹਨੇ ਕਿਹੜਾ ਕੱਛ ਪਾਈ ਸੀ।
ਸਾਡੇ ਸਮਿਆਂ ਦਾ ਨੇਕ ਚੰਦ ਵੀ ਰਸਮੀ ਵਸਤਰਾਂ ਦਾ ਗੁਲਾਮ ਹੋਏ ਬਿਨਾਂ ਉਸ ਰੱਬ ਨਾਲ ਛੇੜ-ਛਾੜ ਕਰਨ ਦਾ ਮਾਹਰ ਸੀ, ਜਿਸ ਦਾ ਪੱਤੇ-ਪੱਤੀਆਂ ਅਤੇ ਟੁਟੀਆਂ ਚਿਪਰਾਂ ਤੱਕ ਹਰ ਥਾਂ ਵਾਸਾ ਹੈ।
ਗੁਰੂ ਗ੍ਰੰਥ ਸਾਹਿਬ ਤੇ ਸਿੱਖ ਵਿਦਿਅਕ ਕਾਨਫਰੰਸ: ਲਾਹੌਰ (ਹੁਣ ਪਾਕਿਸਤਾਨ) ਤੋਂ ਛਪਦੀ ‘ਦਾ ਟ੍ਰਿਬਿਊਨ’ 15 ਜੂਨ ਨੂੰ ਛਪੀ ਇਕ ਖਬਰ ਅਨੁਸਾਰ ਸਿੱਖ ਐਜੂਕੇਸ਼ਨਲ ਕਾਨਫਰੰਸ ਦੀਆਂ ਬੈਠਕਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਮਸਲਾ ਠੰਢਾ ਹੋਣ ਵਿਚ ਨਹੀਂ ਸੀ ਆ ਰਿਹਾ। ਉਦੋਂ ਤੱਕ ਹੋਏ ਕਿਸੇ ਵੀ ਸੈਸ਼ਨ ਵਿਚ ਪਾਵਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਉਚਿਤ ਨਹੀਂ ਸੀ ਮੰਨਿਆ ਗਿਆ। ਦਲੀਲ ਇਹ ਸੀ ਕਿ ਚੀਫ ਖਾਲਸਾ ਦੀਵਾਨ ਵਲੋਂ ਸਥਾਪਤ ਕੀਤੀ ਗਈ ਇਹ ਵਿਦਿਅਕ ਕਾਨਫਰੰਸ ਵਿਦਿਅਕ ਤੇ ਸਮਾਜਕ ਮਸਲੇ ਵਿਚਾਰਦੀ ਹੈ, ਨਾਂ ਕਿ ਧਾਰਮਿਕ। ਇਸ ਦਾ ਖਾਸਾ ਧਰਮ ਨਿਰਪਖ ਹੋਣ ਕਾਰਨ ਇਸ ਦੀ ਪ੍ਰਧਾਨਗੀ ਲਈ ਵੀ ਹਰ ਵਰ੍ਹੇ ਕਿਸੇ ਉਘੇ ਵਿਦਿਆ ਸ਼ਾਸਤਰੀ ਜਾਂ ਸਮਾਜਕ ਹਸਤੀ ਨੂੰ ਚੁਣਿਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੱਖੀ ਇਹ ਦਲੀਲ ਦਿੰਦੇ ਸਨ ਕਿ ਸਿੱਖ ਪੰਥ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਪ੍ਰਣਾਇਆ ਹੋਇਆ ਹੈ ਜਿਸ ਵਿਚ ਕੋਈ ਵੀ ਵੱਡਾ ਫੈਸਲਾ ਗੁਰੂ ਦੀ ਹੋਂਦ ਤੋਂ ਬਿਨਾ ਨਹੀਂ ਲਿਆ ਜਾ ਸਕਦਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤਿ ਸਮਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ।
ਚੀਫ ਖਾਲਸਾ ਦੀਵਾਨ ਉਸ ਖਬਰ ਦੇ ਛਪਣ ਤੋਂ ਚਾਰ ਦਹਾਕੇ ਪਹਿਲਾਂ 1872 ਵਿਚ ਸਥਾਪਤ ਹੋਈ ਸਿੰਘ ਸਭਾ ਤੋਂ ਉਪਜਿਆ ਸੀ ਜਿਸ ਦਾ ਪ੍ਰਥਮ ਪ੍ਰਧਾਨ ਠਾਕੁਰ ਸਿੰਘ ਸੰਧਾਵਲੀਆ ਸੀ ਤੇ ਸਭਾ ਦੀ ਇਕਤ੍ਰਤਾ ਦਾ ਸਥਾਨ ਗੁਰੂ ਕਾ ਬਾਗ ਰੱਖਿਆ ਗਿਆ ਸੀ। ਉਂਜ ਸਿੰਘ ਸਭਾ ਤੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਦੇ ਦੋਵੇਂ ਫੈਸਲੇ ਸ਼੍ਰੋਮਣੀ ਸਿੰਘਾਂ ਦੀ ਰਾਮਗੜੀਆਂ ਦੇ ਬੁੰਗੇ ਹੋਈ ਵਿਸ਼ੇਸ਼ ਇਕਤ੍ਰਤਾ ਵਿਚ ਲਏ ਗਏ ਸਨ। ਚੀਫ ਖਾਲਸਾ ਦੀਵਾਨ ਨੇ ਅਨੇਕ ਕਾਰਜ ਸਿੱਧ ਕੀਤੇ ਤੇ ਹਾਲੀ ਵੀ ਕਰ ਰਿਹਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦਾ ਮਸਲਾ ਨਵਾਂ ਰੂਪ ਲੈ ਚੁੱਕਿਆ ਹੈ। ਸਿੱਖ ਵਿਦਿਅਕ ਕਾਨਫਰੰਸ ਦਾ ਉਦਘਾਟਨੀ ਸਮਾਗਮ ਅਜਿਹੇ ਪੰਡਾਲ ਵਿਚ ਹੁੰਦਾ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੁੰਦਾ ਹੈ ਆਮ ਤੌਰ ਤੇ ਇਸ ਸਮੇਂ ਜਲੂਸ ਵੀ ਕਢਿਆ ਜਾਂਦਾ ਹੈ। ਉਦਘਾਟਨੀ ਸੈਸ਼ਨ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਬਾਕੀ ਦੀ ਕਾਨਫਰੰਸ ਦੀਆਂ ਵਖ ਵੱਖ ਬੈਠਕਾਂ ਦੇ ਸਥਾਨ ਹੀ ਨਹੀਂ ਬਦਲ ਜਾਂਦੇ, ਬੀੜ ਪ੍ਰਕਾਸ਼ ਕਰਨੀ ਵੀ ਲਾਜ਼ਮੀ ਨਹੀਂ ਸਮਝੀ ਜਾਂਦੀ। 15 ਜੂਨ 2015 ਵਾਲੀ ਖਬਰ ਨੇ ਮੈਨੂੰ ਪੰਥ ਦਾ ਇਹ ਨਾਜ਼ਕ ਮਸਲਾ ਚੇਤੇ ਕਰਵਾ ਦਿੱਤਾ। ਜਿਹੜਾ ਕਿਸੇ ਨਾ ਕਿਸੇ ਰੂਪ ਵਿਚ ਹਾਲੀ ਵੀ ਉਭਰਦਾ ਰਹਿੰਦਾ ਹੈ। ਉਂਜ ਤਾਂ ਨਰਮ ਦਲੀਏ ਤੇ ਗਰਮ ਦਲੀਏ ਸਾਰੇ ਧਰਮਾਂ ਵਿਚ ਉਭਰਦੇ ਰਹੇ ਹਨ ਪਰ ਸਿੱਖ ਪੰਥ ਤੇ ਇਸਲਾਮ ਵਿਚ ਇਨ੍ਹਾਂ ਦੀ ਹੋਂਦ ਆਏ ਦਿਨ ਸਾਹਮਣੇ ਆਉਂਦੀ ਰਹਿੰਦੀ ਹੈ।
ਅੰਤਿਕਾ: (ਬੀਬਾ ਬਲਵੰਤ)
ਜਦ ਰਿਸ਼ਤੇ ਨੇ ਰੁਖ ਸਿਰ ਹੁੰਦੇ
ਤ੍ਰੇਲ ‘ਚ ਭਿੱਜੇ ਹਰੇ ਹਰੇ ਤੇ ਕੂਲੇ ਘਾਹ ‘ਤੇ
ਫੁੱਲਾਂ ਦੇ ਨਾਲ ਭਰੇ ਬਿਰਖ ਤੋਂ
ਫੁੱਲ ਕਿਰਦੇ ਤਾਂ ਖਿੜ ਖਿੜ ਹੱਸਦੇ।
ਜਦ ਰਿਸ਼ਤੇ ਬੇ-ਰੁਖ ਹੁੰਦੇ
ਬਿਰਖ ਦੇ ਹੇਠਾਂ ਘਾਹ ਸੁੱਕੇ
ਤੇ ਰਹੇ ਸੁਲਘਦਾ ਕੱਲਾ ਕੱਲਾ ਫੁੱਲ ਝੁਲਸਦਾ।