-ਜਤਿੰਦਰ ਪਨੂੰ
ਹਰ ਹੋਰ ਰਿਪੋਰਟ ਜਾਂ ਦਸਤਾਵੇਜ਼ ਵਾਂਗ ਬਜਟ ਨੂੰ ਵੀ ਹਰ ਕੋਈ ਆਪਣੀ ਸੋਚ ਦੀ ਪਹਿਲ ਦੇ ਨੁਕਤਿਆਂ ਦੇ ਪੱਖ ਤੋਂ ਵਿਚਾਰਨਾ ਚਾਹੁੰਦਾ ਹੈ, ਅਸੀਂ ਵੀ। ਕਿਸ ਰਾਜ ਨੂੰ ਕਿੰਨਾ ਗੱਫਾ ਇਸ ਵਿਚੋਂ ਮਿਲ ਗਿਆ ਜਾਂ ਕਿਹੜੇ ਵਰਗ ਦੇ ਲੋਕਾਂ ਨੂੰ ਇਸ ਤੋਂ ਟੈਕਸ ਦੀ ਕਿੰਨੀ ਛੋਟ ਮਿਲੀ ਅਤੇ ਕਿੰਨਾ ਦੂਸਰੇ ਪਾਸਿਓਂ ਉਨ੍ਹਾਂ ਦੀ ਜੇਬ ਵਿਚੋਂ ਕੱਢ ਲਿਆ ਗਿਆ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ। ਸਿੱਧੀ ਲੋੜ ਦੀ ਗੱਲ ਹੋਣ ਕਰ ਕੇ ਲੋਕਾਂ ਨੇ ਇਹ ਜਾਣਕਾਰੀ ਬਜਟ ਪੇਸ਼ ਹੋਣ ਤੋਂ ਕੁਝ ਘੰਟਿਆਂ ਵਿਚ ਪ੍ਰਾਪਤ ਕਰ ਲਈ ਹੁੰਦੀ ਹੈ। ਇਸ ਲਈ ਅਸੀਂ ਅਜਿਹੇ ਨੁਕਤਿਆਂ ਦੀ ਚੀਰ-ਪਾੜ ਵਿਚ ਪੈਣ ਦੀ ਥਾਂ ਇਸ ਦੇਸ਼ ਦੇ ਲੋਕਾਂ ਲਈ ਲੰਮੇ ਸਮੇਂ ਦੇ ਉਨ੍ਹਾਂ ਪੱਖਾਂ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਜਿਹੜੇ ਆਮ ਕਰ ਕੇ ਰਾਜਨੀਤੀ ਦੇ ਰੌਲੇ ਵਿਚ ਰੁਲਦੇ ਰਹਿ ਜਾਣ ਕਾਰਨ ਵਿਚਾਰ ਅਧੀਨ ਬਹੁਤ ਘੱਟ ਆਉਂਦੇ ਹਨ। ਇਨ੍ਹਾਂ ਵਿਚ ਇੱਕ ਵੱਡਾ ਮੁੱਦਾ ਭਾਰਤ ਦੀ ਵਧਦੀ ਜਾਂਦੀ ਆਬਾਦੀ ਅਤੇ ਇਸ ਕਾਰਨ ਵਧਦੀਆਂ ਲੋੜਾਂ ਦਾ ਹੈ। ਦੂਸਰਾ, ਭਾਰਤ ਵਿਚ ਹਰ ਪੱਖ ਤੋਂ ਫੈਲ ਰਹੇ ਪ੍ਰਦੂਸ਼ਣ ਦਾ, ਜਿਸ ਦੀ ਚਰਚਾ ਤਾਂ ਬਹੁਤ ਹੁੰਦੀ ਹੈ, ਪਰ ਚਰਚਾ ਹੀ ਹੁੰਦੀ ਹੈ, ਕਰਨ ਦੇ ਪੱਖੋਂ ਬਹੁਤਾ ਕੁਝ ਨਹੀਂ ਹੁੰਦਾ। ਇਸ ਵਾਰੀ ਦੇ ਬਜਟ ਨੇ ਇਹ ਚਰਚਾ ਵੀ ਛੇੜ ਦਿੱਤੀ ਹੈ। ਚਰਚਾ ਦਾ ਬਹਾਨਾ ਇਸ ਬਜਟ ਵਿਚ ਦੇਸ਼ ਦੇ ਇੱਕ ਬੜੇ ਅਹਿਮ ਦਰਿਆ ਗੰਗਾ ਦੀ ਸਫਾਈ ਲਈ ਉਚੇਚਾ ਫੰਡ ਰੱਖਣ ਤੇ ਇਸ ਦੀ ਇੱਕ ਬਾਕਾਇਦਾ ਯੋਜਨਾ ਬਣਾ ਕੇ ਕੰਮ ਸ਼ੁਰੂ ਕਰਨ ਦੇ ਖਜ਼ਾਨਾ ਮੰਤਰੀ ਦੇ ਐਲਾਨ ਨੇ ਪੇਸ਼ ਕੀਤਾ ਹੈ।
ਇਤਿਹਾਸਕ ਪੱਖ ਤੋਂ ਲਈਏ ਜਾਂ ਲੋਕਾਂ ਦੀ ਸ਼ਰਧਾ ਦੇ ਪੱਖ ਤੋਂ, ਦੋਵੇਂ ਤਰ੍ਹਾਂ ਅਹਿਮ ਮੰਨੇ ਜਾ ਸਕਦੇ ਭਾਰਤ ਦੇ ਗੰਗਾ ਦਰਿਆ ਦੀ ਸਫਾਈ ਦੀ ਸੱਚਮੁੱਚ ਲੋੜ ਸੀ। ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਜਾ ਕੇ ਚੋਣ ਲੜਨ ਲਈ ਕਾਗਜ਼ ਭਰੇ ਤਾਂ ਸ਼ੁਰੂਆਤ ਇਸ ਗੱਲ ਨਾਲ ਕੀਤੀ ਸੀ ਕਿ ਨਾ ਮੈਂ ਇਥੇ ਆਇਆ ਹਾਂ, ਨਾ ਕਿਸੇ ਨੇ ਭਿਜਵਾਇਆ ਹੈ, ਮੈਨੂੰ ਮਾਂ ਗੰਗਾ ਨੇ ਆਪ ਬੁਲਾਇਆ ਹੈ। ਸੰਸਾਰ ਦੇ ਕਈ ਦੇਸ਼ਾਂ ਦੇ ਲੋਕਾਂ ਵੱਲੋਂ ਆਪਣੇ ਦਰਿਆਵਾਂ ਨੂੰ ਪਿਤਾ ਜਾਂ ਮਾਂ ਦਾ ਦਰਜਾ ਦੇਣ ਦੀ ਰਿਵਾਇਤ ਉਦੋਂ ਤੋਂ ਹੈ, ਜਦੋਂ ਮਨੁੱਖ ਨੇ ਹਾਲੇ ਖੇਤੀ ਕਰਨੀ ਸ਼ੁਰੂ ਕੀਤੀ ਸੀ, ਸ਼ਾਇਦ ਇਸੇ ਲਈ ਸਿਰਫ ਗੰਗਾ ਹੀ ਨਹੀਂ, ਇਥੇ ਕਈ ਦਰਿਆਵਾਂ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਜਿੰਨਾ ਸੱਚ ਇਹ ਹੈ ਕਿ ਇਨ੍ਹਾਂ ਦਰਿਆਵਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨਾ ਸੱਚ ਇਹ ਵੀ ਹੈ ਕਿ ਜਿਹੜੇ ਲੋਕ ਇਨ੍ਹਾਂ ਦੀ ਪੂਜਾ ਕਰਦੇ ਹਨ, ਇਨ੍ਹਾਂ ਵਿਚ ਗੰਦਗੀ ਫੈਲਾਉਣ ਤੋਂ ਉਹ ਵੀ ਨਹੀਂ ਰਹਿੰਦੇ। ਕਈ ਤਰ੍ਹਾਂ ਦੀ ਧਾਰਮਿਕ ਸਮੱਗਰੀ ਜਾਂ ਕਰੋੜਾਂ ਲੋਕਾਂ ਦੇ ਅਸਥ ਇਨ੍ਹਾਂ ਦੀ ਭੇਟ ਕਰਨ ਦੇ ਬਹਾਨੇ ਉਹ ਇਸ ਕ੍ਰਿਆ ਵਿਚ ਲਗਾਤਾਰ ਭਾਈਵਾਲ ਬਣਦੇ ਰਹਿੰਦੇ ਹਨ।
ਫਿਰ ਵੀ ਸਭ ਤੋਂ ਵੱਧ ਗੰਦਗੀ ਦਾ ਕਾਰਨ ਸਾਡੇ ਸ਼ਹਿਰਾਂ ਦੇ ਗੰਦੇ ਵਹਿਣ ਬਣਦੇ ਹਨ, ਜਿਹੜੇ ਬਿਨਾਂ ਕਿਸੇ ਵੀ ਸੋਧ-ਸੁਧਾਈ ਤੋਂ ਇਨ੍ਹਾਂ ਦਰਿਆਵਾਂ ਵਿਚ ਪੈਂਦੇ ਜਾਂਦੇ ਹਨ। ਜਦੋਂ ਪ੍ਰਸਿੱਧ ਫਿਲਮਕਾਰ ਰਾਜ ਕਪੂਰ ਨੇ ਇੱਕ ਫਿਲਮ ਦੇ ਗਾਣੇ ਵਿਚ ‘ਰਾਮ ਤੇਰੀ ਗੰਗਾ ਮੈਲੀ’ ਦੇ ਸ਼ਬਦ ਪਾ ਦਿੱਤੇ ਤਾਂ ਬਹੁਤ ਸਾਰੇ ਲੋਕ ਭੜਕ ਪਏ ਸਨ, ਪਰ 1992 ਵਿਚ ਇਸ ਗੰਦਗੀ ਦੀ ਹਕੀਕੀ ਹਾਲਤ ਉਦੋਂ ਸਾਹਮਣੇ ਆਈ, ਜਦੋਂ ਸੰਸਾਰ ਸਿਹਤ ਸੰਗਠਨ ਦੀ ਰਿਪੋਰਟ ਜਾਰੀ ਹੋਈ ਕਿ ਭਾਰਤ ਦੇ 3119 ਸ਼ਹਿਰਾਂ ਅਤੇ ਕਸਬਿਆਂ ਵਿਚੋਂ ਸਿਰਫ 209 ਵਿਚ ਅੱਧ-ਪਚੱਧਾ ਗੰਦ ਸੋਧਣ ਦਾ ਪ੍ਰਬੰਧ ਹੈ, ਮਸਾਂ ਅੱਠ ਸ਼ਹਿਰ ਜਾਂ ਕਸਬੇ ਹਨ, ਜਿੱਥੇ ਪੂਰਾ ਸੋਧਿਆ ਜਾਂਦਾ ਹੈ। ਸਾਫ ਹੈ ਕਿ ਬਾਕੀ 2910 ਸ਼ਹਿਰਾਂ ਤੇ ਕਸਬਿਆਂ ਵਿਚੋਂ ਗੰਦ ਸਿੱਧਾ ਦਰਿਆਵਾਂ ਵਿਚ ਪੈ ਜਾਂਦਾ ਸੀ। ਅਗਲੀ ਰਿਪੋਰਟ ਤਿੰਨ ਸਾਲ ਪਿੱਛੋਂ 1995 ਵਿਚ ਇਹ ਮਿਲ ਗਈ ਕਿ ਇੱਕ ਸੌ ਚੌਦਾਂ ਸ਼ਹਿਰਾਂ ਤੇ ਕਸਬਿਆਂ ਦਾ ਸਾਰਾ ਗੰਦ ਸਿਰਫ ਗੰਗਾ ਵਿਚ ਪੈ ਰਿਹਾ ਹੈ। ਗੰਗਾ ਕੰਢੇ ਦੇ ਕਈ ਨਗਰਾਂ ਤੇ ਪਿੰਡਾਂ ਦੇ ਲੋਕਾਂ ਵਿਚ ਰਿਵਾਜ ਹੈ ਕਿ ਉਹ ਗੰਗਾ ਕੰਢੇ ਜਾ ਕੇ ਲਾਸ਼ਾਂ ਦਾ ਅੰਤਮ ਸੰਸਕਾਰ ਕਰਦੇ ਹਨ ਤੇ ਅੱਧ-ਸੜੀ ਲਾਸ਼ ਨੂੰ ਦਰਿਆ ਵਿਚ ਰੋੜ੍ਹ ਦਿੱਤਾ ਜਾਂਦਾ ਹੈ। ਇਸ ਨਾਲ ਪ੍ਰਦੂਸ਼ਣ ਹੋਰ ਵੀ ਵਧਦਾ ਗਿਆ ਹੈ।
ਸਥਿਤੀ ਦਾ ਇੱਕ ਪੱਖ ਇਹ ਵੀ ਹੈ ਕਿ ਸਿਰਫ ਗੰਗਾ ਵਿਚ ਪ੍ਰਦੂਸ਼ਣ ਨਹੀਂ, ਇਸ ਨਾਲੋਂ ਵੱਧ ਪ੍ਰਦੂਸ਼ਣ ਦੂਸਰੇ ਵੱਡੇ ਪ੍ਰਮੁੱਖ ਦਰਿਆ ਯਮਨਾ ਵਿਚ ਹੈ। ਪ੍ਰਦੂਸ਼ਣ ਦਰਜਾਬੰਦੀ ਵਿਚ ਯਮਨਾ ਤੋਂ ਪਿੱਛੋਂ ਗੰਗਾ, ਗੋਮਤੀ, ਘੱਗਰ, ਚੰਬਲ, ਮਾਹੀ ਆਦਿ ਦਾ ਜ਼ਿਕਰ ਆਉਣ ਪਿੱਛੋਂ ਵੀ ਲੁਧਿਆਣੇ ਦੇ ਬੁੱਢੇ ਨਾਲੇ ਦਾ ਨਾਂ ਪਿੱਛੇ ਚਲਾ ਜਾਂਦਾ ਹੈ, ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਗੰਦਾ ਵਹਿਣ ਹੈ। ਜੇ ਲੁਧਿਆਣਾ ਉਨ੍ਹਾਂ ਤੋਂ ਵੀ ਪਿੱਛੇ ਹੈ ਤਾਂ ਉਨ੍ਹਾਂ ਦਰਿਆਵਾਂ ਦਾ ਹਾਲ ਕੀ ਹੋਵੇਗਾ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਤੱਕ ਇਸ ਬੁੱਢੇ ਨਾਲੇ ਦੇ ਸਵੱਛ ਪਾਣੀ ਵਿਚ ਮੱਛੀਆਂ ਤਰਦੀਆਂ ਹੁੰਦੀਆਂ ਸਨ, ਹੁਣ ਸਿਰਫ ਕੀੜੇ-ਮਕੌੜੇ ਤੇ ਕੈਮੀਕਲ ਵਗ ਰਹੇ ਹਨ।
ਗੱਲ ਫਿਰ ਉਸ ਗੰਗਾ ਵੱਲ ਆ ਜਾਂਦੀ ਹੈ, ਜਿਸ ਦੀ ਸਫਾਈ ਨੂੰ ਪਹਿਲ ਦਾ ਕੰਮ ਮੰਨ ਕੇ ਭਾਰਤ ਸਰਕਾਰ ਦਾ ਇੱਕ ਯੋਜਨਾ ਉਤੇ ਕੰਮ ਕਰਨ ਦਾ ਵਿਚਾਰ ਬਣਿਆ ਤੇ ਇਸ ਕੰਮ ਲਈ ਉਚੇਚਾ ਬਜਟ ਕੱਢਿਆ ਗਿਆ ਹੈ। ਸਿਰਫ ਬਜਟ ਨਾਲ ਕੰਮ ਬਣ ਜਾਂਦੇ ਹੋਣ ਤਾਂ ਇਹ ਸਫਾਈ ਬਹੁਤ ਦੇਰ ਦੀ ਹੋ ਜਾਣੀ ਸੀ। ਇਸ ਤੋਂ ਪਹਿਲਾਂ ਵੀ ਕੇਂਦਰ ਦੀਆਂ ਕੁਝ ਸਰਕਾਰਾਂ ਨੇ ਯੋਜਨਾਵਾਂ ਉਲੀਕੀਆਂ, ਬਜਟ ਵੀ ਰਾਖਵਾਂ ਰੱਖ ਲਿਆ, ਪਰ ਅਮਲ ਵਿਚ ਕੰਮ ਕਰਨ ਵੇਲੇ ਵਹਿਣ ਵਗਦੇ ਰਹੇ ਤੇ ਕਾਰਵਾਈ ਕਾਗਜ਼ਾਂ ਵਿਚ ਪੈਂਦੀ ਰਹੀ ਸੀ। ਹਾਲਾਤ ਵੱਲ ਬੇਰੁਖੀ ਦਾ ਹਾਲ ਦੱਸਣ ਲਈ ਸਾਨੂੰ ਸਵਾਮੀ ਰਾਮਦੇਵ ਦੇ ਦਿੱਲੀ ਵਿਚ ਰੱਖੇ ਮਰਨ-ਵਰਤ ਨੂੰ ਹਰਿਦੁਆਰ ਜਾ ਕੇ ਛੱਡੇ ਜਾਂ ਛੁਡਾਏ ਜਾਣ ਦਾ ਚੇਤਾ ਕਰਨ ਦੀ ਲੋੜ ਪੈ ਸਕਦੀ ਹੈ, ਪਰ ਉਸ ਦੀ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਇੱਕ ਹੋਰ ਸਵਾਮੀ ਨਿਗਮਾਨੰਦ ਸਰਸਵਤੀ ਦਾ ਜ਼ਿਕਰ ਕਰਨਾ ਪਵੇਗਾ, ਜਿਹੜਾ ਸਿਰਫ ਪੈਂਤੀ ਸਾਲ ਦੀ ਉਮਰੇ ਗੰਗਾ ਦੇ ਗੰਦ ਦੇ ਖਿਲਾਫ ਰੋਸ ਕਰਦਾ ਜਾਨ ਦੇ ਗਿਆ ਸੀ।
ਬਿਹਾਰ ਦੇ ਦਰਭੰਗਾ ਵਿਚ ਅਗਸਤ 1976 ਵਿਚ ਪੈਦਾ ਹੋਇਆ ਸਵਰੂਪਮ ਕੁਮਾਰ ਝਾਅ ਵੱਡਾ ਹੋਇਆ ਤਾਂ ਉਸ ਦੀ ਇੰਜੀਨੀਅਰ ਬਣਨ ਦੀ ਰੀਝ ਸੀ। ਇਸ ਦੌਰਾਨ ਉਸ ਦਾ ਝੁਕਾਅ ਸੱਚ ਦੀ ਖੋਜ ਨੂੰ ਹੋ ਗਿਆ ਤੇ ਇਸ ਚੱਕਰ ਵਿਚ ਉਹ ਘਰੋਂ ਤੁਰ ਗਿਆ। ਫਿਰ 1997 ਵਿਚ ਉਹ ਉਦੋਂ ਜ਼ਾਹਰ ਹੋਇਆ, ਜਦੋਂ ਕੁਝ ਸਾਧੂਆਂ ਨੇ ਗੰਗਾ ਦੇ ਸੱਜੇ ਕਿਨਾਰੇ ਇੱਕ ਮੈਤਰੀ ਸਦਨ ਬਣਾ ਕੇ ਰੇਤ-ਬੱਜਰੀ ਦੀ ਨਾਜਾਇਜ਼ ਖੁਦਾਈ ਵਿਰੁਧ ਮੋਰਚਾ ਲਾਉਣ ਦਾ ਐਲਾਨ ਕੀਤਾ ਤੇ ਗੰਗਾ ਦੀ ਸਵੱਛਤਾ ਲਈ ਲੜੀਵਾਰ ਭੁੱਖ ਹੜਤਾਲ ਰੱਖ ਲਈ। ਉਦੋਂ ਤੱਕ ਸਵਾਮੀ ਨਿਗਮਾਨੰਦ ਸਰਸਵਤੀ ਬਣ ਚੁੱਕਾ ਇਹ ਸੱਚ ਦਾ ਖੋਜੀ ਉਸ ਲਹਿਰ ਨਾਲ ਜੁੜਿਆ ਤੇ ਫਿਰ 2011 ਵਿਚ ਆਪ ਲਗਾਤਾਰ ਭੁੱਖ ਹੜਤਾਲ ਕਰ ਕੇ ਅੰਨ ਖਾਣਾ ਛੱਡ ਬੈਠਾ। ਦੋ ਵਾਰੀ ਉਸ ਨੂੰ ਫੜ ਕੇ ਜ਼ਬਰਦਸਤੀ ਖੁਰਾਕ ਦਿੱਤੀ ਗਈ, ਪਰ ਉਹ ਐਲਾਨ ਦੇ ਮੁਤਾਬਕ ਪੱਕਾ ਰਿਹਾ। ਅਖੀਰ 2011 ਦੀ ਤੇਰਾਂ ਜੂਨ ਦੇ ਦਿਨ ‘ਗੰਗਾ ਪੁੱਤਰ’ ਨਿਗਮਾਨੰਦ ਪ੍ਰਾਣ ਤਿਆਗ ਗਿਆ।
ਹੁਣ ਆਈਏ ਸਵਾਮੀ ਰਾਮਦੇਵ ਦੇ ਮਰਨ-ਵਰਤ ਵੱਲ। ਉਹ ਯੋਗੀ ਤੇ ਸਾਧੂ ਤੋਂ ਵੱਧ ਸਿਆਸੀ ਖੇਡਾਂ ਖੇਡਣ ਲਈ ਜਾਣਿਆ ਜਾਂਦਾ ਹੈ। ਜਦੋਂ ਭ੍ਰਿਸ਼ਟਾਚਾਰ ਦੇ ਵਿਰੁਧ ਅੰਨਾ ਹਜ਼ਾਰੇ ਦਾ ਮੋਰਚਾ ਲੱਗਾ ਤਾਂ ਕਾਂਗਰਸੀ ਆਗੂ ਉਸ ਨੂੰ ਆਪ ਅੱਗੇ ਲਿਆਏ ਸਨ, ਜਿਸ ਨਾਲ ਉਹ ਲੋਕਾਂ ਦਾ ਧਿਆਨ ਵੰਡ ਸਕੇ। ਹੋਇਆ ਇਹ ਕਿ ਦਿੱਲੀ ਜਾਂਦੇ ਸਾਰ ਉਸ ਦੀ ਅੱਖ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਮਿਲ ਗਈ ਅਤੇ ਉਹ ਕਾਂਗਰਸ ਤੋਂ ਬਾਗੀ ਹੋਣ ਕਰ ਕੇ ਪੁਲਿਸ ਦੀ ਕੁੱਟ ਖਾ ਕੇ ਅੱਧੀ ਰਾਤ ਔਰਤਾਂ ਦੇ ਕੱਪੜੇ ਪਾ ਕੇ ਦੌੜਦਾ ਫੜਿਆ ਗਿਆ। ਦਿੱਲੀ ਵਿਚ ਉਸ ਨੇ ਜਿਸ ਤਰ੍ਹਾਂ ਮਰਨ-ਵਰਤ ਰੱਖਿਆ ਸੀ, ਭਾਜਪਾ ਉਸ ਦਾ ਲਾਭ ਲੈਣਾ ਚਾਹੁੰਦੀ ਸੀ ਤੇ ਜਦੋਂ ਉਹ ਦਿੱਲੀ ਤੋਂ ਦੌੜ ਕੇ ਹਰਿਦੁਆਰ ਜਾ ਪੁੱਜਾ, ਜਿੱਥੇ ਭਾਜਪਾ ਦੀ ਉਤਰਾ ਖੰਡ ਸਰਕਾਰ ਸੀ, ਉਸ ਦੇ ਮਰਨ-ਵਰਤ ਨੂੰ ਸਰਕਾਰੀ ਸ਼ਹਿ ਮਿਲ ਗਈ। ਫਿਰ ਵੀ ਉਹ ਮਸਾਂ ਛੇ ਦਿਨ ਮਰਨ-ਵਰਤ ਨਿਭਾਅ ਸਕਿਆ ਅਤੇ ਜਦੋਂ ਉਸ ਨੇ ਇਹ ਸੰਕੇਤ ਦੇ ਦਿੱਤਾ ਕਿ ਕੁਝ ਕਰੋ ਜਾਂ ਉਹ ਵਰਤ ਛੱਡ ਦੇਵੇਗਾ, ਭਾਜਪਾ ਨੇ ਉਸ ਦਾ ਵਰਤ ਛੁਡਾਉਣ ਦੀਆਂ ਦੇਸ਼ ਭਰ ਦੇ ਸੰਤਾਂ ਤੋਂ ਅਪੀਲਾਂ ਕਰਵਾ ਕੇ ਉਸ ਦੀ ਇੱਜ਼ਤ ਬਚਾ ਲਈ। ਰਾਮਦੇਵ ਨੇ ਕਹਿ ਦਿੱਤਾ ਕਿ ਏਨੇ ਸੰਤਾਂ ਦਾ ਕਿਹਾ ਮੈਥੋਂ ਮੋੜਿਆ ਨਹੀਂ ਗਿਆ। ਵੱਡੇ ਪ੍ਰਭਾਵ ਵਾਲੇ ਸੰਤਾਂ ਅਤੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਜਦੋਂ ਰਾਮਦੇਵ ਦੇ ਮਰਨ-ਵਰਤ ਦਾ ਆਖਰੀ ਸੀਨ ਭੁਗਤਾਇਆ, ਉਦੋਂ ਸਾਰੇ ਦੇਸ਼ ਦਾ ਮੀਡੀਆ ਉਸ ਹਸਪਤਾਲ ਵਿਚ ਸੀ, ਪਰ ਹਸਪਤਾਲ ਦੇ ਰਾਮਦੇਵ ਮੰਚ ਤੱਕ ਸੀਮਤ ਸੀ। ਉਸੇ ਵਕਤ ਉਸੇ ਹਸਪਤਾਲ ਦੇ ਇੱਕ ਹੋਰ ਕਮਰੇ ਵਿਚ ਉਹ ਸਵਾਮੀ ਨਿਗਮਾਨੰਦ ਆਖਰੀ ਸਾਹ ਗਿਣ ਰਿਹਾ ਸੀ, ਜਿਸ ਲਈ ਗੰਗਾ ਵਿਚ ਭ੍ਰਿਸ਼ਟਾਚਾਰ ਦੇ ਕਾਰਨ ਪਾਇਆ ਜਾ ਰਿਹਾ ਗੰਦ ਸਭ ਤੋਂ ਵੱਡਾ ਮੁੱਦਾ ਸੀ ਤੇ ਇਸੇ ਲਈ ਉਸ ਨੂੰ ਲੋਕੀਂ ‘ਗੰਗਾ-ਪੁੱਤਰ’ ਆਖਦੇ ਸਨ। ਕਿਸੇ ਨੇ ਉਸ ਦੀ ਸਾਰ ਨਹੀਂ ਸੀ ਲਈ। ਨੌਂਵੇਂ ਦਿਨ ਸਵਾਮੀ ਰਾਮਦੇਵ ਵਰਤ ਛੱਡ ਕੇ ਜਦੋਂ ਵਿਹਲਾ ਹੋਇਆ, ਉਸੇ ਸ਼ਾਮ ‘ਗੰਗਾ ਪੁੱਤਰ’ ਸਵਾਮੀ ਨਿਗਮਾਨੰਦ ਇਸ ਸੰਸਾਰ ਨੂੰ ਤਿਆਗ ਗਿਆ ਸੀ।
ਗੰਗਾ ਦੀ ਸਫਾਈ ਦੀ ਚਰਚਾ ਦੌਰਾਨ ਜਦੋਂ ਅਸੀਂ ਲੁਧਿਆਣੇ ਦੇ ਬੁੱਢੇ ਨਾਲ ਦੀ ਗੱਲ ਛੇੜਦੇ ਹਾਂ ਤਾਂ ਇਸ ਦਾ ਸਬੰਧ ਸਿਰਫ ਪੰਜਾਬ ਤੱਕ ਨਹੀਂ। ਇਸ ਨਾਲੇ ਦਾ ਸਾਰਾ ਗੰਦ ਅੱਗੇ ਜਾ ਕੇ ਸਤਲੁਜ ਦਰਿਆ ਵਿਚ ਜਾਂਦਾ ਤੇ ਹਰੀਕੇ ਪੱਤਣ ਤੋਂ ਵੱਡੀਆਂ ਨਹਿਰਾਂ ਰਾਹੀਂ ਰਾਜਸਥਾਨ ਤੱਕ ਪਹੁੰਚਦਾ ਹੈ, ਜਿੱਥੇ ਪਾਣੀ ਦੀ ਘਾਟ ਹੋਣ ਕਾਰਨ ਪੀਣ ਵਾਸਤੇ ਵੀ ਇਹੋ ਪਾਣੀ ਵਰਤਿਆ ਜਾਂਦਾ ਹੈ। ਰਾਜਸਥਾਨ ਦੀ ਪਿਛਲੀ ਕਾਂਗਰਸ ਸਰਕਾਰ ਜਦੋਂ ਇਸ ਬਾਰੇ ਕੁਝ ਕਹਿੰਦੀ ਸੀ ਤਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਰਾਜਸੀ ਵਿਰੋਧਾਂ ਕਾਰਨ ਇਸ ਨੂੰ ਸਿਰਫ ਰਾਜਸੀ ਦੂਸ਼ਣਬਾਜ਼ੀ ਦਾ ਹਰਬਾ ਆਖ ਕੇ ਸਾਰ ਦਿੰਦੀ ਸੀ, ਪਰ ਹੁਣ ਉਥੇ ਵੀ ਉਹ ਸਥਿਤੀ ਨਹੀਂ ਰਹੀ। ਭਾਜਪਾ ਮੁੱਖ ਮੰਤਰੀ ਬੀਬੀ ਵਸੁੰਧਰਾ ਰਾਜੇ ਨੇ ਵੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਕਹਿ ਦਿੱਤਾ ਹੈ ਕਿ ਲੁਧਿਆਣੇ ਦੇ ਬੁੱਢੇ ਨਾਲੇ ਦਾ ਗੰਦ ਉਸ ਦੇ ਰਾਜ ਦੇ ਲੋਕਾਂ ਲਈ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਸ ਦਾ ਭੇਜਿਆ ਇੱਕ ਉਚੇਚਾ ਵਫਦ ਵੀ ਪਿਛਲੇ ਦਿਨੀਂ ਇਥੋਂ ਦਾ ਗੇੜਾ ਮਾਰ ਗਿਆ ਹੈ। ਅਜਿਹੀ ਸਥਿਤੀ ਵਿਚ ਗੰਦੇ ਨਾਲੇ ਵਾਲਾ ਪੱਖ ਵੀ ਹੁਣ ਹੋਰ ਬਹੁਤਾ ਚਿਰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਤੇ ਕੁਝ ਨਾ ਕੁਝ ਛੇਤੀ ਹੀ ਕਰਨਾ ਪਵੇਗਾ।
ਸਾਡੇ ਪੰਜਾਬ ਕੋਲ ਇੱਕ ਸੰਤ ਹੈ, ਨਿਗਮਾਨੰਦ ਵਾਂਗ ਪਾਣੀ ਦੀ ਸਵੱਛਤਾ ਨੂੰ ਸਮਰਪਿਤ ਸੰਤ ਬਲਬੀਰ ਸਿੰਘ ਸੀਚੇਵਾਲ, ਜਿਹੜਾ ਸਵਾਮੀ ਨਿਗਮਾਨੰਦ ਵਾਂਗ ਭੁੱਖ-ਹੜਤਾਲ ਨਹੀਂ ਕਰਦਾ, ਗੰਦ ਦਾ ਬਾਟਾ ਆਪਣੇ ਸਿਰ ਉਤੇ ਚੁੱਕ ਕੇ ਪਹਿਲ ਕਰਦਾ ਅਤੇ ਫਿਰ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਦਾ ਹੈ। ਇੱਕ ਸੌ ਚੌਹਠ ਕਿਲੋਮੀਟਰ ਲੰਮੀ ਕਾਲੀ ਵੇਈਂ ਸਾਫ ਕਰਨ ਦੇ ਨਾਲ ਉਸ ਨੇ ਵਿਖਾ ਦਿੱਤਾ ਹੈ ਕਿ ਜੇ ਸੱਚਮੁੱਚ ਕੋਈ ਕੁਝ ਕਰਨਾ ਚਾਹੇ ਤਾਂ ਸਿੱਟੇ ਕੱਢ ਸਕਦਾ ਹੈ। ਜਿੰਨਾ ਤਰੱਦਦ ਇਸ ਸੰਤ ਨੇ ਕੀਤਾ ਹੈ, ਜੇ ਉਸ ਵਿਚ ਸਮੇਂ ਦੀਆਂ ਸਰਕਾਰਾਂ ਦਾ ਸਹਿਯੋਗ ਮਿਲਿਆ ਹੁੰਦਾ ਤਾਂ ਇਸ ਤੋਂ ਜ਼ਿਆਦਾ ਸਿੱਟੇ ਕੱਢੇ ਜਾ ਸਕਦੇ ਸਨ। ਹੁਣ ਜਦੋਂ ਭਾਰਤ ਸਰਕਾਰ ਨੇ, ਭਾਵੇਂ ਸ਼ਰਧਾ ਤੇ ਇਸ ਨਾਲ ਜੁੜਿਆ ਵੋਟਾਂ ਦਾ ਪੱਖ ਸੋਚ ਕੇ ਹੀ, ਗੰਗਾ ਦੀ ਸਫਾਈ ਲਈ ਕੋਈ ਯੋਜਨਾ ਬਣਾਈ ਤੇ ਇਸ ਉਤੇ ਪੂਰੀ ਸੰਜੀਦਗੀ ਨਾਲ ਕੰਮ ਕਰਨ ਦਾ ਯਕੀਨ ਦਿਵਾਇਆ ਹੈ ਤਾਂ ਇਹ ਯੋਜਨਾ ਸ਼ੰਭੂ ਵਾਲੇ ਬੈਰੀਅਰ ਤੋਂ ਪਰੇ ਨਹੀਂ ਰਹਿਣੀ ਚਾਹੀਦੀ। ਜਿਹੜੀ ਸਫਾਈ ਦੀ ਲੋੜ, ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਲੋੜ Aਥੇ ਮਹਿਸੂਸ ਕੀਤੀ ਜਾ ਰਹੀ ਹੈ ਤੇ ਠੀਕ ਕੀਤੀ ਜਾ ਰਹੀ ਹੈ, ਉਸ ਦੀ ਆਸ ਰੱਖਣ ਦਾ ਕੁਝ ਨਾ ਕੁਝ ਹੱਕ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਹੈ।
Leave a Reply