ਨਵੀਆਂ ਸਿਆਸੀ ਸਫਬੰਦੀਆਂ

ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਵਾਲੇ ‘ਸਖਤ’ ਫੈਸਲੇ ਤੋਂ ਬਾਅਦ ਕੌਮੀ ਤੇ ਸੂਬਾਈ ਪੱਧਰ ‘ਤੇ ਸਿਆਸਤ ਭਖ ਗਈ ਹੈ। ਇਸ ਸਿਲਸਿਲੇ ਵਿਚ ਅੰਤਾਂ ਦੀ ਤੇਜ਼ੀ ਇਸ ਕਰ ਕੇ ਵੀ ਆਈ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਾਵੇਂ ਭਾਰਤ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੇ ਇੰਨਾ ਖਿਲਾਫ ਤਾਂ ਨਹੀਂ ਹੈ ਪਰ ਸਭ ਤੋਂ ਤਿੱਖਾ ਵਿਰੋਧ ਉਸ ਵੱਲੋਂ ਹੀ ਆਇਆ ਹੈ। ਉਹ ਕੇਂਦਰੀ ਵਜ਼ਾਰਤ ਵਿਚੋਂ ਬਾਹਰ ਹੋ ਗਈ ਹੈ ਅਤੇ ਉਸ ਨੇ ਆਉਂਦੀਆਂ ਚੋਣਾਂ ਵਿਚ ਵੀ ਕਾਂਗਰਸ ਤੋਂ ਦੂਰ ਰਹਿਣ ਦੇ ਸੰਕੇਤ ਦਿੱਤੇ ਹਨ। ਅਸਲ ਵਿਚ ਮਮਤਾ ਬੈਨਰਜੀ ਦੀ ਅਸਲੀ ਲੜਾਈ ਪੱਛਮੀ ਬੰਗਾਲ ਵਿਚ ਕਮਿਉਨਿਸਟਾਂ ਨਾਲ ਹੈ ਜੋ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਪਛੜਨ ਤੋਂ ਬਾਅਦ ਹੁਣ ਆਪਣੀ ਇਸ ਹਾਰ ਉਤੇ ਮੱਲ੍ਹਮ ਲਾਉਣ ਲਈ ਪੂਰਾ ਟਿੱਲ ਲਾ ਰਹੇ ਹਨ। ਬਿਨਾਂ ਸ਼ੱਕ ਕਮਿਊਨਿਸਟ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦਾ ਤਿੱਖਾ ਵਿਰੋਧ ਕਰ ਰਹੇ ਹਨ ਅਤੇ ਮਮਤਾ ਉਨ੍ਹਾਂ ਨੂੰ ਇਸ ਮਾਹੌਲ ਵਿਚ ਕਿਸੇ ਵੀ ਸੂਰਤ ਵਿਚ ਕੋਈ ਲੀਡ ਦੇਣ ਲਈ ਤਿਆਰ ਨਹੀਂ ਹੈ। ਦੂਜੇ, ਉਹ ਸੂਬੇ ਲਈ ਕੇਂਦਰ ਤੋਂ ਲਗਾਤਾਰ ਮਾਲੀ ਇਮਦਾਦ ਮੰਗ ਰਹੀ ਹੈ ਅਤੇ ਕੇਂਦਰ ਨੇ ਅਜੇ ਤੱਕ ਇਸ ਪਾਸੇ ਕੋਈ ਤਵੱਜੋ ਨਹੀਂ ਦਿੱਤੀ ਹੈ। ਇਉਂ ਬੀਬੀ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਦਾ ਯਤਨ ਕੀਤਾ ਹੈ।
ਪੰਜਾਬ ਵਿਚ ਸਿਆਸਤ ਇਸ ਤੋਂ ਐਨ ਉਲਟ ਪਾਸੇ ਵਗੀ ਹੈ। ਮੁੱਖ ਮੰਤਰੀ ਪ੍ਰਕਾਸ਼ ਬਾਦਲ ਅਤੇ ਉਨ੍ਹਾਂ ਦਾ ਉਪ ਮੁੱਖ ਮੰਤਰੀ ਫਰਜ਼ੰਦ ਸੁਖਬੀਰ ਸਿੰਘ ਬਾਦਲ ਮੂਲ ਰੂਪ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੇ ਹੱਕ ਵਿਚ ਹਨ। ਦੋਵੇਂ ਪਿਉ-ਪੁੱਤਰ ਪਿਛਲੇ ਸਮੇਂ ਦੌਰਾਨ ਗਾਹੇ-ਬਗਾਹੇ ਇਸ ਦੀ ਪੈਰਵੀ ਵੀ ਕਰ ਚੁੱਕੇ ਹਨ, ਪਰ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਭਾਈਵਾਲਾਂ ਵਾਲਾ ਸਾਥ ਨਿਭਾ ਰਹੇ ਹਨ। ਭਾਜਪਾ ਕੇਂਦਰ ਵਿਚ ਸੱਤਾ ਦੀ ਮੁੱਖ ਦਾਅਵੇਦਾਰ ਹੈ ਅਤੇ ਇਸ ਨੂੰ ਪਹਿਲਾਂ ਜਦੋਂ 6 ਸਾਲ ਰਾਜ ਕਰਨ ਦਾ ਮੌਕਾ ਮਿਲਿਆ ਸੀ ਤਾਂ ਇਹ ਡਾæ ਮਨਮੋਹਨ ਸਿੰਘ ਵੱਲੋਂ ਚਲਾਈਆਂ ਨਵੀਂਆਂ ਨੀਤੀਆਂ ਤੋਂ ਮਾਸਾ ਭਰ ਵੀ ਪਾਸੇ ਨਹੀਂ ਸੀ ਗਈ। ਹੁਣ ਕਿਉਂਕਿ ਚੋਣਾਂ ਦੇ ਦਿਨ ਆਉਣ ਵਾਲੇ ਹਨ, ਇਸ ਲਈ ਹਰ ਮੁੱਦੇ ਨੂੰ ਲਗਾਤਾਰ ਖਿੱਚ-ਖਿੱਚ ਕੇ ਸੱਤਾਧਾਰੀਆਂ ਉਤੇ ਕਾਠੀ ਪਾਉਣ ਦੀ ਰਣਨੀਤੀ ਖੇਡੀ ਜਾ ਰਹੀ ਹੈ। ਬਾਦਲਾਂ ਵੱਲੋਂ ਭਾਜਪਾ ਦੀ ਅੰਨ੍ਹੀ ਹਮਾਇਤ ਕਿਸੇ ਨੂੰ ਵੀ ਪਚ ਨਹੀਂ ਰਹੀ। ਸਿਆਣੇ ਲੋਕਾਂ, ਇਥੋਂ ਤੱਕ ਕਿ ਕੁਝ ਮੀਡੀਆ ਅਦਾਰਿਆਂ ਨੇ ਵੀ ਬਾਦਲਾਂ ਨੂੰ ਇਸ ਮਾਮਲੇ ‘ਤੇ ਖਰੀਆਂ-ਖਰੀਆਂ ਸੁਣਾਈਆਂ ਹਨ ਜੋ ਸੂਬੇ ਦੀ ਥਾਂ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਮੁਤਾਬਕ ਚੱਲ ਰਹੇ ਹਨ। ਸੁਖਬੀਰ ਸਿੰਘ ਬਾਦਲ ਤਾਂ ਖੁਦ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵੱਡੇ ਝੰਡਾਬਰਦਾਰ ਰਹੇ ਹਨ ਅਤੇ ਹੁਣ ਉਨ੍ਹਾਂ ਆਪਣੀ ਸੁਰ ਬਦਲਨੀ ਵੀ ਆਰੰਭ ਕਰ ਦਿੱਤੀ ਹੈ।
ਖੈਰ, ਨਵੀਂ ਸਫਬੰਦੀ ਵਿਚ ਉਤਰ ਪ੍ਰਦੇਸ਼ ਦੀਆਂ ਦੋ ਮੁੱਖ ਪਾਰਟੀਆਂ ਬਸਪਾ ਅਤੇ ਸਮਾਜਵਾਦੀ ਪਾਰਟੀ ਜਿਹੜੀਆਂ ਇਕ-ਦੂਜੇ ਦੀਆਂ ਕੱਟੜ ਵਿਰੋਧੀ ਹਨ, ਕੇਂਦਰ ਸਰਕਾਰ ਦੇ ਨਾਲ ਆ ਗਈਆਂ ਹਨ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਲੀਡਰ ਮੁਲਾਇਮ ਸਿੰਘ ਯਾਦਵ ਨੇ ਆਪਣੀ ਪੈਂਠ ਬਣਾਉਣ ਲਈ ਤੀਜੇ ਮੋਰਚੇ ਬਾਰੇ ਵੀ ਸਹਿਜੇ-ਸਹਿਜੇ ਸਰਗਰਮੀ ਕੀਤੀ ਹੈ। ਉਧਰ, ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਮਾਮਲਾ ਹਰ ਵਾਰ ਵਾਂਗ ਬਹੁਤੀਆਂ ਪਾਰਟੀਆਂ ਲਈ ਵੱਕਾਰ ਦਾ ਮੁੱਦਾ ਬਣਿਆ ਹੋਇਆ ਹੈ। ਇਸ ਮਾਮਲੇ ਵਿਚ ਸਭ ਤੋਂ ਮਾੜੀ ਹਾਲਤ ਭਾਰਤੀ ਜਨਤਾ ਪਾਰਟੀ ਦੀ ਹੈ। ਪਾਰਟੀ ਦੇ ਅੰਦਰੋਂ ਅਤੇ ਸਿਆਸੀ ਭਾਈਵਾਲਾਂ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਉਮੀਦਵਾਰ ਬਣਾਉਣ ਦਾ ਬਹੁਤ ਤਿੱਖਾ ਵਿਰੋਧ ਹੋਇਆ ਹੈ। ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਅਹੁਦੇ ਲਈ ਚਿਰਾਂ ਤੋਂ ਘਾਤ ਲਾ ਕੇ ਬੈਠੇ ਹਨ। ਉਂਜ, ਹੁਣ ਦੇ ਸਿਆਸੀ ਮਾਹੌਲ ਮੁਤਾਬਕ ਦੋਹਾਂ ਵੱਡੀਆਂ ਪਾਰਟੀਆਂ-ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ, ਲਈ ਆਉਣ ਵਾਲੀਆਂ ਚੋਣਾਂ ਪਹਿਲਾਂ ਨਾਲੋਂ ਕਈ ਮਾਮਲਿਆਂ ਵਿਚ ਨਿਵੇਕਲੀਆਂ ਹੋਣਗੀਆਂ। ਇਸ ਵਾਰ ਖੇਤਰੀ ਪਾਰਟੀਆਂ ਦੀ ਭੂਮਿਕਾ ਵਧੇਰੇ ਜ਼ੋਰਦਾਰ ਹੋਣੀ ਹੈ। ਕੁਝ ਕੁ ਖੇਤਰੀ ਪਾਰਟੀਆਂ ਤਾਂ ਭਾਵੇਂ ਆਪੋ-ਆਪਣੇ ਪਾਲਿਆਂ ਵਿਚ ਡਟੀਆਂ ਹੋਈਆਂ ਹਨ, ਪਰ ਕਈ ਸੂਬਿਆਂ ਵਿਚ ਮਸਲਾ ਸਿਰਫ ਚੰਗੇ ਤਾਲਮੇਲ ਦਾ ਹੀ ਹੈ। ਜਿਹੜੀ ਵੀ ਪਾਰਟੀ ਪਹਿਲਕਦਮੀ ਕਰ ਗਈ, ਉਹ ਪੈਂਦੀ ਸੱਟੇ ਹੀ ਦੋ ਕਦਮ ਅੱਗੇ ਹੋ ਜਾਵੇਗੀ। ਹੁਣ ਤੱਕ ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਰਵੱਈਆ ਬਹੁਤੇ ਤਾਲਮੇਲ ਦੀ ਥਾਂ ਇਕੱਲਿਆਂ ਹੀ ਗੱਡਾ ਖਿੱਚਣ ਦਾ ਰਿਹਾ ਹੈ। ਇਸ ਨੇ ਅਜੇ ਭਾਰਤ ਵਿਚ ਗਠਜੋੜ ਸਿਆਸਤ ਨੂੰ ਦਿਲੋਂ ਸਵੀਕਾਰ ਵੀ ਨਹੀਂ ਕੀਤਾ ਹੈ। ਪਿਛਲੀ ਵਾਰ ਵੀ ਕਾਂਗਰਸ ਇਸੇ ਭੁਲੇਖੇ ਵਿਚ ਵਾਹਵਾ ਸੀਟਾਂ ਉਤੇ ਮਾਰ ਖਾ ਗਈ ਸੀ। ਹਾਲ ਹੀ ਵਿਚ ਪੰਜਾਬ ਦੀ ਮਿਸਾਲ ਅਸੀਂ ਦੇਖ ਹੀ ਚੁੱਕੇ ਹਾਂ ਜਿਥੇ ਕਾਂਗਰਸ ਜਿੱਤੀ ਹੋਈ ਬਾਜ਼ੀ ਹਾਰੀ ਹੈ। ਉਂਜ, ਕਾਂਗਰਸ ਦੇ ਕੇਂਦਰੀ ਅਤੇ ਸੂਬਾਈ ਆਗੂਆਂ ਨੂੰ ਪੰਜਾਬ ਵਿਚ ਆਪਣੀ ਇਸ ‘ਗਲਤੀ’ ਦਾ ਅਹਿਸਾਸ ਹੋਇਆ ਹੈ ਅਤੇ ਹੁਣ ਇਹ ਸ਼ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਵੱਲ ਕਦਮ ਵੀ ਵਧਾ ਰਹੇ ਹਨ। ਮਨਪ੍ਰੀਤ ਦਾ ਸਿਆਸੀ ਭਵਿੱਖ ਵੀ ਇਨ੍ਹਾਂ ਲੋਕ ਸਭਾ ਚੋਣਾਂ ਉਤੇ ਟਿਕਿਆ ਹੋਇਆ ਹੈ। ਉਹ ਕਿਸੇ ਵੀ ਸੂਰਤ, ਪਾਰਟੀ ਦਾ ਹਾਲ ਵਿਧਾਨ ਸਭਾ ਚੋਣਾਂ ਵਾਲਾ ਨਹੀਂ ਕਰਨਾ ਚਾਹੇਗਾ। ਕਾਂਗਰਸ ਦੇ ਰਵਾਇਤੀ ਸਹਿਯੋਗੀ ਕਮਿਊਨਿਸਟਾਂ ਨੇ ਮਨਪ੍ਰੀਤ ਦੀ ਪਾਰਟੀ ਨਾਲ ਪਹਿਲਾਂ ਹੀ ਮੋਰਚਾ ਬਣਾਇਆ ਹੋਇਆ ਹੈ। ਸੋ, ਹੁਣ ਸਾਰਾ ਦਾਰੋਮਦਾਰ ਲੀਡਰਸ਼ਿਪ ਦੀਆਂ ਪਹਿਲਕਦਮੀਆਂ ‘ਤੇ ਖੜ੍ਹਾ ਹੈ। ਇਸ ਮਾਮਲੇ ਤੱਕ ਹੁਣ ਤੱਕ ਸੁਖਬੀਰ ਬਾਦਲ ਸਭ ਤੋਂ ਤੇਜ ਵਗ ਰਹੇ ਹਨ। ਹੁਣੇ-ਹੁਣੇ ਉਹ ਮੁਲਾਇਮ ਸਿੰਘ ਯਾਦਵ ਨੂੰ ਵੀ ਉਚੇਚੇ ਮਿਲੇ ਹਨ। ਇਹ ਆਗੂਆਂ ਦੀ ਉਸ ਜਮਾਤ ਵਿਚੋਂ ਹਨ ਜਿਹੜੇ ਆਪਣੇ ਫਾਇਦੇ ਦੀ ਸਿਆਸਤ ਲਈ ਤਾਂ ਸਰਗਰਮੀ ਕਰਦੇ ਹੀ ਹਨ, ਵਿਰੋਧੀ ਨੂੰ ਚਿਤ ਕਰਨ ਲਈ ਉਸ ਤੋਂ ਵੀ ਵੱਧ ਰਣਨੀਤੀ ਤਿਆਰ ਕਰਦੇ ਹਨ। ਅਗਲੀਆਂ ਚੋਣਾਂ ਵਿਚ ਇਸ ਰਣਨੀਤੀ ਦੀ ਰਾਜਨੀਤੀ ਹੋਣੀ ਹੈ।

Be the first to comment

Leave a Reply

Your email address will not be published.