ਗਾਇਨ ‘ਚ ਕਰਾਰਾ ਅਧਰਕ ਐਸ਼ ਬਲਬੀਰ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
‘ਮੈਂ ਕੋਈ ਝੂਠ ਬੋਲਿਆæææ ਕੋਈ ਨਾ’, ‘ਯਿਹ ਦੇਸ਼ ਹੈ ਵੀਰ ਜਵਾਨੋਂ ਕਾ’, ‘ਓ ਯਾਰਾ ਦਿਲਦਾਰਾ, ਮੇਰਾ ਦਿਲ ਕਰਦਾ’, ‘ਮੌਸਮ ਹੈ ਬਹਾਰੋਂ ਕਾ, ਫੂਲੋਂ ਕਾ ਖਿਲਨਾ ਹੈ’। ਇਹ ਉਹ ਸਾਰੇ ਗੀਤ ਹਨ ਜਿਨ੍ਹਾਂ ਵਿਚ ਮੁਹੰਮਦ ਰਫ਼ੀ ਜਾਂ ਮਹਿੰਦਰ ਕਪੂਰ ਦੇ ਨਾਲ ਇਕ ਹੋਰ ਪੰਜਾਬੀ ਆਵਾਜ਼ ਦਾ ਜ਼ਾਇਕਾ ਮੌਜੂਦ ਹੈ। ਜੇ ਇਹ ਜ਼ਾਇਕਾ ਮੌਜੂਦ ਨਾ ਹੁੰਦਾ ਤਾਂ ਸ਼ਾਇਦ ਇਹ ਗੀਤ ਨਿਵੇਕਲੇ ਨਹੀਂ ਸਨ ਜਾਪਣੇ ਅਤੇ ਹਿੰਦੋਸਤਾਨੀ ਫਿਲਮ ਸੰਗੀਤ ਦੇ ਹਜੂਮ ਵਿਚ ਗੁਆਚ ਜਾਣੇ ਸਨ। ਰਫ਼ੀ ਜਾਂ ਮਹਿੰਦਰ ਕਪੂਰ ਦੀਆਂ ਆਵਾਜ਼ਾਂ ਦੀ ਬੁਲੰਦੀ, ਲਚਕ ਅਤੇ ਹੋਰ ਖ਼ੂਬੀਆਂ ਤੋਂ ਅਸੀਂ ਸਾਰੇ ਵਾਕਫ਼ ਹਾਂ। ਉਨ੍ਹਾਂ ਵਿਚ ਸਾਧਾਰਨ ਗੀਤ ਨੂੰ ਅਸਾਧਾਰਨ ਬਣਾਉਣ ਦੀ ਸਮਰੱਥਾ ਸੀ ਪਰ ਦੋਸਤਾਨਾ ਅੰਦਾਜ਼ ਵਾਲੇ ਮਰਦਾਵੇਂ ਗੀਤਾਂ ਵਿਚ ਦੋਸਤਾਨਾ ਨਿੱਘ ਭਰਨ ਲਈ ਅਜਿਹੀ ਆਵਾਜ਼ ਦੀ ਲੋੜ ਹੁੰਦੀ ਹੈ ਜਿਹੜੀ ਮੁੱਖ ਆਵਾਜ਼ ਦੀ ਪੂਰਕ ਦਾ ਕੰਮ ਕਰੇ ਅਤੇ ਜਿਸ ‘ਚ ਵਿਲੱਖਣ ਰੰਗ ਵੀ ਹੋਵੇ। ਇਹ ਵਿਲੱਖਣ ਆਵਾਜ਼ ਸੀ ਐਸ਼ ਬਲਬੀਰ ਦੀ।
ਬਲਬੀਰ ਤਰਨ ਤਾਰਨ ਨੇੜਲੇ ਇਕ ਪਿੰਡ ਦਾ ਜੰਮਪਲ ਸੀ ਅਤੇ 1980ਵਿਆਂ ਵਿਚ ਜਦੋਂ ਉਹ ਆਪਣੇ ਪਿੰਡ ਗਿਆ ਹੋਇਆ ਸੀ ਤਾਂ ਉਸ ਦਾ ਕਤਲ ਹੋ ਗਿਆ ਸੀ। ਇਨ੍ਹਾਂ ਤੱਥਾਂ ਦੀ ਪੁਸ਼ਟੀ ਸਰਦੂਲ ਕਵਾਤੜਾ ਦੇ ਕਰੀਬ 30 ਸਾਲ ਸਹਿਯੋਗੀ ਰਹੇ ਨਰਿੰਦਰ ਸ਼ਰਮਾ (ਦਿੱਲੀ) ਨੇ ਵੀ ਕੀਤੀ। ਬਲਬੀਰ ਦਾ ਸਬੰਧ ਸਿੱਖ ਪਰਿਵਾਰ ਨਾਲ ਸੀ। ਉਹ ਖ਼ੁਦ ਕੇਸਧਾਰੀ ਸਿੱਖ ਨਹੀਂ ਸੀ, ਪਰ ਉਸ ਦੇ ਮਿੱਤਰ ਉਸ ਨੂੰ ‘ਸਰਦਾਰ ਜੀ’ ਕਹਿ ਕੇ ਬੁਲਾਉਂਦੇ ਸਨ। ਉਹ ਮੁਹੰਮਦ ਰਫ਼ੀ ਦਾ ਚਹੇਤਾ ਸੀ। ਰਫ਼ੀ ਉਸ ਦੀ ਤੁਲਨਾ ਪੰਜਾਬੀ ਪਕਵਾਨਾਂ ਵਿਚ ਵਰਤੀ ਜਾਂਦੀ ਅਧਰਕ ਨਾਲ ਕਰਿਆ ਕਰਦਾ ਸੀ। ਉਹ ਕਿਹਾ ਕਰਦਾ ਸੀ ਕਿ ਜਿਸ ਗੀਤ ਵਿਚ ਬਲਬੀਰਨੁਮਾ ਅਧਰਕ ਪੈ ਜਾਵੇ, ਉਹ ਕਰਾਰਾ ਬਣ ਜਾਂਦਾ ਹੈ ਅਤੇ ਹਿੱਟ ਹੋ ਜਾਂਦਾ ਹੈ। ਸ਼ਾਇਦ ਇਸੇ ਅਧਰਕਨੁਮਾ ਸ਼ੌਂਕ ਨੇ ਹੀ ਬਲਬੀਰ ਨੂੰ ਆਜ਼ਾਦ ਗਾਇਕ ਵਜੋਂ ਉਭਰਨ ਨਾ ਦਿੱਤਾ।
ਇਹ ਨਹੀਂ ਕਿ ਉਸ ਨੂੰ ਸੋਲੋ ਗਾਇਕ ਦੇ ਰੂਪ ਵਿਚ ਉਭਰਨ ਦੇ ਮੌਕੇ ਨਹੀਂ ਮਿਲੇ। ਮੌਕੇ ਮਿਲੇ ਜ਼ਰੂਰ, ਪਰ ਬਿਲਕੁਲ ਮੁੱਢਲੇ ਪੜਾਅ ਉੱਤੇ। ਉਹ ਵੀ ਉਨ੍ਹਾਂ ਸੰਗੀਤਕਾਰਾਂ ਰਾਹੀਂ ਜਿਹੜੇ ਮਕਬੂਲੀਅਤ ਦੇ ਗ੍ਰਾਫ ‘ਤੇ ਕਦੇ ਵੀ ਬਹੁਤੇ ਉਭਰੇ ਨਹੀਂ। ਅਜਿਹੇ ਸੰਗੀਤਕਾਰਾਂ ਵਿਚ ਇੰਨਾ ਆਤਮ-ਵਿਸ਼ਵਾਸ ਨਹੀਂ ਹੁੰਦਾ ਕਿ ਉਹ ਐੱਸ਼ ਬਲਬੀਰ ਵਰਗੇ ਗਾਇਕ ਦੀ ਆਵਾਜ਼ ਦੇ ਅੱਡਰੇ ਸਰੂਪ ਨੂੰ ਤਰਾਸ਼ਦੇ। ਮਿਸਾਲ ਵਜੋਂ, ਐਸ਼ਡੀæ ਬਾਤਿਸ਼ ਨੇ ਬਲਬੀਰ ਤੋਂ 1949 ਵਿਚ ਫਿਲਮ ‘ਖ਼ੁਸ਼ ਰਹੋ’ ਦੇ ਪੰਜ ਗੀਤ ਗਵਾਏ। ਇਨ੍ਹਾਂ ਵਿਚੋਂ ਦੋ ‘ਧੋਖਾ ਦੀਆ ਮੇਰੇ ਹਾਥ ਨੇ’ ਤੇ ‘ਦੁਨੀਆਂ ਮੇ ਕਿਸੀ ਕਾ ਕੋਈ ਨਹੀਂ’ ਸੋਲੋ ਸਨ ਅਤੇ ਬਾਕੀ ਪਰਮੋਦਿਨੀ ਦੇਸਾਈ ਨਾਲ ਦੋਗਾਣਿਆਂ ਦੇ ਰੂਪ ਵਿਚ ਹਨ। ਇਹ ਸਾਰੇ ਗੀਤ ਅਹਿਸਨ ਰਿਜ਼ਵੀ ਦੇ ਲਿਖੇ ਹੋਏ ਸਨ ਜੋ ਉਰਦੂ ਸ਼ਾਇਰੀ ਵਿਚ ਚੰਗਾ ਮੁਕਾਮ ਰੱਖਦਾ ਸੀ। ਉਸੇ ਸਾਲ ਸੰਗੀਤਕਾਰ ਹੰਸਰਾਜ ਬਹਿਲ ਨੇ ਵੀ ਫਿਲਮ ‘ਕਰਵਟ’ ਵਿਚ ਬਲਬੀਰ ਪਾਸੋਂ ਇਕ ਸੋਲੋ ਤੇ ਇਕ ਡੇeਟ ਗਵਾਇਆ। ਫਿਰ 1950 ਵਿਚ ਸੰਗੀਤਕਾਰ ਮੁਕੁਲ ਰਾਏ ਨੇ ‘ਭੇਦ’ ਵਿਚ ਬਲਬੀਰ ਪਾਸੋਂ ਦੋ ਸੋਲੋ ਗਵਾਏ। ਇਹ ਦੋਵੇਂ ਗੀਤ ਮਧੂਕਰ ਰਾਜਸਥਾਨੀ ਦੇ ਲਿਖੇ ਹੋਏ ਸਨ ਪਰ ਇਨ੍ਹਾਂ ਵਿਚੋਂ ਕੋਈ ਵੀ ਗੀਤ ਹਿੱਟ ਨਾ ਹੋਇਆ। ਹਿੱਟ ਹੋਇਆ ‘ਮੈਂ ਕੋਈ ਝੂਠ ਬੋਲਿਆ’ (ਜਾਗਤੇ ਰਹੋ) ਜਿਸ ਵਿਚ ਨੁਮਾਇਆ ਆਵਾਜ਼ ਮੁਹੰਮਦ ਰਫ਼ੀ ਦੀ ਸੀ। ਇਸ ਗੀਤ ਲਈ ਰਫ਼ੀ ਦਾ ਸਾਥ ਦੇਣ ਵਾਸਤੇ ਬਲਬੀਰ ਦਾ ਨਾਂ ਗੀਤਕਾਰ ਸ਼ੈਲੇਂਦਰ ਨੇ ਸੰਗੀਤਕਾਰ ਸਲਿਲ ਚੌਧਰੀ ਨੂੰ ਸੁਝਾਇਆ ਸੀ। ‘ਜਾਗਤੇ ਰਹੋ’ ਵਿਸ਼ਾ-ਵਸਤੂ, ਕਥਾਨਕ ਤੇ ਟ੍ਰੀਟਮੈਂਟ ਪੱਖੋਂ ਨਿਹਾਇਤ ਖ਼ੂਬਸੂਰਤ ਫਿਲਮ ਹੋਣ ਦੇ ਬਾਵਜੂਦ ਟਿਕਟ ਖਿੜਕੀ ‘ਤੇ ਮਹਾ-ਫਲੌਪ ਸਾਬਤ ਹੋਈ, ਪਰ ‘ਮੈਂ ਕੋਈ ਝੂਠ ਬੋਲਿਆ’ ਉਸ ਸਾਲ ਦਾ ਸੁਪਰਹਿੱਟ ਗੀਤ ਸੀ।
ਪੰਜਾਬੀ ਤੇ ਗੁਜਰਾਤੀ ਸੰਗੀਤਕਾਰਾਂ ਦੀ ਫਹਿਰਿਸਤ ਬਹਲਤ ਲੰਬੀ ਹੈ। ਓæਪੀæ ਨਈਅਰ, ਮਦਨ ਮੋਹਨ, ਰੌਸ਼ਨ, ਐੱਸ ਮਹਿੰਦਰ, ਹੰਸਰਾਜ ਬਹਿਲ ਜੈਦੇਵ ਵੇਦਪਾਲ, ਅੱਲ੍ਹਾ ਰੱਖਾ ਕੁਰੈਸ਼ੀ, ਹਰਬੰਸ, ਕਮਲ ਕਾਂਤ, ਕਲਿਆਣਜੀ ਆਨੰਦਜੀ, ਸ਼ੰਕਰ ਜੈਕਿਸ਼ਨ-ਇਨ੍ਹਾਂ ਸਭ ਨੇ ਜਦੋਂ ਲੋੜ ਸਮਝੀ, ਬਲਬੀਰ ਨੇ ਅਧਰਕੀ ਤੜਕੇ ਦਾ ਆਨੰਦ ਲਿਆ। ਇਸੇ ਤਰ੍ਹਾਂ ਡੂਏਟਸ ਪੱਖੋਂ ਜੇ ਬਲਬੀਰ ਰਫ਼ੀ ਦਾ ਚਹੇਤਾ ਰਿਹਾ ਤਾਂ ਬਾਕੀ ਗਾਇਕਾ-ਗਾਇਕਾਵਾਂ ਦਾ ਸੰਗ ਵੀ ਉਸ ਨੇ ਖ਼ੂਬ ਨਿਭਾਇਆ। ਜੈਦੇਵ ਨੇ ‘ਜੋਰੂ ਕਾ ਭਾਈ’ (1955) ਵਿਚ ਬਲਬੀਰ ਨੂੰ ਕਿਸ਼ੋਰ ਕੁਮਾਰ ਨਾਲ ‘ਧਰਮ ਪਰ ਮਰ ਜਾਨਾ ਕੋਈ ਬੜੀ ਬਾਤ ਨਹੀਂ’ (ਸਾਹਿਰ) ਗਾਉਣ ਦਾ ਮੌਕਾ ਦਿੱਤਾ। ਇੰਜ ਹੀ ਫਿਲਮ ‘ਅੰਜਲੀ’ (1957) ਵਿਚ ਜੈਦੇਵ ਨੇ ‘ਜਗ ਜਾਨਵਰੋਂ ਕਾ ਮੇਲਾ’ ਬਲਬੀਰ ਤੇ ਵਿਨੋਦ ਦੇਸਾਈ ਤੋਂ ਗਵਾਇਆ। ਇਸ ਗੀਤ ਦਾ ਲੀਡ ਸਿੰਗਰ ਬਲਬੀਰ ਸੀ।
ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਸੁਧਾ ਮਲਹੋਤਰਾ, ਗੀਤਾ ਦੱਤ, ਸ਼ਮਸ਼ਾਦ ਬੇਗਮ, ਮੁਬਾਰਕ ਬੇਗਮ, ਮਧੂਬਾਲਾ ਝਾਵੇਰੀ, ਸੁਹਾਸਿਨੀ ਕੋਲ੍ਹਾਪੁਰੇ, ਮੀਨੂ ਪੁਰਸ਼ੋਤਮ, ਊਸ਼ਾ ਤਿਮੋਥੀ, ਉਮਾ ਦੇਵੀ ਖਤਰੀ (ਟੁਨਟੁਨ), ਸੁਮਨ ਕਲਿਆਣਪੁਰ, ਚਾਂਦਬਾਲਾ ਕ੍ਰਿਸ਼ਨਾ ਕੱਲੇ, ਤਲਤ ਮਹਿਮੂਦ, ਮੰਨਾ ਡੇਅ, ਸੁਰਿੰਦਰ ਕੋਹਲੀ, ਗੱਲ ਕੀ; ਆਪਣੇ ਯੁੱਗ ਦੇ ਹਰ ਸਿੰਗਰ ਨਾਲ ਬਲਬੀਰ ਨੇ ਗੀਤ ਗਾਏ। ‘ਅਲਾਦੀਨ ਲੈਲਾ’ ਵਿਚ ਸੁਧਾ ਮਲਹੋਤਰਾ ਨਾਲ ਉਸ ਦਾ ਡੂਏਟ ‘ਮਾਨਾ ਕੇ ਬਹੁਤ ਹਸੀਨ ਹੈ ਆਪ’ ਦਰਸਾਉਂਦਾ ਹੈ ਕਿ ਜੇ ਉਹ ਆਪਣੀਆਂ ਸੀਮਾਵਾਂ ਤੋਂ ਬਾਹਰ ਨਿਕਲਣ ਦੀ ਦਲੇਰੀ ਦਿਖਾਉਂਦਾ ਤਾਂ ਮੁੱਖ ਗਾਇਕਾਂ ਦੇ ਵਰਗ ਵਿਚ ਪਹੁੰਚ ਸਕਦਾ ਸੀ ਪਰ ਉਸ ਨੇ ਅਜਿਹੀ ਜੁਰਅਤ ਨਹੀਂ ਕੀਤੀ।
______________________________________
ਪੰਜਾਬੀ ਮਜ਼ਾਹੀਆ ਗਾਇਕੀ ਦਾ ਸਰਤਾਜ
ਪੰਜਾਬੀ ਫਿਲਮ ਗਾਇਕੀ ਵਿਚ ਕਦੇ ਐਸ਼ ਬਲਬੀਰ ਬੜਾ ਵੱਡਾ ਨਾਂ ਸੀ। ਕੋਈ ਫਿਲਮ ਅਜਿਹੀ ਨਹੀਂ ਸੀ ਹੁੰਦੀ ਜਿਸ ਵਿਚ ਬਲਬੀਰ ਦਾ ਗਾਇਆ ਗੀਤ ਸ਼ਾਮਲ ਨਾ ਹੋਵੇ। ਉਹ ਮਜ਼ਾਹੀਆ ਗਾਇਕੀ ਦਾ ਸਰਤਾਜ ਸੀ। ‘ਮੱਝ ਗਾਂ ਵਾਲਿਆਂæææਵੱਡੇ ਨਾਂ ਵਾਲਿਆਂ’ (ਦੋ ਲੱਛੀਆਂ), ‘ਵਾਹ ਜਮੂਰੇ ਵਾਹæææਕਾਹਨੂੰ ਲੈਨੈਂ ਔਖੇ ਸਾਹ'(ਮਾਮਾ ਜੀ), ‘ਹਾਏ ਓ ਮਾਰ ਸੁੱਟਿਆ ਈ ਆ’ (ਚੰਬੇ ਦੀ ਕਲੀ), ‘ਪੀਵੇ ਪੀਵੇæææਪੀਵੇ ਕਾਲੀਆਂ ਦਾ ਦੁੱਧ’ (ਲਾਈਏ ਤੋੜ ਨਿਭਾਈਏ), ‘ਰੁੱਖੀ ਸੁੱਖੀ ਖਾ ਗੋਪਾਲਾ’ (ਲਾਜੋ) ਵਰਗੇ ਗੀਤ ਸਰੋਤਿਆਂ ਦਾ ਖ਼ੂਬ ਮਨੋਰੰਜਨ ਕਰਦੇ ਸਨ। ਫਿਲਮ ‘ਸ਼ੌਂਕਣ ਮੇਲੇ ਦੀ’ ਦੇ ਗੀਤ ਸ਼ਿਵ ਬਟਾਲਵੀ ਨੇ ਲਿਖੇ ਸਨ। ਉਨ੍ਹਾਂ ਵੱਲੋਂ ਲਿਖਿਆ ਪਹਿਲਾ ਮਜ਼ਾਹੀਆ ਗੀਤ ‘ਕੁਕੜੂ ਘੜੂੰ, ਦੁਰ ਫਿਟੇ ਮੂੰਹ’ ਵੀ ਬਲਬੀਰ ਨੇ ਗਾਇਆ। ‘ਨੌਕਰੀ ਬੀਵੀ ਕਾ’, ‘ਕੌਡੇ ਸ਼ਾਹ’, ‘ਧਰਤੀ ਵੀਰਾਂ ਦੀ’, ‘ਖੇਡ ਪ੍ਰੀਤਾਂ ਦੀ’, ‘ਕਿੱਕਲੀ’, ‘ਜੱਗਾ’ , ‘ਸ਼ੇਰਨੀ’, ‘ਬੰਤੋ’, ‘ਪਰਦੇਸੀ ਢੋਲਾ’, ‘ਮੇਲੇ ਮਿੱਤਰਾਂ ਦੇ’, ‘ਮੁੱਖੜਾ ਚੰਨ ਵਰਗਾ’ ਆਦਿ ਫਿਲਮਾਂ ਵਿਚ ਬਲਬੀਰ ਦਾ ਗਾਇਆ ਇਕ-ਇਕ ਗੀਤ ਸੀ। ਪੌਲੀਡੋਰ ਕੰਪਨੀ ਦੇ ਉਸ ਦੀ ਆਵਾਜ਼ ਵਿਚ ‘ਹੀਰ’ ਦਾ ਐਲਪੀ ਰਿਕਾਰਡ ਵੀ ਰਿਲੀਜ਼ ਕੀਤਾ। ਇਹ ‘ਹੀਰ’ ਸਾਬਤ ਕਰਦੀ ਹੈ ਕਿ ਉਸ ਨੇ ਖ਼ੁਦ ਨੂੰ ਮਜ਼ਾਹੀਆ ਗੀਤਾਂ ਤਕ ਸੀਮਤ ਕਰ ਕੇ ਆਪਣੀ ਆਵਾਜ਼ ਨਾਲ ਕਿੰਨਾ ਅਨਿਆਂ ਕੀਤਾ!

Be the first to comment

Leave a Reply

Your email address will not be published.