ਇਤਿਹਾਸ ਦੀ ਸੂਈ ਹਿੱਲੀ ਤਾਂ ਹੈ ਪਰ ਸੰਘਰਸ਼ ਅਜੇ ਵੀ ਜਾਰੀ ਹੈ

ਵਿਜੇ ਪ੍ਰਸਾਦ
ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ
ਯੂਰਪ ਦੀਆਂ ਸੜਕਾਂ ਅਜੇ ਵੀ ਲੋਕਾਂ ਦੇ ਰੋਹ ਨਾਲ ਧੁਖ ਰਹੀਆਂ ਹਨ। ਲੋਕ ਇਸ ਗੱਲੋਂ ਗੁੱਸੇ ਵਿਚ ਹਨ ਕਿ ਉਨ੍ਹਾਂ ਦੇ ਮੁਲਕਾਂ ਦੀਆਂ ਜੰਗੀ ਅਰਥਵਿਵਸਥਾਵਾਂ ਨੇ ਆਪਣੇ ਹੀ ਲੋਕਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ।

ਅਟਲਾਂਟਿਕ ਦੇ ਪਾਰ, ਬ੍ਰਾਜ਼ੀਲ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਜ਼ੋਰਦਾਰ ਲੋਕ ਲਾਮਬੰਦੀ ਸਦਕਾ ਅਜਿਹੇ ਚੋਣ ਨਤੀਜੇ ਆਏ ਹਨ ਜੋ ਇਤਿਹਾਸ ਦੇ ਸਹੀ ਪੱਖ ਦੇ ਹੱਕ ਵਿਚ ਜਾਂਦੇ ਹਨ, ਭਾਵੇਂ ਇਨ੍ਹਾਂ ਨਤੀਜਿਆਂ ਦੀਆਂ ਸੰਭਾਵਨਾਵਾਂ ਨੂੰ ਵਧਾ-ਚੜ੍ਹਾ ਕੇ ਨਹੀਂ ਦੇਖਣਾ ਚਾਹੀਦਾ। ਇਸ ਵੇਲੇ ਅਮਰੀਕੀ ਮਹਾਂਦੀਪਾਂ ਅਤੇ ਯੂਰਪ ਵਿਚ ਲੋਕਾਂ ਦਾ ਰੋਹ ਉਨ੍ਹਾਂ ਦੇ ਰੋਜ਼ਮੱਰਾ ਦੇ ਹਾਲਾਤਾਂ ਵਿਚੋਂ ਉੱਠ ਰਿਹਾ ਹੈ। ਆਪਣੇ ਹੀ ਮੁਲਕਾਂ ਵਿਚ ਘੱਟ ਨਿਵੇਸ਼ ਕਾਰਨ ਆਰਥਿਕ ਵਿਕਾਸ ਦਰਾਂ ਬੇਹੱਦ ਨੀਵੀਆਂ ਹਨ। ਨਤੀਜੇ ਵਜੋਂ ਪਰਿਵਾਰਾਂ ਨੂੰ ਖਾਣੇ ਦੀਆਂ ਡੰਗਾਂ ਘਟਾਉਣੀਆਂ ਪੈ ਰਹੀਆਂ ਹਨ, ਨੌਜਵਾਨਾਂ ਨੂੰ ਆਪਣੇ ਦਮ ’ਤੇ ਜ਼ਿੰਦਗੀ ਸ਼ੁਰੂ ਕਰਨ ਦਾ ਫ਼ੈਸਲਾ ਟਾਲਣਾ ਪੈ ਰਿਹਾ ਹੈ ਅਤੇ ਕਿਰਤੀਆਂ ਦੀਆਂ ਉਜਰਤਾਂ ਹੋਰਮੁਜ਼ ਜਲਡਮਰੂ ਕਾਰਨ ਵਧੀ ਮਹਿੰਗਾਈ ਦਾ ਖ਼ਰਚਾ ਝੱਲਣ ਲਈ ਕਾਫ਼ੀ ਨਹੀਂ ਹਨ। ਭਾਵੇਂ ਅਖ਼ੀਰ ਨੂੰ ਮਹਿੰਗਾਈ ਦੀ ਦਰ ਘਟਣ ਨਾਲ ਕੀਮਤਾਂ ਦੇ ਵਧਣ ਦੀ ਰਫ਼ਤਾਰ ਮੱਠੀ ਪੈ ਜਾਵੇ, ਕੀਮਤਾਂ ਵਿਚ ਹੁਣ ਤੱਕ ਹੋਇਆ ਵਾਧਾ ਕਾਇਮ ਰਹਿੰਦਾ ਹੈ। ਮਹਿੰਗਾਈ ਦੀ ਦਰ ਘਟਣ ਨਾਲ ਕਿਰਤੀ ਲੋਕਾਂ ਦੀ ਪਹਿਲਾਂ ਹੀ ਖੁੱਸੀ ਖ਼ਰੀਦ ਸ਼ਕਤੀ ਵਾਪਸ ਨਹੀਂ ਆਉਂਦੀ। ਇਸੇ ਲਈ ਲੋਕ ਸੜਕਾਂ ’ਤੇ ਉਤਰ ਰਹੇ ਹਨ ਅਤੇ ਵੋਟ ਪਾਉਣ ਲਈ ਲਾਮਬੰਦ ਹੋ ਰਹੇ ਹਨ। ਭਾਰਤ ਦੀ ਕਿਸਾਨ ਬਗ਼ਾਵਤ ਅਤੇ ਸਮਾਜ ਦੇ ਵੱਡੇ ਹਿੱਸਿਆਂ ਦਾ ‘ਕਾਕਰੋਚ’ ਅੰਦੋਲਨ ਵੀ ਇਸੇ ਤਬਦੀਲੀ ਦਾ ਅਹਿਮ ਹਿੱਸਾ ਹਨ। ਇਤਿਹਾਸ ਦੀ ਸੂਈ ਹੁਣ ਦਹਾਕਿਆਂ ਦੀਆਂ ਇਨਕਲਾਬ-ਵਿਰੋਧੀ ਨੀਤੀਆਂ ਦੀ ਬੇਹੂਦਗੀ ਤੋਂ ਦੂਰ, ਨਿਆਂ ਵੱਲ ਸਰਕ ਰਹੀ ਹੈ (ਇਨ੍ਹਾਂ ਨੀਤੀਆਂ ਨੂੰ ਨਰਮ ਸ਼ਬਦਾਂ ਵਿਚ ‘ਨਵਉਦਾਰਵਾਦ’ ਕਿਹਾ ਜਾਂਦਾ ਹੈ)।
ਅਮਰੀਕਾ ਵਿਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਹੱਥੋਂ ਕਾਂਗਰਸ ਦੇ ਦੋਵਾਂ ਸਦਨਾਂ ਦਾ ਕੰਟਰੋਲ ਖੋਹ ਲਿਆ ਹੈ। ਵਧਦੀ ਮਹਿੰਗਾਈ ਅਤੇ ਇਰਾਨ ਖ਼ਿਲਾਫ਼ ਜੰਗ ਪ੍ਰਤੀ ਲੋਕਾਂ ਦੇ ਗੁੱਸੇ ਨੇ ਟਰੰਪ ਦੇ ‘ਅਮਰੀਕਾ ਨੂੰ ਮੁੜ ਮਹਾਨ ਬਣਾਓ’ (ਮਾਗਾ) ਗੱਠਜੋੜ ਦੀ ਹਮਾਇਤ ਨੂੰ ਖੋਰਾ ਲਾਇਆ। ਵੋਟਾਂ ਤੋਂ ਇੱਕ ਦਿਨ ਪਹਿਲਾਂ ਟਰੰਪ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੇ ਵਾਸ਼ਿੰਗਟਨ ਦੇ ਰਿਫਲੈਕਟਿੰਗ ਪੂਲ ਦੀ ਸਫ਼ਾਈ ਨੂੰ ਮਨਜ਼ੂਰੀ ਦਿੱਤੀ ਹੈ। ਵੋਟਾਂ ਤੋਂ ਅਗਲੇ ਦਿਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਵ੍ਹਾਈਟ ਹਾਊਸ ਵਿਚ ਇੱਕ ਨਾਚ-ਘਰ ਬਣਾਉਣ ਦੀ ਆਪਣੀ ਯੋਜਨਾ ਬਾਰੇ ਦੱਸਿਆ ਅਤੇ ਓਵਲ ਦਫ਼ਤਰ ਵਿਚ ਆਪਣੇ ਕਰਵਾਏ ਸਾਜ-ਸਜਾਵਟ ਦੇ ਕੰਮ ਨੂੰ ਬਰਕਰਾਰ ਰੱਖਣ ਲਈ ਇੱਕ ਕਾਰਜਕਾਰੀ ਹੁਕਮ ’ਤੇ ਦਸਖ਼ਤ ਕੀਤੇ। ਇੰਝ ਲੱਗਦਾ ਹੈ ਜਿਵੇਂ ਇਸ ਹਾਰ ਮਗਰੋਂ ਕਦੇ ਮਾਗਾ ਦੀ ਅਗਵਾਈ ਕਰਨ ਵਾਲਾ ਲੜਾਕੂ ਟਰੰਪ ਹੁਣ ਸਾਜ-ਸਜਾਵਟ ਦਾ ਮੁਖੀ ਬਣ ਕੇ ਰਹਿ ਗਿਆ ਹੈ। ਪਰ ਇਹ ਪ੍ਰਭਾਵ ਭੁਲੇਖਾ ਪਾਉਣ ਵਾਲਾ ਹੈ। ਆਪਣੀ ਤਾਕਤ ਦਿਖਾਉਣ ਲਈ ਟਰੰਪ ਵਿਦੇਸ਼ਾਂ ਵਿਚ ਹੋਰ ਹਮਲਾਵਰ ਰੁਖ਼ ਅਪਣਾ ਸਕਦਾ ਹੈ ਅਤੇ ਆਪਣੇ ਮੁਲਕ ਅੰਦਰ ਹੋਰ ਵੀ ਬੇਰਹਿਮੀ ਵਰਤ ਸਕਦਾ ਹੈ। ਮੱਧਕਾਲੀ ਚੋਣਾਂ ਨੇ ਦਿਖਾ ਦਿੱਤਾ ਹੈ ਕਿ ਮਾਗਾ ਦੇ ਸੌਦੇ ਦੀ ਖਿੱਚ ਘਟ ਗਈ ਹੈ। ਕਿਰਤੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਫ਼ੌਜੀ ਮੁਹਿੰਮਾਂ ਦਾ ਖ਼ਰਚਾ ਚੁੱਕਣ ਅਤੇ ਆਪਣੀ ਆਰਥਿਕ ਅਸੁਰੱਖਿਆ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਮੰਨਣ। ਲੋਕਾਂ ਨੂੰ ਹੁਣ ਇਸ ਸੌਦੇ ਵਿਚ ਕੋਈ ਦਿਲਚਸਪੀ ਨਹੀਂ ਰਹੀ। ਫਿਰ ਵੀ ਟਰੰਪ ਆਪਣੀ ਵੱਡੀ ਹਉਮੈ ਦੇ ਜ਼ੋਰ ’ਤੇ ਲੋਕ-ਰਾਇ ਨਾਲ ਟੱਕਰ ਲੈਣ ’ਤੇ ਤੁਲੇ ਹੋਇਆ ਹੈ। ਉਸ ਨੂੰ ਯਕੀਨ ਹੈ ਕਿ ਮਗਾ ਦੇ ਹਮਾਇਤੀ ਭਾਵੇਂ ਰਿਪਬਲਿਕਨ ਸਿਆਸਤਦਾਨਾਂ ਦੇ ਖ਼ਿਲਾਫ਼ ਹੋ ਜਾਣ, ਪਰ ਆਖ਼ਰਕਾਰ ਉਸ ਦਾ ਆਪਣਾ ਸਾਥ ਕਦੇ ਨਹੀਂ ਛੱਡਣਗੇ। ਅਮਰੀਕੀ ਕਾਂਗਰਸ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕੰਟਰੋਲ ਨੇ ਮੋਟੇ ਤੌਰ ‘ਤੇ ਕਲਪਨਾਹੀਣ ਲੀਡਰਸ਼ਿਪ ਲਈ ਬਿੱਲਾਂ ਨੂੰ ਰੋਕਣ, ਪ੍ਰਸ਼ਾਸਨ ਦੀ ਜਾਂਚ ਕਰਨ ਅਤੇ ਟਰੰਪ ਦੇ ਪ੍ਰੋਜੈਕਟਾਂ ਲਈ ਫੰਡਿੰਗ ਨੂੰ ਰੋਕਣ ਦੇ ਮੌਕੇ ਪੈਦਾ ਕੀਤੇ ਹਨ। ਸੈਨੇਟਰ ਚਾਰਲਸ ਸਕਮਰ ਅਤੇ ਕਾਂਗਰਸਮੈਨ ਹਕੀਮ ਜੈਫਰੀਜ਼, ਦਰਮਿਆਨੇ ਪ੍ਰਬੰਧਕ ਸਾਮਰਾਜੀਆਂ ਵਾਂਗ ਹਨ, ਜੋ ਸਥਿਤੀ ਨੂੰ ਵਿਗਾੜਨ ਦੇ ਵਿਰੋਧੀ ਹਨ ਅਤੇ ਇਸਨੂੰ ਜੋ ਜਿਵੇਂ ਹੈ ਬਣਾਈ ਰੱਖਣਾ ਚਾਹੁੰਦੇ ਹਨ। ਪਰ ਇਸ ਦੇ ਨਾਲ ਹੀ, ਉਹ ਇਹ ਵੀ ਦਿਖਾਉਣਾ ਚਾਹੁੰਦੇ ਹਨ ਕਿ ਉਹ ਲੋਕਾਂ ਦੀ ਬਦਹਾਲੀ ਦੀ ਪਰਵਾਹ ਕਰਦੇ ਹਨ। ਪਿਛਲੇ ਡੈਮੋਕ੍ਰੇਟਿਕ ਪ੍ਰਸ਼ਾਸਨ ਨੇ ਅਮਰੀਕੀ ਸਾਮਰਾਜਵਾਦ ਦੀ ਮਸ਼ੀਨਰੀ ਬਣਾਉਣ ਵਿਚ ਮਦਦ ਕੀਤੀ ਅਤੇ ਵਾਰ-ਵਾਰ ਇਸਦਾ ਬਚਾਅ ਕੀਤਾ ਹੈ। ਟਰੰਪ ਕੋਲ ਹਥਿਆਰਬੰਦ ਫੌਜਾਂ ‘ਤੇ ਕੰਟਰੋਲ ਬਰਕਰਾਰ ਰਹੇਗਾ ਅਤੇ ਇਸ ਲਈ ਜੇਕਰ ਉਹ ਈਰਾਨ ‘ਤੇ ਦੁਬਾਰਾ ਬੰਬਾਰੀ ਕਰਦਾ ਹੈ, ਤਾਂ ਇਜ਼ਰਾਇਲ ਪ੍ਰਤੀ ਹਮਦਰਦੀ ਰੱਖਣ ਵਾਲੀ ਡੈਮੋਕ੍ਰੇਟਿਕ ਲੀਡਰਸ਼ਿਪ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਵਰਤਮਾਨ ਵਿਚ, ਅਮਰੀਕੀ ਸਦਨ ਵਿਚ ਅੱਠ ਡੈਮੋਕ੍ਰੇਟਿਕ ਸੋਸ਼ਲਿਸਟ ਆਫ਼ ਅਮਰੀਕਾ-ਹਮਾਇਤੀ ਨੁਮਾਇੰਦੇ ਹਨ, ਅਤੇ ਬਹੁਤ ਸਾਰੇ ਹੋਰ ਹਨ ਜਿਨ੍ਹਾਂ ਨੇ ਫ਼ਲਸਤੀਨੀਆਂ ਅਤੇ ਈਰਾਨੀਆਂ ਵਿਰੁੱਧ ਇਜ਼ਰਾਈਲੀ ਨਸਲਕੁਸ਼ੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਉਨ੍ਹਾਂ ਨੇ ਅਮਰੀਕਾ ਦੇ ਗੈਰ-ਕਾਨੂੰਨੀ ਯੁੱਧ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੂੰ ਲੋਕਾਂ ਦੇ ਦੁੱਖ ਅਤੇ ਗੁੱਸੇ ਨੂੰ ਵਰਤਣ ਲਈ ਵੱਡੇ ਪੱਧਰ ‘ਤੇ ਚੁਣਾਵੀ ਹਾਰ ਨੂੰ ਜੰਗ ਦੇ ਖਿਲਾਫ਼ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਵਿਰੁੱਧ ਅਤੇ ਸਮਾਜਿਕ ਸੁਰੱਖਿਆ ‘ਤੇ ਹਮਲਿਆਂ ਵਿਰੁੱਧ ਦਬਾਅ ਵਿਚ ਬਦਲਣ ਲਈ ਜਬਰਦਸਤ ਜਨਤਕ ਅੰਦੋਲਨਾਂ ਦੀ ਜ਼ਰੂਰਤ ਹੈ। ਅਜਿਹੇ ਨਿਰੰਤਰ ਦਬਾਅ ਤੋਂ ਬਿਨਾਂ, ਅਮਰੀਕਾ ਵਿਚ ਰਾਜਨੀਤਿਕ ਸੰਸਥਾਵਾਂ ਇਸ ਗੁੱਸੇ ਨੂੰ ਜਜ਼ਬ ਕਰਨ ਅਤੇ ਆਪਣੀਆਂ ਪਿਛਲੀਆਂ ਨੀਤੀਆਂ ਨੂੰ ਹੀ ਜਾਰੀ ਰੱਖਣ ਦੇ ਕਾਫ਼ੀ ਸਮਰੱਥ ਹਨ।
ਬ੍ਰਾਜ਼ੀਲ ਨੇ ਇੱਕ ਖਾਸ ਕਿਸਮ ਦੇ ਕੌਮਾਂਤਰੀ ਕੱਟੜ ਸੱਜੇ-ਪੱਖੀਆਂ ਦੇ ਵਿਰੁੱਧ ਸਟੈਂਡ ਲਿਆ ਅਤੇ ਇੱਕ ਸਪਸ਼ਟ ਰੱਖਿਆਤਮਕ ਜਿੱਤ ਪ੍ਰਾਪਤ ਹੋਈ ਹੈ। ਬੀਤੀ 25 ਅਕਤੂਬਰ ਨੂੰ, ਲੂਲਾ ਨੇ ਫਲੇਵੀਓ ਬੋਲਸੋਨਾਰੋ ਨੂੰ ਹਰਾਇਆ ਅਤੇ ਉਸਨੇ 51.79 ਪ੍ਰਤੀਸਤ ਵੋਟਾਂ ਪ੍ਰਾਪਤ ਕੀਤੀਆਂ। ਇਸ ਤਰ੍ਹਾਂ ਲੂਲਾ ਨੇ ਚੌਥੀ ਵਾਰ ਰਾਸ਼ਟਰਪਤੀ ਚੋਣ ਜਿੱਤੀ। ਬੌਲਸੋਨਾਰੋ ਇੱਕ ਨਿੱਜੀ ਜਹਾਜ਼ ਵਿਚ ਬ੍ਰਾਜ਼ੀਲ ਤੇ ਮਿਆਮੀ ਰਾਹੀਂ ਅਮਰੀਕਾ ਭੱਜ ਗਿਆ। ਲੂਲਾ ਦੀ ਜਿੱਤ ਨੇ ਬੋਲਸੋਨਾਰੋ ਪਰਿਵਾਰ ਲਈ ਰਾਸ਼ਟਰਪਤੀ ਅਹੁਦੇ ‘ਤੇ ਵਾਪਸੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਅਤੇ ਤਨਖਾਹਾਂ, ਭੁੱਖਮਰੀ, ਜਨਤਕ ਨਿਵੇਸ਼ ਅਤੇ ਕੌਮੀ ਖੁਦਮੁਖਤਿਆਰੀ ਵਰਗੇ ਮੁੱਦਿਆਂ ‘ਤੇ ਸੰਘਰਸ਼ ਦੀ ਜਗ੍ਹਾ ਬਚਾਅ ਲਈ ਹੈ। ਕੌਮਾਂਤਰੀ ਪੱਧਰ ‘ਤੇ ਦੇਖਿਆ ਜਾਵੇ ਤਾਂ ਬ੍ਰਾਜ਼ੀਲ ਤਾਨਾਸ਼ਾਹੀ ਦੇ ਵਿਰੁੱਧ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਸਹਿਯੋਗ ਦੇ ਹੱਕ ਵਿਚ ਇੱਕ ਮਹੱਤਵਪੂਰਨ ਆਵਾਜ਼ ਬਣਿਆ ਰਹੇਗਾ। ਬੋਲਸੋਨਾਰੋ ਦੀ ਜਿੱਤ ਨੇ ਉਨ੍ਹਾਂ ਤਾਕਤਾਂ ਨੂੰ ਮਜ਼ਬੂਤ ਕੀਤਾ ਹੁੰਦਾ ਜੋ ਚਾਹੁੰਦੀਆਂ ਹਨ ਕਿ ਇਹ ਖੇਤਰ ਵਾਸ਼ਿੰਗਟਨ ਦੇ ਇਸਾਰੇ ‘ਤੇ ਚਲਦਾ ਰਹੇ।
ਲੂਲਾ ਨੇ ਬਹੁਤ ਘੱਟ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ, ਅਤੇ ਇਹ ਜਿੱਤ, ਸੱਜੇ-ਪੱਖੀਆਂ ਦੇ ਸੰਸਦ ‘ਤੇ ਕਬਜ਼ੇ ਦੇ ਨਾਲ, ਬ੍ਰਾਜ਼ੀਲ ‘ਚ ਸਿਆਸੀ ਵੰਡ ਕਿੰਨੀ ਡੂੰਘੀ ਹੈ। ਪਿਛਾਂਹਖਿੱਚੂ ਸੱਜੇ-ਪੱਖੀਆਂ ਦਾ ਇੱਕ ਚੰਗਾ ਤਕੜਾ ਹਿਮਾਇਤੀ ਆਧਾਰ ਹੈ, ਅਤੇ ਸਿਰਫ ਚੁਣਾਵੀ ਜਿੱਤ, ਜਿਵੇਂ ਕਿ ਲੂਲਾ ਦੀਆਂ ਪਿਛਲੀਆਂ ਤਿੰਨ ਜਿੱਤਾਂ ਤੋਂ ਪਤਾ ਚਲਦਾ ਹੈ ਕਿ ਖੇਤੀਬਾੜੀ ਕਾਰੋਬਾਰ, ਕੱਟੜਪੰਥੀ ਸੰਸਥਾਵਾਂ, ਵਿੱਤ, ਅਤੇ ਇੱਕ ਭੜਕਾਊ ਮੀਡੀਆ ਦੀ ਤਾਕਤ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਜੇ ਬ੍ਰਾਜ਼ੀਲ, ਮੈਕਸੀਕੋ ਅਤੇ ਕਿਊਬਾ ਨੂੰ ਛੱਡ ਕੇ, ਜੋ ਕਿ ਇੱਕ ਭਿਆਨਕ ਤੂਫ਼ਾਨ ਦੇ ਵਿਚਕਾਰ ਖਲੋਤੇ ਤਿੰਨ ਟਾਪੂਆਂ ਵਾਂਗ ਹਨ, ਤਾਂ ਦੋਵਾਂ ਅਧਿਕਾਰੀਆਂ ਵਿਚ ਕੱਟੜ ਸੱਜਾ-ਪੱਖ ਮਜ਼ਬੂਤ ਹੋਇਆ ਹੈ।
ਇਹੀ ਕਾਰਨ ਹੈ ਕਿ ਲੂਲਾ ਦੇ ਹੱਕ ‘ਚ ਆਏ ਫਤਵੇ ਨੂੰ ਸਿਰਫ ਇੱਕ ਚੋਣ ਨਤੀਜੇ ਵਜੋਂ ਨਹੀਂ ਦੇਖਿਆ ਜਾ ਸਕਦਾ, ਸਗੋਂ ਲੋਕਾਂ ਦੇ ਜੀਵਨ ਵਿਚ ਇੱਕ ਠੋਸ ਸੁਧਾਰ ਵਜੋਂ ਦੇਖਿਆ ਜਾ ਸਕਦਾ ਹੈ। ਲੋਕਤੰਤਰ ਦੀ ਰੱਖਿਆ ਲਈ ਇੱਕ ਅਜਿਹੇ ਆਰਥਿਕ ਪ੍ਰੋਗਰਾਮ ਦੀ ਲੋੜ ਹੈ ਜੋ ਮਜਦੂਰਾਂ ਨੂੰ ਇਸਦਾ ਬਚਾਅ ਕਰਨ ਦਾ ਕਾਰਨ ਦੇਵੇ। ਜੇਕਰ ਗਰੀਬਾਂ ਦੀਆਂ ਲੋੜਾਂ ਨੂੰ ਅਣਗੌਲਿਆ ਕਰਕੇ, ਉਨ੍ਹਾਂ ਨੂੰ ਸਿਰਫ ਸੰਸਥਾਵਾਂ ਨੂੰ ਬਚਾਉਣ ਲਈ ਕਿਹਾ ਜਾਵੇਗਾ, ਤਾ ਸੱਜੇ ਪੱਖੀ ਉਨ੍ਹਾਂ ਦੀ ਨਾਰਾਜ਼ਗੀ ਦਾ ਫਾਇਦਾ ਉਠਾਉਣ ਲਈ ਵਾਪਸ ਆ ਜਾਣਗੇ ਅਤੇ ਲੋਕਾਂ ਨੂੰ ਖੱਬੇ-ਪੱਖੀਆਂ ਦੇ ਵਿਰੁੱਧ ਖੜ੍ਹਾ ਕਰ ਦੇਣਗੇ।
ਪੂਰੇ ਅਫਰੀਕਾ ਵਿਚ, ਜਿੱਥੇ ਔਸਤ ਉਮਰ ਕਾਫ਼ੀ ਘੱਟ ਹੈ, ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਮਹੱਤਵਪੂਰਨ ਜਿੱਤਾਂ ਦੇ ਰੂਪ ਵਿਚ ਮਜ਼ਬੂਤ ਹੋ ਗਏ ਹਨ। ਕੀਨੀਆ ਵਿਚ ਜੈਨ ਜ਼ੀ ਦਾ ਵਿਦਰੋਹ (2024, 2025 ਅਤੇ 2026 ਵਿਚ), ਨਾਈਜੀਰੀਆ ਵਿਚ ‘ਬੁਰਾ ਸਾਸ਼ਨ ਖਤਮ ਕਰੋ’ ਦੇ ਨਾਮ ਨਾਲ ਵਿਰੋਧ ਪ੍ਰਦਰਸ਼ਨ (2024 ਵਿਚ), ਯੂਗਾਂਡਾ ਵਿਚ ਸੰਸਦ ਮਾਰਚ (2024 ਵਿਚ ਅਤੇ ਨਾਈਜੀਰੀਆ ਵਿਚ ‘ਸਟਾਪ ਗੈਲੇਮਸੀ ਨਾਓ’ ਦੇ ਨਾਮ ਨਾਲ ਚੱਲਿਆ ਅੰਦੋਲਨ (2024 ਵਿਚ ਵੀ), ਮੌਜ਼ਮਬੀਕ ਵਿਚ ਚੋਣਾਂ ਤੋਂ ਬਾਅਦ ਦੇ ਵਿਰੋਧ ਪ੍ਰਦਰਸ਼ਨ (2024-25 ਵਿਚ), ਟੋਗੋ ਵਿਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ (2025 ਵਿਚ), ਮੋਰਾਕੋ ਵਿਚ ਜੈਨ ਜ਼ੀ 212 ਅੰਦੋਲਨ (2025 ਵਿਚ) ਅਤੇ ਮੈਡਾਗਾਸਕਰ ਵਿਚ ਜੈਨ ਜ਼ੀ ਮਾਡਾ ਦਾ ਅੰਦੋਲਨ (2025 ਵਿਚ) ਵਿਰੋਧ ਦੀ ਇਸ ਲਹਿਰ ਨੂੰ ਦਰਸਾਉਂਦੇ ਹਨ।
ਇਨ੍ਹਾਂ ਲੋਕ ਵਿਦਰੋਹਾਂ ਨੂੰ ਦੋਹਰੇ ਪ੍ਰਤੀਕਰਮਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਸਿਰਫ ਮਾਮੂਲੀ ਰਿਆਇਤਾਂ ਹੀ ਮਿਲੀਆਂ, ਪਰ ਉਨ੍ਹਾਂ ਨੂੰ ਸਖਤ ਦਮਨ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਉਨ੍ਹਾਂ ਦੇ ਨੇਤਾਵਾਂ ਨੂੰ ਜੇਲ੍ਹ ਦੀਆਂ ਲੰਬੀਆਂ ਸਜਾਵਾਂ ਵੀ ਸ਼ਾਮਲ ਸਨ। 2011 ਦੇ ਟਿਊਨੀਸ਼ੀਅਨ ਅਤੇ ਮਿਸਰ ਦੇ ਵਿਦਰੋਹਾਂ ਦੀ ਅਸਫ਼ਲਤਾ ਦਾ ਖਮਿਆਜ਼ਾ ਜ਼ਿਆਦਾਤਰ ਉਨ੍ਹਾਂ ਨੌਜਵਾਨਾਂ ਨੂੰ ਭੁਗਤਣਾ ਪਿਆ ਸੀ ਜਿਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ ਪਰ ਜੋ ਤਬਦੀਲੀ ਦੀ ਅਸੰਭਵਤਾ ਨੂੰ ਲੈ ਕੇ ਚਿੰਤਤ ਸਨ। ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਜਥੇਬੰਦੀਆਂ ਦੀ ਲੋੜ ਹੁੰਦੀ ਹੈ ਜੋ ਬਾਹਰੀ ਵਿੱਤੀ ਅਨੁਸ਼ਾਸਨ ਅਤੇ ਹਕੂਮਤ ਦੇ ਘਰੇਲੂ ਕੇਂਦਰੀਕਰਨ, ਦੋਵਾਂ ਦਾ ਵਿਰੋਧ ਕਰਨ ਦੇ ਸਮਰੱਥ ਹੋਣ। ਖੈਰ, ਇਸ ਸਭ ਕੁਝ ਬਾਰੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ, ਪਰ ਸਵਾਲ ਇਹ ਹੈ ਕਿ ਅਜਿਹੀਆ ਜਥੇਬੰਦੀਆਂ ਉੱਭਰਨਗੀਆਂ ਕਿੱਥੇ ?
ਦੱਖਣੀ ਅਫ਼ਰੀਕਾ ਦੀ ਕਮਿਊਨਿਸਟ ਪਾਰਟੀ (ਐੱਸ.ਏ.ਸੀ.ਪੀ.) ਇਸ ਮਹਾਂਦੀਪ ਦੀ ਇੱਕ ਮਹੱਤਵਪੂਰਨ ਖੱਬੇ-ਪੱਖੀ ਤਾਕਤ ਹੈ। ਇਸ ਲਈ, 4 ਨਵੰਬਰ ਦੀਆਂ ਨਗਰ ਨਿਗਮ ਚੋਣਾਂ ਸੁਤੰਤਰ ਹੋਰ ‘ਤੇ ਲੜਨ ਦੇ ਇਸਦੇ ਫ਼ੈਸਲੇ ਨੇ ਅਫਰੀਕਾ ਦੇ ਖੱਬੇ-ਪੱਖੀਆਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਸਨ। 1994 ਦੇ ਜਮਹੂਰੀ ਢੰਗ ਨਾਲ ਨਵੀਂ ਜ਼ਮੀਨ ਤਿਆਰ ਕਰਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਐੱਸ.ਏ.ਸੀ.ਪੀ. ਨੇ ਆਪਣੇ ਨਾਮ ‘ਤੇ ਵੋਟਾਂ ਮੰਗੀਆਂ ਹਨ, ਅਤੇ ਇਸ ਤਰ੍ਹਾਂ ਮਜ਼ਦੂਰ ਜਮਾਤ ਦੇ ਗੁੱਸੇ ਨੇ ਇੱਕ ਖ਼ਾਸ ਚੋਣ ਪ੍ਰਗਟਾਵਾ ਪੇਸ਼ ਕੀਤਾ ਹੈ। ਪਾਰਟੀ ਨੇ ਇਨ੍ਹਾਂ ਚੋਣਾਂ ਵਿਚ 700,000 ਵੋਟਾਂ ਪ੍ਰਾਪਤ ਕੀਤੀਆਂ, ਜੋ ਕੁੱਲ ਦਾ 2.38 ਪ੍ਰਤੀਸ਼ਤ ਹਨ। ਪਾਰਟੀ ਨੇ 261 ਸੀਟਾਂ ਜਿੱਤੀਆਂ (ਪੂਰਬੀ ਕੈਂਪ ਅਤੇ ਲਿਮਪੇਪੇ ਵਿਚ ਇਸਦੀ ਸਭ ਤੋਂ ਵੱਧ ਹਮਾਇਤ ਹਾਸਲ ਹੋਈ, ਜਿੱਥੇ ਇਸ ਨੇ ਕ੍ਰਮਵਾਰ 97 ਅਤੇ 54 ਸੀਟਾਂ ਜਿੱਤੀਆਂ)।
ਆਪਣੀ ਚੋਣ ਮੁਹਿੰਮ ਦੌਰਾਨ, ਪਾਰਟੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਜ਼ਦੂਰਾਂ ਅਤੇ ਗਰੀਬਾਂ ਨੂੰ ਰਾਸ਼ਟਰੀ ਮੁਕਤੀ ਲਈ ਅਜੇ ਖਤਮ ਨਾ ਹੋਏ ਸੰਘਰਸ਼ ਦੇ ਅੰਦਰ ਆਪਣੀ ਰਾਜਨੀਤਿਕ ਪਹਿਲ ਕਦਮੀ ਦਰਸਾਉਣੀ ਚਾਹੀਦੀ ਹੈ। ਰਾਸ਼ਟਰੀ ਮੁਕਤੀ ਲਈ ਇਹ ਸੰਘਰਸ਼ ਅਜੇ ਖ਼ਤਮ ਨਹੀ ਹੋਇਆ ਹੈ ਕਿਉਂਕਿ ਟੂਟੀ ਦਾ ਪਾਣੀ ਅਜੇ ਵੀ ਸੁੱਕਿਆ ਰਹਿੰਦਾ ਹੈ, ਬਿਜਲੀ ਭਰੋਸੇਯੋਗ ਨਹੀਂ ਰਹਿੰਦੀ, ਬੇਰੁਜ਼ਗਾਰੀ ਦਰ ਉੱਚੀ ਰਹਿੰਦੀ ਹੈ, ਅਤੇ ਨਗਰ ਨਿਗਮ ਸੇਵਾਵਾਂ ਵਿਚ ਨਿਘਾਰ ਆ ਰਿਹਾ ਹੈ।
ਇਨ੍ਹਾਂ ਚੋਣ ਪ੍ਰਾਪਤੀਆਂ ਨੂੰ ਲੰਮੇ ਸਮੇਂ ਲਈ ਪ੍ਰਸਿੱਧ ਲੋਕ ਸਕਤੀ ਵਿਚ ਬਦਲਣ ਲਈ ਨਿਰੰਤਰ ਜਨਤਕ ਕਾਰਵਾਈ ਦੀ ਲੋੜ ਹੈ, ਜਿਸ ਵਿਚ ਦੇਸ ਭਰ ਵਿਚ ਸਹਿਕਾਰੀ-ਨਿਰਮਾਣ ਦਾ ਇੱਕ ਰੂਪ, ਪੀਪਲਜ਼ ਰੈੱਡ ਕਾਫਲੇ, ਦਾ ਵਿਸਤਾਰ ਕਰਨਾ ਸ਼ਾਮਲ ਹੈ। ਪਾਰਟੀ ਦੇ ਜਨਰਲ ਸਕੱਤਰ ਨੇ ਇਹ ਜਾਣਦੇ ਹੋਏ ਵੀ ਇੱਕ ਸਾਂਝੇ ਏਜੰਡੇ ‘ਤੇ ਵਿਚਾਰ ਚਰਚਾ ਲਈ ਖੱਬੇ-ਪੱਖੀ ਸਮੂਹਾਂ ਨੂੰ ਇਕੱਠੇ ਕਰਨ ਦਾ ਪ੍ਰਸਤਾਵ ਰੱਖਿਆ ਹੈ, ਇਹ ਮੰਨਦੇ ਹੋਏ ਕਿ ਚੁਣਾਵੀ ਨੁਮਾਇੰਦਗੀ ਨੂੰ ਇੱਕ ਵਿਸ਼ਾਲ ਅੰਦੋਲਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਪ੍ਰਸਿੱਧ ਸ਼ਕਤੀ ਲਈ ਅਜਿਹੇ ਸੰਗਠਨਾਂ ਦੀ ਲੋੜ ਹੁੰਦੀ ਹੈ ਜੋ ਤੁਰੰਤ ਸ਼ਿਕਾਇਤਾਂ ਨੂੰ ਇੱਕ ਅਜਿਹੇ ਪ੍ਰੋਗਰਾਮ ਨਾਲ ਜੋੜਣ ਦੇ ਸਮਰੱਥ ਹੋਣ ਜੋ ਪੂੰਜੀ ਦੀ ਹਕੂਮਤ ਨੂੰ ਚੁਣੌਤੀ ਦਿੰਦੀਆਂ ਹੋਣ।
ਸਾਲ 2018 ਦੇ ਯੈਲੋ ਵੈਸਟ ਅੰਦੋਲਨ ਅਤੇ ਉਸ ਦੇ ਬਾਅਦ ਤੋਂ ਹੁਣ ਤੱਕ ਦੇ ਸਮੇਂ ਚੱਲ ਰਹੇ ਵਿਦਿਆਰਥੀਆਂ ਮੁਜ਼ਾਹਰਿਆਂ ਤੇ ਨਿਰਮਿਤ ਫਰਾਂਸ ਦੇ ਨਵੇਂ ਜੀਵਨ ਦੀ ਪ੍ਰਾਪਤੀ ਲਈ ਕਤਾਰਬੰਦੀ ਇੱਕ ਅਜਿਹਾ ਰਸਤਾ ਦਰਸਾਉਂਦੀ ਹੈ, ਜਿਸ ਦੇ ਜ਼ਰੀਏ ਮਜ਼ਦੂਰ ਜਮਾਤ, ਤਨਖਾਹ, ਸਿੱਖਿਆ, ਜਨਤਕ ਸੇਵਾਵਾਂ ਅਤੇ ਵਿਰੋਧ ਮੁਜ਼ਾਹਰਿਆਂ ਦੇ ਅਧਿਕਾਰ (ਜਿਸ ਵਿਚ ਫ਼ਲਸਤੀਨ ਦੇ ਮੁੱਦਿਆਂ ‘ਤੇ ਵਿਖਾਵਾ ਕਰਨਾ ਵੀ ਸ਼ਾਮਲ ਹੈ) ਜਿੱਤੇ ਮੁੱਦਿਆਂ ਦੇ ਦੁਆਲੇ ਲਾਮਬੰਦੀ ਹੋ ਰਹੀ ਹੈ। ਇਹ ਊਰਜਾ ਲਾਗ ਵਾਲੀ ਹੈ, ਜੇ 30 ਅਕਤੂਬਰ ਦੀ ਇਟਲੀ ਦੀ ਹੜਤਾਲ ਅਤੇ ਲਾਜ਼ਮੀ ਫੌਜੀ ਭਰਤੀ ਨੂੰ ਲੈ ਕੇ ਜਰਮਨੀ ‘ਚ ਵੱਧ ਰਹੇ ਗੁੱਸੇ ਤੱਕ ਫੈਲ ਰਹੀ ਹੈ। ਮੈਕਰੋਨ, ਮੇਤਰਜ਼ ਅਤੇ ਮੇਲੋਨੀ ਦੀਆਂ ਸਰਕਾਰਾਂ ਇਸ ਗੱਲ ‘ਤੇ ਜ਼ੋਰ ਦੇ ਰਹੀਆਂ ਹਨ ਕਿ ਹਥਿਆਰਾਂ ਲਈ ਉਨ੍ਹਾਂ ਨੂੰ ਤੁਰੰਤ ਪੈਸਾ ਚਾਹੀਦਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਫਰਾਂਸ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ‘ਤੇ ਹਨ, ਜਦੋਂ ਖੱਬੇਪੱਖੀ ਧੜਾ, ਕੱਟੜ ਸੱਜਪੱਖੀਆਂ ਤੋਂ ਲੈ ਕੇ ਥੋੜ੍ਹੇ ਘੱਟ ਸੱਜੇਪੱਖੀ ਦੋਨਾਂ ਨੂੰ ਹੀ ਚੁਣੌਤੀ ਦੇਵੇਗਾ।
ਠੀਕ ਇਹ ਹੀ ਤਸਵੀਰ ਸਰਬੀਆ ਦੀ ਹੈ, ਜਿੱਥੇ ਵਿਦਿਆਰਥੀ ਜਥੇਬੰਦੀਆਂ ਨੇ ਪਾਰਲੀਮਾਨੀ ਚੋਣਾਂ ‘ਚ 250 ਸੀਟਾਂ ‘ਚੋਂ 140 ਸੀਟਾਂ ਜਿੱਤ ਕੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਮੌਕੇ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਚਿਚਿ ਦੀ ਪਾਰਟੀ ਨੂੰ 103 ਸੀਟਾਂ ਹੀ ਮਿਲੀਆਂ ਹਨ। ਨਵੰਬਰ 2024 ‘ਚ ਨੋਵੀ ਸਾਦ ਰੇਲਵੇ ਸਟੇਸ਼ਨ ਦੀ ਛਤਰੀ ਦੇ ਢਹਿ-ਢੇਰੀ ਹੋ ਜਾਣ -ਜੋ ਭ੍ਰਿਸਟਾਚਾਰ ਅਤੇ ਸਰਕਾਰੀ ਮਨਮਰਜੀ ਦਾ ਪ੍ਰਤੀਕ ਬਣ ਗਈ ਸੀ- ਦੇ ਬਾਅਦ ਇਹ ਅੰਦੋਲਨ ਖੜ੍ਹਾ ਹੋਇਆ ਸੀ। ਇਸ ਅੰਦੋਲਨ ਦੇ ਪਿੱਛੇ ਕੌਣ ਲੋਕ ਹਨ, ਇਸ ਦਾ ਕਿਆਸ ਲਾਉਣ ਵਾਲੇ ਇਹ ਸਮਝਣ ‘ਚ ਅਸਫ਼ਲ ਰਹੇ ਕਿ ਇਹ ਜਾਇਜ਼ ਸ਼ਿਕਾਇਤਾਂ ‘ਚੋਂ ਪੈਦਾ ਹੋਇਆ ਅੰਦੋਲਨ ਹੈ, ਜਿਸ ਵਿਚ ਉਹ ਵਿਆਪਕ ਗੁੱਸਾ ਵੀ ਆ ਜੁੜਿਆ, ਜੋ ਸਰਕਾਰ ਦੇ ਖਿਲਾਫ਼ ਪਲ ਰਿਹਾ ਸੀ। ਸਰਬਿਆਈ ਅੰਦੋਲਨ ਨੂੰ ਉਸ ਸਵਾਲ ਨਾਲ ਨਜਿੱਠਣਾ ਪੈ ਰਿਹਾ ਹੈ, ਜਿਸ ਦਾ ਸਾਹਮਣਾ ਨੌਜਵਾਨਾਂ ਦੇ ਅਨੇਕ ਵਿਦਰੋਹਾਂ ਨੂੰ ਕਰਨਾ ਪਿਆ ਹੈ ਅਤੇ ਉਹ ਸਵਾਲ ਇਹ ਹੈ ਕਿ ਇੱਕ ਲੰਮੇ ਸਮੇਂ ਲਈ ਜਮਹੂਰੀ ਸੰਗਠਨ ਦਾ ਨਿਰਮਾਣ ਕਿਵੇਂ ਕੀਤਾ ਜਾਵੇ, ਅਤੇ ਲਾਮਬੰਦੀ ਦੇ ਬਾਅਦ ਸਮਾਜਿਕ ਲੋੜਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ।
ਖ਼ੈਰ, ਕੁਝ ਵੀ ਹੋਵੇ, ਪਾਰਲੀਮਾਨੀ ਚੋਣਾਂ ਵਿਚ ਇਸ ਨੌਜਵਾਨ ਅੰਦੋਲਨ ਦੀ ਜਿੱਤ ਨੇ ਉਨ੍ਹਾਂ ਲੋਕਾਂ ਨੂੰ ਹੱਲਾਸੇਰੀ ਦਿੱਤੀ ਹੈ, ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਤਾਕਤਵਰ ਸਰਕਾਰਾਂ, ਜਿਨ੍ਹਾਂ ਨੂੰ ਸੁਰੱਖਿਆ ਹਾਸਲ ਹੋਵੇ ਅਤੇ ਜ਼ੋਰ-ਜਬਰਦਸਤੀ ਦੀ ਤਾਕਤ ਹਾਸਲ ਹੋਵੇ, ਨੂੰ ਸਮੂਹਿਕ ਕਾਰਵਾਈ ਜ਼ਰੀਏ ਨਹੀਂ ਹਟਾਇਆ ਜਾ ਸਕਦਾ। ਉਨ੍ਹਾਂ ਦੇ ਰੋਸ ਦਿਖਾਵਿਆਂ ਨੇ ਉਨ੍ਹਾਂ ਨੂੰ ਪਾਰਲੀਮੈਂਟ ਤੱਕ ਪਹੁੰਚਾ ਦਿੱਤਾ ਹੈ। ਅਤੇ ਹੁਣ ਵਿਦਿਆਰਥੀ ਜਥੇਬੰਦੀ ਕੋਲ ਇੱਕ ਅਜਿਹੇ ਦੇਸ਼ ‘ਚ ਸਹੀ ਕਿਸਮ ਦੇ ਸਮਾਜਿਕ ਜਮਹੂਰੀ ਏਜੰਡੇ ਨੂੰ ਲਾਗੂ ਕਰਨ ਦਾ ਗੰਭੀਰ ਕਾਰਜ ਹੈ, ਜੋ ਯੂਰਪੀ ਯੂਨੀਅਨ ਦੇ ਰਾਜਕੋਸ਼ੀ ਨੇਮਾਂ ਅਤੇ ਆਪਣੇ ਘਰੇਲੂ ਕੁਲੀਨ ਵਰਗ ਦੇ ਭ੍ਰਿਸਟਾਚਾਰ ਤੋਂ ਪੀੜਤ ਹੈ।

ਬੀਤੇ 27 ਅਕਤੂਬਰ ਨੂੰ ਇਜ਼ਰਾਈਲ ‘ਚ ਹੋਈਆਂ ਚੋਣਾਂ ‘ਚ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਜੋ ਕਿ ਆਪਣੇ ਯੁੱਧ ਅਪਰਾਧਾਂ ਲਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੁਆਰਾ ਲੋੜੀਂਦਾ ਹੈ- ਨੂੰ ਗੰਭੀਰ ਧੱਕਾ ਲੱਗਾ ਹੈ। ਉਸਦੇ ਧੜ੍ਹੇ ਨੂੰ ਇਜ਼ਰਾਇਲ ਸੰਸਦ ਦੀਆਂ 120 ਸੀਟਾਂ ‘ਚੋਂ 53 ਸੀਟਾਂ ਮਿਲੀਆਂ ਹਨ, ਜਦੋਂਕਿ ਬਹੁਮਤ ਲਈ 61 ਸੀਟਾਂ ਚਾਹੀਦੀਆਂ ਹਨ। ਦੂਸਰੀਆਂ ਯਹੂਦੀਵਾਦੀ ਪਾਰਟੀਆਂ ਨੂੰ 48 ਸੀਟਾਂ ਮਿਲੀਆ ਹਨ ਅਤੇ ਉਹ ਵੀ ਇੱਕ ਸਥਾਈ ਸਰਕਾਰ ਬਣਾਉਣ ਦੇ ਸਮਰੱਥ ਨਹੀਂ। ਅਸਲੀ ਹੈਰਾਨ ਕਰਨ ਵਾਲਾ ਕੰਮ ਉਨ੍ਹਾਂ 9,00,000 ਫਲਸਤੀਨੀ ਵੋਟਰਾਂ ਨੇ ਕੀਤਾ ਹੈ ਜਿਨ੍ਹਾਂ ਨੇ ਅਰਬ ਪਾਰਟੀਆਂ ਨੂੰ 19 ਸੀਟਾਂ ਜਿਤਾ ਦਿੱਤੀਆਂ। ਇਨ੍ਹਾਂ ਫਲਸਤੀਨੀਆਂ ਨੇ ਕਤਲੇਅਮ ਦੇ ਖਿਲਾਫ਼ ਵੋਟਾਂ ਪਾਈਆਂ ਹਨ ਅਤੇ ਹੁਣ ਉਨ੍ਹਾਂ ਕੋਲ ਇਜ਼ਰਾਇਲ ‘ਚ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਬਣੇ ਰਹਿਣ ਦੇ ਖਿਲਾਫ਼ ਰਾਹ ਖੁੱਲ੍ਹ ਗਏ ਹਨ। ਇੱਕ ਸਥਾਈ ਸਰਕਾਰ ਬਣਾਉਣ ਲਈ ਵਿਰੋਧੀ ਧਿਰ ਨੂੰ ਹਮਾਇਤ ਦੀ ਲੋੜ ਹੋਵੇਗੀ, ਜਿਸ ਦਾ ਮਤਲਬ ਇਹ ਹੋਵੇਗਾ ਕਿ ਫ਼ਲਸਤੀਨੀ ਮੁੱਦਿਆਂ ‘ਤੇ ਚਰਚਾ ਹੋਵੇਗੀ।
ਇਨ੍ਹਾਂ ਚੋਣਾਂ ਨੇ ਨੇਤਨਯਾਹੂ ਨੂੰ ਸਜ਼ਾ ਦਿੱਤੀ ਹੈ। ਇਹ ਚੋਣਾਂ ਉਸ ਢਾਂਚੇ ਨੂੰ ਤਾਂ ਨਹੀਂ ਬਦਲਣਗੀਆਂ, ਜਿਸ ਨਾਲ ਫ਼ਲਸਤੀਨੀ ਜ਼ਮੀਨਾਂ ‘ਤੇ ਕਬਜ਼ੇ ਦੇ ਲਾਭ ਮਿਲਦੇ ਹਨ, ਫ਼ਲਸਤੀਨੀਆਂ ਲਈ ਵਿਤਕਰੇਬਾਜ਼ੀ ਜਿਹੀ ਸਥਿਤੀ ਬਣਦੀ ਹੈ ਅਤੇ ਗਾਜ਼ਾ ‘ਚ ਕਤਲੇਆਮ ਹੁੰਦਾ ਹੈ। ਇਨ੍ਹਾਂ ਚੋਣਾਂ ਦੀ ਅਗਾਂਹਵਧੂ ਸੰਭਾਵਨਾ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਇਜ਼ਰਾਇਲ ਦੇ ਅੰਦਰ ਅਤੇ ਬਾਹਰੋਂ ਪੈਣ ਵਾਲੇ ਦਬਾਅ ਤੇ ਫ਼ਲਸਤੀਨੀਆਂ ਦੇ ਅਧਿਕਾਰ ਹਾਸਲ ਕੀਤੇ ਜਾ ਸਕਦੇ ਹਨ ਜਾਂ ਨਹੀਂ ਅਤੇ ਤਬਾਹੀ ਮਚਾਉਣ ਵਾਲੀ ਮਸ਼ੀਨਰੀ ਨੂੰ ਰੋਕਿਆ ਜਾ ਸਕਦਾ ਹੈ ਜਾਂ ਨਹੀਂ। ਇਸ ਲਈ ਉਸ ਆਲਮੀ ਮੰਗ ਦੀ ਲੋੜ ਹੋਵੇਗੀ, ਜਿਵੇਂ ਕਿ ਸੰਯੁਕਤ ਰਾਸਟਰ ਵਲੋਂ ਕਿਹਾ ਗਿਆ ਹੈ ਕਿ ਫ਼ਲਸਤੀਨੀਆਂ ਨੂੰ ਸਿਆਸੀ ਸਰਗਰਮੀਆਂ ਦਾ ਅਧਿਕਾਰ ਮਿਲੇ। ਇਸ ਨਾਅਰੇ ਨੂੰ ਇੱਥੋਂ ਤੱਕ ਵਿਸਥਾਰ ਦਿੱਤਾ ਜਾ ਸਕਦਾ ਹੈ ਕਿ ਫ਼ਲਸਤੀਨੀਆਂ ਨੂੰ ਸਿਆਸੀ ਸਰਗਰਮੀਆਂ ਦੀ ਇਜਾਜ਼ਤ ਦਿੱਤੇ ਜਾਣ ਲਈ ਕਤਲੇਆਮ ਬੰਦ ਕੀਤਾ ਜਾਵੇ।
ਸਾਡੇ ਸਮੇਂ ਦਾ ਸੰਕਟ ਆਪਣੇ ਸਿਆਸੀ ਨਤੀਜਿਆਂ ਦੀ ਚੋਣ ਨਹੀਂ ਕਰਦਾ। ਕਰੋੜਾਂ-ਅਰਬਾਂ ਲੋਕਾਂ ‘ਚ ਅਸੁਰੱਖਿਆ ਦੇ ਡਰ ਨੇ ਅਸਲ ਵਿਚ ਪਿਛਾਖੜੀ ਵਿਚਾਰਾਂ ਲਈ ਅਤੇ ਇੱਕ ਵਿਸ਼ੇਸ਼ ਕਿਸਮ ਦੇ ਕੱਟੜ ਸੱਜੇਪੱਖੀ ਅੰਦੋਲਨਾਂ ਲਈ ਜਗ੍ਹਾ ਬਣਾਈ ਹੈ। ਪਰ ਇਹ ਅਸੁਰੱਖਿਆ ਇਕਜੁੱਟਤਾ ਅਤੇ ਟਾਕਰਾ ਵੀ ਪੈਦਾ ਕਰਦੀ ਹੈ ਅਤੇ ਅਸਲ ਵਿਚ ਸਮਾਜਿਕ ਤਬਦੀਲੀ ਦੀ ਸ਼ੁਰੂਆਤ ਕਰ ਸਕਦੀ ਹੈ। ਖ਼ਤਰਨਾਕ ਸਰਕਾਰਾਂ ਨੂੰ ਲੱਗੇ ਖ਼ਤਰਨਾਕ ਧੱਕੇ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਜਨਮ ਦੇ ਸਕਦੇ ਹਨ, ਜੋ ਜਨਤਕ ਜਥੇਬੰਦੀਆਂ ਨੂੰ ਵਿਆਪਕਤਾ ਪ੍ਰਦਾਨ ਕਰਨਗੀਆਂ।
ਇਤਿਹਾਸ ਦੀ ਸੂਈ ਹਿੱਲੀ ਤਾਂ ਹੈ ਕਿਉਂਕਿ ਲੋਕਾਂ ਨੇ ਕਦਮ ਚੁੱਕੇ ਹਨ। ਇਹ ਸੂਈ ਹੋਰ ਕਿੰਨੀ ਅੱਗੇ ਵਧੇਗੀ, ਇਹ ਇਸ ਗੱਲ ’ਤੇ ਮੁਨੱਸਰ ਕਰੇਗਾ ਕਿ ਕੀ ਲੋਕ ਆਪਣੇ ਖਿੰਡੇ-ਪੁੰਡੇ ਵਿਰੋਧ ਨੂੰ ਅਜਿਹੀ ਟਿਕਾਊ ਤਾਕਤ ਵਿਚ ਬਦਲ ਸਕਦੇ ਹਨ ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਨ ਵਾਲੇ ਫ਼ੈਸਲਿਆਂ ਉੱਤੇ ਅਖ਼ਤਿਆਰ ਦੇਵੇ।