ਰਾਏਪੁਰ:ਭਗਵਾਨ ਬਿਰਸਾ ਮੁੰਡਾ ਦੀ 151ਵੀਂ ਜੈਅੰਤੀ ਮੌਕੇ ਮਨਾਏ ਗਏ ‘ਕਬਾਇਲੀ ਗੌਰਵ ਦਿਵਸ’ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਿਵਾਸੀਆਂ ਦੇ ਮਾਣਮੱਤੀ ਸੱਭਿਆਚਾਰ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿਚ ਕਈ ਦਿਵਸ ਅਤੇ ਤਿਉਹਾਰ ਵਿਦੇਸ਼ੀ ਨਜ਼ਰੀਏ ਨਾਲ ਤੈਅ ਹੁੰਦੇ ਸਨ
ਪਰ ਅੱਜ ਭਾਰਤ ਆਪਣੀ ਵਿਰਾਸਤ, ਇਤਿਹਾਸ ਅਤੇ ਨਾਇਕਾਂ ਨੂੰ ਸਵਦੇਸ਼ੀ ਸਵੈ- ਮਾਣ ਨਾਲ ਮਾਣ ਨਾਲ ਯਾਦ ਕਰ ਰਿਹਾ ਹੈ। ਇਸ ਮੌਕੇ ਵੱਖ-ਵੱਖ ਸੂਬਿਆਂ ਵਿਚ ਲਗਪਗ 3,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮਾਓਵਾਦ ਤੋਂ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਸੀ। ਅਸੀਂ ਲਗਾਤਾਰ ਕੋਸ਼ਿਸ਼ਾਂ ਕਰਕੇ ਉਨ੍ਹਾਂ ਦੀ ਜ਼ਿੰਦਗੀ ਰੌਸ਼ਨ ਕੀਤੀ ਹੈ।
ਪ੍ਰਧਾਨ ਮੰਤਰੀ ਐਤਵਾਰ ਨੂੰ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਸਮੇਤ ਵੱਖ-ਵੱਖ ਥਾਵਾਂ ‘ਤੇ ਹੋਏ ਸਮਾਗਮਾਂ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ ਕਿ ਮਾਓਵਾਦੀ ਦਹਿਸ਼ਤ ਨਾਲ ਸਭ ਤੋਂ ਵੱਧ ਨੁਕਸਾਨ ਸਾਡੇ ਆਦਿਵਾਸੀ ਭਾਈਚਾਰੇ ਨੂੰ ਹੋਇਆ। 2014 ਤੋਂ ਪਹਿਲਾਂ ਦੇਸ਼ ਦੇ 100 ਤੋਂ ਵੱਧ ਜ਼ਿਲ੍ਹੇ ਮਾਓਵਾਦ ਦੀ ਲਪੇਟ ਵਿਚ ਸਨ। ਉਨ੍ਹਾਂ ਦੋਸ਼ ਲਾਇਆ ਕਿ ਮਾਓਵਾਦੀ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਜ਼ਬਰਦਸਤੀ ਖੋਹ ਕੇ ਲੈ ਜਾਂਦੇ ਸਨ ਅਤੇ ਆਦਿਵਾਸੀ ਲੜਕੀਆਂ ਨੂੰ ਅਗਵਾ ਕਰਦੇ ਸਨ, ਪਰ ਉਸ ਸਮੇਂ ਦੀਆਂ ਸਰਕਾਰਾਂ ਬੇਵੱਸ ਹੋ ਕੇ ਸਭ ਕੁਝ ਵੇਖਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਦਿਵਾਸੀ ਇਲਾਕਿਆਂ ਵਿਚ ਵਿਕਾਸ ਨੂੰ ਤੇਜ਼ ਕਰਨ ਲਈ ਪੀਐੱਮ-ਜਨਮਨ ਯੋਜਨਾ ਅਤੇ ‘ਧਰਤੀ ਆਬਾ ਕਬਾਇਲੀ ਗ੍ਰਾਮ ਉਤਕਰਸ਼ ਮੁਹਿੰਮ’ ਤਹਿਤ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਇੰਤਜ਼ਾਮ ਕੀਤਾ ਹੈ।
ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਚਾਰ ਕਰੋੜ ਤੋਂ ਵੱਧ ਪੱਕੇ ਮਕਾਨ ਵੀ ਮੁਹੱਈਆ ਕਰਵਾਏ ਹਨ। ਦੇਸ਼ ਭਰ ਵਿਚ 1.75 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਥਾਪਤ ਕੀਤੇ ਗਏ ਹਨ। ਮੋਦੀ ਨੇ ਦੇਸ਼ ਭਰ ਦੇ ਆਦਿਵਾਸੀ ਭਾਈਚਾਰਿਆਂ ਲਈ ਸਿੱਖਿਆ, ਸਿਹਤ, ਰੋਜ਼ੀ-ਰੋਟੀ ਦੇ ਮੌਕਿਆਂ ਅਤੇ ਭਾਈਚਾਰਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਲਗਪਗ 3,000 ਕਰੋੜ ਰੁਪਏ ਦੀਆਂ 246 ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ।
ਇਸ ਤੋਂ ਇਲਾਵਾ, ਆਦਿਵਾਸੀ ਉਤਪਾਦਕਾਂ ਨੂੰ ਬਿਹਤਰ ਬਾਜ਼ਾਰ ਮੁਹੱਈਆ ਕਰਵਾਉਣ ਲਈ 12 ਕਬਾਇਲੀ ਬਹੁ- ਮੰਤਵੀ ਮਾਰਕੀਟਿੰਗ ਕੇਂਦਰਾਂ (ਟੀਐੱਮਐੱਮਸੀ) ਦਾ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਅਤੇ ਧਰਤੀ ਆਬਾ ਕਬਾਇਲੀ ਗ੍ਰਾਮ ਉਤਕਰਸ਼ ਮੁਹਿੰਮ ਤਹਿਤ 42 ਹੋਰ ਯੋਜਨਾਵਾਂ ਦੇ ਨੀਂਹ ਪੱਥਰ ਵੀ ਰੱਖੇ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵੀ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਕੁਝ ਦਿਮਾਗੀ ਨਕਸਲੀ ਕਿਸਮ ਦੇ ਅਨਸਰ ਜਥੇਬੰਦੀਆਂ ਵਿਚ ਘੁਸਪੈਠ ਕਰ ਚੁੱਕੇ ਹੋਏ ਹਨ।
