ਔਰਤ ਹੋਣਾ ਡਾਢਾ ਔਖਾ

ਵਰਿਆਮ ਸਿੰਘ ਸੰਧੂ
ਫੋਨ: 647-535-1539
ਵਟਸਐਪ-98726-02296
ਔਰਤ ਹੋਣਾ ਕਿੰਨਾ ਮੁਸ਼ਕਿਲ ਹੈ, ਇਸ ਬਾਰੇ ਗੱਲਾਂ ਤਾਂ ਕਈ ਪੱਖਾਂ ਤੋਂ ਕੀਤੀਆਂ ਜਾ ਸਕਦੀਆਂ ਨੇ, ਪਰ ਮੈਂ ਅੱਜ ਕਿਸੇ ਸਿਧਾਂਤਕ ਪੱਖ ਦਾ ਜ਼ਿਕਰ ਨਹੀਂ ਕਰਨ ਲੱਗਾ। ਮੈਂ ਤਾਂ ਸਿਰਫ਼ ਆਪਣੇ ਬਚਪਨ ਦੀ ਚੇਤਿਆਂ ਵਿਚ ਵੱਸੀ ਇਕ ਝਾਕੀ ਤੁਹਾਡੇ ਨਾਲ ਸਾਂਝੀ ਕਰਨੀ ਹੈ।

ਛੁੱਟੀਆਂ ਵਿਚ ਆਪਣੇ ਨਾਨਕੇ ਜਾਈਦਾ ਸੀ। ਨਾਨਕਿਆਂ ਵੱਲੋਂ ਤਾਂ ਪਿਆਰ ਮਿਲਣਾ ਹੀ ਹੁੰਦਾ ਸੀ, ਪਰ ਮੈਂ ਤਾਂ ਸਾਰੇ ਪਿੰਡ ਦਾ ਦੋਹਤਾ ਜਾਂ ਭਣੇਵਾਂ ਸਾਂ। ਇਸ ਵਧਵੇਂ ਪਿਆਰ ਦਾ ਕਾਰਨ ਇਹ ਵੀ ਸੀ ਕਿ ਮੈਂ ਸਾਰੇ ਦੋਹਤੇ-ਦੋਹਤੀਆਂ ਵਿਚੋਂ ਵੱਡਾ ਹੋਣ ਕਰਕੇ ਪਹਿਲੇ ਨੰਬਰ ’ਤੇ ਸਾਂ। ਮੇਰੇ ਨਾਨਕਿਆਂ ਦਾ ਘਰ ਪਿੰਡ ਦੇ ਬਾਹਰਵਾਰ ਗੁਰਦਵਾਰੇ ਦੇ ਕੋਲ ਪਿੰਡ ਦੀ ਪਹਾੜ ਦੀ ਬਾਹੀ ਵੱਲ ਸੀ ਜਦ ਕਿ ਪਹਾੜ ਤੋਂ ਦੱਖਣ ਨੂੰ ਜਾਂਦੀ ਗਲੀ ਦੇ ਦੂਜੇ ਸਿਰੇ ‘ਤੇ ਸਾਡੇ ਪੁਰਾਣੇ ਘਰ ਸਨ, ਜਿਨ੍ਹਾਂ ਨੂੰ ‘ਅੰਦਰਲੇ ਘਰ’ ਕਿਹਾ ਜਾਂਦਾ ਸੀ। ਉਧਰ ਸਾਡੇ ਵੱਡੇ ਬਾਬੇ (ਨਾਨੇ ਠਾਕਰ ਸਿੰਘ ਦਾ ਵੱਡਾ ਭਰਾ ਬਾਬਾ ਲਛਮਣ ਸਿੰਘ) ਦੇ ਤਿੰਨਾਂ ਵਿੱਚੋਂ ਦੋ ਵੱਡੇ ਮੁੰਡਿਆਂ ਲਾਲ ਸਿੰਘ ਤੇ ਪਾਲ ਸਿੰਘ ਦੇ ਟੱਬਰ ਰਹਿੰਦੇ ਸਨ। ਸਭ ਤੋਂ ਛੋਟੇ ਮਾਮੇ ਸ਼ਿੰਗਾਰਾ ਸਿੰਘ ਦਾ ਪਰਿਵਾਰ ਮੇਰੇ ਨਾਨੇ ਹੁਰਾਂ ਦੇ ਗੁਆਂਢ ਰਹਿੰਦਾ ਸੀ। ਸਾਂਝਾ ਵਿਹੜਾ ਸੀ। ਵਿਚ ਕੰਧ ਕੋਈ ਨਾ ਸੀ। ਮਾਮੇ ਸ਼ਿੰਗਾਰਾ ਸਿੰਘ ਦੇ ਮੁੰਡੇ ਜੀਤਾ ਤੇ ਗੁਰਮੀਤਾ ਤੇ ਵੱਡੀ ਭੈਣ ਬੀਰ੍ਹੋ। ਮਾਮੀ ਬਚਨੋ ਦੁੱਧ ਰਿੜਕਦੀ ਤਾਂ ਆਵਾਜ਼ ਮਾਰ ਕੇ ਕਹਿੰਦੀ, ‘’ਆ ਮੇਰੀ ਡੱਡ! ਮਖ਼ਣੀ ਵਿਚ ਖੰਡ ਰਲਾ ਕੇ ਦਿਆਂ ਆਪਣੇ ਪੁੱਤ ਨੂੰ।’’
ਅੰਦਰਲੇ ਘਰੀਂ ਜਾਂਦਾ ਤਾਂ ਓਥੇ ਵੀ ਵੀ ਆਈ ਪੀ ਟਰੀਟਮੈਂਟ ਮਿਲਦਾ। ਇਹ ਤਾਂ ਚਲੋ ਆਪਣੇ ਟੱਬਰ ਸਨ, ਨਾਨਕਿਆਂ ਦੇ ਭਾਈਚਾਰੇ ‘ਚੋਂ ਲੱਗਦੀਆਂ ਮਾਮੀਆਂ, ਮਾਸੀਆਂ ਵੀ ਪੂਰਾ ਲਾਡ ਲਡਾਉਂਦੀਆਂ। ਦਹੀਂ, ਲੱਸੀ, ਦੁੱਧ ਪਿਆਉਂਦੀਆਂ। ਉਦੋਂ ਪੰਜਾਬ ਦੇ ਪਿੰਡਾਂ ਵਿਚ ਇਹੋ ਜਿਹਾ ਹੀ ਸਭਿਆਚਾਰ ਸੀ। ਨਾਨੇ ਦੇ ਹਾਣ ਦੇ ਬਜ਼ੁਰਗ ਤੇ ਮਾਮਿਆਂ ਦੇ ਹਾਣੀ ਗੱਭਰੂ ਬੇਪਨਾਹ ਪਿਆਰ ਕਰਦੇ। ਕਦੀ-ਕਦੀ ਮਜ਼ਾਕ ਵੀ ਕਰਦੇ। ਮੈਂ ਖਿਡੌਣਾ-ਗੱਡ ਬਣਾ ਕੇ ਦੇਣ ਲਈ ਆਖਦਾ ਤਾਂ ਗੁਰਮੇਜ ਕਾਰੀਗਰ ਕਹਿੰਦਾ, “ਗੱਡਾਂ ਇਕ ਦੀਆਂ ਦੋ ਬਣਾ ਦਊਂ ਪਰ ਪਹਿਲਾਂ ਵਾਅਦਾ ਕਰ ਕੇ ਆਪਣੀ ਦਾਦੀ ਦਾ ਵਿਆਹ ਸਾਡੇ ਛੜੇ ਤਾਏ ਨਾਲ ਕਰਾ ਦੇਂ ‘ਗਾ।”
ਮੈਂ ਲੜ ਪੈਂਦਾ। ਗੁੱਸੇ ਹੋ ਕੇ ਮੂੰਹ ਫੁਲਾ ਲੈਂਦਾ। ਆਸੇ-ਪਾਸੇ ਖਲੋਤੇ ਜੀਅ ਹੱਸ ਪੈਂਦੇ। ਕੋਈ ਸਿਆਣਾ ਮੈਨੂੰ ਠੰਢ ਰੱਖਣ ਲਈ ਕਹਿੰਦਾ। ਕੁਝ ਦਿਨ ਲੰਘਦੇ ਗੁਰਮੇਜ ਗੱਡ ਬਣਾ ਕੇ ਲਿਆ ਦਿੰਦਾ ਤੇ ਹੱਸ ਕੇ ਕਹਿੰਦਾ, “ਲੈ ਭਣੇਵਿਆਂ! ਤੂੰ ਤਾਂ ਸਾਡੀ ਮੰਨੀ ਨਹੀਂ, ਪਰ ਅਸੀਂ ਤਾਂ ਦੋਹਤਵਾਨ ਨੂੰ ਨਾਂਹ ਨਹੀਂ ਨਾ ਕਰ ਸਕਦੇ।”
ਏਦਾਂ ਹੀ ਸਕਿਆਂ ਵਿਚੋਂ ਇਕ ਹੋਰ ਮਾਮਾ ਸੀ, ਮੈਨੂੰ ਬੜਾ ਪਿਆਰ ਕਰਦਾ। ਉਹਦੇ ਵਿਹਾਰ ਤੇ ਕਿਰਦਾਰ ਦੀ ਸਾਰੇ ਵਡਿਆਈ ਕਰਦੇ ਸਨ। ਉਹ ਹੈ ਹੀ ਅਜਿਹਾ ਸੀ। ਵਿਆਹ-ਸ਼ਾਦੀਆਂ ਤੇ ਮਰਨੇ ਪਰਨੇ ਦੇ ਸਮਾਗਮਾਂ ਵਿਚ ਸਦਾ ਅੱਗੇ ਹੋ ਕੇ ਕੰਮ ਕਰਦਾ। ਮੰਜੇ ਬਿਸਤਰੇ ਇਕੱਠੇ ਕਰਨੇ ਹੁੰਦੇ, ਦੁੱਧ ਇਕੱਠਾ ਕਰਨਾ, ਉਹ ਅੱਗੇ ਹੋ ਕੇ ਜ਼ਿੰਮੇਵਾਰੀ ਓਟ ਲੈਂਦਾ। ਅਖੰਡ ਪਾਠ ਹੁੰਦਾ। ਪਾਠੀਆਂ ਦੀ ਸੇਵਾ ਵਿਚ ਉਹਦੀ ਡਿਊਟੀ ਲੱਗਦੀ। ਸਭ ਬੇਫ਼ਿਕਰ ਹੋ ਜਾਂਦੇ। ਉਹ ਮੈਨੂੰ ਵੀ ਬੜਾ ਚੰਗਾ ਲੱਗਦਾ।
ਮੈਂ ਉਦੋਂ ਅਠਵੀਂ-ਨਾਵੀਂ ਵਿਚ ਪੜ੍ਹਦਾ ਹੋਵਾਂਗਾ। ਸਾਡੀ ਰਿਸ਼ਤੇ ਵਿਚੋਂ ਲੱਗਦੀ ਮੇਰੀ ਇਕ ਭੈਣ ਦੇ ਮਨ ਵਿਚ ਪਤਾ ਨਹੀਂ ਕੀ ਆਈ। ਉਹਨੇ ਮੈਨੂੰ ਕੁੜੀਆਂ ਵਾਲੇ ਕੱਪੜੇ ਪਵਾ ਕੇ ਮੇਰੀ ਗੁੱਤ ਕਰ ਦਿੱਤੀ। ਸਿਰ ‘ਤੇ ਚੁੰਨੀ। ਸਾਰੀਆਂ ਜ਼ਨਾਨੀਆਂ ਹੱਸਣ। ਭੈਣ ਕਹਿੰਦੀ, “ਹਾਇ ਮੈਂ ਮਰਜਾਂ! ਵੇਖੋ ਨੀ ਕਿੰਨੀ ਸੋਹਣੀ ਕੁੜੀ ਏ। ਪਛਾਣੀਈ ਨਹੀਂ ਜਾਂਦੀ ਕਿ ਇਹ ਸਾਡਾ ਵਰਿਆਮ ਹੈ।”
ਫਿਰ ਪਤਾ ਨਹੀਂ ਉਹਦੇ ਮਨ ਵਿਚ ਕੀ ਆਈ। ਨਾਨੀ ਨੂੰ ਕਹਿੰਦੀ, “ਮੈਂ ਇਹਨੂੰ ਅੰਦਰਲੇ ਘਰ ਲੈ ਕੇ ਜਾਂਦੀ ਆਂ। ਵਿੰਹਦੀ ਆਂ ਕਿ ਇਹਨੂੰ ਕੋਈ ਪਛਾਣਦਾ ਵੀ ਹੈ ਕਿ ਨਹੀਂ!”
ਤੇ ਸ਼ੁਗਲ-ਸ਼ੁਗਲ ਵਿਚ ਉਹ ਮੈਨੂੰ ਅੰਦਰਲੇ ਘਰ ਨੂੰ ਲੈ ਤੁਰੀ। ਸੱਚੀ ਗੱਲ ਤਾਂ ਇਹ ਹੈ ਕਿ ਅੰਦਰਲੇ ਘਰ ਦੇ ਕਿਸੇ ਜੀਅ ਨੇ ਵੀ ਮੈਨੂੰ ਪਛਾਣਿਆਂ ਨਾ। ਭੈਣ ਨੇ ਕਿਸੇ ਹੋਰ ਰਿਸ਼ਤੇਦਾਰ ਦੀ ਧੀ ਦੱਸ ਕੇ ਮੇਰੀ ਜਾਣ-ਪਛਾਣ ਕਰਵਾਈ। ਸਾਰੀਆਂ ਨੇ ਮੈਨੂੰ ਪਿਆਰ ਕੀਤਾ। ਸ਼ਗਨ ਦਿੱਤਾ। ਵਾਰ-ਵਾਰ ਆਖਣ, “ਕਿਆ ਰੂਪ ਏ ਕੁੜੀ ‘ਤੇ।”ਮੈਂ ਘੁੰਨਾਂ ਹੋਇਆ ਚੁੰਨੀ ਵਿਚ ਮੂੰਹ ਲੁਕਾ ਕੇ ਹੱਸਾਂ, ਪਰ ਪਛਾਣਿਆਂ ਕਿਸੇ ਨਾ। ਜਦੋਂ ਅਸੀਂ ਅੰਦਰਲੇ ਘਰ ਜਾਣ ਲਈ ਘਰੋਂ ਨਿਕਲੇ ਸਾਂ ਤਾਂ ਗੁਰਦਵਾਰੇ ਵਾਲੇ ਥੜ੍ਹੇ ‘ਤੇ ਸਦਾ ਵਾਂਗ ਕੁਝ ਲੋਕ ਬੈਠੇ ਸਨ। ਮੈਂ ਸੰਙਦੇ ਨੇ ਮੂੰਹ ਉਤਾਂਹ ਨਹੀਂ ਸੀ ਚੁੱਕਿਆ। ਪਰ ਜਦੋਂ ਵਾਪਸ ਘਰ ਨੂੰ ਆ ਰਹੇ ਸਾਂ, ਤਾਂ ਅਚਾਨਕ ਮੇਰੀ ਨਜ਼ਰ ਥੜ੍ਹੇ ‘ਤੇ ਬੈਠੇ ਬੰਦਿਆਂ ਵੱਲ ਚਲੀ ਗਈ। ਅਚਨਚੇਤ ਮੇਰੀ ਨਜ਼ਰ ਆਪਣੇ ਉਸ ਮਾਮੇ ਵੱਲ ਗਈ, ਜੋ ਪਿੰਡ ਵਿਚ ਬੜੇ ਸਾਊ ਤੇ ਚੰਗੇ ਗੱਭਰੂ ਵਜੋਂ ਜਾਣਿਆਂ ਜਾਂਦਾ ਸੀ। ਮੈਂ ਵੇਖਿਆ ਕਿ ਮਾਮੇ ਦੀਆਂ ਨਜ਼ਰਾਂ ਮੇਰੇ ‘ਤੇ ਗੱਡੀਆਂ ਹੋਈਆਂ ਸਨ। ਉਹਦੀਆਂ ਅੱਖਾਂ ਵਿਚ ਏਨੀ ਹਿਰਸ ਤੇ ਭੋਖੜਾ ਸੀ ਕਿ ਪਲ ਦੀ ਪਲ ਮੈਂ ਭੁੱਲ ਹੀ ਗਿਆ ਕਿ ਮੈਂ ਮੁੰਡਾ ਹਾਂ। ਮੈਨੂੰ ਲੱਗਾ ਕਿ ਮੇਰੇ ਵਿਚੋਂ ਦਿਸਦੀ ਕੁੜੀ ਨੂੰ ਮਾਮਾ ਕਿਹੋ ਜਿਹੀ ਸ਼ਹਿਵਤ ਨਾਲ ਵੇਖ ਰਿਹਾ ਏ! ਮੇਰੇ ਅੰਦਰਲੀ ਕੁੜੀ ਨੂੰ ਉਹਦੀਆਂ ਅੱਖਾਂ ਦੀ ਮੈਲ਼ ਵੇਖ ਕੇ ਬੜਾ ਅਜੀਬ ਲੱਗਾ। ਘਬਰਾਹਟ ਹੋਣ ਲੱਗੀ। ਬੜੀ ਸ਼ਰਮ ਵੀ ਆਈ। ਸਾਊ ਮਾਮੇ ਦੀਆਂ ਅੱਖਾਂ ਵਿਚ ਕੁੜੀ ਨੂੰ ਖਾ ਜਾਣ ਵਾਲਾ ਬਘਿਆੜ ਮੈਨੂੰ ਬੜਾ ਬੁਰਾ ਲੱਗਾ।ਉਸਤੋਂ ਬਾਅਦ ਵੀ ਮਾਮਾ ਪਿੰਡ ਵਾਲਿਆਂ ਲਈ ਓਨਾ ਹੀ ਚੰਗਾ ਸੀ। ਮੈਨੂੰ ਵੀ ਓਨਾ ਹੀ ਪਿਆਰ ਕਰਦਾ, ਪਰ ਪਤਾ ਨਹੀਂ ਕਿਉਂ, ਜਦੋਂ ਮੈਂ ਉਹਦੇ ਵੱਲ ਵਿੰਹਦਾ ਤਾਂ ਮੈਨੂੰ ਆਪਣਾ ਆਪ ਕੁੜੀ ਲੱਗਣ ਲੱਗ ਜਾਂਦਾ। ਮਾਮੇ ਦੀਆਂ ਅੱਖਾਂ ਵਿਚ ਪਹਿਲਾਂ ਵਾਲੀ ਨਿਰਛਲਤਾ ਤੇ ਮੋਹ ਹੁੰਦਾ, ਪਰ ਪਤਾ ਨਹੀਂ ਮੈਨੂੰ ਕਿਉਂ ਮਾਮੇ ਦੀਆਂ ਉਸ ਦਿਨ ਵਾਲੀਆਂ ਮੈਲੀਆਂ ਨਜ਼ਰਾਂ ਦਿਸਣ ਲੱਗ ਪੈਂਦੀਆਂ ਤੇ ਮੈਂ ਪਾਸਾ ਵਟਾ ਕੇ ਮਾਮੇ ਕੋਲੋਂ ਤੁਰ ਜਾਂਦਾ।
ਮਾਮੇ ਦੀਆਂ ਉਹ ਅੱਖਾਂ ਮੈਨੂੰ ਅੱਜ ਵੀ ਚੇਤੇ ਨੇ। ਮੇਰੇ ਅੰਦਰਲੀ ਕੁੜੀ ਦੇ ਜਿਸਮ ਨੂੰ ਵਿੰਨ੍ਹ ਰਹੀਆਂ। ਕੱਪੜਿਆਂ ਹੇਠੋਂ ਉਹਦਾ ਨੰਗੇਜ਼ ਵੇਖ ਰਹੀਆਂ। ਉਸਤੋਂ ਬਾਅਦ ਮੈਂ ਸੋਚਣ ਲੱਗਾ ਕਿ ਕੁੜੀਆਂ ਵਿਚਾਰੀਆਂ ਤਾਂ ਰੋਜ਼ ਹੀ ਅਜਿਹੇ ਮਰਦਾਂ ਦੀਆਂ ਅੱਖਾਂ ਦੀ ਮੈਲ਼ ਨਾਲ ਲਿਬੜਦੀਆਂ ਹੋਣਗੀਆਂ। ਉਹ ਹਰ ਰੋਜ਼ ਅਜਿਹੀਆਂ ਕਿੰਨੀਆਂ ਨਜ਼ਰਾਂ ਦੇ ਤੀਰ ਸਹਿੰਦੀਆਂ ਹੋਣਗੀਆਂ। ਮੈਨੂੰ ਲੱਗਦਾ ਕਿ ਕੁੜੀ ਹੋ ਕੇ ਜਿਊਣਾ ਤੇ ਵਿਚਰਨਾ ਕਿੰਨਾ ਮੁਸ਼ਕਿਲ ਹੈ! ਸ਼ਾਇਦ ਏਹੋ ਕਾਰਨ ਹੈ ਕਿ ਉਮਰ ਬੀਤ ਗਈ ਹੈ, ਮੈਂ ਕਦੀ ਕਿਸੇ (ਹੁਣ ਤਾਂ ਉਮਰ ਬੀਤ ਗਈ, ਜਵਾਨੀ ਵੇਲੇ ਦੀ ਗੱਲ ਕਰਾਂ) ਕੁੜੀ ਨੂੰ ਸ਼ੋਹਦਿਆਂ ਵਾਂਗ ਅੱਜ ਤੱਕ ਕਦੀ ਨਾ ਵੇਖਿਆ, ਨਾ ਕੋਈ ਬੋਲ ਮਾਰਿਆ, ਨਾ ਕੋਈ ਅਜਿਹੀ ਗੱਲ ਕੀਤੀ ਜੋ ਉਹਦੀ ਹਸਤੀ ਨੂੰ ਚੋਭ ਲਾਉਣ ਵਾਲੀ ਹੋਵੇ।
ਇਹ ਯਾਦ ਸਾਂਝੀ ਕਰਨ ਦਾ ਮਤਲਬ ਇਹ ਨਹੀਂ ਕਿ ਕੁੜੀਆਂ ਇਕੱਲੀਆਂ ਏਸੇ ਨਜ਼ਰ ਨਾਲ ਹੀ ਜ਼ਖ਼ਮੀ ਹੁੰਦੀਆਂ ਹੋਣਗੀਆਂ, ਉਨ੍ਹਾਂ ਨਾਲ ਹੋਰ ਵੀ ਵਧੀਕੀਆਂ ਹੁੰਦੀਆਂ ਨੇ, ਹਰ ਰੋਜ਼ ਹੁੰਦੀਆਂ ਨੇ ਤੇ ਉਨ੍ਹਾਂ ਦੇ ਕਈ ਪਸਾਰ ਨੇ। ਉਹ ਗੱਲਾਂ ਵੀ ਹੁੰਦੀਆਂ ਰਹਿੰਦੀਆਂ, ਕਰਦੇ ਰਹਿੰਦੇ ਹਾਂ। ਪਰ ਇਸ ਇਕ ਝਾਕੀ ਨੇ ਮੈਨੂੰ ਕਿੱਡਾ ਵੱਡਾ ਸਬਕ ਦੇ ਦਿੱਤਾ ਸੀ! ਅਜਿਹੀਆਂ ਨਜ਼ਰਾਂ ਦਾ ਭਾਰ ਸਾਰੀ ਉਮਰ ਝੱਲਣ ਵਾਲੀਆਂ ਔਰਤਾਂ ਦੇ ਹਵਾਲੇ ਨਾਲ ਪੂਰੀ ਔਰਤ ਜ਼ਾਤ ਦੇ ਸਤਿਕਾਰ ਲਈ ਸਿਰ ਝੁਕਾਉਣਾ ਫ਼ਰਜ਼ ਸਮਝਦਾ ਹਾਂ।