ਨਵੀਂ ਦਿੱਲੀ:ਈਰਾਨ ਖ਼ਿਲਾਫ਼ ਫ਼ੌਜੀ ਦਬਾਅ ਤੋਂ ਬਾਅਦ ਅਮਰੀਕਾ ਨੇ ਆਰਥਿਕ ਮੋਰਚੇ ‘ਤੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਈਰਾਨ ਦੇ ਆਲਮੀ ਵਿੱਤੀ ਅਤੇ ਵਪਾਰਕ ਨੈੱਟਵਰਕ ਖ਼ਿਲਾਫ਼ ਨਵੀਆਂ ਅਤੇ ਸਖ਼ਤ ਪਾਬੰਦੀਆਂ ਦਾ ਐਲਾਨ ਕਰਦਿਆਂ ‘ਆਪ੍ਰੇਸ਼ਨ ਇਕਨਾਮਿਕ ਆਊਟਕਾਸਟ ਸ਼ੁਰੂ ਕੀਤਾ।
ਅਮਰੀਕਾ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ, ਕੰਪਨੀਆਂ ਤੇ ਤੇਲ ਕਾਰੋਬਾਰ ਨੂੰ ਵਿੱਤੀ ਮਦਦ ਦੇਣ ਵਾਲੇ ਨੈੱਟਵਰਕ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਅਮਰੀਕੀ ਵਣਜ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਮੁਹਿੰਮ ਦਾ ਮਕਸਦ ਈਰਾਨੀ ਸਰਕਾਰ ਨੂੰ ਮਿਲਣ ਵਾਲੀ ਆਰਥਿਕ ਮਦਦ ਤੇ ਉਸ ਦੇ ਵਿੱਤੀ ਸੰਪਰਕਾਂ ਨੂੰ ਖ਼ਤਮ ਕਰਨਾ ਹੈ। ਅਮਰੀਕਾ ਹੁਣ ਪਾਬੰਦੀਆਂ ਵਿਚ ਕਿਸੇ ਤਰ੍ਹਾਂ ਦੀ ‘ਲੀਕੇਜ’ ਬਰਦਾਸ਼ਤ ਨਹੀਂ ਕਰੇਗਾ ਤੇ ਈਰਾਨ ਨਾਲ ਆਰਥਿਕ ਲੈਟ-ਦੇਣ ਕਰਨ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਅਮਰੀਕੀ ਪ੍ਰਸ਼ਾਸਨ ਨੇ ਕਰੀਬ 60 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਕਾਰਵਾਈ ਦਾ ਦਾਇਰਾ ਡਿਜੀਟਲ ਏਸੈਟਸ, ਤਕਨਾਲੋਜੀ, ਸੋਨਾ, ਹਵਾਬਾਜ਼ੀ ਤੇ ਸ਼ਿਪਿੰਗ ਵਰਗੇ ਖੇਤਰਾਂ ਤੱਕ ਵਧਾਇਆ ਗਿਆ ਹੈ। ਬੇਸੈਂਟ ਨੇ ਕਿਹਾ ਕਿ ਈਰਾਨ ਦੇ ਤੇਲ ਕਾਰੋਬਾਰ ਨੂੰ ਹਵਾ ਦੇਣ ਅਤੇ ਤੇਲ ਤੋਂ ਹੋਣ ਵਾਲੀ ਆਮਦਨ ਨੂੰ ਨਕਦੀ ਵਿਚ ਬਦਲਣ ਵਿਚ ਮਦਦ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ-ਵੱਖ ਦੇਸ਼ਾਂ ਦੇ ਲੀਡਰਾਂ ਨਾਲ ਸੰਪਰਕ ਕਰ ਕੇ ਈਰਾਨ ਨਾਲ ਆਰਥਿਕ ਸਬੰਧਾਂ ‘ਤੇ ਮੁੜ ਵਿਚਾਰ ਕਰਨ ਲਈ ਕਹਿ ਰਹੇ ਹਨ। ਬੇਸੈਂਟ ਮੁਤਾਬਕ, ਹੁਣ ਦੁਨੀਆ ਦੇ ਦੇਸ਼ਾਂ ਅਤੇ ਕੰਪਨੀਆਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਅਮਰੀਕੀ ਵਿੱਤੀ ਤੰਤਰ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਬੰਦੀਆਂ ਦਾ ਸਾਹਮਣਾ ਕਰ ‘ ਰਹੇ ਈਰਾਨ ਨਾਲ ਕਾਰੋਬਾਰ ਜਾਰੀ ਰੱਖਣਾ ਚਾਹੁੰਦੇ ਹਨ। ਤਣਾਅ ਦੌਰਾਨ ਸਮੁੰਦਰੀ ਰਸਤਿਆਂ ਨੂੰ ਲੈ ਕੇ ਵੀ ਟਕਰਾਅ ਵਧ ਰਿਹਾ ਹੈ। ਅਲ ਜਜ਼ੀਰਾ ਮੁਤਾਬਕ, ਈਰਾਨ ਨੇ ਹੋਰਮੁਜ਼ ਸਟ੍ਰੇਟ ਤੋਂ ਲੰਘਣ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 45 ਤੇਲ ਟੈਂਕਰਾਂ ਨੂੰ ਬਲੈਕਲਿਸਟ ਕਰਨ ਦੀ ਗੱਲ ਕਹੀ ਹੈ। ਈਰਾਨ ਨੇ ਚੇਤਾਵਨੀ ਦਿੱਤੀ ਕਿ ਭਵਿੱਖ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਹਾਜ਼ਾਂ ਅਤੇ ਉਨ੍ਹਾਂ ਨਾਲ ਕਾਰੋਬਾਰ ਕਰਨ ਵਾਲੇ ਜਹਾਜ਼ਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਈਰਾਨ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਜ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਸ ਨੂੰ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਵਿਚਕਾਰ ਹੋਏ ਮੱਕਾ ਸੰਯੁਕਤ ਰੱਖਿਆ ਸਮਝੌਤੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਪੀਟੀਆਈ ਮੁਤਾਬਕ ਤਣਾਅ ਘੱਟ ਕਰਨ ਤੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਫਿਰ ਸ਼ੁਰੂ ਕਰਵਾਉਣ ਦੇ ਯਤਨ ਵੀ ਜਾਰੀ ਹਨ। ਇਸੇ ਲੜੀ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਤਿਹਰਾਨ ਪੁੱਜੇ ਅਤੇ ਈਰਾਨ ਦੇ ਮੁੱਖ ਵਾਰਤਾਕਾਰ ਅਤੇ ਸੰਸਦ ਸਪੀਕਰ ਮੁਹੰਮਦ ਬਾਕਰ ਗਲੀਬਾਫ਼ ਨਾਲ ਮੁਲਾਕਾਤ ਕੀਤੀ। ਗਲੀਬਾਫ਼ ਨੇ ਕਿਹਾ ਕਿ ਅਮਰੀਕਾ ਨੂੰ ਜੂਨ ‘ਚ ਹੋਏ ਸਮਝੌਤੇ (ਐੱਮਓਯੂ) ਤਹਿਤ ਵਚਨਬਧਤਾਵਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਹੋਰਮੁਜ਼ ਬੰਦ ਕਰਨ ਦੀ ਧਮਕੀ
ਪਾਬੰਦੀਆਂ ਦੇ ਐਲਾਨ ਤੋਂ ਪਹਿਲਾਂ ਹੀ ਈਰਾਨ ਨੇ ਆਰਥਿਕ ਯੁੱਧ ਦੀ ਸਥਿਤੀ ਵਿਚ ਸਖ਼ਤ ਜਵਾਬ ਦੀ ਚੇਤਾਵਨੀ ਦਿੱਤੀ ਸੀ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰੇਜ਼ਾਈ ਨੇ ਕਿਹਾ ਸੀ ਕਿ ਆਰਥਿਕ ਪਾਬੰਦੀਆਂ ਲਾਈਆਂ ਗਈਆਂ ਤਾਂ ਹੋਰਮੁਜ਼ ਸਟ੍ਰੇਟ ਤੋਂ ਤੇਲ ਦਾ ਨਿਰਯਾਤ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਰਥਿਕ ਜੁੱਧ ਜਾਰੀ ਰਹਿੱਣ ‘ਤੇ ਹੋਰਮੁਜ਼ ਤੋਂ ਤੇਲ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਹਾਲਾਂ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਦੋ ਫ਼ੀਸਦੀ ਦੀ ਗਿਰਾਵਟ ਆਈ ਤੇ ਕੀਮਤਾਂ 90 ਡਾਲਰ ਪ੍ਰਤੀ ਬੈਰਲ ਦੇ ਨੇੜੇ ਰਹੀਆਂ।
