ਸੰਘ ਪਰਿਵਾਰ ਦੀ ਪਰੇਸ਼ਾਨੀ

ਸਾਲ 2014 ਵਿਚ ਭਾਰਤ ਦੀ ਸੱਤਾ ਉੱਤੇ ਕਬਜ਼ਾ ਕਰਨ ਤੋਂ ਬਾਅਦ ਸੰਘ ਪਰਿਵਾਰ ਭਾਰਤ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਜਿਸ ਤੇਜ਼ੀ ਨਾਲ ਸੰਘੀ ਰੰਗ ਵਿਚ ਰੰਗਣ ਲਈ ਉਤਾਵਲਾ ਹੋਇਆ ਪਿਆ ਹੈ, ਉਸ ਦੇ ਨਤੀਜੇ ਅੱਜ-ਕੱਲ੍ਹ ਉਲਟੇ ਆਉਣ ਲੱਗੇ ਪ੍ਰਤੀਤ ਹੋ ਰਹੇ ਹਨ। ਸ਼ਾਇਦ ਇਸੇ ਕਰਕੇ ‘ਜੈੱਨ-ਜ਼ੀ’ ਅੰਦੋਲਨ ਬਾਰੇ ਮੋਹਨ ਭਾਗਵਤ ਦਾ ਤਾਜ਼ਾ ਬਿਆਨ ਸੰਘ ਪਰਿਵਾਰ ਲਈ ਇਕ ਗੰਭੀਰ ਮਸ਼ਵਰਾ ਹੈ।

ਭਾਗਵਤ ਨੇ ‘ਜੈੱਨ-ਜ਼ੀ’ ਬਾਰੇ ਗੱਲ ਕਰਦਿਆਂ ਬਹੁਤ ਅਹਿਮ ਗੱਲਾਂ ਕਹਿ ਕੇ ਸੰਘ ਪਰਿਵਾਰ, ਖਾਸ ਕਰਕੇ ਸਰਕਾਰ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਉਹ ਸਮਾਂ ਆ ਗਿਆ ਹੈ, ਜਦੋਂ ਭਾਜਪਾ ਨੂੰ ਆਪਣਾ ਰਸਤਾ ਬਦਲਣ ਦੀ ਲੋੜ ਹੈ। ਭਾਗਵਤ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ‘ਜੈੱਨ-ਜ਼ੀ ਅੰਦੋਲਨ’ ਰਾਸ਼ਟਰ ਵਿਰੋਧੀ ਨਹੀਂ ਹੈ, ਇਸ ਮਾਮਲੇ ‘ਚ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਇਮਾਨਦਾਰ ਹਨ। ਉਨ੍ਹਾਂ ਦਾ ਇਹ ਬਿਆਨ ਆਰ.ਐਸ.ਐਸ. ਦੇ ਤੀਜੇ ਨੰਬਰ ਦੇ ਨੇਤਾ ਅਤੁਲ ਲਿਮਯੇ ਲਈ ਵੱਡੀ ਫਿਟਕਾਰ ਹੈ, ਜਿਸ ਨੇ ਬੀਤੇ ਦਿਨੀਂ ਜੰਤਰ-ਮੰਤਰ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਤੇ ਸੰਵਿਧਾਨ ਵਿਰੋਧੀ ਕਿਹਾ ਸੀ। ਅਤੁਲ ਲਿਮਯੇ ਨੇ ਆਪਣੇ ਬਿਆਨ ‘ਚ ਭਾਜਪਾ, ਸਰਕਾਰ ਤੇ ਸੰਘ ਦੇ ਹੋਰ ਸੰਗਠਨਾਂ ਦੇ ਬਿਆਨਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਲਗਾਤਾਰ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਤੇ ਵਿਦੇਸ਼ੀ ਸਾਜਿਸ਼ ਦੱਸ ਰਹੇ ਸਨ। ਸੰਘ ਵਿਚ ਲਿਮਯੇ ਦੇ ਕੱਦ ਦਾ ਨੇਤਾ ਬਹੁਤ ਸੋਚ-ਸਮਝ ਕੇ ਬਿਆਨ ਦਿੰਦਾ ਹੈ ਅਤੇ ਫਿਰ ਅਜਿਹੇ ਬਿਆਨ ਦਾ ਕੋਈ ਖੰਡਨ ਵੀ ਨਹੀਂ ਕਰਦਾ। ਸੰਘ ਮੁਖੀ ਭਾਗਵਤ ਦੁਆਰਾ ਲਿਮਯੇ ਦੇ ਬਿਆਨ ਦੇ ਬਿਲਕੁਲ ਉਲਟ, ਪੂਰੇ ਅੰਦੋਲਨ ਨੂੰ ਜਾਇਜ਼ ਠਹਿਰਾਉਣਾ ਸੰਘ ਪਰਿਵਾਰ ਲਈ ਵੱਡਾ ਝਟਕਾ ਹੈ। ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਅੰਦੋਲਨ ਨੂੰ ਲੈ ਕੇ ਸੰਘ ਅੰਦਰ ਇਕ ਰਾਇ ਨਹੀਂ ਹੈ। ਭਾਗਵਤ ਦਾ ਬਿਆਨ ਅਜਿਹੇ ਲੋਕਾਂ ਲਈ ਇਕ ਸਖ਼ਤ ਚਿਤਾਵਨੀ ਹੈ ਕਿ ਅਜੇ ਵੀ ਸਮਾਂ ਹੈ ਜਾਗ ਜਾਓ, ਨਹੀਂ ਤਾਂ ਸੰਘ ਪਰਿਵਾਰ ਨੂੰ ਕੋਈ ਨਹੀਂ ਬਚਾਅ ਸਕੇਗਾ।
ਭਾਗਵਤ ਨੇ ਆਪਣੇ ਬਿਆਨ ਰਾਹੀਂ ਲੋਕਤੰਤਰ ਤੇ ਜਨਤਕ ਅੰਦੋਲਨਾਂ ਦੇ ਰਿਸ਼ਤੇ ਨੂੰ ਬਹੁਤ ਹੀ ਬਾਰੀਕੀ ਨਾਲ ਰੇਖਾਂਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ‘ਲੋਕਤੰਤਰ ‘ਚ ਵਿਰੋਧ ਪ੍ਰਦਰਸ਼ਨ ਵੀ ਇਕ ਗੱਲਬਾਤ ਹੈ, ਜਦੋਂ ਕੋਈ ਨਾ ਸੁਣੇ ਤਾਂ ਚੀਕਣਾ ਪੈਂਦਾ ਹੈ।’ ਦਰਅਸਲ ਪਿਛਲੇ 12 ਸਾਲਾਂ ਤੋਂ ਭਾਰਤੀ ਲੋਕਤੰਤਰ ‘ਚ ਲਗਾਤਾਰ ਇਕ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਰੋਧ ਪ੍ਰਦਰਸ਼ਨ, ਧਰਨੇ ਤੇ ਅੰਦੋਲਨ ਦੇਸ਼ ‘ਚ ਅਸਥਿਰਤਾ ਪੈਦਾ ਕਰ ਕੇ ਅਰਾਜਕਤਾ ਫੈਲਾਉਂਦੇ ਹਨ ਤੇ ਆਮ ਜੀਵਨ ਵਿਚ ਵਿਘਨ ਪਾਉਂਦੇ ਹਨ। ਇਸੇ ਲਈ ਹਰ ਅੰਦੋਲਨ ਭਾਵੇਂ ਉਹ ਕਿਸਾਨਾਂ ਦਾ ਜਾਂ ਸ਼ਾਹੀਨ ਬਾਗ ਦਾ ਹੋਵੇ ਉਸ ਦਾ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵਿਦੇਸ਼ੀ ਸਾਜ਼ਿਸ਼ ਦੱਸ ਕੇ ਅੰਦੋਲਨਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭੁੱਖ ਹੜਤਾਲ ਕਰਨ ਦੇ ਸਿਰਫ਼ ਸ਼ੱਕ ਕਾਰਨ ਪੁਲਿਸ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ। ਸਭ ਨੂੰ ਪਤਾ ਹੈ ਕਿ ਕਿਵੇਂ ਕਿਸਾਨ ਅੰਦੋਲਨ ਨੂੰ ਖੁੱਲ੍ਹੇਆਮ ਖ਼ਾਲਿਸਤਾਨੀ ਕਿਹਾ ਗਿਆ ਤੇ ਸ਼ਾਹੀਨ ਬਾਗ ਦੇ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਦੱਸਿਆ ਜਾਂਦਾ ਰਿਹਾ। ਗੁਆਂਢੀ ਦੇਸ਼ਾਂ- ਸ੍ਰੀਲੰਕਾ, ਬੰਗਲਾਦੇਸ਼ ਤੇ ਨਿਪਾਲ ‘ਚ ਜੈੱਨ-ਜ਼ੀ ਅੰਦੋਲਨਾਂ ਕਾਰਨ ਸੱਤਾ ਤਬਦੀਲੀ ਹੋਣ ਤੋਂ ਬਾਅਦ ਹਰੇਕ ਵਿਰੋਧ ਪ੍ਰਦਰਸ਼ਨ ਨੂੰ ਵੱਡੀ ਸਾਜ਼ਿਸ਼ ਦੱਸ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਭਾਜਪਾ ਨੇਤਾਵਾਂ ਨੇ ਜੰਤਰ-ਮੰਤਰ ‘ਤੇ ਧਰਮਿੰਦਰ ਪ੍ਰਧਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ‘ਅੱਤਵਾਦੀਆਂ ਦੀ ਬੀ ਟੀਮ’ ਕਿਹਾ ਤਾਂ ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਉਨ੍ਹਾਂ ਨੂੰ ‘ਵਾਇਰਸ ਤੇ ਦੇਸ਼ ਦੇ ਟੁਕੜੇ ਕਰਨ ਵਾਲੇ’ ਕਰਾਰ ਦਿੱਤਾ। ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਜੈੱਨ-ਜ਼ੀ ਨੂੰ ‘ਜੈੱਨ-ਗਟਰ’ ਕਿਹਾ ਹੈ। ਆਰ.ਐਸ.ਐਸ. ਦੇ ਵਿਚਾਰਧਾਰਕ ਮੋਹਨਦਾਸ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਹਾ, ‘ਮੈਂ ਹੁੰਦਾ ਤਾਂ ਉਸ ਇਲਾਕੇ ‘ਚ ਕਰਫਿਊ ਲਾ ਕੇ 3 ਵਾਰ ਵਾਰਨਿੰਗ ਦੇ ਕੇ ਗੋਲੀ ਚਲਵਾ ਦਿੰਦਾ, ਕੁਝ ਲੋਕ ਮਰਦੇ ਤਾਂ ਉਨ੍ਹਾਂ ਨੂੰ ਉਠਵਾ ਕੇ ਹਸਪਤਾਲ ਭੇਜ ਦਿੰਦਾ।’ ਭਾਗਵਤ ਨੇ ਵਿਰੋਧ ਪ੍ਰਦਰਸ਼ਨ ਨੂੰ ਜਾਇਜ਼ ਠਹਿਰਾ ਕੇ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਮੋਹਨ ਭਾਗਵਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਕਾਰ ਦੇ ਸਿਖ਼ਰ ‘ਤੇ ਬੈਠੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਜ਼ੁਬਾਨੀ ਹਮਲੇ ਤੇ ਬੇਰਹਿਮੀ ਨਾਲ ਕੀਤੀ ਮਾਰਕੁੱਟ ਸੰਭਵ ਨਹੀਂ ਸੀ। ਇਸ ਲਈ ਭਾਗਵਤ ਨੇ ਉਨ੍ਹਾਂ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਲੀਡਰਸ਼ਿਪ ਸਿਰਫ਼ ਭਾਸ਼ਨ ਦੇਣ, ਪ੍ਰਚਾਰ ਕਰਨ, ਸਾਹਮਣੇ ਖੜ੍ਹੇ ਹੋਣ ਤੇ ਚੋਣਾਂ ਜਿੱਤਣ ਦਾ ਨਾਂਅ ਨਹੀਂ ਹੈ। ਇਕ ਅਸਲੀ ਨੇਤਾ ਉਹ ਹੁੰਦਾ ਹੈ, ਜੋ ਪਰਦੇ ਪਿੱਛੇ ਰਹਿ ਕੇ ਅੰਦਰੋਂ ਕੰਮ ਕਰਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਤੇ ਸ਼ਾਹ ‘ਤੇ ਨਿਸ਼ਾਨਾ ਹੈ, ਜੋ ਹਰ ਚੀਜ਼ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਦਿਆਂ ਹਮੇਸ਼ਾ ਦੂਜਿਆਂ ਨੂੰ ਭਾਸ਼ਨ ਦੇਣ ਤੇ ਪ੍ਰਚਾਰ ਕਰਕੇ ਚੋਣਾਂ ਜਿੱਤਣ ਨੂੰ ਹੀ ਲੋਕਤੰਤਰ ਮੰਨਦੇ ਹਨ। ਮੋਹਨ ਭਾਗਵਤ ਨੇ 2024 ਦੀਆਂ ਚੋਣਾਂ ਤੋਂ ਬਾਅਦ ਵੀ ਕਿਹਾ ਸੀ ਕਿ ਵਿਰੋਧੀ ਦੁਸ਼ਮਣ ਨਹੀਂ ਹੁੰਦੇ, ਉਹ ਵਿਰੋਧੀ ਧਿਰ ਹੁੰਦੀ ਹੈ ਅਤੇ ‘ਇਕ ਸਵੈ-ਸੇਵਕ ‘ਚ ਕੋਈ ਹੰਕਾਰ ਨਹੀਂ ਹੁੰਦਾ। ਉਹ ਕਿਤੇ ਨਾ ਕਿਤੇ ਮੌਜੂਦਾ ਸੰਕਟ ਲਈ ਮੋਦੀ ਤੇ ਸ਼ਾਹ ਨੂੰ ਦੋਸ਼ੀ ਠਹਿਰਾ ਰਹੇ ਹਨ। ਸਪੱਸ਼ਟ ਹੈ ਕਿ ਹਾਲਾਤ ਰ. ਸ. ਸ. ਦੇ ਮਨਸੂਬਿਆਂ ਦੀ ਗਹਿਰਾਈ ਨੂੰ ਸਮਝਣ ਵੱਲ ਵਧ ਰਹੇ ਪ੍ਰਤੀਤ ਹੁੰਦੇ ਹਨ। ਸ਼ਾਇਦ ਮੋਹਨ ਭਾਗਵਤ ਦੇ ਬਿਆਨ ਵੀ ਇਸੇ ਪਰੇਸ਼ਾਨੀ ਦੀ ਦੇਣ ਹੋਣ। ਆਉਣ ਵਾਲਾ ਸਮਾਂ ਹੀ ਇਸ ਰਹੱਸ ਤੋਂ ਪਰਦਾ ਚੁੱਕ ਸਕੇਗਾ।