ਰਾਹੁਲ ਸਾਂਕ੍ਰਿਤਿਆਇਨ ਤੋਂ ਕਿਸਨੂੰ ਡਰ ਲੱਗਦਾ ਹੈ?

ਮਾਲਿਨੀ ਭੱਟਾਚਾਰੀਆ
20 ਜੁਲਾਈ ਨੂੰ ਪੱਛਮੀ ਬੰਗਾਲ ਵਿਚ ਸੱਤਾਧਾਰੀ ਭਾਜਪਾ ਦੇ ਰਾਜ ਵਿਚ ਮਹਾਨ ਖੋਜੀ ਵਿਦਵਾਨ ਰਾਹੁਲ ਸਾਂਕ੍ਰਿਤਿਆਇਨ ਦਾ ਬੁੱਤ ਤੋੜ ਦਿੱਤਾ ਗਿਆ। ਅਗਾਂਹਵਧੂ ਵਿਚਾਰਾਂ ਦੇ ਚਿੰਨ੍ਹ ਸ਼ਖ਼ਸੀਅਤਾਂ ਦੇ ਬੁੱਤਾਂ ਨੂੰ ਤੋੜਨ ਦੇ ਲਗਾਤਾਰ ਵਰਤਾਰੇ ਦੇ ਪ੍ਰਸੰਗ ਵਿਚ ਇਸ ਕਾਰਵਾਈ ਦੇ ਮਾਇਨੇ ਕੀ ਹਨ ਅਤੇ ਰਾਹੁਲ ਸਾਂਕ੍ਰਿਤਿਆਇਨ ਹੋਣ ਦਾ ਮਹੱਤਵ ਕੀ ਹੈ,

ਇਸ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ। ਪੀਪਲਜ਼ ਡੈਮੋਕਰੇਸੀ ਦੇ ਧੰਨਵਾਦ ਸਹਿਤ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।-ਸੰਪਾਦਕ॥
20 ਜੁਲਾਈ ਦੀ ਅੱਧੀ ਰਾਤ ਨੂੰ ਕੁਝ ‘ਆਗਿਆਤ ਬਦਮਾਸ਼ਾਂ’ ਨੇ ਪੱਛਮੀ ਬੰਗਾਲ ਦੇ ਸਨਅਤੀ ਸ਼ਹਿਰ, ਰਾਣੀਗੰਜ, ਦੇ ਇੱਕ ਮੁੱਖ ਚੌਰਾਹੇ ‘ਤੇ ਲੱਗੀ ਰਾਹੁਲ ਸਾਂਕ੍ਰਿਤਿਆਇਨ ਦੀ ਆਦਮਕੱਦ ਮੂਰਤੀ ਮਲੀਆਮੇਟ ਕਰ ਦਿੱਤੀ। ਅਗਲੀ ਸਵੇਰ ਉੱਥੇ ਇੱਟਾਂ ਅਤੇ ਮਲ਼ਬੇ ਤੇ ਬਿਨਾਂ ਕੁੱਝ ਨਹੀਂ ਸੀ। ਹੈਰਾਨ ਹੋਏ ਉੱਥੋਂ ਦੇ ਵਾਸੀਆਂ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਥਾਣੇ ‘ਚ ਦਰਜ ਕਰਵਾਈ ਪਰ ਅਜੇ ਤੱਕ ਕਿਸੇ ਵੀ ਵਿਅਕਤੀ ਦੀ ਇਸ ਸੰਬੰਧੀ ਗ੍ਰਿਫ਼ਤਾਰੀ ਨਹੀਂ ਹੋਈ। ਤੁਸੀਂ ਇਸ ਨੂੰ ਪੱਛਮੀ ਬੰਗਾਲ ‘ਚ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਦੇ ਦੌਰ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਤਿੱਖੀ ਟਿੱਪਣੀ ਮੰਨ ਸਕਦੇ ਹੋ ਕਿ ਸਥਾਨਕ ਪ੍ਰਸ਼ਾਸਨ ਨੇ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਸਮੇਤ ਕਿਸੇ ਮੰਤਰੀ ਜਾਂ ਵਿਧਾਇਕ ਨੇ ਇਸ ‘ਤੇ ਕੋਈ ਚਿੰਤਾ ਨਹੀਂ ਪ੍ਰਗਟਾਈ, ਘਟਨਾ ਦੀ ਨਿੰਦਾ ਜਾਂ ਇਸ ਦੀ ਭਰਪਾਈ ਤਾਂ ਦੂਰ ਦੀ ਗੱਲ। ਪਰ ਭਾਜਪਾ ਦੇ ਕੁਝ ਗੁੰਡਿਆਂ ਨੇ ਸੀ.ਪੀ.ਆਈ.(ਐੱਮ.) ਦੇ ਕਾਰਕੁਨਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਜ਼ਰੂਰ ਦਿੱਤੀ, ਕਿਉਂਕਿ ਉਨ੍ਹਾਂ ਨੇ ਕਈ ਫ਼ਿਕਰਮੰਦ ਲੋਕਾਂ ਨਾਲ ਮਿਲ ਕੇ ਇਸ ਕਾਰੇ ਦੀ ਨਿੰਦਾ ਕਰਨ ਲਈ, ਉਸ ਥਾਂ ‘ਤੇ ਇਕ ਰੋਸ ਸਭਾ ਕਰਵਾਈ ਸੀ।
ਅਜਿਹਾ ਵਿਹਾਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਨਵੀਂ ਸਰਕਾਰ ਦੀ ਸ਼ੁਰੁਆਤ ਗਾਂਧੀ ਜੀ ਅਤੇ ਲੈਨਿਨ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਬੰਗਾਲ ‘ਚ 1860 ਦੇ ਦਹਾਕੇ ਦੇ ‘ਨੀਲ ਵਿਦਰੋਹ’ ਨਾਲ ਜੁੜੀ ਇੱਕ ਕਲਾਕ੍ਰਿਤੀ ਨੂੰ ਤੋੜਨ ਨਾਲ ਹੋਈ ਸੀ। ਭਾਜਪਾ ਦੇ ਸੱਤਾ ਵਿਚ ਆਉਣ ਪਹਿਲਾਂ ਵੀ ਕੁਝ ਸਾਲ ਹੋਏ, ਏ.ਬੀ.ਵੀ.ਪੀ. (ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ) ਦੇ ਕਾਰਕੁਨਾਂ ਨੇ ਹੁਕਮਰਾਨ ਤ੍ਰਿਣਾਮੂਲ ਕਾਂਗਰਸ ਦੇ ਕਾਰਕੁਨਾਂ ਨਾਲ ਝੜਪ ਦੌਰਾਨ, ਈਸ਼ਵਰ ਚੰਦਰ ਵਿਦਿਆਸਾਗਰ ਦੇ ਨਾਮ ‘ਤੇ ਬਣੇ ਕਾਲਜ ਦੇ ਕੈਂਪਸ ਵਿਚ ਬਣੀ ਉਨ੍ਹਾਂ ਦੀ ਮੂਰਤੀ ਤੋੜ ਦਿੱਤੀ ਸੀ। ਹੁਣ ਜਦੋਂ ਉਹ ਸੱਤਾ ‘ਚ ਹਨ ਤਾਂ ਯਕੀਨਨ ਤੌਰ ‘ਤੇ ਉਹ ਜਨਤਕ ਥਾਵਾਂ ‘ਤੇ ਬਣੇ ਪ੍ਰਤੀਕਾਂ ਨੂੰ ਨਸ਼ਟ ਕਰਕੇ ਉਨ੍ਹਾਂ ਸਾਰੀਆਂ ਥਾਵਾਂ ‘ਤੇ ਕਬਜਾ ਕਰਨ ਦੀ ਵਾਹ ਲਾਉਣਗੇ, ਜੋ ਪ੍ਰਤੀਕ ਕਿਸੇ ਦੂਸਰੀ ਵਿਚਾਰਧਾਰਾ ਜਾਂ ਉਸ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ। ਅਗਲਾ ਕਾਰਾ ਹੋਵੇਗਾ ਜਿਵੇਂ ਕਿ ਸਾਰੀਆਂ ਫਾਸੀਵਾਦੀ ਤਾਕਤਾਂ ਦੇ ਮਾਮਲੇ ‘ਚ ਹੁੰਦਾ ਹੈ, ਇਤਿਹਾਸ ਦੀਆਂ ਇਨ੍ਹਾਂ ਖਾਲੀ ਥਾਵਾਂ ਨੂੰ ਆਪਣੀ ਪਸੰਦ ਦੇ ਪ੍ਰਤੀਕਾਂ ਨਾਲ ਮੁੜ ਭਰਨਾ ਅਤੇ ਸਥਾਨਕ ਪੱਧਰ ‘ਤੇ ਇਤਿਹਾਸ ਨੂੰ ਮੁੜ ਤੋਂ ਲਿਖਣਾ, ਠੀਕ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਉਹ ਕੌਮੀ ਪੱਧਰ ‘ਤੇ ਕਰ ਰਹੇ ਹਨ।
ਹਾਲਾਂਕਿ, ਰਾਣੀਗੰਜ ਚੌਂਕ ‘ਚ ਰਾਹੁਲ ਸਾਂਕ੍ਰਤਿਆਯਨ ਦੇ ਲੱਗੇ ਇਸ ਆਦਮਕੱਦ ਬੁੱਤ ਦਾ ਆਪਣਾ ਬਹੁਤ ਹੀ ਖ਼ਾਸ ਇਤਿਹਾਸ ਹੈ। ਕਈ ਵਾਰ ਇਹ ਸ਼ਿਕਾਇਤ ਕੀਤੀ ਜਾਂਦੀ ਹੈ—ਅਤੇ ਸ਼ਾਇਦ ਇਸ ਵਿਚ ਕੁਝ ਸੱਚਾਈ ਵੀ ਹੈ—ਕਿ ਰਾਹੁਲ ਸਾਂਕ੍ਰਿਤਿਆਇਨ ਵਰਗੇ ਅਸਾਧਾਰਣ ਵਿਦਵਾਨ, ਬੁੱਧੀਜੀਵੀ ਅਤੇ ਆਜ਼ਾਦੀ ਅੰਦੋਲਨ ਦੇ ਕਾਰਕੁਨ ਨੂੰ ਇਸ ਅੰਦੋਲਨ ਦੇ ਇਤਿਹਾਸਕ ਬਿਰਤਾਂਤਾਂ ਵਿਚ ਉਚਿਤ ਥਾਂ ਨਹੀਂ ਦਿੱਤੀ ਗਈ। ਪਰ 1993 ਵਿਚ, ਉਨ੍ਹਾਂ ਦੀ ਜਨਮ-ਸ਼ਤਾਬਦੀ ਦੇ ਵਰ੍ਹੇ ਦੌਰਾਨ, ਪੱਛਮੀ ਬੰਗਾਲ ਵਿਚ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਦੇ ਯੋਗਦਾਨ ਦਾ ਉਚਿਤ ਮੁਲਾਂਕਣ ਕਰਨ ਲਈ ਅਨੇਕਾਂ ਯਤਨ ਹੋਏ।
ਕੋਲਾ-ਖਾਣ ਖੇਤਰ ਵਿਚ ਸਥਿਤ ਅਤੇ ਵੱਡੀ ਉਦਯੋਗਿਕ ਆਬਾਦੀ ਵਾਲੇ ਰਾਣੀਗੰਜ ਵਿਚ, ਕਈ ਮਜ਼ਦੂਰ ਆਗੂਆਂ ਨੇ ਅਗਾਂਹਵਧੂ ਲੇਖਕਾਂ, ਕਲਾਕਾਰਾਂ ਅਤੇ ਅਧਿਆਪਕਾਂ ਨਾਲ ਮਿਲ ਕੇ ਉਨ੍ਹਾਂ ਦੀ ਜਨਮ-ਸ਼ਤਾਬਦੀ ਮਨਾਉਣ ਲਈ ਸਾਲ ਭਰ ਚੱਲਣ ਵਾਲਾ ਪ੍ਰੋਗਰਾਮ ਆਯੋਜਿਤ ਕੀਤਾ। ਇਸ ਦਾ ਮਕਸਦ ਰਾਹੁਲ ਦੀ ਭੂਮਿਕਾ ਨੂੰ ਸਿਰਫ਼ ਇੱਕ ਅਸਾਧਾਰਣ ਵਿਦਵਾਨ, ਦਾਰਸ਼ਨਿਕ ਅਤੇ ਭਾਸ਼ਾ-ਵਿਗਿਆਨੀ ਵਜੋਂ ਹੀ ਨਹੀਂ, ਸਗੋਂ ਲੋਕਾਂ ਦੀ ਸ਼ਖ਼ਸੀਅਤ ਵਜੋਂ ਵੀ ਉਜਾਗਰ ਕਰਨਾ ਸੀ—ਇੱਕ ਅਣਥੱਕ ਯਾਤਰੀ, ਜੋ ਲੋਕਾਂ ਵਿਚ ਵਿਚਰਦਾ ਹੋਇਆ ਸਮਾਜ ਵਿਚ ਉਨ੍ਹਾਂ ਵੱਲੋਂ ਝੱਲੀ ਜਾਂਦੀ ਲੁੱਟ-ਖਸੁੱਟ ਅਤੇ ਜਬਰ ਦੀਆਂ ਗਹਿਰਾਈਆਂ ਨੂੰ ਨਿਰੰਤਰ ਜਾਣਨ-ਸਮਝਣ ਅਤੇ ਸਮਾਜਿਕ ਮੁਕਤੀ ਦਾ ਰਾਹ ਤਲਾਸ਼ਣ ਲਈ ਯਤਨਸ਼ੀਲ ਰਿਹਾ।
1993 ‘ਚ ਉਨ੍ਹਾਂ ਦੀ ਜਨਮ-ਸ਼ਤਾਬਦੀ ਦੇ ਵਰ੍ਹੇ ਮੌਕੇ ਪੱਛਮੀ ਬੰਗਾਲ ‘ਚ ਉਨ੍ਹਾਂ ਦੇ ਜਨਮਦਿਨ ਮੌਕੇ ‘ਤੇ ਰਾਣੀਗੰਜ ਵਿਚ ਇਹ ਪ੍ਰੋਗਰਾਮ ਇਸ ਲਈ ਕੀਤਾ ਗਿਆ ਕਿ ਮਜਦੂਰਾਂ, ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਇਕੱਠਾ ਕਰਕੇ ਰਾਹੁਲ ਸਾਂਕ੍ਰਤਿਆਯਨ ਦੇ ਜੀਵਨ ਅਤੇ ਉਨ੍ਹਾਂ ਦੇ ਕੰਮਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ ਜਾ ਸਕੇ। ਇਸ ਮੌਕੇ ‘ਤੇ ਮਜ਼ਦੂਰਾਂ ਦੇ ਮੁੱਦਿਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਮੀਟਿੰਗਾਂ ਅਤੇ ਵਿਰੋਧ ਸਭਾਵਾਂ ਵੀ ਕੀਤੀਆਂ ਗਈਆਂ।
ਇਹ ਪ੍ਰੋਗਰਾਮ ਇਸ ਲਈ ਵੀ ਮਹੱਤਵਪੂਰਨ ਸਨ ਕਿਉਂਕਿ ਇਨ੍ਹਾਂ ਰਾਹੀਂ ਨਵੀਂ ਪੀੜ੍ਹੀ ਤੱਕ ਰਾਹਲ ਸਾਂਕ੍ਰਤਿਆਯਨ ਦੇ ਜੀਵਨ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਮਹੱਤਤਾ ਪਹੁੰਚਾਉਣ ਦੀ ਕੋਸ਼ਸ਼ ਕੀਤੀ ਗਈ। ਗਾਂਧੀ ਅਤੇ ਲੈਨਿਨ ਵਰਗੀਆਂ ਸ਼ਖ਼ਸੀਅਤਾਂ ਨਾਲ ਉਨ੍ਹਾਂ ਦੀ ਵਿਚਾਰਧਾਰਕ ਸੰਵਾਦ-ਪਰੰਪਰਾ ਅਤੇ ਮਿਹਨਤਕਸ਼ ਲੋਕਾਂ ਵਿੱਚ ਗਿਆਨ ਤੇ ਚੇਤਨਾ ਪੈਦਾ ਕਰਨ ਦੀ ਉਨ੍ਹਾਂ ਦੀਆਂ ਕੋਸ਼ਿਸ਼ ਨੂੰ ਯਾਦ ਕੀਤਾ ਗਿਆ।
ਰਾਹੁਲ ਸਾਂਕ੍ਰਿਤਿਆਇਨ ਨੇ ਆਪਣਾ ਜੀਵਨ ਬਦਲਦੀ ਦੁਨੀਆ ਨੂੰ ਲਗਾਤਾਰ ਜਾਣਨ ਅਤੇ ਸਮਝਣ ਦੇ ਲੇਖੇ ਲਾਇਆ। ਉਹ ਆਸਾਧਾਰਣ ਵਿਦਵਾਨ, ਖੋਜੀ ਅਤੇ ਵਿਚਾਰਕ ਸਨ। ਉਨ੍ਹਾਂ ਨੇ ਰਵਾਇਤੀ ਸੰਸਥਾਵਾਂ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਗਿਆਨ ਲੋਕਾਂ ਤੱਕ ਪਹੁੰਚਾਇਆ।
ਰਾਣੀਗੰਜ ਦੇ ਚੌਰਾਹੇ ‘ਤੇ ਲੱਗੀ ਰਾਹੁਲ ਦੀ ਮੂਰਤੀ ਦਾ ਵੀ ਆਪਣਾ ਇੱਕ ਇਤਿਹਾਸ ਹੈ। ਕਈ ਵਾਰ ਇਸ ਮੂਰਤੀ ਦੀ ਮੁਰੰਮਤ ਕੀਤੀ ਗਈ ਅਤੇ ਇਸ ਨੂੰ ਨਵੇਂ ਰੂਪ ਵਿੱਚ ਸਜਾਇਆ ਗਿਆ। ਰਾਹੁਲ ਦੀ ਯਾਦ ਵਿੱਚ ਹਰ ਸਾਲ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਪਰੰਪਰਾ ਵੀ ਜਾਰੀ ਰਹੀ।
ਰਾਹੁਲ ਦਾ ਜਨਮ ਜਿਸ ਪਰਿਵਾਰ ਵਿਚ ਹੋਇਆ, ਉਹ ਪਰੰਪਰਾਗਤ ਬ੍ਰਾਹਮਣ ਪਰਿਵਾਰ ਸੀ। ਪਰ ਵੀਹਵੀਂ ਸਦੀ ਦੀ ਸ਼ੁਰੂਆਤ ਵਿਚ ਭਾਰਤ ਵਿਚ ਆ ਰਹੀਆਂ ਸਮਾਜਿਕ ਤਬਦੀਲੀਆਂ ਨੇ ਉਨ੍ਹਾਂ ਨੂੰ ਵੀ ਪ੍ਰਭਾਵਿਤ ਕੀਤਾ। ਇਨ੍ਹਾਂ ਤਬਦੀਲੀਆਂ ਨੇ ਉਨ੍ਹਾਂ ਦੇ ਤੇਜ਼ ਅਤੇ ਜਿਗਿਆਸੂ ਦਿਮਾਗ ਨੂੰ ਆਪਣੇ ਆਲੇ-ਦੁਆਲੇ ਦੀ ਬਦਲਦੀ ਦੁਨੀਆ ਨੂੰ ਜਾਣਨ ਅਤੇ ਸਮਝਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕੀਤੀ, ਵੱਖ-ਵੱਖ ਭਾਸ਼ਾਵਾਂ ਅਤੇ ਸਭਿਆਚਾਰਾਂ ਦਾ ਅਧਿਐਨ ਕੀਤਾ ਅਤੇ ਬੇਸ਼ੁਮਾਰ ਕਿਤਾਬਾਂ ਲਿਖੀਆਂ। ਉਨ੍ਹਾਂ ਦੀਆਂ ਯਾਤਰਾਵਾਂ ਸੈਰ-ਸਪਾਟੇ ਲਈ ਨਹੀਂ ਸਨ, ਸਗੋਂ ਗਿਆਨ ਦੀ ਖੋਜ ਅਤੇ ਸਮਾਜ ਨੂੰ ਸਮਝਣ ਦਾ ਜ਼ਰੀਆ ਸਨ।
ਰਾਹੁਲ ਸਾਂਕ੍ਰਿਰਿਆਯਨ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਗਿਆਨ ਕਿਸੇ ਇੱਕ ਮੁਲਕ, ਭਾਸ਼ਾ ਜਾਂ ਸੰਸਥਾ ਦੀ ਜਾਇਦਾਦ ਨਹੀਂ। ਦੁਨੀਆ ਨੂੰ ਜਾਣਨ ਲਈ ਖੁੱਲ੍ਹੇ ਮਨ ਨਾਲ ਯਾਤਰਾ ਕਰਨੀ, ਸਿੱਖਣਾ ਅਤੇ ਸਵਾਲ ਪੁੱਛਣੇ ਜ਼ਰੂਰੀ ਹਨ।
ਉਨ੍ਹਾਂ ਨੇ ਕਈ ਸਾਲ ਤੱਕ ਰਵਾਇਤੀ ਸੰਸਥਾਵਾਂ ਨਾਲ ਜੁੜ ਕੇ ਗਿਆਨ ਹਾਸਲ ਕੀਤਾ, ਹਾਲਾਂਕਿ ਉਨ੍ਹਾਂ ਨੂੰ ਕਦੇ ਵੀ ‘ਆਧੁਨਿਕ’ ਵਿਦਿਅਕ ਸੰਸਥਾਵਾਂ ਤੋਂ ਕੋਈ ਡਿਗਰੀ ਨਹੀਂ ਮਿਲੀ ਪਰ ਇਹ ਗੱਲ ਉਨ੍ਹਾਂ ਦੇ ਗਿਆਨ ਵਿੱਚ ਕਦੀ ਰੁਕਾਵਟ ਨਹੀਂ ਬਣੀ। ਇੱਥੋਂ ਤੱਕ ਕਿ ਜਦੋਂ ਉਹ ਪਰੰਪਰਾਗਤ ਸਿੱਖਿਆ ਪ੍ਰਣਾਲੀਆਂ ਵਿੱਚ ਗੁਜ਼ਰੇ, ਓਦੋਂ ਵੀ ਉਨ੍ਹਾਂ ਨੇ ਆਪਣੀ ਆਲੋਚਨਾਤਮਕ ਸੋਚ ਦਾ ਇਸਤੇਮਾਲ ਕੀਤਾ ਅਤੇ ਅਸਹਿਮਤੀ ਦੀਆਂ ਪਰੰਪਰਾਵਾਂ ਤੋਂ ਵੀ ਵਾਕਫ਼ ਹੋਏ। ਇਸ ਤਰ੍ਹਾਂ ਉਹ ਮੁੱਖ ਰੂਪ ਵਿਚ ਆਧੁਨਿਕ ਵਿਅਕਤੀ ਸਨ, ਜੋ ਉਸ ਦੌਰ ਦੇ ਉੱਥਲ-ਪੁੱਥਲ ਭਰੇ ਹਾਲਾਤਾਂ ਦੀ ਉਪਜ ਸੀ, ਜਿਸ ਵਿੱਚ ਉਹ ਵੱਡੇ ਹੋਏ ਸਨ। ਭਰਮਣ ਕਰਨ ਵਾਲੇ ਵਿਦਵਾਨ ਦੇ ਹੋਰ ‘ਤੇ ਉਨ੍ਹਾਂ ਨੇ ਆਪਣਾ ਨਾਮ ‘ਰਾਹੁਲ ਸਾਂਕ੍ਰਿਤਿਆਇਨ ਰੱਖਿਆ ਅਤੇ ਗਿਆਨ ਦੀ ਖੋਜ ਵਿੱਚ ਤਿੱਬਤ, ਸ੍ਰੀਲੰਕਾ ਅਤੇ ਸੋਵੀਅਤ ਰੂਸ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਸ਼ੁਹਰਤ ਅਤੇ ਮਾਣ-ਸਨਮਾਨ ਮਿਲਿਆ। ਨਾਲ ਹੀ, 1922 ਵਿੱਚ ਗਾਂਧੀਵਾਦੀ ਅੰਦੋਲਨ ਦੇ ਇੱਕ ਕਾਰਕੁਨ ਦੇ ਤੌਰ ‘ਤੇ ਉਹ ਪਹਿਲੀ ਵਾਰ ਜੇਲ੍ਹ ਗਏ। ਬਾਅਦ ਵਿੱਚ 1938 ਵਿਚ ਉਹ ਕਿਸਾਨ ਸਭਾ ਵਿੱਚ ਸ਼ਾਮਲ ਹੋਏ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਵੀ ਬਣੇ। ਕਿਸਾਨ ਅੰਦੋਲਨ ਵਿਚ ਸ਼ਾਮਲ ਰਹਿਣ ਦੌਰਾਨ ਉਹ ਕਈ ਵਾਰ ਜੇਲ੍ਹ ਗਏ। ਉਹ 1939 ਵਿਚ ਬਣਾਈ ਗਈ ਭਾਰਤੀ ਕਮਿਊਨਿਸਟ ਪਾਰਟੀ ਦੀ ਮੋਂਗ਼ੀਰ ਇਕਾਈ ਦੇ ਬਾਨੀ ਮੈਂਬਰਾਂ ਵਿੱਚ ਸ਼ੁਮਾਰ ਸਨ।
ਸਵਾਲ ਇਹ ਉੱਠਦਾ ਹੈ ਕਿ ਕੀ ਰਾਣੀਗੰਜ ਵਿੱਚ ਮੂਰਤੀ ਹਟਾਉਣ ਵਾਲੇ ਗੁੰਡਿਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਸੀ, ਜਾਂ ਫਿਰ ਇਹ ਖੱਬੇਪੱਖੀ ਅਤੇ ਅਗਾਂਹਵਧੂ ਸਮੂਹਾਂ ਦੇ ਇਕੱਠਾਂ ਲਈ ਆਮ ਤੌਰ ‘ਤੇ ਇਸਤੇਮਾਲ ਹੋਣ ਵਾਲੀ ਜਗ੍ਹਾ ‘ਤੇ ਕੀਤੀ ਗਈ ਭੰਨਤੋੜ ਦਾ ਬੇਸਮਝ ਕਾਰਾ ਸੀ? ਇਸ ਵਿੱਚ ਕੋਈ ਸ਼ੱਕ ਨਹੀ ਕਿ ਆਰ.ਐੱਸ.ਐੱਸ. ਦੇ ਵਿਚਾਰਧਾਰਕ ਆਗੂਆਂ ਨੇ ਤਾਂ ਪਹਿਲਾਂ ਹੀ ਖੱਬੇ ਪੱਖੀਆਂ ਅਤੇ ਖੱਬੇਪੱਖੀ ਵਿਚਾਰਧਾਰਾ ਨੂੰ ਆਪਣਾ ਮੁੱਖ ਦੁਸ਼ਮਣ ਮੰਨਿਆ ਹੋਇਆ ਹੈ। ਜੇਕਰ ਸੱਤਾ ਵਿੱਚ ਬੈਠੇ ਲੋਕ ਅਤੇ ਉਨ੍ਹਾਂ ਦੇ ਕਾਡਰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ, ਤਾਂ ਹੁਣ ਪੱਛਮੀ ਬੰਗਾਲ ਵਿਚ ਵੀ ਖੱਬੇਪੱਖੀ ਚਿੰਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਵੇਗਾ।
ਪਰ ਅੱਜ ਸਾਡੇ ਲਈ ਰਾਹੁਲ ਸਾਂਕ੍ਰਿਤਿਆਇਨ ਦਾ ਨਾਮ ਖ਼ਾਸ ਮਾਇਨੇ ਰੱਖਦਾ ਹੈ। ਉਨ੍ਹਾਂ ਨੇ ਜੋ ਜੁਝਾਰੂ ਪਦਾਰਥਵਾਦੀ ਨਜ਼ਰੀਆ ਅਪਣਾਇਆ, ਉਸ ਦਾ ਖ਼ਾਸ ਮਹੱਤਵ ਹੈ। ਕਰਪਾਤੀ ਜੀ ਵਰਗੇ ‘ਸਨਾਤਨੀਆਂ’ ਨੇ ਇਤਿਹਾਸਿਕ ਪਦਾਰਥਵਾਦ ‘ਤੇ ਜੋ ਹਮਲਾ ਕੀਤਾ ਸੀ, ਉਸ ਦਾ ਉਨ੍ਹਾਂ ਨੇ ਆਪਣੀ ਛੋਟੀ-ਜਿਹੀ ਪੁਸਤਕ ‘ਰਾਮਰਾਜਿਆ ਔਰ ਮਾਰਕਸਵਾਦ’ ਵਿੱਚ ਖੰਡਨ ਕੀਤਾ ਸੀ। ਉਨ੍ਹਾਂ ਦਾ ਇਹ ਕੰਮ ਅੱਜ ਖ਼ਾਸ ਤੌਰ ‘ਤੇ ਮਹੱਤਵਪੂਰਨ ਹੈ। ਧਾਰਮਿਕ ਆਸਥਾ ਦਾ ਇਸਤੇਮਾਲ ਕਰਕੇ ਹਰ ਤਰ੍ਹਾਂ ਦੀ ਲੁੱਟਖਸੁੱਟ ਨੂੰ ‘ਮਾਇਆ’ ਅਤੇ ਅਮੀਰਾਂ ਅਤੇ ਤਾਕਤਵਰ ਲੋਕਾਂ ਅੱਗੇ ਬਿਨਾਂ ਸੋਚੇ ਸਮਝੇ ਝੁਕਣ ਨੂੰ ਇਨਸਾਨ ਦੇ ਕਰਮ, ਬ੍ਰਾਹਮਣਵਾਦੀ ਸ਼ਾਸਨ ਨੂੰ ਨੈਤਿਕ ਅਤੇ ਪਤੀ ਦੀ ਚਿਤਾ ‘ਤੇ ਮਰਨ ਨੂੰ ਔਰਤਾਂ ਦਾ ਫਰਜ਼ ਦੱਸਣ ਉੱਪਰ ਉਨ੍ਹਾਂ ਦੀਆਂ ਸ਼ਾਨਦਾਰ ਵਿਅੰਗਾਤਮਕ ਟਿੱਪਣੀਆਂ ਨੂੰ ਅੱਜ ਦੇ ਨਜ਼ਰੀਏ ਨਾਲ ਪੜ੍ਹਨਾ ਹੋਵੇਗਾ, ਜਿੱਥੇ ਲੁੱਟੇ-ਪੁੱਟੇ ਅਤੇ ਦੱਬੇ-ਕੁਚਲੇ ਲੋਕਾਂ ਦੇ ਦਿਮਾਗਾਂ ਨੂੰ ਗ਼ੁਲਾਮ ਬਣਾਉਣ ਲਈ ਫਾਸ਼ੀਵਾਦੀ ਬੇਹੂਦਗੀ ਫੈਲਾਈ ਜਾ ਰਹੀ ਹੈ। ਹਾਂ, ਫਾਸ਼ੀਵਾਦੀਆਂ ਨੇ ਉਸ ਸੁਤੰਤਰ ਇਨਸਾਨੀ ਦਿਮਾਗ ਤੋਂ ਭੈਅ ਭੀਤ ਹੋਣਾ ਹੀ ਹੈ, ਜਿਸ ਦੀ ਨੁਮਾਇੰਦਗੀ ਮਹਾਪੰਡਿਤ ਰਾਹੁਲ ਸਾਂਕ੍ਰਤਿਆਯਨ ਕਰਦੇ ਹਨ। (ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ)