ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ, ਜੰਤਰ-ਮੰਤਰ ਦੀਆਂ ਭੁੱਖ ਹੜਤਾਲਾਂ, ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵਲ ਕੂਚ, ਪ੍ਰਧਾਨ ਮੰਤਰੀ ਨਿਵਾਸ ਨੇੜੇ ਕਾਂਗਰਸ ਦੇ ਧਰਨੇ ਦੌਰਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਦੀਆਂ ਗ੍ਰਿਫ਼ਤਾਰੀਆਂ ਨੇ ਦੇਸ਼ ਦੀ ਸਿਆਸਤ ਨੂੰ ਇਕ ਦਮ ਭਖਾ ਦਿੱਤਾ ਹੈ।
ਇਹ ਸਭ ਕੁੱਝ ਉਦੋਂ ਵਾਪਰਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਕੇ ਅਜੇ ਦਿੱਲੀ ਪਰਤੇ ਹੀ ਸਨ। ਸ਼ੁੱਕਰਵਾਰ 17 ਜੁਲਾਈ ਨੂੰ ਉਹ ਇਕ ਤੂਫ਼ਾਨੀ ਦੌਰੇ ‘ਤੇ ਹਰਿਆਣਾ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਪੰਜਾਬ ਵਿਖੇ ਦੇਸ਼ ਨੂੰ ਨਵੀਨਤਮ ਮੁਢਲੇ ਢਾਂਚੇ, ਰੇਲਵੇ, ਸਿਹਤ ਅਤੇ ਵਿਰਾਸਤ ਨਾਲ ਜੋੜਨ ਲਈ ਕਰੀਬ 25 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦੇ ਵੱਖ-ਵੱਖ ਥਾਵਾਂ ‘ਤੇ ਉਦਘਾਟਨਾਂ ਲਈ ਪਹੁੰਚੇ ਸਨ। ਪਰ ਇਸ ਦੌਰੇ ਦੌਰਾਨ ਪੰਜਾਬ ਅੰਦਰ ਉਨ੍ਹਾਂ ਦਾ ਜਲੰਧਰ ਅੰਦਰ ਪੜਾਅ ਮਹੱਤਵਪੂਰਨ ਸੀ। ਉਹ ਪੰਜਾਬ ਅੰਦਰ ਪੰਜ ਮਹੀਨਿਆਂ ਦੇ ਵਕਫ਼ੇ ਬਾਅਦ ਹੀ ਜਲੰਧਰ ਦੇ ਦੂਸਰੇ ਦੌਰੇ ‘ਤੇ ਸਨ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹਰਿਆਣਾ ਪਹੁੰਚੇ ਜਿੱਥੇ, ਉਨ੍ਹਾਂ ਨੇ 14 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ‘ਚ ਪ੍ਰਮੁੱਖ ਜੀਂਦ ਵਿਖੇ ਜੀਂਦ ਤੋਂ ਸੋਨੀਪਤ ਤੱਕ 89 ਕਿਲੋਮੀਟਰ ਚੱਲਣ ਵਾਲੀ ਦੇਸ਼ ਵਿਚ ਪਹਿਲੀ ਹਾਈਡਰੋਜਨ ਟਰੇਨ ਦਾ ਉਦਘਾਟਨ ਸੀ। ਹਰਿਆਣਾ ਅੰਦਰ ਹੀ ਦੂਸਰਾ ਮਹੱਤਵਪੂਰਨ ਪ੍ਰੋਜੈਕਟ 160 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਜਾਣ ਵਾਲਾ ਸਿੱਖ ਮਿਊਜ਼ੀਅਮ ਹੈ, ਜੋ ਨਾ ਸਿਰਫ਼ ਇਸ ਰਾਜ ‘ਚ ਬਲਕਿ ਪੂਰੇ ਦੇਸ਼ ਅੰਦਰ ਸਿੱਖ ਗੁਰੂਆਂ ਦੀ ਪਰੰਪਰਾ, ਗੁਰ ਗਿਆਨ, ਬਲਿਦਾਨ ਅਤੇ ਗੁਰਬਾਣੀ ਨੂੰ ਸਦੀਵੀ ਚਾਨਣ-ਮੁਨਾਰੇ ਦੀ ਤਰ੍ਹਾਂ ਕਾਇਮ ਰੱਖੇਗਾ।
ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨੇ 4700 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ‘ਵਿਕਸਿਤ ਭਾਰਤ ਅਭਿਆਨ’ ਤਹਿਤ ਰੱਖਿਆ। ਦੁਆਬਾ ਖੇਤਰ ‘ਚ ਵਿਧਾਨ ਸਭਾ ਦੀਆਂ 23 ਸੀਟਾਂ ਹਨ। ਇਹ ਖੇਤਰ ਪੰਜਾਬੀ ਐੱਨ.ਆਰ.ਆਈਜ਼ ਅਤੇ ਦਲਿਤ ਵਰਗਾਂ ਨਾਲ ਸੰਬੰਧਿਤ ਭਾਈਚਾਰੇ ਦਾ ਪ੍ਰਮੁੱਖ ਕੇਂਦਰ ਹੈ। ਇੱਥੇ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਸੱਚਖੰਡ ਡੇਰਾ ਬੱਲਾਂ ਮੌਜੂਦ ਹੈ। ਇਸ ਡੇਰੇ ਦੇ ਮੁਖ ਸੰਤ ਨਿਰੰਜਨ ਦਾਸ ਨੂੰ 1 ਫਰਵਰੀ 2026 ਨੂੰ ਪ੍ਰਧਾਨ ਮੰਤਰੀ ਆਦਮਪੁਰ ਹਵਾਈ ਅੱਡੇ ਉਤੇ ਮਿਲਣ ਲਈ ਪੁੱਜੇ ਸਨ। ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਹਵਾਈ ਅੱਡਾ ਰੱਖਿਆ ਗਿਆ। ਇਸ ਤੋਂ ਪਹਿਲਾਂ ਸੰਤ ਨਿਰੰਜਨ ਦਾਸ ਜੀ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਸ੍ਰੀ ਅੰਮ੍ਰਿਤਸਰ ਤੋਂ ਕਾਂਸ਼ੀ (ਬਨਾਰਸ) ਗੁਰੂ ਰਵਿਦਾਸ ਟ੍ਰੇਨ ਦੇ ਉਦਘਾਟਨ ਸਮੇਂ ਉਨ੍ਹਾਂ ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕੀਤੀ। ਇਸ ਦਾ ਮਕਸਦ ਪੰਜਾਬ ‘ਚ 32 ਪ੍ਰਤੀਸ਼ਤ ਦਲਿਤ ਭਾਈਚਾਰੇ ਨੂੰ ਹਰਿਆਣਾ ਵਾਂਗ ਸੋਸ਼ਲ ਇੰਜੀਨੀਅਰਿੰਗ ਰਾਹੀਂ ਭਾਜਪਾ ਨਾਲ ਜੋੜਨਾ ਹੋ ਸਕਦਾ ਹੈ। ਭਾਜਪਾ ਨੇ 2024 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ 18 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਹੁਣ ਉਹ 32 ਫ਼ੀਸਦ ਦਲਿਤ ਭਾਈਚਾਰੇ ਨਾਲ ਗਲਵਕੜੀ ਪਾ ਕੇ ਆਪਣਾ ਵੋਟ ਬੈਂਕ ਵਧਾਉਣਾ ਚਾਹੁੰਦੀ ਹੈ।
ਜਲੰਧਰ ਵਿਚ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਪੰਜਾਬੀ ‘ਚ ਸ਼ੁਰੂ ਕਰਕੇ ‘ਪੰਜਾਬ ਨਾਲ ਅਪਣੱਤ’ ਜਤਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਪ ਵਿਧਾਇਕਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ। ਇਹ ਵੀ ਦੋਸ਼ ਲਾਇਆ ਕਿ 2014 ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਲੱਖਾਂ ਕਰੋੜ ਰੁਪਏ ਪੰਜਾਬ ਦੇ ਵਿਕਾਸ ਲਈ ਭੇਜੇ ਜੋ ਇਥੋਂ ਦੀਆਂ ਸਰਕਾਰਾਂ ਨੇ ਆਪਣੇ ਰਾਜਨੀਤਕ ਲਾਭਾਂ ਲਈ ਵਰਤ ਲਏ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ‘ਚ ਡਬਲ ਇੰਜਣ ਸਰਕਾਰ ਅਤੇ ਪੰਜਾਬ ‘ਚ ਮਹਾਰਾਜਾ ਰਣਜੀਤ ਸਿੰਘ ਵਰਗੇ ਪ੍ਰਤਾਪੀ ਰਾਜ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਚੁਣਨ ਤਾਂ ਕਿ ਪੰਜਾਬ ਦਾ ਵਿਕਾਸ ਹਰਿਆਣਾ ਅਤੇ ਦਿੱਲੀ ਦੀਆਂ ਡਬਲ ਇੰਜਣ ਸਰਕਾਰਾਂ ਵਾਂਗ ਹੋ ਸਕੇ।
ਪੰਜਾਬ ਕਾਂਗਰਸ ਵਲੋਂ ਪ੍ਰਧਾਨ ਮੰਤਰੀ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ 12 ਸਾਲ ਦੇ ਕਾਰਜਕਾਲ ‘ਚ ਪੰਜਾਬ ਲਈ ਕੁਝ ਨਹੀਂ ਕੀਤਾ ਸਗੋਂ ਉਲਟਾ ਪੰਜਾਬ ਦੇ ਵਾਜਬ ਹੱਕ ਖੋਹੇ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤੰਜ਼ ਕਰਦਿਆਂ ਕਿਹਾ ਕਿ ਰਾਮ ਮੰਦਿਰ ਦਾ ਚੰਦਾ ਚੋਰੀ ਕਰਨ ਵਾਲਿਆਂ ਦਾ ਵੱਡਾ ਆਗੂ ਇਮਾਨਦਾਰੀ ਦਾ ਭਾਸ਼ਣ ਦੇ ਰਿਹਾ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਭਾਜਪਾ, ਕਾਂਗਰਸ ਅਤੇ ਆਪ ਵਿਚਾਲੇ ਸੱਤਾ ਲਈ ਗਹਿ-ਗੱਚ ਰਾਜਨੀਤਕ ਟਕਰਾਅ ਵੇਖਣ ਨੂੰ ਮਿਲੇਗਾ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਸਾਰੇ ਕਾਰਜ ਭਾਜਪਾ ਦੀ ਪੰਜਾਬ ਪ੍ਰਸਤੀ ਹਨ ਜਾਂ ਮਹਿਜ਼ ਰਾਜਨੀਤਕ ਮੌਕਾਪ੍ਰਸਤੀ ਹੀ ਹਨ।
