ਟਾਹਲੀ ਨਹੀਂ ‘ਟਾਹਲੀ ਸਾਹਿਬ’ ਕਹੁ!

-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
ਸਵੇਰ ਦਾ ਸਮਾਂ…ਪਿੰਡ ਬਿਲ਼ਗੇ ਦੇ ਬੱਸ ਅੱਡੇ ‘ਚੋਂ ਜਲੰਧਰ ਜਾਣ ਵਾਲ਼ੀ ਪਹਿਲੀ ਬੱਸ ਤਿਆਰ ਖੜ੍ਹੀ ਹੈ। ਪੰਜ-ਸੱਤ ਕੁ ਸਵਾਰੀਆਂ ਬੱਸ ਵਿਚ ਬੈਠੀਆਂ ਹਨ। ਇੰਜਣ ਸਟਾਰਟ ਕਰਕੇ ਸੀਟ ‘ਤੇ ਬੈਠਾ ਡ੍ਰਾਈਵਰ ਅੱਡੇ ਵੱਲ ਆਉਂਦੇ ਰਾਹਾਂ ਵੱਲ ਤੱਕ ਰਿਹਾ ਹੈ। ਹੱਥਾਂ ਵਿਚ ਨੋਟ-ਬੁੱਕਾਂ ਜਾਂ ਇੱਕ-ਅੱਧ ਕਿਤਾਬ ਫੜੀ ਕੁੱਝ ਪਾੜ੍ਹੇ ਮੁੰਡੇ-ਕੁੜੀਆਂ ਬੱਸ ਵਿਚ ਹੋਰ ਆਣ ਚੜ੍ਹੇ। ਡ੍ਰਾਈਵਰ ਚਮਕੀਲੇ ਦੀ ਕੈਸਿਟ ਲਾ ਦਿੰਦਾ ਹੈ। ਵੱਜ ਰਹੇ ਲੱਚਰ ਜਿਹੇ ਬੋਲ ਸੁਣ ਕੇ ਪੇਂਡੂ ਕੁੜੀਆਂ ਕੁੱਝ ਅੱਚਵੀ ਜਿਹੀ ਮਹਿਸੂਸ ਕਰਦੀਆਂ ਹਨ।

‘ਪਤੰਦਰ ਵੇਲਾ-ਕੁਵੇਲਾ ਵੀ ਨਹੀਂ ਦੇਖਦੇ!’ ਇੱਕ ਬਜ਼ੁਰਗ ਨੇ ਬਾਰੀ ‘ਚੋਂ ਬਾਹਰ ਵੱਲ ਮੂੰਹ ਕੱਢ ਕੇ ਬੁੜ-ਬੁੜ ਕੀਤੀ। ਮੋਹਰਲੀ ਬਾਰੀ ਕੋਲ ਖੜ੍ਹ ਕੇ ਕੰਡਕਟਰ ਨੇ ‘ਜਲੰਧਰ…ਜਲੰਧਰ’ ਦਾ ਹੋਕਰਾ ਲਾਇਆ। ਏਨੇ ਨੂੰ ਕਾਲ਼ੀ ਦਸਤਾਰ ਵਾਲ਼ਾ ਸੋਹਣਾ-ਸੁਨੱਖਾ ਇੱਕ ਗਭਰੂ ਮੁੰਡਾ ਭੱਜ ਕੇ ਪਿਛਲੀ ਬਾਰੀ ਥਾਣੀ ਬੱਸ ਵਿਚ ਆਣ ਚੜ੍ਹਿਆ। ਉਸਦੇ ਸੀਟ ‘ਤੇ ਬਹਿੰਦਿਆਂ ਹੀ ਡਰਾਈਵਰ ਨੇ ਚਮਕੀਲਾ ਬੰਦ ਕਰ ਦਿੱਤਾ ਅਤੇ ਸ਼ਬਦਾਂ ਦੀ ਕੈਸਿਟ ਚਲਾ ਦਿੱਤੀ। ਅਗਲੀਆਂ ਸੀਟਾਂ ‘ਤੇ ਬੈਠੀਆਂ ਕਈ ਕੁੜੀਆਂ ਨੇ ਮੂੰਹ ਭੁੰਵਾ ਕੇ ਕਾਲ਼ੀ ਪੱਗ ਵਾਲ਼ੇ ਉਸ ਮੁੰਡੇ ਨੂੰ ‘ਭਾਅ ਜੀ ਸਤਿ ਸ੍ਰੀ ਅਕਾਲ’ ਬੁਲਾਈ। ਉਹ ਥੋੜ੍ਹਾ ਜਿਹਾ ਮੁਸਕ੍ਰਾਈਆਂ ਵੀ, ਜਿਵੇਂ ਕਹਿਣਾ ਚਾਹੁੰਦੀਆਂ ਹੋਣ ਕਿ ਸ਼ੁਕਰ ਐ ਵੀਰਿਆ ਤੂੰ ਆਇਆਂ ਤਾਂ ਚਮਕੀਲਾ ਬੰਦ ਹੋਇਆ!
ਇਸ ਛੈਲ-ਛਬੀਲੇ ਗਭਰੂ ਦਾ ਨਾਮ ਤਾਂ ਹੈ ਮਨਜੀਤ ਸਿੰਘ ਪਰ ਘਰ ਦੇ ਅਤੇ ਪਿੰਡ ਵਾਲ਼ੇ ਇਸ ਨੂੰ ਪਿਆਰ ਨਾਲ਼ ‘ਮੰਨਾਂ’ ਹੀ ਕਹਿੰਦੇ ਹਨ। ਸਾਬਤਿ-ਸੂਰਤ ਅਤੇ ਗੁੱਟ ਉੱਤੇ ਸਿਮਰਨਾਂ ਪਾਇਆ ਹੋਣ ਕਰਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਇਹਦੇ ਹਮਜਮਾਤੀ ਤੇ ਹੋਰ ਜਾਣੂ ਮੁੰਡੇ ਇਹਨੂੰ ‘ਮੰਨਾਂ ਬਾਬਾ’ ਹੀ ਆਖਦੇ ਹਨ। ਪਟਵਾਰੀ ਬਾਪ ਦੇ ਬਾਕੀ ਦੇ ਚਾਰ ਨਿਆਣਿਆਂ ‘ਚੋਂ ਕੋਈ ਮੈਟਰਿਕ ਵੀ ਨਹੀਂ ਕਰ ਸਕਿਆ, ਪਰ ਇਹ ਕਾਲਜ ਵਿਚ ਬੀ.ਏ ਕਰ ਰਿਹਾ ਐ। ਪੰਜਾਂ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਧ ਸੁਨੱਖੇ ਨੈਣ-ਨਕਸ਼ਾਂ ਵਾਲ਼ਾ ਤੇ ਡੀਲ-ਡੌਲ ਵਾਲਾ ਹੋਣ ਸਦਕਾ ਪਟਵਾਰੀ ਬਾਪ ਇਸਨੂੰ ਰੀਝ ਨਾਲ ਪੜ੍ਹਾ ਰਿਹਾ ਏ। ਬਿਲ਼ਗੇ ਵਿਚ ਸਥਿਤ ਪੰਜਵੇਂ ਪਾਤਸ਼ਾਹ ਜੀ ਦੀ ਮੁਬਾਰਕ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਤੋਂ ਮੰਨੇਂ ਨੇ ਸਕੂਲ ਪੜ੍ਹਦਿਆਂ ਹੀ ਅੰਮ੍ਰਿਤ ਪਾਨ ਕਰ ਲਿਆ ਸੀ। ਪੜ੍ਹਾਈ ਦੇ ਨਾਲ਼-ਨਾਲ ਇਹ ਅਕਸਰ ਗੁਰਦੁਆਰਾ ਸਾਹਿਬ ਵਿਖੇ ਸੇਵਾ ਵੀ ਕਰਨ ਜਾਂਦਾ।
ਇਹ ਸਾਰੀ ਵਾਰਤਾ ਸਾਕਾ ਜੂਨ ਚੁਰਾਸੀ ਤੋਂ ਬਾਅਦ ਦੇ ਉਨ੍ਹਾਂ ਵਰਿ੍ਹਆਂ ਦੀ ਹੈ ਜਦੋਂ ਪੰਜਾਬ ‘ਚ ਹਾਲਾਤ ਇਹੋ ਜਿਹੇ ਸਨ-
‘ਦੇਖੋ ਤੋ ਹਰ ਇਕ ਮੋੜ ਪੇ ਮਿਲ ਜਾਏਂ ਗੀ ਲਾਸ਼ੇਂ
ਢੂੰਡੋ ਗੇ ਤੋ ਇਸ ਸ਼ਹਰ ਮੇਂ ਕਾਤਿਲ ਨਾ ਮਿਲੇ ਗਾ।’-ਮਲਿਕ ਜ਼ਾਦਾ ਮੰਜ਼ੂਰ
ਸਮਾਂ ਆਪਣੀ ਤੋਰੇ ਤੁਰਦਾ ਜਾ ਰਿਹਾ ਸੀ। ਕਾਲਜ ਦਾਖਲ ਹੋਣ ਤੋਂ ਬਾਅਦ ਰੱਬ ਜਾਣੇ ਕੀ ਭਾਣਾ ਵਾਪਰਿਆ ਕਿ ਮੰਨਾਂ ਪੁਲੀਸ ਦੀਆਂ ਅੱਖਾਂ ‘ਚ ਰੜਕਣ ਲੱਗ ਪਿਆ। ਕਦੇ ਉਸਨੂੰ ਲਾਗੇ ਪਿੰਡ ਦੀ ਪੁਲੀਸ ਚੌਕੀ ਵਾਲ਼ੇ ਸੱਦ ਲੈਂਦੇ ਅਤੇ ਕਦੇ ਫਿਲੌਰ ਥਾਣੇ ਵਾਲ਼ੇ ਲੈ ਜਾਂਦੇ। ਕਦੇ ਉਹਦੇ ਘਰੇ ਖਬਰ ਪਹੁੰਚਦੀ ਕਿ ਤੁਹਾਡਾ ਮੰਨਾਂ ਕਾਲਜੋਂ ਨਿਕਲ਼ਦਾ ਹੀ ਪੁਲੀਸ ਨੇ ਚੁੱਕ ਲਿਆ!
ਪਿੰਡ ਤੇ ਇਲਾਕੇ ਵਿਚ ਪਟਵਾਰੀ ਦਾ ਮਾਣ ਸਤਿਕਾਰ ਬਣਿਆਂ ਹੋਣ ਕਰਕੇ ਅਤੇ ਮੰਨੇਂ ਦੀ ਸ਼ਰੀਫੀ ਸਦਕਾ ਸਰਕਰਦਾ ਸੱਜਣ ਪੰਚਾਇਤ ਬਣਕੇ ਜਾਂਦੇ ਤੇ ਮੰਨੇਂ ਨੂੰ ਘਰੇ ਲੈ ਆਉਂਦੇ।
ਘਰ ਦੇ ਜਦੋਂ ਜੋਰ ਪਾ ਕੇ ਮੰਨੇਂ ਨੂੰ ਪੁੱਛਦੇ ਕਿ ਪੁਲੀਸ ਤੇਰੀ ਵੈਰੀ ਕਿਉਂ ਬਣੀ ਹੋਈ ਹੈ? ਤਾਂ ਉਸਦਾ ਇਹੀ ਜਵਾਬ ਹੁੰਦਾ-
‘ਡੈਡੀ ਜੀ ਮੈਂ ਤਾਂ ਤੁਹਾਡੇ ਸਾਹਮਣੇ ਰੋਜ਼ਾਨਾਂ ਘਰੋਂ ਕਾਲਜ ਜਾਂਦਾ ਹਾਂ ਤੇ ਸਮੇਂ ਸਿਰ ਸਿੱਧਾ ਘਰੇ ਆਉਨਾਂ…ਪੁਲ਼ਸੀਆਂ ਨੂੰ ਪਤਾ ਨੀ ਮੇਰੇ ‘ਤੇ ਕਾਹਦੀ ਸ਼ੱਕ ਪਈ ਹੋਈ ਐ!’
ਰੋਜ਼ਾਨਾਂ ਮਾਰੋ-ਮਾਰੀ ਦੇ ਮਾਹੌਲ ਤੋਂ ਤ੍ਰਹਿੰਦਿਆਂ ਮੰਨੇਂ ਦੇ ਮਾਪਿਆਂ ਨੇ ਉਸਦਾ ਕਾਲਜ ਜਾਣਾ ਬੰਦ ਕਰ ਦਿੱਤਾ। ਪਰ ਪੁਲੀਸ ਨੇ ਉਹਦਾ ਖਹਿੜਾ ਫਿਰ ਵੀ ਨਾ ਛੱਡਿਆ। ਇੱਕ ਦਿਨ ਸੁਭਾ-ਸਵੇਰੇ ਸੁਵਖਤੇ ਹੀ ਜਦੋਂ ਘਰ ਵਿਚ ਸਾਰੇ ਚਾਹ ਪੀ ਰਹੇ ਸਨ ਤਾਂ ਪੰਜਾਬ ਪੁਲੀਸ ਅਤੇ ਸੀ.ਆਰ.ਪੀ ਦੇ ਸਿਪਾਹੀ ਪਟਵਾਰੀ ਦੇ ਘਰ ਦੀ ਚਾਰਦੀਵਾਰੀ ਟੱਪ ਕੇ ਦਗੜ ਦਗੜ ਕਰਦੇ ਵਿਹੜੇ ‘ਚ ਆ ਵੜੇ। ਜਿਵੇਂ ਕਿਤੇ ਉਨ੍ਹਾਂ ਨੂੰ ਪੱਕੀ ਸੂਹ ਹੋਵੇ, ਉਹ ਸਿੱਧੇ ਮੰਨੇਂ ਵਾਲ਼ੇ ਕਮਰੇ ਵਿਚ ਜਾ ਘੁਸੇ। ਸ਼ਿਕਾਰ ਫੜਨ ਵਾਂਗ ਉਹ ਮੰਨੇਂ ਨੂੰ ਵਿਹੜੇ ‘ਚ ਨੂੰ ਧੂਅ ਲਿਆਏ। ਬਾਕੀ ਸਾਰੇ ਟੱਬਰ ਨੂੰ ਦੂਸਰੇ ਦੂਜੇ ਕਮਰੇ ਵਿਚ ਹੁਬੜ ਕੇ ਬਾਹਰੋਂ ਕੁੰਡਾ ਲਾ ਦਿੱਤਾ।
ਇੱਟਾਂ ਦੇ ਫਰਸ਼ ਵਾਲ਼ੇ ਵਿਹੜੇ ਵਿਚ ਮੰਨੇਂ ਨੂੰ ਲੰਮਾਂ ਪਾ ਕੇ ਪੁਲ਼ਸੀਏ ਬੁੱਚੜਾਂ ਵਾਂਗ ਉਹਦੀ ਮਾਰ ਕੁਟਾਈ ਕਰਨ ਲੱਗੇ। ਪਟਵਾਰੀ, ਮੰਨੇਂ ਦੀ ਮਾਂ ਅਤੇ ਭੈਣ-ਭਰਾਵਾਂ ਨੇ ਬਥ੍ਹੇਰੀ ਹਾਲ-ਪਾਹਰਿਆ ਕੀਤੀ ਕਿ ਸਾਡੇ ਮੁੰਡੇ ਦਾ ਕਸੂਰ ਤਾਂ ਦੱਸੋ? ਲਗਾਤਾਰ ਡੰਡੇ ਲਾਠੀਆਂ ਦੀ ਮਾਰ ਸਹਿੰਦਾ ਵਿਚਾਰਾ ਮੰਨਾਂ ਜਦ ਸੱਪ ਵਾਂਗ ਵਲ਼ ਖਾਂਦਾ ਅਰ੍ਹਾਟ ਪਾਉਂਦਾ ਤਾਂ ਕਸਾਈ ਸਿਪਾਹੀ ਉਸਦੇ ਥਾਂਹ-ਕੁਥਾਂਹ ਠੁੱਡੇ ਮਾਰਦੇ!
ਇਹ ਅਤਿ ਦਾ ਹੌਲਨਾਕ ਦ੍ਰਿਸ਼ ਦੇਖ ਕੇ ਮੰਨੇਂ ਦੇ ਪਰਿਵਾਰ-ਜਨ ਕਮਰੇ ਦੀਆਂ ਤਾਕੀਆਂ ‘ਚੋਂ ਬਾਹਾਂ ਕੱਢ-ਕੱਢ ਪੁਲਸੀਆਂ ਦੇ ਤਰਲੇ ਹਾੜ੍ਹੇ ਕੱਢਦੇ ਰਹੇ। ਆਪਣੇ ਜਵਾਨ ਪੁੱਤ ਉੱਪਰ ਇਹ ਅਸਹਿ ਜ਼ੁਲਮ ਹੁੰਦਾ ਦੇਖ ਕੇ ਪਟਵਾਰੀ ਨੇ ਕੁਰਲਾਉਂਦਿਆਂ ਤਾਕੀ ‘ਚੋਂ ਹੱਥ ਜੋੜੇ ਕਿ ਰੱਬ ਦਾ ਵਾਸਤਾ ਇਹਨੂੰ ਸਾਡੀਆਂ ਅੱਖਾਂ ਤੋਂ ਪਰੇ ਲੈ ਜਾਉ…ਸਾਥੋਂ ਪੁੱਤ ਹਲਾਲ ਹੁੰਦਾ ਨਹੀਂ ਦੇਖਿਆ ਜਾਂਦਾ…! ਜਲਾਦਾਂ ਨੇ ਮੁੰਡੇ ਨੂੰ ਘੜੀਸ ਕੇ ਘਰੋਂ ਬਾਹਰ ਲੈ ਆਂਦਾ ਤੇ ਗੱਡੀ ‘ਚ ਸੁੱਟ ਕੇ ਪਿੰਡੋਂ ਬਾਹਰ ਹੋ ਗਏ।
ਦਹਿਸ਼ਤਜ਼ਦਾ ਹੋਏ ਆਂਢੀਆਂ-ਗੁਆਂਢੀਆਂ ਨੇ ਪੁਲ਼ਸੀਆਂ ਦੀ ਧਾੜ ਚਲੇ ਜਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਪਟਵਾਰੀ ਅਤੇ ਹੋਰ ਜੀਆਂ ਨੂੰ ਕਮਰੇ ਦਾ ਕੁੰਡਾ ਖੋਲ੍ਹ ਕੇ ਬਾਹਰ ਕੱਢਿਆ।
ਵਖਤਾਂ ਮਾਰੇ ਪਟਵਾਰੀ ਨੇ ਪਿੰਡ ਦੇ ਚੋਣਵੇਂ ਬੰਦਿਆਂ ਨੂੰ ਨਾਲ਼ ਲੈ ਕੇ ਮੰਨੇਂ ਨੂੰ ਚੁੱਕ ਲਿਜਾਣ ਵਾਲ਼ੀ ਪੁਲੀਸ ਦਾ ਪਿੱਛਾ ਕੀਤਾ। ਇਨ੍ਹਾਂ ਦੇ ਨਾਲ਼ ਇਕ ਸਾਬਕਾ ਪੁਲੀਸ ਮੁਲਾਜ਼ਮ ਹੋਣ ਕਰਕੇ ਮੁੰਡੇ ਦੀ ਸੂਹ ਤਾਂ ਅੱਗੇ ਤੋਂ ਅੱਗੇ ਮਿਲ਼ਦੀ ਰਹੀ ਪਰ ਸਾਰੇ ਥਾਣੇ ਚੌਂਕੀਆਂ ਵਾਲ਼ੇ ਪੱਕਾ ਦੱਸਣ ਦੀ ਬਜਾਏ ਟਾਲ਼ਾ-ਵਾਲ਼ਾ ਵੱਟਦੇ ਰਹੇ। ਨੂਰਮਹਿਲ ਵਾਲ਼ੇ ਇਨ੍ਹਾਂ ਨੂੰ ਭੇਜ ਦੇਣ ਸ਼ਾਹਕੋਟ ਨੂੰ ਤੇ ਉਹ ਆਖ ਦੇਣ ਕਿ ਤੁਹਾਡਾ ਮੁੰਡਾ ਨਕੋਦਰ ਹੈ। ਨਕੋਦਰ ਵਾiਲ਼ਆਂ ਇਨ੍ਹਾਂ ਨੂੰ ਫਿਲੌਰ ਥਾਣੇ ਭੇਜ ਦਿੱਤਾ। ਸਾਰਾ ਦਿਨ ਘੁੰਮਦੇ ਘੁਮਾਉਂਦੇ ਦੇਰ ਰਾਤ ਇਹ ਭੁੱਖਣ-ਭਾਣੇ ਫਿਲੌਰ ਪਹੁੰਚੇ ਪਰ ਮੁੰਡਾ ਉੱਥੇ ਵੀ ਨਹੀਂ ਸੀ। ਥੱਕ ਹਾਰ ਕੇ ਇਨ੍ਹਾਂ ਨੇ ਦੂਜੇ ਦਿਨ ਭਾਲ਼ ਕਰਨ ਦੀ ਸਲਾਹ ਬਣਾਈ।
ਦੂਜੇ ਦਿਨ ਫਿਰ ਉਹੀ ਕਹਾਣੀ…ਚੱਲ ਗੁਰਾਇਆਂ ਚੱਲ ਫਗਵਾੜੇ। ਸਾਬਕਾ ਪੁਲ਼ਸੀਏ ਨੇ ਕਿਸੇ ਜਾਣੂ ਮੁਣਸ਼ੀ ਨਾਲ ਗੰਢ-ਤੁੱਪ ਕਰਕੇ ਪਤਾ ਕੀਤਾ ਕਿ ਮੰਨਾਂ ਨਵਾਂਸ਼ਹਿਰ ਥਾਣੇ ਹੈ। ਨਵਾਂਸ਼ਹਿਰ ਪਹੁੰਚਦਿਆਂ ਇਨ੍ਹਾਂ ਨੂੰ ਸ਼ਾਮ ਪੈ ਗਈ। ਇੱਥੇ ਵੱਡੇ ਅਫਸਰ ਦੀ ਜੇਬ ਉੱਤੇ ‘ਓਂਕਾਰ ਸਿੰਘ’ ਨਾਮ ਵਾਲ਼ੀ ਪੱਟੀ ਦੇਖ ਕੇ, ਉਹਨੂੰ ‘ਸਿੱਖ ਭਰਾ’ ਜਾਣਦਿਆਂ ਪਟਵਾਰੀ ਨੇ ਲੇਲ੍ਹੜੀਆਂ ਕੱਢੀਆਂ, ਤਰਲੇ ਮਾਰੇ ਕਿ ਸਾਨੂੰ ਮੰਨਾਂ ਮਿਲ਼ਾ ਦਿਉ। ਨਾਲ਼ ਦੇ ਬੰਦੇ ਵੀ ਮੰਨੇਂ ਦੇ ਸਾਊ-ਸ਼ਰੀਫ ਧਰਮੀਂ ਹੋਣ ਬਾਰੇ ਦੱਸ ਕੇ ਉਸ ਅਫਸਰ ਨੂੰ ਪਸੀਜ਼ਦਾ ਕਰਨ ਲੱਗੇ। ਕੁੱਝ ਚਿਰ ਇਨ੍ਹਾਂ ਵੱਲ ਅੱਖਾਂ ਫਾੜ-ਫਾੜ ਕੇ ਦੇਖਣ ਮਗਰੋਂ ਓਂਕਾਰ ਸਿੰਘ ਨੇ ਇੱਕ ਹੌਲਦਾਰ ਨੂੰ ‘ਵਾਜ ਮਾਰ ਕੇ ਕਿਹਾ ਕਿ ਜਾਹ ਬਈ ਇਨ੍ਹਾਂ ਨੂੰ ਮੰਨਾਂ ਦਿਖਾ ਲਿਆ।
ਇਸ ਅਫਸਰ ਦਾ ‘ਕੋਟਾਨਿ ਕੋਟ ਧੰਨਵਾਦ’ ਕਰਕੇ ਇਹ ਸਾਰੇ ਜਣੇ ਹੌਲਦਾਰ ਦੇ ਨਾਲ ਚੱਲ ਪਏ। ਪਟਵਾਰੀ ਗੱਡੀ ‘ਚ ਬੈਠਾ ਸੋਚ ਰਿਹਾ ਸੀ ਕਿ ਹੁਣ ਮੁੰਡੇ ਨੂੰ ਅੱਜ ਹੀ ਕਿਤੇ ਦੂਰ-ਦਰਾਜ ਛੱਡ ਆਵਾਂਗੇ, ਘਰੇ ਬਿਲ਼ਗੇ ਨਹੀਂ ਜਾਣਾ। ਨਵਾਂਸ਼ਹਿਰ ਥਾਣੇ ਤੋਂ ਗੱਡੀ ਬੰਗਾ ਰੋਡ ਵੱਲ ਚਲੇ ਗਈ। ਸਾਰਿਆਂ ਦੇ ਚਿਹਰੇ ਆਸ਼ਾਵਾਦੀ ਹੋ ਗਏ ਸਨ! ਅੱਗੇ ਜਾ ਕੇ ਪੁਰਾਣੀਆਂ ਜਿਹੀਆਂ ਦੁਕਾਨਾਂ ਕੋਲ ਗੱਡੀ ਰੁਕੀ ਤੇ ਹੌਲਦਾਰ ਨੇ ਇਕ ਚਾਰਦੀਵਾਰੀ ਵੱਲ ਹੱਥ ਕਰਕੇ ਕਿਹਾ-
‘ਔਹ ਆ ਜੀ ਤੁਹਾਡਾ ਮੁੰਡਾ…ਮਿਲ਼ ਲਉ!’
ਹੌਲਦਾਰ ਨੇ ਜਿੱਧਰ ਇਸ਼ਾਰਾ ਕੀਤਾ ਸੀ ਓਧਰ ਕੋਈ ਬੰਦਾ-ਪਰਿੰਦਾ ਨਹੀਂ, ਸਗੋਂ ਸ਼ਮਸਾਨ ਘਾਟ ਦੇ ਥੜ੍ਹੇ ਉੱਤੇ ਸਿਵਾ ਬਲ਼ ਰਿਹਾ ਸੀ…!’
ਦੂਜੇ ਦਿਨ ਅਖਬਾਰਾਂ ਵਿਚ ਏਦਾਂ ਦੀ ਇਬਾਰਤ ਵਾਲ਼ੀ ਖਬਰ ਛਪੀ-
‘ਬੀਤੇ ਦਿਨ ਬਿਸਤ ਦੁਆਬ ਨਹਿਰ ਦੇ ਸੋਇਤਾ-ਅਸਮਾਨ ਪੁਰ ਪੁਲ਼ ਲਾਗੇ ਹੋਏ ਗਹਿਗੱਚ ਮੁਕਾਬਲੇ ਵਿਚ ਮਾਰੇ ਗਏ ਅਣਪਛਾਤੇ ਅਤਿਵਾਦੀ ਦੀ ਪਛਾਣ ਹੋਈ। ਉਹ ਮੰਜਕੀ ਇਲਾਕੇ ਦਾ ਖਤਰਨਾਕ ਦਹਿਸ਼ਤਗਰਦ ਮਨਜੀਤ ਸਿੰਘ ਉਰਫ ਮੰਨਾਂ ਸੀ…!!’
ਮੰਨੇਂ ਦੇ ਅਭਾਗੇ ਮਾਪਿਆਂ ਨੂੰ ਉਸਦੀਆਂ ਅਸਥੀਆਂ ਕਿਵੇਂ ਮਿਲੀਆਂ? ਇਹ ਦੱਸਣ ਦੀ ਬਜਾਏ ਕੁੱਝ ਹੋਰ ਵੇਰਵੇ-
ਬਿਲ਼ਗੇ ਦੇ ਜਿਸ ਬੱਸ ਅੱਡੇ ਵਿਚ ਕਦੇ ਮੰਨਾਂ ਕਾਲਜ ਜਾਣ ਲਈ ਬੀਬਾ ਪੁੱਤ ਬਣ ਕੇ ਬੱਸੇ ਚੜ੍ਹਦਾ ਹੁੰਦਾ ਸੀ, ਥੋੜੇ ਚਿਰ ਬਾਅਦ ਬੱਸ ਅੱਡੇ ਦੇ ਦੁਕਾਨਦਾਰਾਂ ਨੇ ਇਹ ਦਰਦਨਾਕ ਦ੍ਰਿਸ਼ ਵੀ ਦੇਖਿਆ ਕਿ ਮੰਨੇਂ ਦੀ ਮਾਂ ਆਪਣੇ ਪੁੱਤ ਦੀਆਂ ਕਿਤਾਬਾਂ-ਕਾਪੀਆਂ ਲੈ ਕੇ ਅੱਡੇ ‘ਚ ਅਰਧ-ਪਾਗਲਾਂ ਵਾਂਗ ਘੁੰਮਦੀ ਰਹਿੰਦੀ! ਬੱਸਾਂ ‘ਚ ਉਤਰਦੇ-ਚੜ੍ਹਦੇ ਮੁੰਡੇ ਕੁੜੀਆਂ ਵੱਲ੍ਹ ਮੱਥੇ ‘ਤੇ ਹੱਥ ਧਰ ਕੇ ਦੇਖਦੀ ਰਹਿੰਦੀ…ਕਿਸੇ ਮੁੰਡੇ ਨੂੰ ਪੁੱਛ ਲੈਂਦੀ-ਵੇ ਕਾਕਾ ਸਾਡਾ ਮੰਨਾਂ ਨੀ ਆਇਆ??
ਅੱਖਾਂ ਪੂੰਝਦੇ ਦੁਕਾਨਦਾਰ ਉਹਨੂੰ ਫੜ-ਫੜ ਕੇ ਘਰੇ ਛੱਡ ਜਾਂਦੇ। ਕਦੇ ਉਹਨੂੰ ਪਟਵਾਰੀ ਘਰੇ ਲਿਜਾਂਦਾ!
‘ਅਣਪਛਾਤੀਆਂ ਲਾਸ਼ਾਂ ਕਹਿ ਕੇ ਕੋਹੇ ਬੋਟ ਅਲੂੰਏਂ
ਮੁਨਸਿਫ਼ ਕੋਲ਼ੋਂ ਪੁੱਤ ਭਾਲ਼ਦੀਆਂ ਖਾਲੜਿਆਂ ਦੀਆਂ ਮਾਵਾਂ!’-(ਸਾਦਿਕ)
ਪੱਥਰ ਦਿਲਾਂ ਨੂੰ ਰੁਆ ਦੇਣ ਵਾਲ਼ੀ ਇਹ ਹੌਲਨਾਕ ਵਾਰਤਾ ਮੈਂ ਏਸ ਕਾਰਨ ਨਹੀਂ ਲਿਖ ਰਿਹਾ ਕਿ ਮੰਨਾਂ ਮੇਰਾ ਭਾਣਜਾ ਲਗਦਾ ਸੀ ਤੇ ਮੈਂ ਉਹਦਾ ਮਾਮਾ। ਨਾ ਹੀ ਕਿਸੇ ਹਮਦਰਦੀ ਜਾਂ ਕੋਈ ਹੋਰ ਚਾਹਤ ਹੈ।
‘ਲਹੂ ਬੇਦੋਸ਼ਿਆਂ ਦਾ ਜਦ ਵੀ ਡੁਲ੍ਹੇਗਾ ਇਹ ਤੜਪਣਗੇ
ਜੋ ਸ਼ਾਇਰ ਹੋਣਗੇ ‘ਉਲਫਤ’ ਉਨ੍ਹਾਂ ਨੂੰ ਦਰਦ ਆਏ ਗਾ।’-(ਉਲਫਤ ਬਾਜਵਾ)
ਕਿਉਂ ਕਿ ਪਟਵਾਰੀ ਭਾਈਏ ਦੇ ਪਰਿਵਾਰ ਨਾਲ ‘ਫੂਲ ਵੋਹ ਤੋੜਾ ਕਿ ਚਮਨ ਮੇਂ ਵੀਰਾਨੀ ਹੂਈ’ ਵਾਲ਼ੀ ਗੱਲ ਹੋਈ। ਮੰਨੇਂ ਦੇ ਸਦਮੇਂ ਵਿਚ ਹੀ ਪਹਿਲਾਂ ਸਾਡੀ ਭੈਣ ਪ੍ਰਕਾਸ਼ ਕੌਰ (ਫਿਲੌਰ ਲਾਗੇ ਥਲ਼ੇ ਪਿੰਡ ਵਾਲ਼ੀ ਭੂਆ ਦੀ ਬੇਟੀ) ਫਿਰ ਮੰਨੇਂ ਦੀ ਇੱਕ ਭੈਣ, ਇੱਕ ਭਰਾ ਅਤੇ ਫਿਰ ਪਟਵਾਰੀ ਖੁਦ, ਸਾਰੇ ਉੱਤੋ-ੜਿੱਤੀ ਮੌਤ ਦੇ ਮੂੰਹ ਜਾ ਪਏ।
ਇਹਤੋਂ ਵੀ ਕਿਤੇ ਵਧ ਕੇ ਦਰਦਨਾਕ ਅਣਹੋਣੀਆਂ ਉਸ ਦੌਰ ਵਿਚ ਹੋਈਆਂ, ਪਰ ਇਹ ਕਰੁਣਾਮਈ ਬਿਰਤਾਂਤ ਲਿਖਣ ਦਾ ਇਤਫਾਕ ਵੀ ਇੰਜ ਬਣਿਆਂ ਕਿ ਇੱਕ ਦਿਨ ਮੈਂ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਸਾਂ। ਬਾਰ੍ਹਵੀਂ ਪਉੜੀ ਦੀ ਤੁਕ ‘ਮੰਨੇਂ ਕੀ ਗਤਿ ਕਹੀ ਨ ਜਾਇ॥’ ਪੜ੍ਹਦਿਆਂ ਮੇਰਾ ਧਿਆਨ ਉੱਖੜ ਕੇ ਬਿਲ਼ਗੇ ਚਲਾ ਗਿਆ!
ਪਟਵਾਰੀ ਭਾਈਆ ਰੱਜ ਕੇ ਸ਼ੁਗਲੀ ਸੁਭਾਅ ਵਾਲ਼ਾ ਹੁੰਦਾ ਸੀ, ਪਰ ਮੰਨੇਂ ਦੀ ਮੌਤ ਤੋਂ ਬਾਅਦ ਕਿਤੇ ਉਹ ਸਾਡੇ ਘਰੇ ਆਇਆ ਤਾਂ ਉਕਤ ਵੇਰਵੇ ਦੱਸਦਿਆਂ ਅੱਖਾਂ ਭਰਕੇ ਕਹਿੰਦਾ-
‘ਜਦ ਜੀ ਆਲ਼ੇ-ਦੁਆਲ਼ੇ ਦੇ ਸੱਜਣਾਂ-ਮਿੱਤਰਾਂ ਨੇ ਸਾਡੇ ਕੋਲ਼ ਮੰਨੇਂ ਦੀਆਂ ਸਿਫਤਾਂ ਕਰਨੀਆਂ ਤਾਂ ਮੈਂ ਹੱਸਦਿਆਂ ਕਹਿਣਾ-ਜੀ ਸਾਡਾ ਮੰਨਾਂ ਤਾਂ ਬਾਬੇ ਨਾਨਕ ਜੀ ਦੇ ਲਿਖੇ ਫੁਰਮਾਨ ‘ਤੇ ਹੀ ਫੁੱਲ ਚੜ੍ਹਾਉਂਦਾ ਐ-ਮੰਨੇਂ ਕੀ ਗਤਿ ਕਹੀ ਨ ਜਾਇ॥’
ਬੱਸ ਮੈਂ ਪਾਠ ਸੰਪੂਰਨ ਕਰਕੇ ਲਿਖਣ ਬਹਿ ਗਿਆ ਦਿਲ ਦਾ ਦਰਦ! ਹੁਣ ਸਿਰਲੇਖ ਵਾਲ਼ੀ ਟਾਹਲੀ ਬਾਰੇ ਵੀ ਪੜ੍ਹ ਲਉ ਕਿ ਉਹ ‘ਟਾਹਲੀ ਸਾਹਿਬ’ ਕਿਉਂ ਬਣੀ-
ਮੰਨਾਂ-ਕਾਂਡ ਤੋਂ ਕੁੱਝ ਚਿਰ ਬਾਅਦ ਮੈਂ ਆਪਣੇ ਪਿੰਡੋਂ ਨਵਾਂਸ਼ਹਿਰ ਜਾਂਦਾ ਹੋਇਆ ਸਜਾਵਲ ਪੁਰ ਪਿੰਡ ਟੱਪਿਆ ਤਾਂ ਨਵਾਂਸ਼ਹਿਰ-ਚੰਡੀਗੜ੍ਹ ਰੋਡ ਉੱਤੇ ਕਾਫੀ ਲੋਕ ਇਕੱਠੇ ਹੋਏ ਦੇਖੇ। ਵਾਹੋ-ਦਾਹੀ ਸਾਈਕਲ ਚਲਾਉਂਦਾ ਮੈਂ ਵੀ ਭੀੜ ਕੋਲ ਜਾ ਖੜ੍ਹਾ ਹੋਇਆ। ਇਸ ਸੜਕ ਦੇ ਇੱਕ ਪਾਸੇ ਸਜਾਵਲ ਪੁਰ ਦਾ ਗੁਰਦੁਆਰਾ ਸ਼ਹੀਦਾਂ ਹੈ, ਦੂਜੇ ਪਾਸੇ ਸਾਹਮਣੇ ਇੱਕ ਦਰੱਖਤ ਵਿਚ ਪੁਲੀਸ ਦੀ ਜਿਪਸੀ ਬੜੀ ਬੁਰੀ ਤਰ੍ਹਾਂ ਵੱਜ ਕੇ ਦੋਫਾੜ ਹੋਈ ਪਈ ਸੀ। ਲੋਕ ਦੱਸ ਰਹੇ ਸਨ ਕਿ ਐਕਸੀਡੈਂਟ ਤਾਜ਼ਾ ਹੀ ਹੋਇਆ ਹੈ। ਸਟੇਅਰਿੰਗ ‘ਤੇ ਮਰੇ ਫਸੇ ਪਏ ਇੱਕ ਪੁਲ਼ਸੀਏ ਦੀਆਂ ਅੱਖਾਂ ਬਾਹਰ ਨੂੰ ਇੰਜ ਨਿਕਲ਼ੀਆਂ ਹੋਈਆਂ ਸਨ ਜਿਵੇਂ ਬਰਸਾਤਾਂ ਵਿਚ ਡੱਡੂ ਮਰੇ ਪਏ ਹੁੰਦੇ ਹਨ। ਉਸ ਦੀਆਂ ਦੋਏ ਬਾਹਾਂ ਤੇ ਖੁੱਲ੍ਹੇ ਹੱਥ ਆਲ਼ੇ-ਦੁਆਲ਼ੇ ਨੂੰ ਫੈਲੇ ਹੋਏ ਸਿਕੰਦਰ ਦਾ ਕਥਨ ਚੇਤੇ ਕਰਾ ਰਹੇ ਜਾਪੇ ਕਿ ਅੰਤ ਸਮੇਂ ਮੇਰੇ ਦੋਏ ਹੱਥ ਕੱਫਣ ਤੋਂ ਬਾਹਰ ਕੱਢ ਦਿਉ!
ਬੁਰੀ ਤਰਾਂ ਲਹੂ-ਲੁਹਾਣ ਹੋਏ ਪਏ ਇਸ ਬਾਵਰਦੀ ਪੁਲ਼ਸੀਏ ਦੀ ਜੇਬ੍ਹ ਉਤਲੇ ਬੈਜ ਉੱਪਰ ਵੀ ਭਾਵੇਂ ਖੂਨ ਦੇ ਛਿੱਟੇ ਪਏ ਹੋਏ ਸਨ ਪਰ ਉਹਦਾ ਨਾਂ ਪੂਰਾ ਪੜ੍ਹਿਆ ਜਾ ਰਿਹਾ ਸੀ-‘ਓਂਕਾਰ ਸਿੰਘ!’
…ਦੁਪਾਲ ਪੁਰ ਸਾਡੇ ਘਰੇ ਆਏ ਪਟਵਾਰੀ ਨੂੰ ਜਦ ਮੈਂ ਸਾਈਕਲ ਪਿੱਛੇ ਬਿਠਾ ਕੇ ਬੱਸੇ ਚੜ੍ਹਾਉਣ ਜਾਡਲੇ ਜਾ ਰਿਹਾ ਸੀ ਤਾਂ ਉਹ ਐਕਸੀਡੈਂਟ ਵਾਲ਼ਾ ਥਾਂਹ ਦਿਖਾਉਣ ਲਈ ਸਜਾਵਲ ਪੁਰ ਵਿਚੀਂ ਲੰਘਿਆ।
‘ਭਾਈਆ ਜੀ ਆਹ ਟਾਹਲੀ ਐ ਜਿਹਦੇ ਵਿਚ ਵੱਜ ਕੇ ਮੰਨੇਂ ਦਾ ਮੁਕਾਬਲਾ ਬਣਾਉਣ ਵਾਲ਼ਾ ਪੁਲ਼ਸੀਆ ਮਰਿਆ!’
ਆਪਣੇ ਦੋਹਾਂ ਹੱਥਾਂ ਨਾਲ ਟਾਹਲੀ ਨੂੰ ਫੜ੍ਹ ਕੇ ਫਿੱਕੀ ਜ਼ਰਦ ਜਿਹੀ ‘ਮੁਸਕਾਨ’ ਚਿਹਰੇ ‘ਤੇ ਲਿਆਉਂਦਿਆਂ ਭਾਈਆ ਬੋਲਿਆ-
‘ਟਾਹਲੀ ਨਹੀਂ ਕਾਕਾ, ਇਹਨੂੰ ਟਾਹਲੀ ਸਾਹਿਬ ਕਹੁ!’
‘ਭਸਮਾਂ ਭੂਤ ਹੋਆ ਖਿਨ ਭੀਤਰਿ
ਅਪਨਾ ਕੀਆ ਪਾਇਆ॥’
(ਸ੍ਰੀ ਗੁਰੂ ਅਰਜਨ ਦੇਵ ਜੀ)