ਅੱਖੀਂ ਡਿੱਠੀ ‘ਪੰਜਾਬ ਟਾਈਮਜ਼ ਨਾਈਟ’

ਮੇਜਰ ਸਿੰਘ ਕੁਲਾਰ ਬੋਪਾਰਾਏ ਕਲਾਂ
916 273 2856
ਮੈਂ ਸੰਨ ਦੋ ਹਜ਼ਾਰ ਦੋ ਵਿਚ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿਚ ਆ ਕੇ ਰਹਿਣ ਲੱਗ ਗਿਆ ਸੀ। ਪਿਤਾ ਜੀ ਦੇ ਮਾਮੇ ਦੇ ਪੁੱਤਾਂ ਦਾ ਗੈਸ ਸਟੇਸ਼ਨ ਸੀ ਤੇ ਮੈਂ ਉਸ ਉਪਰ ਰੋਜ਼ੀ ਰੋਟੀ ਕਮਾਉਣ ਲੱਗ ਪਿਆ।

ਗੁਰਦੁਆਰਾ ਨੇੜੇ ਹੋਣ ਕਰਕੇ ਮੈਂ ਰੋਜ਼ ਮੱਥਾ ਟੇਕ ਕੇ ਕੰਮ ‘ਤੇ ਲੱਗਦਾ। ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਬੈਂਚ ਦੇ ਉੱਪਰ ਤਕਰੀਬਨ ਦੱਸ ਤਰ੍ਹਾਂ ਦੀਆਂ ਪੰਜਾਬੀ ਅਖ਼ਬਾਰਾਂ ਪਈਆਂ ਹੁੰਦੀਆਂ। ਅਮਰੀਕਾ ਵਿਚ ਜੇ ਕੋਈ ਚੀਜ਼ ਮੁਫ਼ਤ ਵਿਚ ਮਿਲਦੀ ਹੈ, ਤਾਂ ਉਹ ਹਨ ਪੰਜਾਬੀ ਅਖ਼ਬਾਰਾਂ। ਸਾਰੀਆਂ ਅਖਬਾਰਾਂ ਦੀ ਇੱਕ ਇੱਕ ਕਾਪੀ ਚੁੱਕ ਲੈਣੀ। ਵਿਹਲੇ ਟਾਈਮ ਵਿਚ ਫਿਰ ਕੱਲੀ ਕੱਲੀ ਅਖ਼ਬਾਰ ਫਰੋਲ ਕੇ ਮਨਪਸੰਦ ਲੇਖ, ਕਹਾਣੀਆਂ, ਪੜ੍ਹ ਲੈਣੀਆਂ। ਬਹੁਤੀਆਂ ਅਖ਼ਬਾਰਾਂ ਵਿਚ ਤਾਂ ਪਖੰਡਾਂ ਦੇ ਇਸ਼ਤਿਹਾਰ ਹੁੰਦੇ ਸਨ। ਧਾਗੇ-ਤਵੀਤਾਂ ਨਾਲ ਪੈਸੇ ਦਾ ਤੇ ਔਲਾਦ ਦਾ ਸੁੱਖ ਲੈਣ ਦੇ ਸੁਨੇਹੇ ਹੀ ਹੁੰਦੇ ਸਨ। ਮੈਂ ਛੇਤੀ ਹੀ ਸ਼ਿਕਾਗੋ ਤੋ ਛਪਦੇ ‘ਪੰਜਾਬ ਟਾਈਮਜ਼’ ਮੈਨੂੰ ਸਭ ਤੋਂ ਵਧੀਆ ਲੱਗਾ, ਕਿਉਂਕਿ ਇਹ ਕਿਸੇ ਵੀ ਪਖੰਡ, ਅੰਧਵਿਸ਼ਵਾਸ, ਜੰਤਰ-ਮੰਤਰ ਵਾਲੇ ਇਸ਼ਤਿਹਾਰਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਸੀ। ਨਿਰੋਲ ਸਾਹਿਤਕ ਹੋਣ ਕਰਕੇ ਇਸ ਅਖਬਾਰ ਨਾਲ ਮੇਰੀ ਸਾਹਿਤਕ ਭੁੱਖ ਪੂਰੀ ਹੋਣ ਲੱਗੀ ਅਤੇ ਮੈਂ ਇਹ ਅਖਬਾਰ ਮੇਰੀ ਬਣ ਗਿਆ। ਇਸ ਦੇ ਮੁੱਖ ਸੰਪਾਦਕ ਅਮੋਲਕ ਸਿੰਘ ਜੰਮੂ ਬਹੁਤ ਤਜਰਬੇਕਾਰ ਪੱਤਰਕਾਰ ਸਨ। ਉਨ੍ਹਾਂ ਦੀ ਨਿਰਪੱਖ ਸੋਚ ਤੇ ਨਿਡਰਤਾ ਵਾਲਾ ਸੁਭਾਅ ਅਖ਼ਬਾਰ ਦੇ ਸ਼ਬਦਾਂ ਨੂੰ ਹੋਰ ਵੀ ਨਰੋਆ ਤੇ ਪੜ੍ਹਨ ਲਈ ਪਾਠਕ ਨੂੰ ਚੁੰਬਕ ਵਾਂਗ ਖਿੱਚਦਾ ਸੀ।
ਮੈਂ ‘ਪੰਜਾਬ ਟਾਈਮਜ਼’ ਨਾਲ ਟਿੱਚ ਬਟਨਾਂ ਦੀ ਜੋੜੀ ਵਾਂਗ ਜੁੜ ਗਿਆ। ਮੈਂ ਕੁਝ ਵੀ ਪੜ੍ਹਨ ਤੋਂ ਪਹਿਲਾਂ ਲੇਖਕ ਦਾ ਨਾਮ ਜਰੂਰ ਪੜਦਾ ਹੁੰਦਾ ਸੀ ਤੇ ਹੁਣ ਵੀ ਇੰਜ ਹੀ ਕਰਦਾ ਹਾਂ। ਮੇਰੇ ਦਿਲ ਵਿਚ ਇਹ ਖਿਆਲ ਆਉਣਾ ਕਿ ਇਨ੍ਹਾਂ ਲੇਖਕਾਂ ਵਾਂਗ ਕਦੇ ਮੇਰਾ ਨਾਮ ਵੀ ਇਸ ਅਖ਼ਬਾਰ ਵਿਚ ਛਪੇਗਾ। ਪੜ੍ਹਨ-ਲਿਖਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ। ਸਾਡੇ ਪਿੰਡ ਗੁਰਦੁਆਰਾ ਸਾਹਿਬ ਵਿਚ ਖੁੱਲ੍ਹੀ ਲਾਇਬਰੇਰੀ ਤੋਂ ਮੈਂ ਬਹੁਤ ਕਿਤਾਬਾਂ ਲਿਆ ਕੇ ਪੜ੍ਹਦਾ ਰਹਿੰਦਾ। ਹੁਣ ਵੀ ਸਰਹਾਣੇ ਕਿਤਾਬਾਂ ਪਈਆਂ ਹੁੰਦੀਆਂ ਹਨ। ਸੌਣ ਤੋਂ ਪਹਿਲਾਂ ਕੁੱਝ ਨਾ ਕੁੱਝ ਪੜ੍ਹ ਕੇ ਸੌਂਦਾ ਹਾਂ। ਕਲਮ ਫੜ੍ਹ ਕੇ ਲਿਖਣ ਦੀ ਕੋਸ਼ਿਸ਼ ਮੈਂ ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹ ਕੇ ਕਰਨ ਲੱਗ ਗਿਆ ਸੀ, ਪਰ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਜੋ ਮੈਂ ਲਿਖਦਾ ਹਾਂ ਇਹ ਛਪਣਯੋਗ ਹੈ ਵੀ। ਪਰ ਮੈਂ ਲਿਖ ਲਿਖ ਖੁਦ ਹੀ ਲਿਖਤ ਦੀਆਂ ਗਲਤੀਆਂ ਕੱਢ ਕੇ ਪਾੜ ਦਿੰਦਾ ਸੀ। ਹੋਲੀ ਹੋਲੀ ਕਵਿਤਾ ਦੇ ਸ਼ਬਦ ਜੋੜਨ ਲੱਗਿਆ। ਫਿਰ ਮੈਂ ਇੱਕ ਕਵਿਤਾ ਲਿਖੀ ਜਿਸ ਦਾ ਨਾਮ ਸੀ।
ਫੁੱਲ
ਸਾਨੂੰ ਟਾਹਣੀ ਨਾਲੋਂ ਤੋੜ ਕੇ
ਖੁੱਦ ਮੁਹੱਬਤਾਂ ਦੇ ਨਾਤੇ ਜੋੜਦਾ
ਦਿਲ ਨਾਲ ਦਿਲ ਮਿਲਾਉਣ ਦੇ ਲਈ
ਸਾਡਾ ਕਿਉਂ ਦਿਲ ਤੋੜਦਾ
ਪਹਿਲੀ ਮੁਲਾਕਾਤ ਦੇ ਲਈ
ਸਾਨੂੰ ਸੱਜਣਾਂ ਵੱਲ ਨੂੰ ਤੋਰਦਾ
ਸੱਜਣ ਪਿਛਾਂਹ ਨੂੰ ਧੱਕਦੇ ਨੇ
ਉਨ੍ਹਾਂ ਦੇ ਹੱਥਾਂ ਵਿਚ ਫੁੱਲ ਕਿਸੇ ਹੋਰ ਦਾ
ਗੁੱਸੇ ਵਿਚ ਆ ਕੇ ਸਾਨੂੰ
ਧਰਤੀ ‘ਤੇ ਸੁੱਟਦਾ
ਬੂਟਾਂ ਦੀਆਂ ਅੱਡੀਆਂ ਨਾਲ
ਸਾਡਾ ਸਾਰਾ ਸਰੀਰ ਕੁੱਟਦਾ
ਪੱਤੀ ਪੱਤੀ ਹੋ ਕੇ ਫਿਰ ਅਸੀਂ
ਸੱਜਣਾਂ ਦੇ ਪੈਰਾਂ ਵਿਚ ਰੁਲਦੇ
ਫੁੱਲ ਵੰਡਦੇ ਦੇ ਖੁਸ਼ਬੋ ਸਾਰਿਆਂ ਨੂੰ
ਚੰਗੇ ਲੱਗਦੇ ਨੇ ਟਾਹਣੀ ਨਾਲ ਝੁਲਦੇ
ਵੰਡਣੀ ਖੁਸ਼ਬੋ ਸਿੱਖੀਏ ਫੁੱਲ ਕੋਲ਼ੋਂ
ਆਪਸ ਵਿਚ ਕਦੇ ਨਾ ਲੜੀਏ
‘ਇੱਥੋਂ ਫੁੱਲ ਤੋੜਨਾ ਸਖ਼ਤ ਮਨ੍ਹਾ ਹੈ ,,
‘ਮੇਜਰ ਕੁਲਾਰ, ਬੋਰਡ ਤੇ ਪੜੀਏ॥
ਇਹ ਕਵਿਤਾ ਮੈਂ ‘ਪੰਜਾਬ ਟਾਈਮਜ਼’ ਅਖਬਾਰ ਦੇ ਉੱਪਰ ਲਿਖੇ ਹੋਏ ਫੈਕਸ ਨੰਬਰ ‘ਤੇ ਸੰਪਾਦਕ ਜੀ ਨੂੰ ਭੇਜ ਦਿੱਤੀ। ਦੋ ਮਹੀਨੇ ‘ਪੰਜਾਬ ਟਾਈਮਜ਼’ ਦਾ ਹਰੇਕ ਅੰਕ ਬਰੀਕੀ ਨਾਲ ਪੜ੍ਹਦਾ ਪਰ ਮੇਰੀ ਕਵਿਤਾ ਨੂੰ ਅਖ਼ਬਾਰ ਦੀ ਬੁੱਕਲ਼ ਦਾ ਪਿਆਰ ਨਸੀਬ ਨਾ ਹੋਇਆ। ਫਿਰ ਇੱਕ ਦਿਨ ਮਨ ਕਰੜਾ ਜਿਹਾ ਕਰਕੇ ਸੰਪਾਦਕ ਜੰਮੂ ਜੀ ਨੂੰ ਫੋਨ ਮਿਲਾਇਆ। ਤੀਜੀ ਕੁ ਰਿੰਗ ‘ਤੇ ਫੋਨ ਤੇ ਪਹਿਲੀ ਵਾਰ ਜੰਮੂ ਜੀ ਦੀ ਆਵਾਜ਼ ਸੁਣੀ ਸੀ। ਮੈਂ ਪਹਿਲਾਂ ਫ਼ਤਿਹ ਬੁਲਾਈ ਅਸੀਂ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮੈਂ ਆਪਣੀ ਕਵਿਤਾ ਬਾਰੇ ਪੁੱਛਿਆ ਤਾ ਜੰਮੂ ਜੀ ਨੇ ਮਜ਼ਾਕ ਵਿਚ ਜਵਾਬ ਦਿੱਤਾ ‘ਮੇਜਰ ਸਿਆਂ! ਕਵਿਤਾ ਲੱਗ ਜਾਏਗੀ… ਹੋਰ ਅਸੀਂ ਇੱਥੇ ਕਿਹੜਾ ਜਲੇਬੀਆਂ ਕੱਢਦੇ ਹਾਂ। ਸਾਡਾ ਕੰਮ ਤਾਂ ਚੰਗਾ ਲਿਖਿਆ ਹੋਇਆ ਛਾਪਣਾ ਹੀ ਹੈ। ਅਗਲੇ ਹਫਤੇ ਲੱਗ ਜਾਊਗੀ।
ਮੈਂ ਜੰਮੂ ਜੀ ਦਾ ਧੰਨਵਾਦ ਕਰਕੇ ਫਤਹਿ ਬੁਲਾ ਦਿੱਤੀ। ਫਿਰ ਅਗਲੇ ਹਫ਼ਤੇ ਦੀ ਉਡੀਕ ਕਰਨ ਲੱਗਾ। ਫਿਰ ਸੱਚੀ ਉਸ ਹਫਤੇ ਮੇਰੀ ਕਵਿਤਾ ਛਪ ਗਈ। ਮੈਂ ਸਾਰੇ ਦੋਸਤਾਂ-ਮਿੱਤਰਾਂ ਨੂੰ ਫੋਨ ਕਰਕੇ ਦੱਸਿਆ ਕਿ ‘ਪੰਜਾਬ ਟਾਈਮਜ਼’ ਵਿਚ ਮੇਰੀ ਕਵਿਤਾ ਛਪੀ ਹੈ। ਸੱਚ ਜਾਣਿਓ, ਮੈਨੂੰ ਆਪਣੇ ਘਰ ਮੁੰਡਾ ਜੰਮਣ ਜਿੰਨੀ ਖੁਸ਼ੀ ਹੋਈ। ਬਹੁਤਿਆਂ ਨੂੰ ਤਾ ਮੈਂ ਗੁਰਦੁਆਰੇ ‘ਤੋਂ ਅਖਬਾਰ ਲਿਆ ਕੇ ਵੀ ਦਿੱਤੇ ਕਿ ਤੁਸੀਂ ਮੇਰੀ ਕਵਿਤਾ ਪੜ੍ਹੋ। ਇਸ ਤੋਂ ਬਾਅਦ ਮੈਂ ਛੋਟੇ ਛੋਟੇ ਆਰਟੀਕਲ ਲਿਖ ਕੇ ਭੇਜੇ ਤੇ ਉਹ ਛਪਦੇ ਰਹੇ। ਮੈਂ ਜੰਮੂ ਜੀ ਦਾ ਧੰਨਵਾਦ ਕਰਦਾ ਰਿਹਾ। ਜਨਵਰੀ ਦੋ ਹਜ਼ਾਰ ਨੌਂ ਵਿਚ ਜੰਮੂ ਜੀ ਨੇ ਮੈਨੂੰ ‘ਮੂੰਹ ਆਈ ਬਾਤ’ ਦਾ ਇੱਕ ਪੱਕਾ ਹੀ ਕਾਲਮ ਦੇ ਦਿੱਤਾ, ਜੋ ਇੱਕ ਹਫਤਾ ਛੱਡ ਕੇ ਛਪਣ ਲੱਗਿਆ ਮੇਰਾ ਪਹਿਲਾ ਆਰਟੀਕਲ ‘ਪੰਜਾਬ ਟਾਈਮਜ਼’ ਵਿਚ ਜੋ ਛਪਿਆ ਉਹ ਸੀ, ‘ਇੱਕ ਨੇ ਪੰਜ ਪਾਲੇ ਪੰਜਾਂ ਤੋਂ ਇੱਕ ਨਹੀਂ ਪਲਿਆ।’ ਇਸ ਆਰਟੀਕਲ ਨੇ ਮੇਰੀ ‘ਪੰਜਾਬ ਟਾਈਮਜ਼’ ਨਾਲ ਪੱਕੀ ਗਲਵੱਕੜੀ ਪਵਾ ਦਿੱਤੀ ਜੋ ਅੱਜ ਤੱਕ ਗੋਲ ਗੰਢ ਵਾਂਗ ਪੂਰੀ ਟੈਟ ਹੈ। ਸਮਾਂ ਲੰਘਦਾ ਗਿਆ ਮੇਰੇ ਲਿਖਣ ਦੇ ਸ਼ੌਕ ਨੂੰ ਬੂਰ ਪੈਂਦਾ ਗਿਆ। ਦੋ ਹਜ਼ਾਰ ਗਿਆਰਾਂ ਵਿਚ ਮੈਂ ਜੰਮੂ ਜੀ ਦੇ ਕਹਿਣ ‘ਤੇ ਸਿਕਾਗੋ ‘ਪੰਜਾਬ ਟਾਈਮਜ਼ ਨਾਈਟ’ ‘ਤੇ ਪਹੁੰਚਿਆ। ਜੰਮੂ ਜੀ ਨੂੰ ਪਹਿਲੀ ਤੇ ਆਖਰੀ ਵਾਰ ਮਿਲਿਆ ਸੀ। ਬੱਸ ਉਹ ਨਿੱਕੀ ਜਿਹੀ ਮਿਲਣੀ ਉਮਰਾਂ ਦੀ ਯਾਦ ਬਣ ਗਈ।
ਜੰਮੂ ਜੀ ਦੇ ਸੁਰਗਵਾਸ ਤੋ ਬਾਅਦ ਉਨ੍ਹਾਂ ਦੀ ਧਰਮ ਪਤਨੀ ਜਸਪ੍ਰੀਤ ਕੋਰ ਨੇ ਤੇ ਉਨ੍ਹਾਂ ਦੇ ਸਪੁੱਤਰ ਮਨਦੀਪ ਸਿੰਘ ਨੇ ‘ਪੰਜਾਬ ਟਾਈਮਜ਼’ ਨੂੰ ਉਨ੍ਹਾਂ ਲੀਹਾਂ ‘ਤੇ ਤੋਰਿਆ, ਜਿੱਥੇ ਜੰਮੂ ਜੀ ਛੱਡ ਗਏ ਸਨ। ਅਖ਼ਬਾਰ ਦੇ ਨੈਣ ਨਕਸ਼ ਉਸੇ ਤਰ੍ਹਾਂ ਹੀ ਹਨ। ਅਖ਼ਬਾਰ ਨੂੰ ਪੜ੍ਹਦਿਆਂ ਲੱਗਦਾ ਨਹੀਂ ਕਿ ਜੰਮੂ ਜੀ ਸਾਡੇ ਵਿਚ ਨਹੀਂ ਹਨ। ਅਖ਼ਬਾਰ ਦੇ ਹਰੇਕ ਸ਼ਬਦ ਵਿਚੋਂ ਜੰਮੂ ਜੀ ਦੇ ਪਿਆਰ ਦੀ ਖੁਸਬੋ ਆਉਂਦੀ ਹੈ। ਮੈਂ ਐਤਕੀਂ ਭੈਣ ਜੀ ਜਸਪ੍ਰੀਤ ਕੌਰ ਦੇ ਸੱਦੇ ‘ਤੇ ‘ਪੰਜਾਬ ਟਾਈਮਜ਼’ ਦੀ ਸਤਾਈਵੀਂ ਵਰ੍ਹੇਗੰਢ ‘ਤੇ ਸਿਕਾਗੋ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਜਹਾਜ਼ ਦੀ ਟਿਕਟ ਖਰੀਦ ਲਈ ਤੇ ‘ਪੰਜਾਬ ਟਾਈਮਜ਼’ ਨਾਈਟ ਦਾ ਇਸ਼ਤਿਹਾਰ ਅਖਬਾਰ ਵਿਚ ਛਪਣ ਲੱਗ ਗਿਆ। ਸਿਕਾਗੋ ਰਹਿੰਦੇ ਮੇਰੇ ਪਿੰਡ ਤੋਂ ਬੜੇ ਹੀ ਸਤਿਕਾਰਯੋਗ ਚਾਚਾ ਜੀ ਹਰਦਿਆਲ ਸਿੰਘ ਦਿਉਲ ਹੋਰਾਂ ਦਾ ਫੋਨ ਆਇਆ ਕਿ ‘ਮੇਜਰ ਸਿਆਂ! ਅਖ਼ਬਾਰ ਪੜ੍ਹ ਕੇ ਪਤਾ ਲੱਗਾ ਕਿ ਤੁਸੀਂ ਸ਼ਿਕਾਗੋ ਆ ਰਹੇ ਹੋ। ਤੁਸੀਂ ਮੈਨੂੰ ਦੱਸ ਦੇਣਾ ਮੈਂ ਆਪੇ ਤੁਹਾਨੂੰ ਏਅਰਪੋਰਟ ‘ਤੋਂ ਚੁੱਕ ਲਵਾਂਗਾ ਤੇ ਤੁਸੀਂ ਸਾਡੇ ਕੋਲ ਹੀ ਰਹਿਣਾ। ਆਪਾ ਇੱਕੱਠੇ ਹੀ ‘ਪੰਜਾਬ ਟਾਈਮਜ਼’ ਨਾਈਟ ‘ਤੇ ਚਲੇ ਚੱਲਾਂਗੇ। ਮੈਂ ਕਿਹਾ…ਸੱਤ ਬਚਨ ਚਾਚਾ ਜੀ!
19 ਜੂਨ ਦੀ ਰਾਤ ਨੂੰ ਮੈਂ ਯੂਨਾਈਟਡ ਏਅਰ ਲਾਈਨ ਰਾਹੀਂ ਸਵੇਰੇ ਸਾਢੇ ਛੇ ਵਜੇ ਸ਼ਿਕਾਗੋ ਏਅਰਪੋਰਟ ‘ਤੇ ਪਹੁੰਚ ਗਿਆ। ਏਅਰਪੋਰਟ ‘ਤੋਂ ਬਾਹਰ ਨਿਕਲ ਕੇ ਮੈਂ ਚਾਚਾ ਜੀ ਨੂੰ ਫੋਨ ਕਰ ਦਿੱਤਾ ਉਹ ਪੰਦਰਾਂ ਕੁ ਮਿੰਟਾਂ ਵਿਚ ਪਹੁੰਚ ਗਏ। ਮੈਂ ਚਾਚਾ ਜੀ ਨੂੰ ਸੰਨ੍ਹ 1987 ਵਿਚ ਪਿੰਡ ਦੇਖਿਆ ਹੀ ਸੀ, ਪਰ ਕੋਈ ਗੱਲਬਾਤ ਨਹੀਂ ਹੋਈ ਸੀ, ਕਿਉਂਕਿ ਉਸ ਟਾਈਮ ਮੈਂ ਛੋਟਾ ਸੀ। ਇਨ੍ਹਾਂ ਨੂੰ ਮੈਂ ਇਸ ਲਈ ਜਾਣਦਾ ਸੀ ਕਿ ਇਨ੍ਹਾਂ ਦੇ ਪਿਤਾ ਸ. ਬਿਕਰਮ ਸਿੰਘ ਦਿਓਲ ਬਹੁਤ ਹੀ ਨੇਕ ਇਨਸਾਨ ਸਨ। ਉਨ੍ਹਾਂ ਨੇ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਉਹ ਸਾਰਾ ਮਹੀਨਾ ਸਹਿਜ ਪਾਠ ਆਰੰਭ ਕਰਕੇ ਖੁਦ ਬਾਣੀ ਪੜ੍ਹ ਕੇ ਸੰਗਰਾਂਦ ਵਾਲੇ ਦਿਨ ਪਾਠ ਦਾ ਭੋਗ ਪਾਉਂਦੇ ਸਨ ਤੇ ਮਿੱਠੇ ਚੋਲ ਬਣਾ ਕੇ ਪ੍ਰਾਇਮਰੀ ਤੇ ਹਾਈ ਸਕੂਲ ਦੇ ਬੱਚਿਆਂ ਨੂੰ ਸੱਦ ਕੇ ਛਕਾਉਂਦੇ ਸਨ। ਰੋਜ਼ ਸ਼ਾਮ ਨੂੰ ਬਜ਼ੁਰਗਾਂ ਨੂੰ ਇਕੱਠੇ ਕਰਕੇ ਇਤਿਹਾਸ ਦੀ ਕਥਾ ਸਣਾਉਦੇ ਸਨ। ਚਾਚਾ ਜੀ ਦੇ ਪਿਤਾ ਜੀ ਦਾ ਸਾਡੇ ਨਗਰ ਵਾਲੇ ਬਹੁਤ ਸਤਿਕਾਰ ਕਰਦੇ ਸਨ। ਚਾਚਾ ਜੀ ਹੋਰੀ ਸਾਰੇ ਭਰਾ ਪਿੰਡ ਲਈ ਬਹੁਤ ਕੁਝ ਦਾਨ ਕਰਦੇ ਸਨ ਤੇ ਹੁਣ ਵੀ ਕਰਦੇ ਹਨ। ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਂ ਬਾਬਾ ਬਿਕਰਮ ਸਿੰਘ ਹੋਰਾਂ ਦੀ ਸੰਗਤ ਮਾਣੀ ਹੈ ਤੇ ਉਨ੍ਹਾਂ ਤੋ ਬਹੁਤ ਕੁਝ ਸਿੱਖਿਆ ਹੈ। ਇਸ ਪਰਿਵਾਰ ਨਾਲ ਪੁਰਾਣੀ ਸਾਂਝ ਦੀ ਲੜੀ ਹੁਣ ਚਾਚਾ ਜੀ ਨੇ ਮੈਨੂੰ ਏਅਰਪੋਰਟ ਤੋਂ ਚੁੱਕ ਕੇ ਅੱਗੇ ਤੋਰ ਲਈ।
ਘਰ ਦੇ ਦਰਵਾਜ਼ੇ ‘ਤੇ ਸਾਡੇ ਸਤਿਕਾਰਯੋਗ ਚਾਚੀ ਜੀ ਸਾਨੂੰ ਉਡੀਕ ਰਹੇ ਸਨ। ਦਹਿਲੀਜ਼ ‘ਤੋਂ ਅੰਦਰ ਟੱਪਦਿਆਂ ਇੰਝ ਲੱਗਾ ਜਿਵੇਂ ਬਾਬਾ ਜੀ ਆਪਣੀ ਬੁੱਕਲ ਵਿਚ ਲੈ ਲਿਆ ਹੋਵੇ। ਸ਼ਿਕਾਗੋ ਜਾਣ ‘ਤੋਂ ਪਹਿਲਾਂ ਮੇਰੇ ਬੱਚਿਆਂ ਨੇ ਕਿਹਾ ਸੀ ਕਿ ਡੈਡੀ ਜੀ ਤੁਸੀਂ ਏਅਰਪੋਰਟ ਤੋਂ ਹੀ ਕਾਰ ਕਿਰਾਏ ਤੇ ਲੈ ਕੇ ਕਿਸੇ ਹੋਟਲ ਵਿਚ ਰਹਿ ਲਿਉ। ਮੇਰਾ ਵੀ ਇਰਾਦਾ ਇੰਝ ਹੀ ਸੀ ਪਰ ਚਾਚਾ ਜੀ ਦੇ ਫੋਨ ਨੇ ਇਹ ਵਿਉਂਤ ਬਦਲ ਦਿੱਤੀ ਸੀ। ਹੁਣ ਮੈਂ ਚਾਚਾ ਜੀ ਦੇ ਅਲੀਸ਼ਾਨ ਘਰ ਵਿਚ ਵੜ ਕੇ ਸੋਚਿਆ ਕਿ ਇਹ ਕੰਮ ਚੰਗਾ ਹੋ ਗਿਆ ਕਿ ਮੈਂ ਚਾਚਾ ਜੀ ਕੋਲ ਆਇਆ। ਚਾਚੀ ਜੀ ਨੇ ਬਹੁਤ ਹੀ ਵਧੀਆ ਤੇ ਸਵਾਦ ਬਰੇਕ ਫ਼ਾਸਟ ਬਣਾਇਆ। ਮੈਨੂੰ ਲੱਗਾ ਹੀ ਨਹੀਂ ਕਿ ਮੈਂ ਇਸ ਪਰਿਵਾਰ ਨੂੰ ਪਹਿਲੀ ਵਾਰ ਮਿਲ ਰਿਹਾ ਹਾਂ। ਚਾਚਾ-ਚਾਚੀ ਦਾ ਸੁਭਾਅ ਬਹੁਤ ਹੀ ਵਧੀਆ ਤੇ ਮਿਲਾਪੜਾ ਹੈ। ਬਰੇਕ ਫ਼ਾਸਟ ਤੋ ਬਾਅਦ ਪਿੰਡ, ਪਰਿਵਾਰ, ਸਿਆਸਤ ਤੇ ਟਰੰਪ ਦੀਆਂ ਗੱਲਾਂ ਬਾਤਾਂ ਹੋਣ ਤੋਂ ਬਾਅਦ ਮੈਂ ਆਰਮ ਕਰਨ ਲਈ ਕਮਰੇ ਵਿਚ ਚਲਾ ਗਿਆ।
ਦੁਪਹਿਰ ਦਾ ਲੰਚ ਕਰਕੇ ਅਸੀਂ ਫਿਰ ਗੱਲਾਂ ਕਰਦੇ ਰਹੇ। ਚਾਚਾ ਜੀ ਨੇ ਫਿਰ ਮੇਰੀ ਗੱਲ ਆਪਣੇ ਵੱਡੇ ਭਰਾ ਚਾਚਾ ਜੀ ਗੁਰਦਿਆਲ ਸਿੰਘ ਦਿਓਲ (ਕਨੈਡਾ) ਨਾਲ ਕਰਵਾਈ। ਉਹ ਬਹੁਤ ਖੁਸ਼ ਹੋਏ ਕਿ ਮੈਂ ਇੱਥੇ ਠਹਿਰਿਆ ਹਾਂ। ਸ਼ਾਮ ਨੂੰ ਅਸੀਂ ਸਾਰੇ ‘ਪੰਜਾਬ ਟਾਈਮਜ਼ ਨਾਈਟ’ ‘ਤੇ ਪਹੁੰਚ ਗਏ। ਬੜੇ ਸ਼ਾਨਦਾਰ ਹਾਲ ਵਿਚ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਸੀ ਸਾਡਾ ਪਿਆਰਾ ਮਿੱਤਰ ਗੁਰਮੁੱਖ ਸਿੰਘ ਭੁੱਲਰ ਤੇ ਜੱਸੀ ਪਰਮਾਰ ਨੇ ਸਟੇਜ ਨੂੰ ਬੜੇ ਪਿਆਰ ਦੇ ਸ਼ਬਦਾਂ ਨਾਲ ਕੀਲਿਆ ਹੋਇਆ ਸੀ। ਭੈਣ ਜਸਪ੍ਰੀਤ ਕੌਰ ਆਏ ਹੋਏ ਮਹਿਮਾਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਜੀ ਆਇਆਂ ਆਖ ਰਹੇ ਸਨ। ਦੇਖਦਿਆਂ-ਦੇਖਦਿਆਂ ਹੀ ਹਾਲ ਮਹਿਮਾਨਾਂ ਨਾਲ ਭਰ ਗਿਆ। ਜੰਮੂ ਜੀ ਨੂੰ ਯਾਦ ਕਰਦਿਆਂ ਕਿਸੇ ਦੀ ਅੱਖ ਨਮ ਨਹੀਂ ਹੋਈ ਸਗੋਂ ਉਨ੍ਹਾਂ ਦੀ ਦਲੇਰ ਸ਼ਖ਼ਸੀਅਤ ਨੂੰ ਸਲਾਮ ਕੀਤਾ ਗਿਆ। ਉਨ੍ਹਾਂ ਦੀ ਹਾਜ਼ਰੀ ਹਰੇਕ ਬੁਲਾਰੇ ਦੀ ਜ਼ੁਬਾਨ ‘ਤੇ ਬੋਲ ਰਹੀ ਸੀ। ਪੰਜਾਬ ਟਾਈਮਜ਼ ਹੁਣ ਪੂਰੀ ਚੜ੍ਹਦੀ ਜਵਾਨੀ ਵਿਚ ਹੈ। ਮੈਂ ਜਿਆਦਾ ਰਿਪੋਰਟ ਵੱਲ ਨਹੀਂ ਜਾਂਦਾ ਕਿਉਂਕਿ ਕਿ ਸਭ ਕੁਝ ਪਿਛਲੇ ਅੰਕ ਵਿਚ ਛਪ ਚੁੱਕਾ ਹੈ ਤੇ ਤੁਸੀਂ ਪੜ੍ਹ ਚੁੱਕੇ ਹੋ।
ਹਰੇਕ ਬੁਲਾਰੇ ਨੇ ਜੰਮੂ ਜੀ ਨਾਲ ਦੋਸਤੀ ਦੀ ਪੀਂਘ ਦਾ ਹੁਲਾਰਾ ਯਾਦ ਕੀਤਾ। ਇਲਾਕੇ ਵਿਚੋਂ ਆਏ ਹੋਏ ਸੱਜਣ-ਮਿੱਤਰਾਂ ਨੇ ਅਖ਼ਬਾਰ ਨਾਲ ਹਮੇਸ਼ਾ ਖੜਨ ਦਾ ਵਾਅਦਾ ਕੀਤਾ ਤੇ ਜੰਮੂ ਜੀ ਵੱਲੋਂ ਲਾਏ ਹੋਏ ਇਸ ਬੂਟੇ ਨੂੰ ਹਮੇਸ਼ਾ ਮਿੱਠਾ ਫਲ ਲੱਗਣ ਦੀ ਆਸ ਰੱਖੀ। ਚਾਹ-ਪਾਣੀ ਤੇ ਰੋਟੀ ਦਾ ਬਹੁਤ ਸੋਹਣਾ ਪ੍ਰਬੰਧ ਸੀ। ਅਸ਼ੋਕ ਭੌਰਾ ਬਾਈ ਜੀ ਖੂੰਜੇ ਵਿਚ ਹਲਕੀ-ਹਲਕੀ ਗਲਾਸੀ ਆਪਣੇ ਮਿੱਤਰਾਂ ਨਾਲ ਟਕਰਾ ਰਹੇ ਸਨ। ਬਹੁਤ ਸਮੇਂ ਬਾਅਦ ਇਨ੍ਹਾਂ ਵਧੀਆ ਪ੍ਰੋਗਰਾਮ ਦੇਖਣ ਨੂੰ ਮਿਲਿਆ। ਜਿੱਥੇ ਸਰੋਤਿਆਂ ਨੇ ਸ਼ਾਂਤ ਸੁਭਾਅ ਨਾਲ ਅਨੰਦ ਮਾਣਿਆ। ਇੱਥੇ ਮੈਂ ਫਿਰ ਦੁਬਾਰਾ ਭੈਣ ਜੀ ਜਸਪ੍ਰੀਤ ਕੌਰ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਆਪ, ਅੰਮ੍ਰਿਤ ਭੈਣ ਤੇ ਆਪਣੀ ਸਾਰੀ ਟੀਮ ਨਾਲ ਮਿਲ ਕੇ ਇਸ ਯਾਦਗਾਰੀ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਸਮੇਂ ਨਾਲ ਸਮਾਪਤੀ ਹੋ ਗਈ। ਦੂਜੇ ਦਿਨ ਐਤਵਾਰ ਸੀ। ਚਾਚਾ ਜੀ ਤੇ ਚਾਚੀ ਜੀ ਮੈਨੂੰ ਗੁਰਦੁਆਰਾ ਸਾਹਿਬ ਲੈ ਗਏ। ਭੈਣ ਜੀ ਜਸਪ੍ਰੀਤ ਹੋਰਾਂ ਨੇ ਆਪਣੇ ਘਰ ਬੁਲਾਇਆ ਸੀ, ਪਰ ਸਮਾਂ ਸੀਮਤ ਹੋਣ ਕਰਕੇ ਜਾ ਨਹੀਂ ਸਕੇ। ਇਸ ਦੀ ਮੈਂ ਮੁਆਫ਼ੀ ਚਾਹੁੰਦਾ ਹਾਂ। ਸ਼ਾਮ ਨੂੰ ਮੈਨੂੰ ਚਾਚਾ-ਚਾਚੀ ਜੀ ਏਅਰਪੋਰਟ ਛੱਡ ਗਏ। ਦੋਵਾਂ ਵੱਲੋਂ ਮਿਲਿਆ ਪਿਆਰ ਮੇਰੇ ਸੀਨੇ ਦੀ ਤਜੌਰੀ ਵਿਚ ਜਮ੍ਹਾਂ ਹੋ ਗਿਆ। ਸੱਚੀ! ਸ਼ਿਕਾਗੋ ਦੀ ਇਹ ਫੇਰੀ ਤੇ ‘ਪੰਜਾਬ ਟਾਈਮਜ਼’ ਦੀ ਇਹ 27ਵੀਂ ਵਰ੍ਹੇਗੰਢ ਹਮੇਸ਼ਾਂ ਯਾਦ ਰਹੇਗੀ। ਪਾਠਕ ਪ੍ਰੇਮੀਆਂ ਵੱਲੋਂ ਮਿਲਿਆ ਪਿਆਰ ਮੇਰੀ ਕਲਮ ਨੂੰ ਹੋਰ ਬਲ ਬਖਸ਼ੇਗਾ ਤੇ ਮੈ ਹਮੇਸ਼ਾ ‘ਪੰਜਾਬ ਟਾਈਮਜ਼’ ਨਾਲ ਜੁੜਿਆ ਰਹਾਂਗਾ। ਅਖੀਰ ਵਿਚ ਸ਼ਿਕਾਗੋ ਵਾਲਿਆਂ ਦਾ ਧੰਨਵਾਦ ਜੀ। ਰੱਬ ਰਾਖਾ॥