ਊਧਵ ਦੇ 6 ਸੰਸਦ ਮੈਂਬਰ ਏਕਨਾਥ ਸ਼ਿੰਦੇ ਨਾਲ ਗਏ

ਮੁੰਬਈ:ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ (ਯੂਬੀਟੀ) ਛੱਡ ਕੇ ਆਏ ਛੇ ਸੰਸਦ ਮੈਂਬਰਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਾਡੇ ਹੱਥ ਛੇ ਟਾਈਗਰ ਹਨ। ਇਸ ਤਰ੍ਹਾਂ ‘ਆਪ੍ਰੇਸ਼ਨ ਟਾਈਗਰ’ ਸਫ਼ਲ ਹੋ ਗਿਆ ਹੈ। ਦੂਜੇ ਪਾਸੇ ਸ਼ਿਵ ਸੈਨਾ (ਯੂਬੀਟੀ) ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਕਿ ਭਾਜਪਾ ‘ਚ ਫੜਨਵੀਸ ਨੂੰ ਕਮਜ਼ੋਰ ਕਰਨ ਲਈ ਸ਼ਿੰਦੇ ਦੀ ਵਰਤੋਂ ਕੀਤੀ ਜਾ ਰਹੀ ਹੈ।

ਕਰੀਬ ਇਕ ਹਫ਼ਤਾ ਪਹਿਲਾਂ ਸ਼ਿਵ ਸੈਨਾ (ਯੂਬੀਟੀ) ਦੇ ਛੇ ਲੋਕ ਸਭਾ ਮੈਂਬਰਾਂ ਨੇ ਆਪਣਾ ਵੱਖ ਧੜਾ ਬਣਾਉਣ ਦਾ ਪੱਤਰ ਲੋਕ ਸਭਾ ਸਪੀਕਰ ਨੂੰ ਸੌਂਪਿਆ ਸੀ। ਪਰ ਉਸ ਤੋਂ ਬਾਅਦ ਸਾਰੇ ਛੇ ਸੰਸਦ ਮੈਂਬਰ ਇਕੱਠੇ ਨਹੀਂ ਹੋ ਰਹੇ ਸਨ। ਇਸ ਨਾਲ ਭੰਬਲਭੂਸੇ ਦਾ ਮਾਹੌਲ ਬਣਿਆ ਹੋਇਆ ਸੀ। ਵਿਧਾਨ ਮੰਡਲ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਜਦ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੋਂ ਆਪ੍ਰੇਸ਼ਨ ਟਾਈਗਰ ਬਾਰੇ ਸਵਾਲ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਜਲਦ ਹੀ ਵੱਡੀ ਖ਼ਬਰ ਦਿਆਂਗੇ। ਸੋਮਵਾਰ ਨੂੰ ਉਹ ਸ਼ਿਵ ਸੈਨਾ (ਯੂਬੀਟੀ) ਦੇ ਛੇ ਬਾਗ਼ੀ ਸੰਸਦ ਮੈਂਬਰਾਂ ਦੇ ਨਾਲ ਸਾਹਮਣੇ ਆਏ ਤੇ ਕਿਹਾ ਕਿ ਇਕ ਆਪ੍ਰੇਸ਼ਨ ਟਾਈਗਰ 2022 ‘ਚ ਹੋਇਆ ਸੀ, ਜਦ ਅਸੀਂ ਬਾਲਾ ਸਾਹਿਬ ਠਾਕਰੇ ਦੇ ਵਿਚਾਰਾਂ ਨੂੰ ਅੱਗੇ ਲਿਜਾਣ ਲਈ ਵੱਖ ਹੋਏ ਸੀ। ਤਦ ਸਾਡੇ ਕੋਲ 40 ਵਿਧਾਇਕ ਸਨ, ਹੁਣ ਸ਼ਿਵ ਸੈਨਾ ਦੇ ਦੁਬਾਰਾ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸਾਡੇ ਕੋਲ 57 ਵਿਧਾਇਕ ਹਨ। ਹੁਣ ਦੂਜਾ ਆਪ੍ਰੇਸ਼ਨ ਟਾਈਗਰ ਹੋਇਆ ਹੈ। ਹੁਣ ਆਪ੍ਰੇਸ਼ਨ ਟਾਈਗਰ ਕਾਮਯਾਬੀ ਨਾਲ ਪੂਰਾ ਹੋ ਚੁੱਕਾ ਹੈ। ਸ਼ਿੰਦੇ ਦੀ ਹੀ ਪਾਰਟੀ ਦੇ ਸੀਨੀਅਰ ਆਗੂ ਰਾਮਦਾਸ ਕਦਮ ਨੇ ਵੀ ਆਪ੍ਰੇਸ਼ਨ ਟਾਈਗਰ ਨੂੰ ਸੌ ਫ਼ੀਸਦੀ ਸਫ਼ਲ ਦੱਸਦੇ ਹੋਏ ਕਿਹਾ ਕਿ ਹੁਣ ਅਜਿਹਾ ਹੀ ਇਕ ਆਪ੍ਰੇਸ਼ਨ ਮੁੰਬਈ ਮਹਾਨਗਰਪਾਲਿਕਾ ‘ਚ ਵੀ ਹੋਵੇਗਾ। ਉਨ੍ਹਾਂ ਦਾ ਇਸ਼ਾਰਾ ਮਹਾਨਗਰਪਾਲਿਕਾ (ਬੀਐੱਮਸੀ) ‘ਚ ਚੁਣ ਕੇ ਆਏ ਸ਼ਿਵ ਸੈਨਾ (ਯੂਬੀਟੀ) ਦੇ ਕੌਂਸਲਰਾਂ ਦੇ ਸ਼ਿਵ ਸੈਨਾ ‘ਚ ਸ਼ਾਮਲ ਸੀ।
ਦੂਜੇ ਪਾਸੇ ਆਪਣੇ ਸੰਸਦ ਮੈਂਬਰਾਂ ਦੇ ਪਾਰਟੀ ਛੱਡ ਕੇ ਜਾਣ ਤੋਂ ਨਿਰਾਸ਼ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਊਧਵ ਠਾਕਰੇ ਨੇ ਪਾਰਟੀ ਛੱਡ ਕੇ ਗਏ ਸੰਸਦ ਮੈਂਬਰਾਂ ਦੇ ਖੇਤਰਾਂ ‘ਚ ਜਾ ਕੇ ਉਨ੍ਹਾਂ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ, ਤਾਂ ਉਨ੍ਹਾਂ ਦੀ ਪਾਰਟੀ ਦੇ ਬੁਲਾਰੇ ਸੰਜੇ ਰਾਉਤ ਇਨ੍ਹਾਂ ਸੰਸਦ ਮੈਂਬਰਾਂ ਲਈ ਅਪਸ਼ਬਦਾਂ ਦੀ ਵਰਤੋਂ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ‘ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕਮਜ਼ੋਰ ਕਰਨ ਲਈ ਏਕਨਾਥ ਸ਼ਿੰਦੇ ਦੀ ਵਰਤੋਂ ਕੀਤੀ ਜਾ ਰਹੀ ਹੈ। ਰਾਊਤ ਨੇ ਪਾਰਟੀ ਛੱਡ ਕੇ ਗਏ ਧਾਰਾਸ਼ਿਵ ਦੇ ਸੰਸਦ ਮੈਂਬਰ ਓਮਰਾਜੇ ਨਿੰਬਾਲਕਰ ਨੂੰ ‘ਬਦਨਾਮ ਗੱਦਾਰ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਸਖ਼ਤ ਨਿੰਦਾ ਕੀਤੀ। ਰਾਊਤ ਨੇ ਕਿਹਾ ਕਿ ਦਲ-ਬਦਲੂਆਂ ਕੋਲ ਕੋਈ ਵਿਚਾਰਕ ਆਧਾਰ ਨਹੀਂ ਹੁੰਦਾ। ਉਹ ਸਿਰਫ਼ ਆਪਣੇ ਸਵਾਰਥ ਤੋਂ ਪ੍ਰੇਰਿਤ ਹੁੰਦੇ ਹਨ। ਰਾਊਤ ਨੇ ਕਿਹਾ ਕਿ ਕੀ ਗੱਦਾਰਾਂ ਦਾ ਕਦੀ ਕੋਈ ਸਟੈਂਡ ਹੁੰਦਾ ਹੈ? ਊਧਵ ਠਾਕਰੇ ਦਾ ਸਾਥ ਛੱਡਣ ਵਾਲੇ ਬਦਨਾਮ ਗੱਦਾਰ ਹਨ। ਜੈ ਓਮਰਾਜੇ ਨਿੰਬਾਲਕਰ ਨੂੰ ਲੱਗਦਾ ਹੈ ਕਿ ਇਸ ਕਦਮ ਲਈ ਉਨ੍ਹਾਂ ਦੇ ਪਿਤਾ ਦੀ ਆਤਮਾ ਅਸ਼ੀਰਵਾਦ ਦੇਵੇਗੀ।