ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਹਲਚਲ ਹੁਣ ਤੋਂ ਹੀ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਸਭ ਸੰਬੰਧਿਤ ਪਾਰਟੀਆਂ ਆਪੋ-ਆਪਣੀ ਰਣਨੀਤੀ ਘੜਨ ਲਗ ਪਈਆਂ ਹਨ।
ਪੁਨਰ ਸੁਰਜੀਤ ਅਕਾਲੀ ਦਲ ਨੂੰ ਛੱਡ ਕੇ ‘ਵਾਰਿਸ ਪੰਜਾਬ ਦੇ’ ਪੰਥਕ ਦਲ ਵਿਚ ਮਨਪ੍ਰੀਤ ਸਿੰਘ ਇਯਾਲੀ ਦਾ ਸ਼ਾਮਿਲ ਹੋਣਾ, ਪੰਜਾਬ ਦੀ ਸਿਆਸਤ ਨੂੰ ਨਵਾਂ ਹਲੂਣਾ ਦੇ ਰਿਹਾ ਹੈ।
ਜਿਹੜੀ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਉੱਤੇ ਚੋਣਾਂ ਵਿਚ ਉਤਰਨ ਦੀ ਗੱਲ ਕਰਦੀ ਸੀ, ਉਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਜ਼ਾ ਟਵੀਟਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਟਵੀਟ ਇਸ ਪਾਰਟੀ ਨੂੰ ਵੀ ਧਰਮ ਦੀ ਰਾਜਨੀਤੀ ਵਲ ਮੋੜਨ ਦੇ ਯਤਨ ਕਰਦੇ ਪ੍ਰਤੀਤ ਹੁੰਦੇ ਹਨ। ਟਵੀਟਾਂ ਵਿਚ ਕਿਹਾ ਗਿਆ ਹੈ ਕਿ ਕੇਂਦਰ ਵਲੋਂ ਈ.ਡੀ. ਅਤੇ ਹੋਰ ਏਜੰਸੀਆਂ ਦੀ ਵਰਤੋਂ ਹਿੰਦੂ ਕਾਰੋਬਾਰੀਆਂ ਵਿਰੁੱਧ ਹੀ ਕੀਤੀ ਜਾ ਰਹੀ ਹੈ।
ਦੂਸਰੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਪੰਜਾਬ ਦੀ ਸਿਆਸਤ ਵਿਚ ਵੱਡਾ ਪ੍ਰਭਾਵ ਰਿਹਾ ਹੈ। ਸਮੇਂ-ਸਮੇਂ ਇਸ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ। ਚਾਹੇ ਇਸ ਸਮੇਂ ਵਿਧਾਨ ਸਭਾ ਵਿਚ ਇਸ ਦੇ 16 ਵਿਧਾਇਕ ਹੀ ਹਨ, ਪਰ ਸਾਲ 2022 ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਰਾਜ ਵਿਚ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਪ੍ਰਸ਼ਾਸਨ ਚਲਾ ਰਹੀ ਸੀ । ਚਾਹੇ ਆਪਣੇ ਕਾਰਜਕਾਲ ਦੇ ਅਖ਼ੀਰ ਵਿਚ ਪਾਰਟੀ ਅੰਦਰ ਉੱਭਰੇ ਵਖਰੇਵਿਆਂ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਥਾਂ ‘ਤੇ ਕੁਝ ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਏ ਗਏ ਸਨ, ਪਰ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਨ ਕਾਂਗਰਸ ਚੋਣ ਪ੍ਰਚਾਰ ਵਿਚ ਪਿੱਛੇ ਰਹਿ ਗਈ ਸੀ। ਕਾਂਗਰਸ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਵੀ ਸੰਤੁਸ਼ਟੀਜਨਕ ਨਹੀਂ ਸੀ, ਜਿਸ ਕਾਰਨ ਤੀਸਰੇ ਬਦਲ ਵਜੋਂ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਸੀ ਅਤੇ ਇਸ ਨੇ ਵਿਧਾਨ ਸਭਾ ਦੀਆਂ 117 ਵਿਚੋਂ 92 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚਿਆ ਸੀ। ਪੰਜਾਬ ਵਿਚ ਕਦੀ ਬੇਹੱਦ ਪ੍ਰਭਾਵਸ਼ਾਲੀ ਰਹੇ ਅਕਾਲੀ ਦਲ (ਬ) ਵਿਚ ਅਨੇਕਾਂ ਕਾਰਨਾਂ ਕਰਕੇ ਪਿਛਲੇ 4 ਸਾਲਾਂ ਤੋਂ ਨਿਰਾਸ਼ਾ ਹੀ ਵੇਖੀ ਜਾਂਦੀ ਰਹੀ ਹੈ। ਅਕਾਲੀਆਂ ਦੀ ਫੁੱਟ ਕਾਰਨ ਅਤੇ ਨਵੇਂ ਅਕਾਲੀ ਦਲਾਂ ਦੇ ਹੋਂਦ ਵਿਚ ਆਉਣ ਕਾਰਨ ਵੀ ਸਮੁੱਚ ਤੌਰ ‘ਤੇ ਅਕਾਲੀ ਸਿਆਸਤ ਵਿਚ ਲਗਾਤਾਰ ਨਿਘਾਰ ਆਉਂਦਾ ਵੇਖਿਆ ਜਾ ਰਿਹਾ ਹੈ। ਇਸੇ ਹੀ ਅਰਸੇ ਵਿਚ ਭਾਜਪਾ ਨੇ ਵੀ ਸੂਬੇ ਦੀ ਸਿਆਸਤ ਦੇ ਆਕਾਸ਼ ਵਿਚ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰ ਵਿਚ ਭਾਜਪਾ ਸਰਕਾਰ ਹੋਣ ਕਾਰਨ ਵੀ ਸੂਬੇ ਵਿਚ ਇਸ ਦਾ ਪ੍ਰਭਾਵ ਵਧਦਾ ਨਜ਼ਰ ਆ ਰਿਹਾ ਹੈ। ਕਾਂਗਰਸ ਰਾਜ ਦੀ ਸਿਆਸਤ ਵਿਚ ਆਪਣੇ-ਆਪ ਨੂੰ ਹਮੇਸ਼ਾ ਇਕ ਵੱਡੀ ਧਿਰ ਮੰਨਦੀ ਆਈ ਹੈ, ਪਰ ਪਾਰਟੀ ਅੰਦਰਲੀ ਫੁੱਟ ਕਾਰਨ ਇਹ ਹੁਣ ਤੱਕ ਆਪਣੇ-ਆਪ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਵਿਚ ਅਸਮਰੱਥ ਰਹੀ ਹੈ। ਇਸ ਦਾ ਅਹਿਸਾਸ ਪਾਰਟੀ ਅੰਦਰ ਵੀ ਬਣਿਆ ਰਿਹਾ ਹੈ ਅਤੇ ਆਮ ਲੋਕਾਂ ਵਿਚ ਵੀ ਅਜਿਹੀ ਗੱਲ ਲਗਾਤਾਰ ਤੁਰਦੀ ਰਹੀ ਹੈ। ਹੁਣ ਭਾਜਪਾ ਵਲੋਂ ਮਾਲਵਾ ਖਿੱਤੇ ਨਾਲ ਸੰਬੰਧ ਰੱਖਦੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਐਲਾਨਣ ਨਾਲ ਕਾਂਗਰਸੀ ਸਫ਼ਾਂ ਵਿਚ ਵੀ ਹਲਚਲ ਮਚੀ ਦੇਖੀ ਜਾ ਸਕਦੀ ਹੈ। ਚਾਹੇ ਸੂਬੇ ਦੇ ਵੱਡੇ ਆਗੂ ਪਾਰਟੀ ਦੀ ਮਜ਼ਬੂਤੀ ਅਤੇ ਇਕਜੁੱਟਤਾ ਦੇ ਦਾਅਵੇ ਜ਼ਰੂਰ ਕਰ ਰਹੇ ਹਨ, ਪਰ ਇਸ ਦੀ ਅੰਦਰੂਨੀ ਖਿੱਚੋਤਾਣ ਦਾ ਪ੍ਰਭਾਵ ਲਗਾਤਾਰ ਕਾਇਮ ਰਿਹਾ ਹੈ। ਇਸੇ ਸੰਦਰਭ ਵਿਚ ਪਾਰਟੀ ਦੀ ਹਾਈਕਮਾਨ ਵਲੋਂ ਰਾਜ ਦੇ ਵੱਡੇ ਸੂਬਾ ਆਗੂਆਂ ਦੀਆਂ ਦਿੱਲੀ ਵਿਚ ਸਮੇਂ-ਸਮੇਂ ਬੁਲਾਈਆਂ ਜਾਂਦੀਆਂ ਮੀਟਿੰਗਾਂ ਅਤੇ ਮੁਲਾਕਾਤਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸੇ ਕਰਕੇ ਪਿਛਲੇ ਦਿਨੀਂ ਸੂਬਾ ਲੀਡਰਸ਼ਿਪ ਵਿਚ ਤਬਦੀਲੀਆਂ ਹੋਣ ਦੇ ਸੰਕੇਤ ਵੀ ਮਿਲਦੇ ਰਹੇ ਹਨ। ਹੁਣ ਤੱਕ ਇਸ ਸੰਬੰਧੀ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾਂਦੇ ਰਹੇ ਹਨ। ਭਾਵੇਂ ਹਾਈ ਕਮਾਂਡ ਵਲੋਂ ਸੂਬਾ ਲੀਡਰਸ਼ਿਪ ਵਿਚ ਤਬਦੀਲੀ ਨਾ ਕਰਨ ਦੇ ਐਲਾਨ ਜ਼ਰੂਰ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਕਿਆਸ-ਅਰਾਈਆਂ ਦਾ ਸਿਲਸਿਲਾ ਖ਼ਤਮ ਹੋਣ ਵਾਲਾ ਨਹੀਂ ਲਗਦਾ। ਸੂਬੇ ਵਿਚ ਪਹਿਲਾਂ ਕੀਤੀਆਂ ਮਹੱਤਵਪੂਰਨ ਤਬਦੀਲੀਆਂ ਦਾ ਪਾਰਟੀ ਨੂੰ ਨੁਕਸਾਨ ਹੀ ਹੋਇਆ ਸੀ। ਇਸੇ ਤਰ੍ਹਾਂ ਹਰਿਆਣੇ ਵਿਚ ਵੀ ਪਾਰਟੀ ਦੀ ਅੰਦਰੂਨੀ ਫੁੱਟ ਨਾਲ ਭਾਜਪਾ ਦੀ ਹੋਰ ਵੀ ਚੜ੍ਹਤ ਹੋ ਗਈ ਸੀ। ਆਉਂਦੇ ਸਮੇਂ ਵਿਚ ਪਾਰਟੀ ਸੂਬਾ ਚੋਣਾਂ ਲਈ ਆਪਣੇ-ਆਪ ਨੂੰ ਕਿਸ ਤਰ੍ਹਾਂ ਤਿਆਰ ਕਰਨ ਦੇ ਸਮਰੱਥ ਹੋ ਸਕੇਗੀ, ਇਸ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
