ਭਾਰਤ ਖ਼ਿਲਾਫ਼ ਨਹੀਂ ਹੋਵੇਗਾ ਮਿਆਂਮਾਰ ਦੀ ਧਰਤੀ ਦਾ ਇਸਤੇਮਾਲ -ਹਲਾਇੰਗ

ਨਵੀਂ ਦਿੱਲੀ:ਚੀਨ ਦੇ ਸਮਰਥਕ ਮੰਨੇ ਜਾਣ ਵਾਲੇ ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲਾਇੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੀ ਤਰ੍ਹਾਂ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਦੀ ਧਰਤੀ ਦਾ ਇਸਤੇਮਾਲ ਕਦੇ ਵੀ ਭਾਰਤ ਦੇ ਸੁਰੱਖਿਆ ਹਿੱਤਾਂ ਵਿਰੁੱਧ ਨਹੀਂ ਹੋਣ ਦਿੱਤਾ ਜਾਵੇਗਾ।

ਉੱਤਰ-ਪੂਰਬੀ ਭਾਰਤ ਦੇ ਸੂਬਿਆ ਨਾਗਾਲੈਂਡ ਅਤੇ ਮਨੀਪੁਰ) ਦੇ ਨਾਲ ਮਿਆਂਮਾ ਦੀ 1640 ਕਿੱਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਮਿਆਂਮਾਰ ਦੀ ਅੰਦਰੂਨੀ ਅਸਥਿਰਤਾ ਤੇ ਉੱਥੇ ਚੀਨ ਦਾ ਵਧਦਾ ਦਬਦਬਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ। ਸੋਮਵਾਰ ਨੂੰ ਨਵੀਂ ਦਿੱਲੀ ‘ਚ ਮੋਦੀ ਅਤੇ ਹਲਾਇੰਗ ਵਿਚਾਲੇ ਹੋਈ ਅਹਿਮ ਦੁਵੱਲੀ ਬੈਠਕ ਵਿਚ ਇਨ੍ਹਾਂ ਸਾਰੇ ਸੰਵੇਦਨਸ਼ੀਲ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਹੋਈ। ਬੈਠਕ ਵਿਚ ਦੋਵਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਇਸ ਵਿਚ ਵਪਾਰ ਤੇ ਆਰਥਿਕ ਸਬੰਧ, ਰੱਖਿਆ ਤੇ ਸੁਰੱਖਿਆ, ਸੀਮਾ ਪ੍ਰਬੰਧਨ, ਵਿਕਾਸ ਸਹਾਇਤਾ ਅਤੇ ਸੰਸਕ੍ਰਿਤਕ ਅਦਾਨ-ਪ੍ਰਦਾਨ ਸ਼ਾਮਲ ਹਨ। ਦੋਵਾਂ ਧਿਰਾਂ ਨੇ ਵੱਖ-ਵੱਖ ਦੁਵੱਲੇ ਸਮਝੌਤਿਆਂ ਅਤੇ ਮੈਮੋਰੰਡਮਾਂ ‘ਤੇ ਚੱਲ ਰਹੀਆਂ ਰਹੀਆਂ ਚਰਚਾਵਾਂ ਨੂੰ ਜਲਦ ਪੂਰਾ ਕਰਨ ਦੀ ਇੱਛਾ ਜਤਾਈ। ਮਿਆਂਮਾਰ ਵਿਚ ਫਰਵਰੀ 2021 ਦੇ ਫ਼ੌਜੀ ਤਖ਼ਤਾਪਲਟ ਅਤੇ ਲੰਬੇ ਸੰਘਰਸ਼ ਤੋਂ ਬਾਅਦ ਅਪ੍ਰੈਲ 2026 ਵਿਚ ਹੋਈਆਂ ਸੰਸਦੀ ਚੋਣਾਂ ਜ਼ਰੀਏ ਰਾਸ਼ਟਰਪਤੀ ਹਲਾਇੰਗ ਨੇ ਸੱਤਾ ਸੰਭਾਲੀ ਹੈ। ਇਸ ਚੋਣ ਨਾਲ ਉਂਜ ਇਸ ਦੇਸ਼ ਦੀ ਅੰਦਰੂਨੀ ਸਥਿਤੀ ਵਿਚ ਬਹੁਤ ਸੁਧਾਰ ਦੀ ਸੰਭਾਵਨਾ ਨਹੀਂ ਦਿਸ ਰਹੀ ਹੈ। ਇਕ ਪਾਸੇ ਮਿਆਂਮਾਰ ਦੀ ਫ਼ੌਜ ਹੈ ਤੇ ਦੂਜੇ ਪਾਸੇ ਪਾਸੇ ਲੋਕਤੰਤਰੀ ਅਧਿਕਾਰਾਂ ਦੀ ਮੰਗ ਕਰਨ ਵਾਲੀਆਂ ਪਾਰਟੀਆਂ ਅਤੇ ਚਿਨ ਬ੍ਰਦਰਹੁੱਡ ਅਤੇ ਆਰਾਕਾਨ ਆਰਮੀ ਵਰਗੀਆਂ ਬਾਗ਼ੀ ਫ਼ੌਜਾਂ ਹਨ। ਰਖਾਇਨ ਪ੍ਰਾਂਤ ਦੇ ਜ਼ਿਆਦਾਤਰ ਹਿੱਸੇ ‘ਤੇ ਬਾਗ਼ੀਆਂ ਦਾ ਕਬਜ਼ਾ ਹੈ। ਨਾਲ ਹੀ, ਚੀਨ ਦੀ ਚੜ੍ਹਤ ਵੀ ਮਿਆਂਮਾਰ ਦੀ ਸਰਕਾਰ ‘ਤੇ ਵਧਦੀ ਜਾ ਰਹੀ ਹੈ। ਹਲਾਇੰਗ ਨੇ ਚੋਣ ‘ਚ ਜੇਤੂ ਹੋਣ ਤੋਂ ਬਾਅਦ ਵਿਦੇਸ਼ ਦੌਰੇ ਦੇ ਤੌਰ ‘ਤੇ ਭਾਰਤ ਨੂੰ ਚੁਣ ਕੇ ਨਵੀਂ ਦਿੱਲੀ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਭਾਰਤ ਦੇ ਹਿੱਤਾਂ ਦੀ ਰੱਖਿਆ ਕਰ ਸਕਦੇ ਹਨ। ਇਹ ਗੱਲ ਉਨ੍ਹਾਂ ਨੇ ਮੋਦੀ ਨੂੰ ਵੀ ਸਾਫ਼ ਤੌਰ ‘ਤੇ ਦੱਸੀ ਹੈ। ਮੋਦੀ ਨੇ ਵੀ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਭਾਰਤ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ।