ਪੱਛਮੀ ਏਸ਼ੀਆ ’ਚ ਹਾਵੀ ਹੋਣ ਦੀ ਅਮਰੀਕਾ ਤੇ ਇਜ਼ਰਾਈਲ ਦੀ ਸਾਜ਼ਿਸ਼

-ਪ੍ਰਬੀਰ ਪੁਰਕਾਇਸਥ
ਪ੍ਰਬੀਰ ਪੁਰਕਾਇਸਥ ਉੱਘੇ ਰਾਜਨੀਤਕ ਵਿਸ਼ਲੇਸ਼ਣਕਾਰ ਹਨ ਜੋ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿੱਕ’ ਦੇ ਪ੍ਰਮੁੱਖ ਸੰਪਾਦਕ ਹਨ। ਉਨ੍ਹਾਂ ਦਾ ਇਹ ਲੇਖ ਮੌਜੂਦਾ ਯੁੱਧ ਪਿੱਛੇ ਕੰਮ ਕਰਦੇ ਅਮਰੀਕੀ-ਇਜ਼ਰਾਇਲੀ ਮਨੋਰਥ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਇਸ ਭਖਦੇ ਮਸਲੇ ਦੇ ਮਹੱਤਵ ਨੂੰ ਧਿਆਨ ਵਿਚ ਰੱਖਦਿਆਂ ਇਹ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ। – ਸੰਪਾਦਕ॥

ਅਮਰੀਕਾ-ਈਰਾਨ ਯੁੱਧ ਇਹ ਸਤਰਾਂ ਲਿਖੇ ਜਾਣ ਤੱਕ 54ਵੇਂ ਦਿਨ ’ਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਇਸਲਾਮਾਬਾਦ ‘ਚ ਸ਼ਾਂਤੀ ਵਾਰਤਾਵਾਂ ਸ਼ੁਰੂ ਵੀ ਨਹੀਂ ਹੋਈਆਂ। ਅਮਰੀਕਾ ਅਤੇ ਈਰਾਨ ਦਰਮਿਆਨ ਬੇਚੈਨੀ ਭਰੀ ਜੰਗਬੰਦੀ ਚੱਲ ਰਹੀ ਹੈ, ਹਾਲਾਂਕਿ ਜੰਗਬੰਦੀ ਦਾ ਉਲੰਘਣ ਕਰਦਿਆਂ ਦੱਖਣੀ ਲੇਬਨਾਨ ‘ਚ ਇਜ਼ਰਾਇਲੀ ਹਮਲੇ ਹੁਣ ਵੀ ਜਾਰੀ ਹਨ। ਦੂਸਰੇ ਸ਼ਬਦਾਂ ‘ਚ ਸਾਡਾ ਸਾਹਮਣਾ ਇੱਕ ਅਜਿਹੀ ਜੰਗਬੰਦੀ ਨਾਲ ਹੈ, ਜਿਸ ਵਿਚ ਅਮਰੀਕਾ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਬਹੁਤ ਦੂਰ ਸਮੁੰਦਰ ‘ਚ – ਫਾਰਸ ਦੀ ਖਾੜੀ ‘ਚ – ਈਰਾਨ ਵੱਲ ਜਾ ਰਹੇ ਸਮੁੰਦਰੀ ਬੇੜਿਆਂ ‘ਤੇ ਰੋਕ ਲਾਉਣ ਦਾ ਅਧਿਕਾਰ ਹੈ ਅਤੇ ਇਨ੍ਹਾਂ ਹਰਕਤਾਂ ਨੂੰ ਕਿਸੇ ਢੰਗ ਨਾਲ ਜੰਗ ਦੀ ਘਟਨਾ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਇਸ ਦੇ ਬਾਵਜੂਦ ਹੈ ਕਿ ਕੌਮਾਂਤਰੀ ਕਾਨੂੰਨ ਅਜਿਹੀਆਂ ਹਰਕਤਾਂ ਨੂੰ ਜੰਗ ਦੀ ਘਟਨਾ ਦੇ ਰੂਪ ‘ਚ ਪਰਿਭਾਸ਼ਿਤ ਕਰਦਾ ਹੈ। ਈਰਾਨ ਨੇ ਧਿਆਨ ਦਿਵਾਇਆ ਹੈ ਕਿ ਹੋਰਮੁਜ਼ ਦੀ ਖਾੜੀ ‘ਤੇ ਨਾਕਾਬੰਦੀ ਥੋਪਣਾ, ਜਿਸ ਤਰ੍ਹਾਂ ਕਿ ਅਮਰੀਕਾ ਨੇ ਕੀਤਾ ਹੈ, ਜੰਗਬੰਦੀ ਦਾ ਉਲੰਘਣ ਹੈ ਅਤੇ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਸਾਏ ‘ਚ ਉਹ ਗੱਲ ਕਰਨ ਲਈ ਤਿਆਰ ਨਹੀਂ ਹੈ। ਉਸ ਨੇ ਵੀ ਹੋਰਮੁਜ਼ ‘ਤੇ ਆਪਣੀ ਨਾਕੇਬੰਦੀ ਦੁਬਾਰਾ ਲਗਾ ਦਿੱਤੀ ਹੈ, ਜਿਸ ਨੂੰ ਜੰਗਬੰਦੀ ਦੇ ਐਲਾਨ ਬਾਅਦ ਉਸਨੇ ਪਹਿਲਾਂ ਚੁੱਕ ਲਿਆ ਸੀ।
ਇਸ ਜੰਗ ਨੇ ਨਾ-ਬਰਾਬਰੀ ਦੇ ਜਾਂ ਨਾ-ਬਰਾਬਰੀ ਵਾਲੇ ਯੁੱਧ ਦੇ ਵਰਤਾਰੇ ਨੂੰ ਸਾਹਮਣੇ ਲੈ ਆਂਦਾ ਹੈ। ਹਾਲ ਹੀ ‘ਚ ਡਰੋਨਾਂ ਨਾਲ ਜੰਗ ਦਾ ਖ਼ਾਸਾ ਹੀ ਬਦਲ ਗਿਆ ਹੈ ਅਤੇ ਇਸ ਨੇ ਦੇਸ਼ਾਂ ਅਤੇ ਸਮੂਹਾਂ ਲਈ, ਆਪਣੇ ਨਾਲੋਂ ਕਿਤੇ ਵੱਡੀਆਂ ਤਾਕਤਾਂ ਖ਼ਿਲਾਫ਼, ਗ਼ੈਰ-ਬਰਾਬਰੀ ਵਾਲੇ ਢੰਗ ਨਾਲ ਲੜਾਈ ਲੜਨਾ ਸੰਭਵ ਬਣਾ ਦਿੱਤਾ ਹੈ। ਇਸ ਤਰ੍ਹਾਂ ਦੇ ਡਰੋਨ ਜੰਗ ਦੀ ਚਾਬੀ ਦੀ ਸਮਰੱਥਾ ਹੈ ਕਿ ਇੱਕ ਸਾਧਾਰਣ ਮੋਬਾਈਲ ਫੋਨ ‘ਚ ਜੋ ਬੁੱਧੀ ਉਪਲਬਧ ਹੁੰਦੀ ਹੈ, ਉਸ ਨੂੰ ਸੰਖੇਪ ਰੂਪ ‘ਚ ਇੱਕ ਜਹਾਜ਼ ਦੇ ਮਾਡਲ ਨਾਲ ਜੋੜ ਦਿੱਤਾ ਜਾਏ, ਜਿਸ ਤਰ੍ਹਾਂ ਦੇ ਮਾਡਲਾਂ ਦੀ ਵਰਤੋਂ ਵੱਡੇ ਪੱਧਰ ‘ਤੇ ਲੋਕ ਸ਼ੌਕੀਆ ਤੌਰ ’ਤੇ ਕਰਦੇ ਹਨ।
ਮੌਜੂਦਾ ਯੁੱਧ ਨੂੰ ਸਮਝਣ ਲਈ, ਜੋ ਕਿ ਈਰਾਨ ਖ਼ਿਲਾਫ਼ ਅਜਿਹਾ ਯੁੱਧ ਹੈ ਜਿਸ ਦੀਆਂ ਇਜ਼ਰਾਈਲ ਅਤੇ ਅਮਰੀਕਾ ਲੰਮੇ ਅਰਸੇ ਤੋਂ ਤਿਆਰੀਆਂ ਕਰ ਰਹੇ ਸਨ, ਸਾਨੂੰ ਤਿੰਨ ਵੱਖ-ਵੱਖ ਮੁੱਦਿਆਂ ਨੂੰ ਸਮਝਣਾ ਹੋਵੇਗਾ। ਪਹਿਲਾ, ਪੱਛਮੀ ਏਸ਼ੀਆ ਦੀ ਸਿਆਸਤ ਅਤੇ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਇਸਨੂੰ ਇਸ ਤਰ੍ਹਾਂ ਸਿਰਜਿਆ ਗਿਆ ਸੀ ਕਿ ਇਜ਼ਰਾਈਲ ਰਾਹੀਂ ਇਸ ਖੇਤਰ ਉੱਤੇ ਪੱਛਮ ਦਾ ਕੰਟਰੋਲ ਬਣਿਆ ਰਹੇ। ਦੂਸਰਾ ਕਿਸ ਢੰਗ ਨਾਲ ਇਸ ਖੇਤਰ ‘ਚ ਅਖੌਤੀ ਤੇਲ ਉਤਪਾਦਕ ਦੇਸ਼ – ਬਹਿਰੀਨ, ਕਤਰ ਅਤੇ ਯੂਏਈ – ਬੁਨਿਆਦੀ ਤੌਰ ‘ਤੇ ਸਾਊਦੀ ਅਰਬ ਨਾਲੋਂ ਕੱਟ ਕੇ ਬਣਾਏ ਗਏ ਅਤੇ ਕੁਵੈਤ, ਇਰਾਕ, ਸਾਊਦੀ ਅਰਬ ਨਾਲੋਂ ਕੱਟ ਕੇ ਬਣਾਏ ਗਏ ਸਨ। ਇਹ ਨਕਸ਼ਾ-ਨਵੀਸੀ ਬਸਤੀਵਾਦ ਸੀ, ਜੋ ਖ਼ਾਸ ਤੌਰ ‘ਤੇ ਅੰਗਰੇਜ਼ਾਂ ਵੱਲੋਂ ਕੀਤਾ ਗਿਆ ਸੀ ਅਤੇ ਜਿਸ ਦੇ ਜ਼ਰੀਏ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਤੇਲ ‘ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕੀਤੀ। ਬਦਲੇ ‘ਚ ਸਾਊਦੀ ਅਰਬ ਨੂੰ ਮੱਕਾ ਅਤੇ ਮਦੀਨਾ ਦਿੱਤੇ ਗਏ ਸਨ ਅਤੇ ਮੱਕਾ ਦੇ ਸ਼ਰੀਫ ਦੇ ਪੁੱਤਰਾਂ ਨੂੰ ਜਾਰਡਨ ਅਤੇ ਈਰਾਕ ਦੇ ਦਿੱਤੇ ਗਏ ਸਨ। ਤੀਸਰਾ ਹੈ, ਇਸ ਖੇਤਰ ਦੀਆਂ ਬਸਤੀਵਾਦੀ ਤਾਕਤਾਂ ਦੇ ਤੌਰ ‘ਤੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੂੰ ਹਟਾ ਕੇ, ਅਮਰੀਕੀਆਂ ਦੁਆਰਾ ਕੰਟਰੋਲ ਸੰਭਾਲਿਆ ਜਾਣਾ। ਸਾਊਦੀ, ਜੋ ਹੁਣ ਵੀ ਪੱਛਮੀ ਏਸ਼ੀਆ ‘ਚ ਤੇਲ ਦੇ ਸਭ ਤੋਂ ਵੱਡੇ ਉਤਪਾਦਕ ਸਨ, ਆਪਣੇ ਤੇਲ ਦੀ ਕੀਮਤ ਡਾਲਰ ਨਾਲ ਜੋੜਨ ਲਈ ਤਿਆਰ ਹੋ ਗਏ, ਜਿਸਨੇ ਅਮਰੀਕੀ ਡਾਲਰ ਨੂੰ ਦੁਨੀਆ ਦੀ ਸੁਰੱਖਿਅਤ ਮੁਦਰਾ ਬਣਾ ਦਿੱਤਾ। ਦੂਸਰੇ ਵਿਸ਼ਵ ਯੁੱਧ ਦੇ ਫੌਰਨ ਬਾਅਦ ਈਰਾਨ, ਤਕਰੀਬਨ ਇੱਕ ਬਰਤਾਨਵੀ ਬਸਤੀਵਾਦ ਵਰਗਾ ਸੀ ਅਤੇ ਉਸ ਦਾ ਤੇਲ ਬਰਤਾਨਵੀ ਪੈਟ੍ਰੋਲੀਅਮ ਦੀ ‘ਮਲਕੀਅਤ’ ‘ਚ ਸੀ। ਈਰਾਨ ਦੇ ਪਹਿਲੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਪ੍ਰਧਾਨ ਮੰਤਰੀ, ਮੁਹੰਮਦ ਮੋਸਾਦੇਹ ਨੇ ਜਦੋਂ 1951 ‘ਚ ਬਰਤਾਨਵੀ ਪੈਟ੍ਰੋਲੀਅਮ ਦਾ ਰਾਸ਼ਟਰੀਕਰਨ ਕਰ ਦਿੱਤਾ, ਅਮਰੀਕਾ ਅਤੇ ਯੂ.ਕੇ. ਨੇ ਮਿਲ ਕੇ, ਈਰਾਨ ਦੀ ਇਸ ਪਹਿਲੀ ਜਮਹੂਰੀ ਢੰਗ ਨਾਲ ਚੁਣੀ ਗਈ ਸਰਕਾਰ ਦਾ ਤਖ਼ਤਾ ਪਲਟ ਕਰਵਾ ਦਿੱਤਾ। ਉਨ੍ਹਾਂ ਨੇ ਆਪਣੇ ਹੱਥ-ਠੋਕਾ, ਰਜ਼ਾ ਸ਼ਾਹ ਪਹਿਲਵੀ ਨੂੰ ਸੱਤਾ ‘ਤੇ ਬੈਠਾ ਦਿੱਤਾ, ਜਿਸਨੇ ਅਮਰੀਕਾ ਦੇ ਸਹਿਯੋਗ ਨਾਲ ਦੇਸ਼ ‘ਚ ਇੱਕ ਕੱਟੜ ਅੱਤਿਆਚਾਰੀ ਤਾਨਾਸ਼ਾਹੀ ਦਾ ਰਾਜ ਚਲਾਇਆ ਸੀ। 1979 ‘ਚ ਇਸਲਾਮੀ ਇਨਕਲਾਬ ਨੇ ਸ਼ਾਹ ਨੂੰ ਸੱਤਾ ਤੋਂ ਹਟਾ ਦਿੱਤਾ ਅਤੇ ਇਸ ਦੇ ਚਲਦਿਆਂ ਤੇਹਰਾਨ ‘ਚ ਅਮਰੀਕੀ ਦੂਤਾਵਾਸ ਦੀ 444 ਦਿਨ ਲੰਬੀ ਨਾਕਾਬੰਦੀ ਵੀ ਹੋਈ, ਜੋ ਅਮਰੀਕਾ ਨਾ ਤਾਂ ਭੁੱਲਿਆ ਹੈ ਅਤੇ ਨਾ ਹੀ ਉਸਨੇ ਮਾਫ਼ ਕੀਤਾ ਹੈ।
ਸਾਡੇ ਭਾਰਤ ਦੇ ਲੋਕਾਂ ਲਈ, ਇਹ ਦਰਜ ਕਰਨਾ ਮਹੱਤਵਪੂਰਨ ਹੈ ਕਿ ਪੱਛਮੀ ਏਸ਼ੀਆ ‘ਚ ਬਰਤਾਨਵੀ ਸੱਤਾ, ਭਾਰਤੀ ਬਰਤਾਨਵੀ ਫ਼ੌਜ ‘ਤੇ ਟਿਕੀ ਹੋਈ ਸੀ। ਹੋਰ ਤਾਂ ਹੋਰ ਜਿਹੜੇ ਨਕਸ਼ਿਆਂ ਦੇ ਜ਼ਰੀਏ ਨਵੇਂ-ਨਵੇਂ ਬਣੇ ਤੇਲ ਵਾਲੇ ਦੇਸ਼ਾਂ ਦੀਆਂ ਸਰਹੱਦਾਂ ਉਲੀਕੀਆਂ ਗਈਆਂ ਸਨ, ਉਹ ਨਕਸ਼ੇ ਵੀ ਭਾਰਤੀ ਨਕਸ਼ਾ-ਨਵੀਸਾਂ ਨੇ ਹੀ ਬਣਾਏ ਸਨ। ਇਹ ਬਰਤਾਨਵੀ ਬਸਤੀਵਾਦ ਦੀ ਦੂਸਰੀ ਹੀ ਕਹਾਣੀ ਹੈ, ਜਿਸਨੇ ਆਪਣੇ ਸਾਮਰਾਜ ਭਾਰਤੀ ਫ਼ੌਜੀਆਂ ਦੇ ਜ਼ੋਰ ‘ਤੇ ਅਤੇ ਭਾਰਤ ਦੇ ਜਗੀਰੂ ਰਾਜੇ-ਰਜਵਾੜਿਆਂ ਦੇ ਸਹਿਯੋਗ ਨਾਲ ਖੜ੍ਹਾ ਕੀਤਾ। ਵੱਖ-ਵੱਖ ਨਵਾਬਾਂ ਅਤੇ ਰਾਜਿਆਂ ਨੇ ਹੀ ਆਪਣਾ ਦੇਸ਼ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਵੇਚ ਦਿੱਤਾ ਸੀ। ਪੱਛਮੀ ਏਸ਼ੀਆ ‘ਚ ਭਾਰਤ ਦੀਆਂ ਡੂੰਘੀਆਂ ਜੜ੍ਹਾਂ ਹਨ ਅਤੇ ਉਥੋਂ ਭਾਰਤੀ ਐਨਆਰਆਈ ਹੁਣ ਵੀ ਵੱਡੀ ਗਿਣਤੀ ‘ਚ ਆਪਣੀ ਕਮਾਈ ਆਪਣੇ ਮੁਲਕ ‘ਚ ਭੇਜਦੇ ਹਨ, ਜਿਸ ਨਾਲ ਭਾਰਤ ਦੇ ਵਪਾਰਕ ਘਾਟੇ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ।
ਈਰਾਨ ਨੇ ਬਹੁਤ ਪਹਿਲਾਂ ਹੀ ਇਹ ਸਮਝ ਲਿਆ ਸੀ ਕਿ ਉਹ ਰਵਾਇਤੀ ਜੰਗ ‘ਚ ਇਜ਼ਰਾਈਲ ਅਤੇ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕੇਗਾ। ਉਸ ਕੋਲ ਹਵਾਈ ਫ਼ੌਜ ਜਾਂ ਨੇਵੀ ਫ਼ੌਜ ਤਾਂ ਕਰੀਬ-ਕਰੀਬ ਸੀ ਹੀ ਨਹੀਂ। ਈਰਾਨ ਦੀ ਹਵਾਈ ਫ਼ੌਜ ਅਤੇ ਨੇਵੀ ਨੂੰ ਤਬਾਹ ਕਰ ਦੇਣ ਦੇ ਟਰੰਪ ਦੇ ਦਾਅਵੇ ਉਸਦੀ ਸ਼ੇਖੀਬਾਜ਼ੀ ਨੂੰ ਦਰਸਾਉਂਦੇ ਹਨ, ਜਿਸ ਵਿਚ ਜਿੱਤ ਦੇ ਖੋਖਲੇ ਦਾਅਵੇ ਹਨ, ਹਰ ਵਾਰ ਪਹਿਲਾਂ ਨਾਲੋਂ ਵੱਡੀ ਜਿੱਤ ਦੇ। ਈਰਾਨ, ਜਿਸ ਨੂੰ ਵਿਸ਼ਵ ਵਪਾਰ ਨਾਲੋਂ ਵੱਖਰਾ ਰੱਖਿਆ ਗਿਆ ਸੀ ਅਤੇ ਜੋ ਵੱਖ-ਵੱਖ ਤਕਨੀਕੀ ਪਾਬੰਦੀਆਂ ਦਾ ਸ਼ਿਕਾਰ ਬਣਿਆ ਰਿਹਾ ਸੀ, ਉਸਨੇ ਸੁਰੱਖਿਆ ਦਾ ਇੱਕ ਬਹੁਤ ਵੱਖਰਾ ਢਾਂਚਾ ਖੜ੍ਹਾ ਕੀਤਾ ਹੈ। ਇਸ ਵਿਚ ਡਰੋਨਾਂ ਅਤੇ ਮਿਜ਼ਾਇਲਾਂ ’ਤੇ ਖ਼ਾਸ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪਿਛਲੇ ਕੁਛ ਦਹਾਕਿਆਂ ਤੋਂ ਈਰਾਨ ਸਸਤੇ ਡਰੋਨਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਿਨ੍ਹਾਂ ਨੂੰ ਯੁੱਧ ’ਚ ਵਰਤਿਆ ਗਿਆ ਹੈ।
ਇਜ਼ਰਾਇਲੀ ਰੋਜ਼ਾਨਾ ਅਖ਼ਬਾਰ, ‘ਹਾਰਤੇਜ਼’ ਅਨੁਸਾਰ, …‘ਈਰਾਨ ਜੰਗ ਦੀ ਸ਼ੁਰੂਆਤ ’ਚ ਸਿਰਫ਼ 5 ਫੀਸਦੀ ਮਿਜ਼ਾਇਲਾਂ ਇਜ਼ਰਾਈਲ ’ਤੇ ਸੁੱਟੀਆਂ ਜਾ ਰਹੀਆਂ ਸਨ। ਜੰਗ ਦੇ ਆਖਰੀ ਦਿਨਾਂ ਤੱਕ, ਇਹ ਗਿਣਤੀ ਵਧਾ ਕੇ 27 ਫੀਸਦੀ ਤੱਕ ਪਹੁੰਚਾ ਦਿੱਤੀ ਗਈ।’ ਇਜ਼ਰਾਈਲ ਦੀਆਂ ਸੁਰੱਖਿਆ ਮੁਸ਼ਕਲਾਂ ਇਸ ਨਾਲ ਹੋਰ ਵਧ ਗਈਆਂ ਹਨ ਕਿ ਈਰਾਨ ਦੀਆਂ ਤਾਜ਼ਾ ਮਿਜ਼ਾਇਲਾਂ ਕਈ-ਕਈ ਵਾਰ ਹੈਡ ਵਾਲੀਆਂ ਹਨ, ਜਿਸ ਨਾਲ ਇਨ੍ਹਾਂ ਮਿਜ਼ਾਇਲਾਂ ਨੂੰ ਮਾਰ ਗਿਰਾਉਣ ਦੀ ਕੋਸ਼ਿਸ਼ ’ਚ ਉਸ ਨਾਲੋਂ ਕਿਤੇ ਵੱਡੀ ਗਿਣਤੀ ’ਚ ਮਿਜ਼ਾਇਲ-ਵਿਰੋਧੀ ਮਿਜ਼ਾਇਲਾਂ ਖ਼ਰਚ ਕਰਨੀਆਂ ਪੈ ਰਹੀਆਂ ਹਨ। ਇੰਝ ਲੱਗਦਾ ਹੈ ਕਿ ਈਰਾਨ ਨੇ ਆਪਣੀਆਂ ਜ਼ਿਆਦਾ ਉੱਨਤ ਮਿਜ਼ਾਇਲਾਂ ਨੂੰ ਲੜਾਈ ਦੇ ਬਾਅਦ ਦੇ ਦੌਰ ਲਈ ਬਚਾਅ ਕੇ ਰੱਖਿਆ ਸੀ, ਜਿਸ ਨਾਲ ਉਸ ਦੇ ਹੋਰ ਉੱਨਤ ਮਿਜ਼ਾਇਲਾਂ ਅਤੇ ਡਰੋਨਾਂ ਨੂੰ ਲੜਾਈ ’ਚ ਉਤਾਰਨ ਤੱਕ, ਇਜ਼ਰਾਈਲ ਦੀਆਂ ਮਿਜ਼ਾਇਲ-ਵਿਰੋਧੀ ਮਿਜ਼ਾਇਲਾਂ ਦਾ ਭੰਡਾਰ ਘਟ ਜਾਏ। ਜਿਸ ਤਰ੍ਹਾਂ ਕਿ ਅਸੀਂ ਹੁਣ ਦੇਖ ਰਹੇ ਹਾਂ, ਮਿਜ਼ਾਇਲ-ਵਿਰੋਧੀ ਮਿਜ਼ਾਇਲਾਂ ਦੇ ਭੰਡਾਰ ਘੱਟ ਹੋਣ ਦੇ ਨਾਲ, ਆਪਣੇ ਸ਼ਹਿਰਾਂ ਅਤੇ ਮਹੱਤਵਪੂਰਨ ਸੰਸਥਾਵਾਂ ਦੀ ਹਵਾਈ ਹਮਲਿਆਂ ਤੋਂ ਹਿਫਾਜ਼ਤ ਕਰਨ ਦੀ ਇਜ਼ਰਾਈਲ ਦੀ ਸਮਰੱਥਾ ਬਹੁਤ ਘੱਟ ਹੋ ਗਈ ਹੈ।
ਅਮਰੀਕਾ ਅਤੇ ਇਜ਼ਰਾਈਲ ਨੇ, ਆਪਣੇ ਵਿਰੋਧੀ ਦੇ ਖ਼ਿਲਾਫ਼ ਲੰਮੀ ਲੜਾਈ ਦੀ ਤਿਆਰੀ ਨਹੀਂ ਕੀਤੀ ਸੀ। ਈਰਾਨ ਨੇ ਉਨ੍ਹਾਂ ਦੇ ਹਮਲੇ ਦਾ ਜਵਾਬ ਇੱਕ ਅਸਾਵੀਂ ਵਾਲੀ ਜੰਗ ਦੇ ਆਧਾਰ ’ਤੇ ਤਿਆਰ ਕੀਤਾ ਹੈ ਅਤੇ ਇਸ ਲੜਾਈ ਲਈ ਆਪਣੇ ਔਜਾਰਾਂ ਦਾ ਨਿਰਮਾਣ ਅਤੇ ਭੰਡਾਰ, ਦੋਨਾਂ ਲਈ ਆਪਣੀਆਂ ਡੂੰਘੀਆਂ ਅਤੇ ਜ਼ਮੀਨਦੋਜ਼ ਸੁਰੰਗਾਂ ਦਾ ਸਹਾਰਾ ਲਿਆ ਹੈ। ਬੇਸ਼ੱਕ, ਇਜ਼ਰਾਈਲ ਅਤੇ ਅਮਰੀਕਾ, ਈਰਾਨ ਦੀ ਆਬਾਦੀ ’ਤੇ ਅਕਾਸ਼ ਰਾਹੀਂ ਬੰਬ ਵਰ੍ਹਾ ਸਕਦੇ ਹਨ – ਉਸਦੇ ਕੁੜੀਆਂ ਦੇ ਸਕੂਲਾਂ ’ਤੇ, ਬਿਜਲੀ ਘਰਾਂ ਅਤੇ ਪੁਲਾਂ ’ਤੇ ਬੰਬ ਵਰ੍ਹਾ ਸਕਦੇ ਹਨ, ਹਾਲਾਂਕਿ ਇਹ ਸਭ ਜੰਗੀ ਅਪਰਾਧਾਂ ’ਚ ਆਉਂਦੇ ਹਨ, ਫਿਰ ਵੀ ਉਹ ਇਸ ਜੰਗ ਦੀ ਦਿਸ਼ਾ ਨਹੀਂ ਬਦਲ ਸਕਦੇ ਹਨ ਅਤੇ ਹੁਣ ਜਦੋਂ ਹਿਜ਼ਬੁੱਲਾ ਲੜਾਈ ’ਚ ਸ਼ਾਮਲ ਹੋ ਗਿਆ ਹੈ ਅਤੇ ਉਸਦੇ ਹੱਥੋਂ ਪੂਰਬੀ ਲਿਬਨਾਨ ’ਚ ਇਜ਼ਰਾਈਲ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ, ਤਾਂ ਪਹਿਲੀ ਵਾਰ ਇਜ਼ਰਾਈਲ ਨੂੰ ਲਗਭਗ ਬਰਾਬਰ ਦੇ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਸਦਾ ਮੁਕਾਬਲਾ ਕਰ ਸਕਦਾ ਹੈ ਅਤੇ ਉਸ ਦੀ ਪਿੱਠ ’ਤੇ ਅਮਰੀਕਾ ਦੀ ਫ਼ੌਜੀ ਤਾਕਤ ਹੋਣ ਦੇ ਬਾਵਜੂਦ, ਉਸਦਾ ਮੁਕਾਬਲਾ ਕਰ ਸਕਦਾ ਹੈ।
ਕੀ ਚੀਨ ਅਤੇ ਰੂਸ, ਈਰਾਨੀਆਂ ਦੀ ਮਦਦ ਕਰ ਰਹੇ ਹਨ? ਉਹ ਮੂਰਖ਼ ਹੀ ਹੋਣਗੇ ਜੋ ਅਜਿਹਾ ਨਹੀਂ ਕਰਨਗੇ ਕਿਉਂਕਿ ਅਮਰੀਕਾ ਨੇ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਹੈ ਕਿ ਉਸਦਾ ਇਰਾਦਾ, ਆਪਣੀ ਫ਼ੌਜੀ ਤਾਕਤ ਦੇ ਜ਼ੋਰ ’ਤੇ ਵਿਸ਼ਵ ਵਪਾਰ ’ਤੇ ਆਪਣਾ ਦਬਦਬਾ ਕਾਇਮ ਕਰਨ ਅਤੇ ਸਾਰੇ ਮੁਲਕਾਂ ਤੋਂ, ਇਥੋਂ ਤੱਕ ਕਿ ਆਪਣੇ ਸਹਿਯੋਗੀਆਂ ਤੋਂ ਵੀ, ਸਰਪਲੱਸ ਵਸੂਲ ਕਰਨ ਦਾ ਹੈ। ਅਮਰੀਕਾ, ਵਿਸ਼ਵ ਪੱਧਰ ’ਤੇ ਇੱਕ ਪ੍ਰਭਾਵਸ਼ਾਲੀ ਹੈਸੀਅਤ ਨਾਲ ਜਿਸ ਨਿਯਮ ਆਧਾਰਤ ਵਿਵਸਥਾ ਦੀ ਮਾਲਾ ਜਪਦਾ ਸੀ, ਉਸ ਨੂੰ ਛੱਡ ਕੇ ਹੁਣ ਖ਼ੁਦ ਨੂੰ ਵਿਸ਼ਵ-ਵਿਆਪੀ ਲੁਟੇਰੇ ਦੇ ਰੂਪ ’ਚ ਤਬਦੀਲ ਕਰ ਰਿਹਾ ਹੈ। ਉਹ ਅਜਿਹਾ ਖ਼ਾਸ ਤੌਰ ’ਤੇ ਇਸ ਲਈ ਕਰ ਰਿਹਾ ਹੈ ਕਿ ਉਹ ਚੀਨ, ਭਾਰਤ ਅਤੇ ਪੂਰਬੀ ਤੇ ਦੱਖਣੀ-ਪੂਰਬੀ ਏਸ਼ੀਆ ਨਾਲ ਨਾ ਤਾਂ ਨਿਰਮਾਣ ’ਚ ਮੁਕਾਬਲਾ ਕਰ ਰਿਹਾ ਹੈ ਅਤੇ ਨਾ ਹੀ ਫ਼ੌਜੀ ਤਾਕਤ ’ਚ। ਅਜਿਹੇ ਦ੍ਰਿਸ਼ ’ਚ ਦੁਨੀਆ ਦਾ ਭਲਾ ਇਸੇ ਗੱਲ ’ਚ ਹੈ ਕਿ ਇਸ ਜੰਗ ਵਿਚ ਈਰਾਨ ਦਾ ਡਟਿਆ ਰਹਿਣਾ ਯਕੀਨੀ ਬਣਾਇਆ ਜਾਏ ਅਤੇ ਉਸ ਲੁਟੇਰੇ ਅਮਰੀਕਾ-ਇਜ਼ਰਾਈਲ ਗੱਠਜੋੜ ਨੂੰ ਰੋਕਿਆ ਜਾਏ, ਜੋ ਪੱਛਮੀ ਏਸ਼ੀਆ ਉੱਪਰ ਹਾਵੀ ਹੋਣਾ ਚਾਹੁੰਦਾ ਹੈ। ਪੱਛਮੀ ਏਸ਼ੀਆ ’ਚ ਯੁੱਧਨੀਤਕ ਮਹੱਤਵ ਇਸ ਤੱਥ ’ਚ ਹੈ ਕਿ ਅਮਰੀਕੀ ਡਾਲਰ ਇਸੇ ਦੇ ਸਹਾਰੇ ਹੈ ਕਿਉਂਕਿ ਖਾੜੀ ਦੇ ਸਮੁੱਚੇ ਤੇਲ ਦਾ ਮੁਲਾਂਕਣ ਡਾਲਰ ’ਚ ਹੁੰਦਾ ਹੈ ਅਤੇ ਪੱਛਮੀ ਏਸ਼ੀਆ, ਪੂਰਬੀ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਯੂਰਪ ਦਰਮਿਆਨ ਪੁਲ ਦੀ ਭੂਮਿਕਾ ਨਿਭਾ ਸਕਦਾ ਹੈ।
ਬੇਸ਼ੱਕ, ਪੈਟਰੋਡਾਲਰ ਅਮਰੀਕਾ ਲਈ ਮਹੱਤਵਪੂਰਨ ਹੈ, ਪਰ ਪੱਛਮੀ ਏਸ਼ੀਆ ’ਤੇ ਹਾਵੀ ਹੋਣਾ ਵੀ ਭੂਗੋਲਿਕ-ਯੁੱਧਨੀਤਕ ਕਾਰਨਾਂ ਕਰਕੇ ਉਸ ਲਈ ਮਹੱਤਵਪੂਰਨ ਹੈ। ਇਸੇ ਲਈ, ਭਾਰਤ ਨੇ ਜੋ ਦਾਅ ਲਾਇਆ ਸੀ, ਜਿਸ ਵਿਚ ਜੰਗ ਦੇ ਸ਼ੁਰੂ ਹੋਣ ਦੇ ਠੀਕ ਦੋ ਦਿਨ ਪਹਿਲਾਂ, ਭਾਰਤ ਦੇ ਪ੍ਰਧਾਨ ਮੰਤਰੀ ਇਜ਼ਰਾਈਲ ਨੇਸੇਟ (ਸੰਸਦ) ਤੋਂ ਤਮਗਾ ਲੈਣ ਲਈ ਇਜ਼ਰਾਈਲ ਪਹੁੰਚ ਗਏ ਸਨ, ਉਹ ਕੌਮਾਂਤਰੀ ਮਹਾਂ ਭੁੱਲ ਸੀ, ਭੂਗੋਲਿਕ-ਯੁੱਧਨੀਤਕ ਨਜ਼ਰੀਏ ਤੋਂ ਵੀ ਅਤੇ ਸਮੇਂ ਦੀ ਚੋਣ ਦੇ ਲਿਹਾਜ਼ ਨਾਲ ਵੀ। ਸਾਫ਼ ਹੈ ਕਿ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ, ਦੋਨਾਂ ਦਾ ਬਾਹਰ ਦੀ ਦੁਨੀਆ ਨਾਲ ਸੰਪਰਕ ਟੁੱਟ ਹੀ ਗਿਆ ਹੈ। ਉਹ ਇਸੇ ਪਰਿਪੇਖ ’ਚ ਚੱਲ ਰਹੇ ਹਨ ਕਿ ਦੁਨੀਆ ’ਤੇ, ਇਕਲੌਤੇ ਪ੍ਰਭੂਤਵਸ਼ਾਲੀ ਦੇ ਰੂਪ ’ਚ ਅਮਰੀਕਾ ਹਾਵੀ ਹੈ ਅਤੇ ਪੱਛਮੀ ਏਸ਼ੀਆ ’ਤੇ ਹੁਣ ਵੀ ਖੇਤਰੀ ਪ੍ਰਭੂਤਵਸ਼ਾਲੀ ਦੇ ਰੂਪ ’ਚ ਇਜ਼ਰਾਈਲ ਦਾ ਬੋਲਬਾਲਾ ਹੈ। ਪਰ ਸੱਚਾਈ ਇਹ ਹੈ ਕਿ ਅਸਾਵੀਂ ਜੰਗ ਅਤੇ ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ਦਾ ਸਨਅਤੀ ਵਿਕਾਸ, ਦੁਨੀਆ ਨੂੰ ਬਦਲ ਰਹੇ ਹਨ। ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਅਸੀਂ ਅਤੀਤ ’ਚ ਹੀ ਰਹਿੰਦੇ ਰਹੀਏ ਜਾਂ ਉਸ ਨਵੀਂ ਦੁਨੀਆ ਵੱਲ ਅੱਗੇ ਵਧੀਏ, ਜਿਸ ਦਾ ਨਿਰਮਾਣ ਕਰਨ ’ਚ ਅਸੀਂ ਮਦਦ ਕਰ ਸਕਦੇ ਹਾਂ। ਅਤੇ ਸ਼ਾਇਦ ਭਾਰਤ ਨੂੰ ਇਹ ਵੀ ਯਾਦ ਹੋਵੇਗਾ ਕਿ ਉਹ ਇਸ ਸਾਲ ਬ੍ਰਿਕਸ ਦਾ ਪ੍ਰਧਾਨ ਹੈ ਅਤੇ ਪੱਛਮੀ ਏਸ਼ੀਆ ਦੀ ਰਾਖ਼ ਨਾਲ ਉਭਰਨ ਵਾਲੀ ਨਵੀਂ ਦੁਨੀਆ ’ਚ ਬ੍ਰਿਕਸ ਦੀ ਇੱਕ ਵੱਡੀ ਭੂਮਿਕਾ ਹੋਣ ਜਾ ਰਹੀ ਹੈ।