ਕਿਸ਼ਤ-7: ਇਹੁ ਜਨਮੁ ਤੁਮਹਾਰੇ ਲੇਖੇ!

ਗੁਰਬਚਨ ਸਿੰਘ ਭੁੱਲਰ
ਸਾਹਿਰ ਸਾਹਿਬ ਸਨ ਤਾਂ ਪੱਕੇ ਪੰਜਾਬੀ, ਪਰ ਓਦੋਂ ਦੀ ਪੜ੍ਹਾਈ ਦੇ ਮਾਧਿਅਮ ਸਦਕਾ ਲਿਖਦੇ ਉਰਦੂ ਵਿਚ ਸਨ। ਲਿਖਦੇ ਕੀ ਸਨ, ਬਕੌਲ ਜਗਦੀਪ ਪਾਠਕ ਤੇ ਸਰੋਤੇ ਦੀ ਜਾਨ ਕਢਦੇ ਸਨ। ਇਹ ਗੱਲ ਲਫ਼ਜ਼ਾਂ ਦੀ ਦੁਨੀਆ ਵਿਚ ਉਹਨਾਂ ਦੇ ਸਤਿਕਾਰ ਦੀ ਹੀ ਸੂਚਕ ਸੀ ਕਿ

ਸਾਹਿਰ ਦੀ ਥਾਂ ਉਹਨਾਂ ਦਾ ਨਾਂ ਸਾਹਿਰ ਸਾਹਿਬ ਹੋ ਗਿਆ ਸੀ। ਛੋਟਿਆਂ ਨੇ ਤਾਂ ਕਹਿਣਾ ਹੀ ਸੀ, ਬਹੁਤ ਸਾਰੇ ਵੱਡੇ ਸ਼ਾਇਰ ਵੀ ਉਹਨਾਂ ਨੂੰ ਸਾਹਿਰ ਸਾਹਿਬ ਹੀ ਆਖਦੇ। ਜਗਦੀਪ ਨੇ ਅਨੇਕ ਵਾਰ ਉਹਨਾਂ ਨੂੰ ਰੇਡੀਓ ਤੋਂ ਸੁਣਿਆ ਸੀ। ਆਪ ਚੰਗੀ ਕਵਿੱਤਰੀ ਹੋਣ ਦੇ ਬਾਵਜੂਦ ਉਹ ਹਰ ਵਾਰ ਹੈਰਾਨ ਹੁੰਦੀ, ਏਨੀ ਦਰਦੀਲੀ ਕਸਕ, ਕਲਪਨਾ ਦੀ ਏਨੀ ਬੁਲੰਦੀ, ਜਜ਼ਬੇ ਦੀ ਏਨੀ ਗਹਿਰਾਈ, ਲਫ਼ਜ਼ਾਂ ਦੀ ਏਨੀ ਜਾਦੂਗਰੀ! ਕਿਵੇਂ ਹੋ ਜਾਂਦਾ ਹੈ ਇਹ ਸਭ! ਕਿਵੇਂ ਕਰ ਲੈਂਦੇ ਨੇ ਉਹ ਇਹ ਸਭ! ਉਹਦਾ ਦਿਲ ਕਰਦਾ, ਕਦੀ ਮੁਲਾਕਾਤ ਦਾ ਮੌਕਾ ਬਣੇ ਤਾਂ ਉਹ ਪਹਿਲਾ ਸਵਾਲ ਇਹੋ ਪੁੱਛੇ। ਪਰ ਕੀ ਪਤਾ, ਰੱਬ ਅਜਿਹਾ ਦਿਨ ਕਦੋਂ ਲਿਆਵੇ! ਲਿਆਵੇ ਵੀ ਕਿ ਨਾ!
ਜਗਦੀਪ ਦੇ ਇਹ ਅਰਦਾਸ ਕਰਨ ਵੇਲੇ ਰੱਬ ਜ਼ਰੂਰ ਕਿਤੇ ਨੇੜੇ ਹੀ ਬੈਠਾ ਹੋਵੇਗਾ। ਉਸੇ ਦਿਨ ਦੀ ਡਾਕ ਵਿਚ ਉਰਦੂ, ਹਿੰਦੀ ਤੇ ਪੰਜਾਬੀ ਦੇ ਇਕ ਸਾਂਝੇ ਮੁਸ਼ਾਇਰੇ ਵਿਚ ਸ਼ਾਮਲ ਹੋਣ ਵਾਸਤੇ ਉਹਦੀ ਸਹਿਮਤੀ ਮੰਗਦੀ ਹੋਈ ਚਿੱਠੀ ਆ ਗਈ। ਕੁਛ ਦਿਨਾਂ ਬਾਅਦ ਕਾਰਡ ਆਇਆ ਤਾਂ ਬੋਲਣ ਵਾਲਿਆਂ ਵਿਚ ਸਾਹਿਰ ਸਾਹਿਬ ਵੀ ਸਨ। ਉਹਨੇ ਕਾਰਡ ਚੁੰਮ ਲਿਆ ਤੇ ਪਛਤਾਵੇ ਦਾ ਹੌਕਾ ਲਿਆ, ਜੇ ਰੱਬ ਉਸ ਦਿਨ ਏਨਾ ਹੀ ਮਿਹਰਬਾਨ ਸੀ, ਮੈਂ ਮੂਰਖ ਨੇ ਮੁਲਾਕਾਤ ਹੀ ਕਿਉਂ ਮੰਗੀ, ਸਾਹਿਰ ਸਾਹਿਬ ਹੀ ਕਿਉਂ ਨਾ ਮੰਗ ਲਏ!
ਮੰਚ ਉੱਤੇ ਸਾਹਿਰ ਕੁਛ ਦੂਰ ਉਸ ਤੋਂ ਅੱਗੇ ਬੈਠੇ ਸਨ। ਲੱਗਿਆ ਜਿਵੇਂ ਇਕ-ਦੋ ਵਾਰ ਉਹਨਾਂ ਨੇ ਨਜ਼ਰ ਘੁਮਾ ਕੇ ਦੇਖਿਆ ਹੋਵੇ। ਪਰ ਉਹਨੇ ਮਨ ਨੂੰ ਸਮਝਾਇਆ, ਏਨੀ ਵੀ ਉੱਚੀ ਨਾ ਉੱਡ ਕਿ ਉਹ ਤੈਨੂੰ ਮੁੜ-ਮੁੜ ਦੇਖਣਗੇ! ਏਨੇ ਨੂੰ ਉਹਨਾਂ ਨੇ ਕਾਗ਼ਜ਼ ਕੱਢਿਆ ਤੇ ਕਾਹਲੀ-ਕਾਹਲੀ ਕੁਛ ਝਰੀਟਣ ਲੱਗ ਪਏ। ਸਟੇਜ-ਸਕੱਤਰ ਨੇ ਬੁਲਾਇਆ ਤਾਂ ਉਹ ਕਾਗ਼ਜ਼ ਉਹਨਾਂ ਦੇ ਹੱਥ ਵਿਚ ਹੀ ਸੀ। ਬੋਲੇ, ‘ਹਜ਼ਰਾਤ, ਜੋ ਗੀਤ ਮੈਂ ਸੁਨਾਨੇ ਕੇ ਲੀਏ ਲਾਇਆ ਥਾ, ਉਸ ਸੇ ਪਹਿਲੇ, ਅਗਰ ਆਪ ਇਜਾਜ਼ਤ ਦੇਂ, ਵੁਹ ਦੋ-ਚਾਰ ਅਧੂਰੀ ਸੀ ਲਾਈਨੇਂ ਪੇਸ਼ ਕਰਨਾ ਚਾਹੂੰਗਾ ਜੋ ਅਭੀ ਯਹਾਂ ਬੈਠੇ-ਬੈਠੇ ਆ ਗਈਂ।’ ਵਾਹ…ਅਰਸ਼ਾਦ…ਦੀਆਂ ਆਵਾਜ਼ਾਂ ਵਿਚ ਉਹ ਹੱਥ ਵਾਲੇ ਕਾਗ਼ਜ਼ ਤੋਂ ਪੜ੍ਹਨ ਲੱਗੇ:
ਮੈਂ ਨੇ ਸ਼ਾਇਦ ਤੁਮ੍ਹੇਂ ਪਹਿਲੇ ਭੀ ਕਹੀਂ ਦੇਖਾ ਹੈ!
ਅਜਨਬੀ ਸੀ ਹੋ ਮਗਰ ਗ਼ੈਰ ਨਹੀਂ ਲਗਤੀ ਹੋ
ਵਹਿਮ ਸੇ ਭੀ ਜੋ ਹੋ ਨਾਜ਼ੁਕ ਵੁਹ ਯਕੀਂ ਲਗਤੀ ਹੋ।
ਹਾਇ ਯਿਹ ਫੂਲ ਸਾ ਚਿਹਰਾ ਯਿਹ ਘਨੇਰੀ ਜ਼ੁਲਫ਼ੇਂ
ਮੇਰੇ ਸ਼ਿਅਰੋਂ ਸੇ ਭੀ ਤੁਮ ਮੁਝ ਕੋ ਹਸੀਂ ਲਗਤੀ ਹੋ।
ਦੇਖ ਕਰ ਤੁਮ ਕੋ ਕਿਸੀ ਰਾਤ ਕੀ ਯਾਦ ਆਤੀ ਹੈ
ਏਕ ਖ਼ਾਮੋਸ਼ ਮੁਲਾਕਾਤ ਕੀ ਯਾਦ ਆਤੀ ਹੈ।
ਜਹਾਂ ਮੇਂ ਹੁਸਨ ਕੀ ਠੰਡਕ ਕਾ ਅਸਰ ਜਗਤਾ ਹੈ
ਆਂਚ ਦੇਤੀ ਹੂਈ ਬਰਸਾਤ ਕੀ ਯਾਦ ਆਤੀ ਹੈ।
ਜਿਸਕੀ ਪਲਕੇਂ ਮੇਰੀ ਆਂਖੋਂ ਪੇ ਝੁਕੀ ਰਹਿਤੀ ਹੈਂ
ਤੁਮ ਵੁਹੀ ਮੇਰੇ ਖ਼ਿਆਲੋਂ ਕੀ ਪਰੀ ਹੋ ਕਿ ਨਹੀਂ?
ਕਹੀਂ ਪਹਿਲੇ ਕੀ ਤਰਹਿ ਫ਼ਿਰ ਤੋ ਨਾ ਖੋ ਜਾਉਗੀ
ਜੋ ਹਮੇਸ਼ਾ ਕੇ ਲੀਏ ਹੋ ਵੁਹ ਖ਼ੁਸ਼ੀ ਹੋ ਕਿ ਨਹੀਂ?
ਜਗਦੀਪ ਨੂੰ ਲੱਗਿਆ ਜਿਵੇਂ ਉਹਦੇ ਮੂੰਹੋਂ ਆਪਮੁਹਾਰੇ ਨਿਕਲ ਗਿਆ ਹੋਵੇ, ‘ਵੁਹੀ ਹੂੰ ਸਾਹਿਰ ਸਾਹਿਬ, ਬਿਲਕੁਲ ਵੁਹੀ ਹੂੰ!’ ਇਕਦਮ ਘਬਰਾ ਕੇ ਉਹਨੇ ਇਧਰ-ਉਧਰ ਦੇਖਿਆ। ਸ਼ੁਕਰ ਸੀ, ਮਨ ਹੀ ਬੋਲਿਆ ਸੀ, ਮੂੰਹ ਨਹੀਂ। ਆਪਣੇ-ਆਪ ਨੂੰ ਕਿਹਾ, ਤੂੰ ਤਾਂ ਗਈ ਕੰਮ ਤੋਂ ਜਗਦੀਪੀਏ! ਪਰ ਕੀ ਪਤਾ, ਇਹ ਸਤਰਾਂ ਸਬੱਬ ਨਾਲ ਹੀ ਸੁੱਝ ਪਈਆਂ ਹੋਣ? ਫੇਰ ਉਹ ਮੇਰੇ ਵੱਲ ਮੁੜ-ਮੁੜ ਦੇਖਦੇ ਕਿਉਂ ਸਨ? ਹੋਵੇ ਨਾ ਹੋਵੇ, ਸਤਰਾਂ ਤਾਂ ਉਹਨਾਂ ਨੇ ਇਹ ਮੈਨੂੰ ਦੇਖ ਕੇ ਹੀ ਤੇ ਮੈਨੂੰ ਮੁਖ਼ਾਤਿਬ ਹੋ ਕੇ ਹੀ ਲਿਖੀਆਂ ਨੇ!
ਉਹਨਾਂ ਨੇ ਕਾਪੀ ਨੂੰ ਉਸ ਵਿਚ ਰੱਖੀ ਨਿਸ਼ਾਨੀ ਕੋਲੋਂ ਖੋਲ੍ਹ ਕੇ ਬੜੇ ਜਜ਼ਬਾਤੀ ਢੰਗ ਨਾਲ ਉਹ ਗੀਤ ਪੇਸ਼ ਕੀਤਾ ਜੋ ਪਹਿਲਾਂ ਸੋਚ ਕੇ ਆਏ ਸਨ। ਸਾਰੀ ਕਾਇਨਾਤ ਜਿਵੇਂ ਮਸਤ ਹੋ ਕੇ ਨਾਲ-ਨਾਲ ਝੂਮਣ ਲੱਗ ਪਈ:
ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ,
ਮੈਂ ਯੂੰ ਹੀ ਮਸਤ ਨਗ਼ਮੇ ਲੁਟਾਤਾ ਰਹੂੰ।
ਤੁਮ ਮੁਝੇ ਦੇਖ ਕਰ ਮੁਸਕਰਾਤੀ ਰਹੋ,
ਮੈਂ ਤੁਮ੍ਹੇਂ ਦੇਖ ਕਰ ਗੀਤ ਗਾਤਾ ਰਹੂੰ।
ਜਗਦੀਪ ਜਿਵੇਂ ਕੁੱਲ ਕਾਇਨਾਤ ਨਾਲੋਂ ਨਾਤਾ ਤੋੜ ਕੇ ਸਿਰਫ਼ ਸਾਹਿਰ ਸਾਹਿਬ ਦੀ ਸਰੋਤਾ ਬਣ ਗਈ। ਉਸ ਨੂੰ ਲੱਗਿਆ, ਇਕ ਉਹ ਸੁਣਾ ਰਹੇ ਹਨ ਅਤੇ ਇਕ ਇਹ ਸੁਣ ਰਹੀ ਹੈ, ਹੋਰ ਤੀਜਾ ਕੋਈ ਨਹੀਂ।
ਕਿਤਨੇ ਜਲਵੇ ਫ਼ਿਜ਼ਾਉਂ ਮੇਂ ਬਿਖ਼ਰੇ ਮਗਰ,
ਮੈਂ ਨੇ ਅਬ ਤੱਕ ਕਿਸੀ ਕੋ ਪੁਕਾਰਾ ਨਹੀਂ।
ਤੁਮ ਕੋ ਦੇਖਾ ਤੋ ਨਜ਼ਰੇਂ ਯਿਹ ਕਹਿਨੇ ਲਗੀਂ,
ਹਮ ਕੋ ਚਿਹਰੇ ਸੇ ਹਟਨਾ ਗਵਾਰਾ ਨਹੀਂ।
ਤੁਮ ਅਗਰ ਮੇਰੀ ਨਜ਼ਰੋਂ ਕੇ ਆਗੇ ਰਹੋ,
ਮੈਂ ਹਰ ਏਕ ਸ਼ੈ ਸੇ ਨਜ਼ਰੇਂ ਚੁਰਾਤਾ ਰਹੂੰ।
ਜਗਦੀਪ ਨੇ ਹੁੱਬ ਕੇ ਸੋਚਿਆ, ਜਾਹ ਹੋਣੀਏ, ਭਾਵੇਂ ਕਦੋਂ ਦਾ ਲਿਖਿਆ ਹੋਵੇ, ਗੀਤ ਤਾਂ ਇਹ ਵੀ ਮੇਰੇ ਨਾਂ ਹੀ ਹੈ। ਆਪੇ ਕਹਿੰਦੀ, ਹੁਣ ਏਨੀ ਵੀ ਨਾ ਬਣ, ਇਹ ਗੀਤ ਲਿਖਣ ਵੇਲੇ ਤੈਨੂੰ ਜਾਣਨਾ-ਪਛਾਣਨਾ ਤਾਂ ਕਿਥੋਂ ਸੀ, ਤੈਨੂੰ ਦੇਖਿਆ ਵੀ ਅੱਜ। ਉਹ ਵੀ ਪਤਾ ਨਹੀਂ ਦੇਖਿਆ ਵੀ ਹੈ ਕਿ ਤੇਰੇ ਮਨ ਦਾ ਵਹਿਮ ਹੈ!… ਕਿਉਂ, ਉਹਨਾਂ ਨੇ ਆਪ ਖ਼ਿਆਲਾਂ ਦੀ ਪਰੀ ਨਹੀਂ ਸੀ ਕਿਹਾ? ਖ਼ਿਆਲਾਂ ਲਈ ਦੇਖਣਾ-ਜਾਣਨਾ ਕੀ ਮਾਅਨੇ ਰਖਦਾ ਹੈ। ਕੀ ਪਤਾ, ਮੈਂ ਉਹਨਾਂ ਦੇ ਖ਼ਿਆਲਾਂ ਵਿਚ ਕਦੋਂ ਤੋਂ ਵਸੀ ਹੋਈ ਹਾਂ!
ਮੈਂ ਨੇ ਖ਼ੁਆਬੋਂ ਮੇਂ ਬਰਸੋਂ ਤਰਾਸ਼ਾ ਜਿਸੇ,
ਤੁਮ ਵਹੀ ਸੰਗੇਮਰਮਰ ਕੀ ਤਸਵੀਰ ਹੋ।
ਤੁਮ ਨਾ ਸਮਝੋ, ਤੁਮ੍ਹਾਰਾ ਮੁਕੱਦਰ ਹੂੰ ਮੈਂ,
ਮੈਂ ਸਮਝਤਾ ਹੂੰ, ਤੁਮ ਮੇਰੀ ਤਕਦੀਰ ਹੋ।
ਤੁਮ ਅਗਰ ਮੁਝ ਕੋ ਅਪਨਾ ਸਮਝਨੇ ਲਗੋ,
ਮੈਂ ਬਹਾਰੋਂ ਕੀ ਮਹਿਫ਼ਲ ਸਜਾਤਾ ਰਹੂੰ।
ਜਗਦੀਪ ਨੂੰ ਪੱਕ ਹੋ ਗਿਆ, ਕੁਛ ਵੀ ਹੋਵੇ, ਗੀਤ ਤਾਂ ਇਹ ਵੀ ਸਿੱਧਾ ਮੈਨੂੰ ਹੀ ਸੰਬੋਧਿਤ ਹੈ। ਮਿਲਣ-ਦੇਖਣ ਦਾ ਮੈਨੂੰ ਪਤਾ ਨਹੀਂ, ਪਰ ਇਹ ਗੀਤ ਹੈ ਮੈਨੂੰ ਚਿਤਵ ਕੇ ਲਿਖਿਆ ਹੋਇਆ! ਸ਼ਟੇਜ-ਸਕੱਤਰ ਨੇ ਕਵਿਤਾ ਪੇਸ਼ ਕਰਨ ਲਈ ਉਹਨੂੰ ਬੁਲਾਇਆ ਤਾਂ ਪਹਿਲਾਂ ਉਹਨੇ ਖੜ੍ਹੀ ਹੋ ਕੇ ਪਰਖਿਆ, ਕਿਤੇ ਪੈਰ ਸੱਜਰੇ ਸਰੂਰ ਵਿਚ ਡੋਲ ਤਾਂ ਨਹੀਂ ਰਹੇ! ਫੇਰ ਮੁਸ਼ਾਇਰੇ ਦਾ ਸੱਦਾ ਮਿਲਣ ਮਗਰੋਂ ਸਾਹਿਰ ਸਾਹਿਬ ਸਾਹਮਣੇ ਪੜ੍ਹਨੀ ਸੋਚ ਕੇ ਲਿਖੀ ਗ਼ਜ਼ਲ ਪੂਰੇ ਜਲੌਅ ਨਾਲ ਪੇਸ਼ ਕੀਤੀ:
ਖੁਰ ਜਾਣ ਨਾ ਕਿਨਾਰੇ ਕਿੰਨਾ ਮੈਂ ਭਰ ਰਹੀ ਹਾਂ।
ਐ ਜ਼ਿੰਦਗੀ, ਮੈਂ ਤੇਰੀ ਰਹਿਮਤ ਤੋਂ ਡਰ ਰਹੀ ਹਾਂ।
ਫੁਟਦੀ ਹੈ ਮਹਿਕ ਜਿੱਥੇ ਵੀ ਪੈਰ ਧਰ ਰਹੀ ਹਾਂ,
ਐ ਇਸ਼ਕ, ਤੇਰੇ ਰਾਹ ’ਚੋਂ ਮੈਂ ਵੀ ਗ਼ੁਜ਼ਰ ਰਹੀ ਹਾਂ।
ਸੀਨੇ ’ਚ ਉਤਰਦਾ ਹੈ ਜਿਵੇਂ ਪਿਆਰ ਪਹਿਲਾ ਪਹਿਲਾ,
ਮੈਂ ਤੇਰੇ ਪਾਣੀਆਂ ਵਿਚ ਏਦਾਂ ਉਤਰ ਰਹੀ ਹਾਂ।
ਜਿੰਨਾ ਸੀ ਸੇਕ ਤੇਰਾ ਓਨੀ ਪਘਰ ਗਈ ਮੈਂ,
ਜਿੰਨੀ ਹੈ ਨੀਝ ਤੇਰੀ ਓਨੀ ਸੰਵਰ ਰਹੀ ਹਾਂ।
ਜਿਵੇਂ ਰੁਮਕਣੀ ਦੀ ਛੁਹ ਤੋਂ ਡਰ ਜਾਣ ਪੀਲੇ ਪੱਤੇ,
ਤੇਰੇ ਕਰਮ ਤੋਂ ਮੈਂ ਵੀ ਹੁਣ ਇਉਂ ਹੀ ਡਰ ਰਹੀ ਹਾਂ।
ਇਹ ਪੁਸ਼ਪ ਨੇ, ਇਹ ਦੀਵੇ, ਇਹ ਪਿਆਰ ਹੈ, ਇਹ ਸ਼ਰਧਾ,
ਸਭ ਤੇਰੀਆਂ ਹੀ ਦਾਤਾਂ ਤੈਨੂੰ ਭੇਟ ਕਰ ਰਹੀ ਹਾਂ!
ਗ਼ਜ਼ਲ ਪੜ੍ਹ ਕੇ ਉਹ ਆਪਣੀ ਥਾਂ ਉੱਤੇ ਪਰਤੀ ਤਾਂ ਹੋਰ ਸ਼ਾਇਰਾਂ ਨੇ ਵਾਹ-ਵਾਹ ਕੀਤੀ, ਪਰ ਸਾਹਿਰ ਸਾਹਿਬ ਨੇ ਪਿੱਛੇ ਮੁੜ ਕੇ ਦੇਖਦਿਆਂ ਸੱਜਾ ਹੱਥ ਮੱਥੇ ਨੂੰ ਲਾ ਕੇ ਆਦਾਬ ਪੇਸ਼ ਕੀਤਾ। ਉਹ ਧੰਨ ਹੋ ਗਈ ਤੇ ਜਵਾਬ ਵਿਚ ਆਦਾਬ ਦੀ ਮੁਦਰਾ ਬਣਾ ਕੇ ਫੁੱਲਾਂ ਨਾਲ ਲੱਦੀ ਡਾਲ ਵਾਂਗ ਝੁਕ ਗਈ। ਸਾਹਿਰ ਦੀ ਨਜ਼ਰ ਵਿਚ ਏਨੀ ਖ਼ੂਬਸੂਰਤ ਔਰਤ ਦਾ ਏਨੀ ਖ਼ੂਬਸੂਰਤ ਗ਼ਜ਼ਲ ਲਿਖਣਾ ਤੇ ਫੇਰ ਏਨੀ ਖ਼ੂਬਸੂਰਤੀ ਨਾਲ ਪੇਸ਼ ਕਰਨਾ ਬੜਾ ਜਾਨਲੇਵਾ ਸੁਮੇਲ ਸੀ ਜਿਸਦਾ ਸਬੱਬ ਕਾਦਰ ਕਦੀ-ਕਦੀ ਹੀ ਬਣਾਉਂਦਾ ਹੈ।
ਮੁਸ਼ਾਇਰੇ ਦੇ ਖ਼ਾਤਮੇ ਮਗਰੋਂ ਜਦੋਂ ਸ਼ਾਇਰ ਇਧਰ-ਉਧਰ ਹੋਣ-ਖਲੋਣ ਲੱਗੇ, ਜਗਦੀਪ ਇਉਂ ਸੰਗਦੀ-ਸ਼ਰਮਾਉਂਦੀ ਸਾਹਿਰ ਸਾਹਿਬ ਕੋਲ ਜਾ ਖਲੋਤੀ, ਜਿਵੇਂ ਕੋਈ ਸਕੂਲੀ ਬੱਚੀ ਹੋਵੇ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ ਤੇ ਕੀ ਕਹੇ। ਪਰ ਸਾਹਿਰ ਖ਼ੂਬ ਜਾਣਦੇ ਸਨ, ਅਜਿਹੇ ਮੌਕੇ ਕੀ ਕਰਨਾ ਹੈ ਤੇ ਕੀ ਕਹਿਣਾ ਹੈ। ਉਹ ਹੱਥ ਫੜ ਕੇ ਉਹਨੂੰ ਭੀੜ ਵਿਚੋਂ ਬਾਹਰ ਕੱਢ ਲਿਆਏ ਤੇ ਆਪਣੀ ਕਵਿਤਾਵਾਂ ਵਾਲੀ ਕਾਪੀ ਫੜਾਉਂਦਿਆਂ ਮਿੰਨਤ ਕਰਨ ਵਾਂਗ ਕਹਿਣ ਲੱਗੇ, ‘ਇਕ ਅਰਜ਼ ਹੈ। ਇਨਕਾਰ ਨਾ ਕਰਨਾ। ਮੇਰੀਆਂ ਇਹ ਸਾਰੀਆਂ ਨਜ਼ਮਾਂ ਲੈ ਲਵੋ, ਬਦਲੇ ਵਿਚ ਆਪਣੀ ਅੱਜ ਵਾਲੀ ਗ਼ਜ਼ਲ ਦੇ ਦਿਉ।’
ਜਗਦੀਪ ਦੇ ਬੋਲ ਮੂੰਹ ਵਿਚ ਹੀ ਗੁੰਮ-ਗੁਆਚ ਗਏ। ਕੁਛ ਬੋਲਣਾ ਚਾਹਿਆ, ਬੋਲ ਨਾ ਸਕੀ। ਸਾਹਿਰ ਹੀ ਬੋਲੇ, ‘ਚਲੋ, ਜੇ ਮੇਰੀ ਕਾਪੀ ਬਦਲੇ ਇਹ ਪੂਰੀ ਗ਼ਜ਼ਲ ਤੁਹਾਨੂੰ ਭਾਰੀ ਲਗਦੀ ਹੈ, ਇਹਦਾ ਇਕੱਲਾ ਮਤਲਾ ਹੀ ਦੇ ਦਿਉ!’ ਤੇ ਉਹਦਾ ਹੱਥ ਪਲੋਸਦਿਆਂ ਗੁਣਗੁਣਾਉਣ ਲੱਗ ਪਏ, ‘ਖੁਰ ਜਾਣ ਨਾ ਕਿਨਾਰੇ ਕਿੰਨਾ ਮੈਂ ਭਰ ਰਹੀ ਹਾਂ, ਐ ਜ਼ਿੰਦਗੀ, ਮੈਂ ਤੇਰੀ ਰਹਿਮਤ ਤੋਂ ਡਰ ਰਹੀ ਹਾਂ!’
ਜਗਦੀਪ ਨੂੰ ਲੱਗਿਆ, ਕੋਈ ਤੇਜ਼ ਨਸ਼ਾ ਜਿਹਾ ਚੜ੍ਹ ਰਿਹਾ ਹੈ, ਕੋਈ ਮਦਹੋਸ਼ੀ ਜਿਹੀ ਛਾ ਰਹੀ ਹੈ। ਇਹ ਕਿਵੇਂ ਹੋ ਸਕਦਾ ਹੈ, ਇਕ ਵਾਰ ਸੁਣ ਕੇ ਮਤਲਾ ਇਹਨਾਂ ਦੇ ਯਾਦ ਹੋ ਜਾਵੇ! ਇਸ ਨੀਮ-ਬੇਹੋਸ਼ੀ ਵਿਚ ਉਹਦੇ ਮੂੰਹੋਂ ਨਿਕਲਿਆ, ‘ਖ਼ੁਦਾਇਆ, ਪਹਿਲੇ ਦਿਨ ਹੀ ਜ਼ਿਬਾਹ ਕਰ ਕੇ ਰਹੋਗੇ!’ ਤੇ ਉਹਨੂੰ ਪਤਾ ਵੀ ਨਾ ਲੱਗਿਆ, ਰੇਡੀਓ ਤੋਂ ਸੁਣੇ ਸਾਹਿਰ ਸਾਹਿਬ ਦੇ ਇਕ ਗੀਤ ਦੇ ਬੋਲ ਕਦੋਂ ਤੇ ਕਿਵੇਂ ਉਹਦੇ ਬੁੱਲ੍ਹਾਂ ਵਿਚੋਂ ਝਰ ਗਏ, ‘ਹਮ ਆਪ ਕੇ ਕਦਮੋਂ ਪਰ ਗਿਰ ਜਾਏਂਗੇ ਗਸ਼ ਖਾ ਕਰ!’ ਸਾਹਿਰ ਸਾਹਿਬ ਦੇ ਇਸ ਗੀਤ ਦੀ ਅਗਲੀ ਸਤਰ ਸੀ ਤਾਂ ਇਉਂ, ‘ਇਸ ਪਰ ਭੀ ਨਾ ਹਮ ਅਪਨੇ ਆਂਚਲ ਕੀ ਹਵਾ ਦੇਂ, ਤੋ?’ ਪਰ ਉਹਨਾਂ ਨੇ ਮੌਕੇ ਅਨੁਸਾਰ ਬਦਲ ਕੇ ਹੌਲੇ ਜਿਹੇ ਕਿਹਾ, ‘ਤੋ ਹਮ ਆਪ ਕੋ ਅਪਨੀ ਆਗੋਸ਼ ਮੇਂ ਲੇ ਲੇਂਗੇ!’
ਕਿਸੇ ਪਰੇ ਖਲੋਤੇ ਸ਼ਾਇਰ ਨੇ ਆਵਾਜ਼ ਦਿੱਤੀ, ‘ਅਰੇ ਭਾਈ ਸਾਹਿਰ ਸਾਹਿਬ, ਹਮ ਬੇਚਾਰੋਂ ਕੋ ਭੀ ਦੋ ਮਿੰਟ ਦੇ ਦੇਂ ਤੋ ਬੜੀ ਇਨਾਇਤ ਹੋਗੀ। ਏਕ ਜ਼ਰੂਰੀ ਬਾਤ ਕਰਨੀ ਥੀ, ਵਰਨਾ ਆਪ ਕੀ ਬਾਤਚੀਤ ਮੇਂ ਕਭੀ ਖ਼ਲਲ ਡਾਲਨੇ ਕੀ ਗ਼ੁਸਤਾਖ਼ੀ ਨਾ ਕਰਤੇ।’
ਸਾਹਿਰ ਹੱਸੇ, ‘ਭਾਈਜਾਨ, ਹਮ ਤੋ ਆਪ ਕੇ ਖ਼ਾਦਿਮ ਹੈਂ। ਅਭੀ ਹਾਜ਼ਰ ਹੂਆ।’
ਹਰ ਮੁਸ਼ਾਇਰੇ ਮੌਕੇ ਉਹਨਾਂ ਦੇ ਸਾਥੀ ਸ਼ਾਇਰ ਰਸ਼ਕ ਕਰਦੇ। ਕਈ ਈਰਖਾ ਵੀ ਕਰਦੇ। ਇਕ ਵਾਰ ਇਕ ਈਰਖਾਲੂ ਆਪਣੇ ਕੋਲ ਖਲੋਤੇ ਇਕ ਬਜ਼ੁਰਗ ਸ਼ਾਇਰ ਨੂੰ ਕਹਿੰਦਾ, ‘ਬੜੇ ਮੀਆਂ, ਯਿਹ ਛੋਕਰਾ ਸਟੇਜ ਤੋ ਲੂਟਤਾ ਹੀ ਹੈ, ਸਟੇਜ ਕੇ ਬਾਅਦ ਵਾਲਾ ਭੀ ਸਭ ਕੁਛ ਲੂਟ ਕਰ ਲੇ ਜਾਤਾ ਹੈ।’ ਸਬੱਬ ਨਾਲ ਉਹ ਬਜ਼ੁਰਗ ਖ਼ੂਬਸੂਰਤ ਸ਼ਾਇਰੀ ਦਾ ਈਰਖਾ-ਮੁਕਤ ਕਦਰਦਾਨ ਸੀ। ਵਿਅੰਗ ਨਾਲ ਮੁਸਕਰਾਇਆ, ‘ਛੋਟੇ ਮੀਆਂ, ਉਸ ਸੇ ਕਦਰਦਾਨ ਛੀਨਨੇ ਕੇ ਲੀਏ ਆਪ ਕੋ ਏਕ ਮਾਮੂਲੀ ਸਾ ਕਾਮ ਕਰਨਾ ਹੋ ਗਾ।’ ਆਸ ਦੀ ਕਿਰਨ ਦੇਖ ਕੇ ਉਹਨੇ ਕਾਹਲੀ ਨਾਲ ਪੁੱਛਿਆ, ‘ਕਿਆ?’ ਬਜ਼ੁਰਗ ਸ਼ਾਇਰ ਨੇ ਤੁਰਨ ਲੱਗਿਆਂ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਗੁਰ ਦੱਸਿਆ, ‘ਬੱਸ, ਉਸ ਸੇ ਅੱਛੀ ਸ਼ਾਇਰੀ ਕਰਨੀ ਹੋ ਗੀ!’
ਜਗਦੀਪ ਦੇ ਵੀ ਹੋਸ਼ ਪਰਤੇ ਤਾਂ ਉਹਨੇ ਕਿਹਾ, ‘ਸਾਹਿਰ ਸਾਹਿਬ, ਤੁਸੀਂ ਹੁਣ ਜਾਉ। ਤੁਹਾਡੇ ਇਹੋ ਜਿਹੇ ਮੂੰਹ-ਫੱਟ ਦੋਸਤ ਪਤਾ ਨਹੀਂ ਕੀ-ਕੀ ਸੋਚਣਗੇ!’
ਸਾਹਿਰ ਨੇ ਉਹਦਾ ਹੱਥ ਘੁੱਟਿਆ, ‘ਹੋਰ ਕੀ ਸੋਚਣਾ ਹੈ, ਸੋਚਣਗੇ, ਦੋ ਮਹਾਨ ਸ਼ਾਇਰ ਮਿਲ ਰਹੇ ਨੇ!’
‘ਇਕ ਮਹਾਨ, ਇਕ ਸਿਖਾਂਦਰੂ!’ ਜਗਦੀਪ ਨੇ ਸੰਗ ਕੇ ਨੀਵੀਂ ਪਾ ਲਈ।
ਤੁਰਨ ਲੱਗੇ ਸਾਹਿਰ ਹੱਸੇ, ‘ਸ਼ੁਕਰ ਹੈ, ਤੁਸੀਂ ਖ਼ਾਕਸਾਰ ਨੂੰ ਸਿਖਾਂਦਰੂ ਸ਼ਾਇਰ ਤਾਂ ਮੰਨਿਆ!’
ਜਗਦੀਪ ਇਸ ਟਿੱਚਰ ਨਾਲ ਕੱਚੀ ਤਾਂ ਹੋਈ ਹੀ, ਤਿਲਮਿਲਾ ਵੀ ਗਈ। ਪਰ ਇਸ ਤੋਂ ਪਹਿਲਾਂ ਕਿ ਉਹ ਕੁਛ ਕਹੇ, ਸਾਹਿਰ ਜਾਂਦੇ-ਜਾਂਦੇ ਕਹਿ ਗਏ, ‘ਪੈੜ ਆਪੇ ਕੱਢ ਲਵਾਂਗਾ। ਕਿਸੇ ਦਿਨ ਫੋਨ ਕਰ ਕੇ ਆਵਾਂਗਾ। ਤੁਹਾਡੀ ਗ਼ਜ਼ਲ ਨੇ ਤਾਂ ਇਸ ਗ਼ਰੀਬ ਬੰਦੇ ਨੂੰ ਹਲਾਲ ਹੀ ਕਰ ਦਿੱਤਾ ਹੈ। ਆਵਾਂਗਾ ਤੇ ਤੁਹਾਨੂੰ ਉਸਤਾਦ ਮੰਨ ਕੇ ਗ਼ਜ਼ਲ ਲਿਖਣੀ ਸਿੱਖਣ ਦੀ ਕੋਸ਼ਿਸ਼ ਕਰਾਂਗਾ।’
ਜਗਦੀਪ ਨੂੰ ਪਤਾ ਨਹੀਂ ਸੀ ਲੱਗ ਰਿਹਾ, ਇਹ ਸਭ ਕੁਛ ਸੱਚਮੁੱਚ ਵਾਪਰ ਰਿਹਾ ਸੀ ਜਾਂ ਉਹ ਸੁਪਨਾ ਦੇਖ ਰਹੀ ਸੀ। ਉਹਨੇ ਕੁੜੀਆਂ ਵਾਲਾ ਪੁਰਾਣਾ ਤਰੀਕਾ ਵਰਤਿਆ ਤੇ ਆਪਣੀ ਬਾਂਹ ਉੱਤੇ ਚੂੰਢੀ ਭਰ ਕੇ ਦੇਖੀ। ਚੂੰਢੀ ਕੁਛ ਵਧੇਰੇ ਹੀ ਜ਼ੋਰ ਨਾਲ ਭਰੀ ਗਈ ਤੇ ਉਹਦੀ ਚੀਕ ਨਿੱਕਲਦੀ-ਨਿੱਕਲਦੀ ਰਹਿ ਗਈ। ਘਰ ਵੱਲ ਉਡਦਿਆਂ ਉਹਨੇ ਸੋਚਿਆ, ਖ਼ੁਦਾਇਆ, ਇਸ ਪਲ ਤੋਂ ਲੈ ਕੇ ਸਾਹਿਰ ਸਾਹਿਬ ਦੇ ਆਉਣ ਦੀ ਮੁਬਾਰਕ ਘੜੀ ਤੱਕ ਦਾ ਸਦੀਆਂ ਲੰਮਾ ਸਮਾਂ ਕਿਵੇਂ ਬੀਤੇਗਾ! ਕਦੀ ਉਹ ਨਿਰਾਸ ਵੀ ਹੋ ਜਾਂਦੀ, ਏਨੇ ਵੱਡੇ ਸ਼ਾਇਰ ਨੇ, ਕੀ ਪਤਾ, ਆਉਣਗੇ ਵੀ ਕਿ ਐਵੇਂ ਮੇਰਾ ਮਨ ਰੱਖਣ ਲਈ ਹੀ ਕਹਿ ਦਿੱਤਾ! ਪਤਾ ਨਹੀਂ ਮੇਰੇ ਵਰਗੀਆਂ ਕਿੰਨੀਆਂ ਨੂੰ ਉਹ ਆਉਣ ਦਾ ਝੂਠਾ ਲਾਰਾ ਲਾਉਂਦੇ ਹੋਣਗੇ ਤੇ ਕਿੰਨੀਆਂ ਦੇ ਸੱਦੇ ਨੂੰ ਝੂਠੀ ਪਰਵਾਨਗੀ ਦਿੰਦੇ ਹੋਣਗੇ।… ਝੱਟ ਸੋਚ ਪਲਟ ਕੇ ਉਹਨੇ ਕਿਹਾ, ਮੇਰੇ ਵਰਗੀਆਂ ਕਿਉਂ? ਮੇਰੇ ਵਰਗੀ ਹੋਰ ਕੌਣ ਹੈ ਜਿਸ ਨੂੰ ਦੇਖਣ ਤੋਂ ਵੀ ਪਹਿਲਾਂ ਖ਼ਿਆਲਾਂ ਵਿਚ ਚਿਤਵ ਕੇ ਉਹਨਾਂ ਨੇ ਗੀਤ ਲਿਖਿਆ ਹੋਵੇ? ਮੇਰੇ ਵਰਗੀ ਸਿਰਫ਼ ਮੈਂ ਹਾਂ, ਮੈਂ ਜਗਦੀਪ, ਜਿਸ ਦੇ ਇਕ ਮਤਲੇ ਬਦਲੇ ਉਹ ਆਪਣੀ ਸਾਰੀ ਕਾਪੀ ਦੇਣ ਨੂੰ ਤਿਆਰ ਹਨ!
ਸਾਹਿਰ ਸਾਹਿਬ ਨੇ ਤੀਜੇ ਦਿਨ ਹੀ ਬੈੱਲ ਆ ਬਜਾਈ। ਜਗਦੀਪ ਨੂੰ ਫੇਰ ਆਪਣੀ ਬਾਂਹ ਉੱਤੇ ਚੂੰਢੀ ਭਰਨੀ ਪਈ। ਉਹਨੇ ਬੂਹਾ ਬੰਦ ਕੀਤਾ ਤੇ ਉਥੇ ਖੜ੍ਹਿਆਂ ਹੀ ਝੱਲਿਆਂ ਵਾਂਗ ਉਹਨਾਂ ਨੂੰ ਗਲਵੱਕੜੀ ਵਿਚ ਘੁੱਟ ਲਿਆ। ਉਸੇ ਤਰ੍ਹਾਂ ਬਾਂਹ ਵਲ਼ ਕੇ ਉਹਨਾਂ ਨੂੰ ਕਮਰੇ ਵਿਚ ਲੈ ਆਈ ਤੇ ਸੋਫ਼ੇ ਉੱਤੇ ਬਿਠਾ ਕੇ ਸਾਹਮਣੇ ਬੈਠ ਗਈ ਤਾਂ ਜੋ ਜੀਅ ਭਰ ਕੇ ਨਿਹਾਰ ਸਕੇ।
ਸਾਹਿਰ ਉਹਦਾ ਗਲਵੱਕੜੀ ਪਾਉਣਾ ਤੇ ਹੁਣ ਇਉਂ ਦੇਖਣਾ ਸੋਚ ਕੇ ਬੋਲੇ, ‘ਘਰ ਵਿਚ ਹੋਰ ਕੋਈ ਨਹੀਂ?’
‘ਸਰਦਾਰ ਜੀ ਦੁਕਾਨ ਚਲੇ ਜਾਂਦੇ ਨੇ। ਨੌਕਰਾਣੀ ਰਹਿੰਦੀ ਤਾਂ ਸਾਰਾ ਦਿਨ ਹੈ ਪਰ ਅੱਜ ਉਹਨੂੰ ਕੋਈ ਕੰਮ ਪੈ ਗਿਆ। ਸੁਬਹਾ ਕੰਮ ਨਿਬੇੜ ਕੇ ਛੁੱਟੀ ਕਰ ਗਈ।’
‘ਇਸ ਪੱਖੋਂ ਨੌਕਰਾਣੀਆਂ ਦਾ ਹਾਜ਼ਮਾ ਤਾਂ ਬਹੁਤ ਸਖ਼ਤ ਹੁੰਦਾ ਹੈ’, ਸਾਹਿਰ ਮੁਸਕਰਾਏ, ‘ਖ਼ਾਵੰਦ ਨੂੰ ਜ਼ਰੂਰ ਬੀਵੀ ਕੋਲ ਬੈਠਾ ਪਰਾਇਆ ਮਰਦ ਬਹੁਤ ਰੜਕਦਾ ਹੈ!’
ਜਗਦੀਪ ਹੱਸੀ, ‘ਨਹੀਂ, ਮੇਰੇ ਖ਼ਾਵੰਦ ਅਜਿਹੇ ਨਹੀਂ। ਉਹ ਬੜੇ ਮੁਹੱਜ਼ਬ ਸ਼ਖ਼ਸ ਨੇ। ਦੋ ਲੇਖਕਾਂ ਦੇ ਮਿਲ ਬੈਠਣ ਨੂੰ ਉਹ ਕੋਈ ਬੁਰੀ ਗੱਲ ਨਹੀਂ ਸਮਝਦੇ।’
ਸਾਹਿਰ ਦਾ ਅੰਦਰ ਸੁਤੇਸਿਧ ਬੋਲਿਆ, ‘ਖ਼ਤਾ ਖਾਣਗੇ ਬਿਚਾਰੇ!’ ਪਰ ਉਹ ਆਪਣੀ ਗੱਲ ਬੁੱਲ੍ਹਾਂ ਦੇ ਅੰਦਰ ਹੀ ਰੋਕਣ ਵਿਚ ਸਫਲ ਹੋ ਗਏ।
ਗੱਲਾਂ ਕਰਦਿਆਂ ਸਾਹਿਰ ਨੇ ਆਦਤਨ ਸਿਗਰਟ ਸੁਲਘਾਈ ਤੇ ਆਰਾਮ ਨਾਲ ਸੋਫ਼ੇ ਦੀ ਬਾਹੀ ਉੱਤੇ ਕੂਹਣੀ ਰੱਖ ਕੇ ਬੁੱਲ੍ਹਾਂ ਨੂੰ ਲਾ ਲਈ। ਅਜੇ ਇਕ ਕਸ਼ ਹੀ ਲਾਇਆ ਸੀ ਕਿ ਇਕਦਮ ਫ਼ਰਸ਼ ਉੱਤੇ ਘਸਾ ਕੇ ਬੁਝਾਉਂਦਿਆਂ ਸਿਗਰਟ ਜੇਬ ਵਿਚ ਪਾ ਕੇ ਬੋਲੇ, ‘ਮਾਫ਼ ਕਰਨਾ, ਆਦਤ ਹੋਣ ਕਰਕੇ ਬੇਧਿਆਨੀ ਵਿਚ ਹੀ ਇਹ ਗ਼ੁਸਤਾਖ਼ੀ ਹੋ ਗਈ। ਇਸ ਘਰ ਵਿਚ ਮੈਨੂੰ ਖ਼ਿਆਲ ਰੱਖਣਾ ਚਾਹੀਦਾ ਸੀ।’
ਪਰਿਵਾਰਕ ਸੰਸਕਾਰਾਂ ਕਾਰਨ ਕੁਛ ਬੁਰੀ ਲੱਗਣ ਦੇ ਬਾਵਜੂਦ ਜਗਦੀਪ ਦਾ ਦਿਲ ਉਹਨਾਂ ਦੀ ਇਸ ਆਦਤ ਨੂੰ ਵੀ ਬੁਰੀ ਕਹਿਣ ਨੂੰ ਨਾ ਕੀਤਾ। ਉਹਨੇ ਮੁਸਕਰਾ ਕੇ ਕਿਹਾ, ‘ਨਹੀਂ, ਨਹੀਂ, ਅਜਿਹੀ ਕੋਈ ਗੱਲ ਨਹੀਂ। ਮੈਨੂੰ ਤੁਹਾਡਾ ਸਿਗਰਟ ਪੀਣਾ ਬੁਰਾ ਨਹੀਂ ਲੱਗਿਆ। ਪਰ ਕਿਸੇ ਦਾ ਵੀ ਸਿਗਰਟ ਪੀਣਾ ਅਜੀਬ ਜ਼ਰੂਰ ਲਗਦਾ ਹੈ। ਧੂੰਆਂ ਅੰਦਰ ਲੰਘਾਉਣਾ, ਫੇਰ ਖੰਘਣਾ। ਇਹ ਆਦਤ ਤੁਸੀਂ ਭਲਾ ਕਿਉਂ ਪਾਲ ਛੱਡੀ ਹੈ?’
ਉਹਨਾਂ ਨੇ ਨਵੀਂ ਸਿਗਰਟ ਲਾ ਲਈ ਤੇ ਹੱਸੇ, ‘ਮਜ਼ਹਬ ਦੀ ਮਜਬੂਰੀ ਹੈ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ, ਪੀ ਕੇ ਦੇਖ ਲਵੋ। ਚਲੋ, ਇਹ ਤਾਂ ਹਾਸੇ ਦੀ ਗੱਲ ਰਹੀ। ਕਈ ਲੋਕ ਕਹਿੰਦੇ ਨੇ, ਐਵੇਂ ਪੀਣ ਵਾਲਿਆਂ ਦਾ ਬਹਾਨਾ ਹੈ ਜਾਂ ਵਹਿਮ ਹੈ। ਪਰ ਮੈਨੂੰ ਉਹ ਲੋਕ ਜ਼ਿਆਦਾ ਠੀਕ ਲਗਦੇ ਨੇ ਜਿਹੜੇ ਆਖਦੇ ਨੇ, ਇਸ ਨਾਲ ਖ਼ਿਆਲਾਂ ਦੀ ਕੌਂਸੈਂਟਰੇਸ਼ਨ ਹੋ ਜਾਂਦੀ ਹੈ, ਯਾਨੀ ਸੋਚ ਇਕ ਥਾਂ ਇਕਾਗਰ ਹੋ ਜਾਂਦੀ ਹੈ। ਸ਼ਾਇਰੀ ਵਾਸਤੇ ਜਾਂ ਸਗੋਂ ਕੁਛ ਵੀ ਲਿਖਣ ਵਾਸਤੇ ਕੌਂਸੈਂਟਰੇਸ਼ਨ ਤਾਂ ਪਹਿਲੀ ਜ਼ਰੂਰਤ ਹੈ। ਪਤਾ ਨਹੀਂ ਗੱਲ ਠੀਕ ਹੈ ਕਿ ਨਹੀਂ, ਬੱਸ ਐਵੇਂ ਲਤ ਲੱਗ ਗਈ ਸਮਝੋ।’ ਉਹ ਤਿੱਖੀ ਨਜ਼ਰ ਨਾਲ ਜਗਦੀਪ ਨੂੰ ਦੇਖਦੇ ਹੋਏ ਮੁਸਕਰਾਏ, ‘ਕਿਸੇ ਬੁਰੀ ਚੀਜ਼ ਦੀ ਲਤ ਤਾਂ ਬੁਰੀ ਹੁੰਦੀ ਹੀ ਹੈ, ਲਤ ਤਾਂ ਚੰਗੀ ਚੀਜ਼ ਦੀ ਵੀ ਬੁਰੀ ਹੀ ਰਹਿੰਦੀ ਹੈ। ਇਸੇ ਕਰਕੇ ਡਰ ਰਿਹਾ ਹਾਂ, ਜਗਦੀਪ ਜੀ, ਕਿਤੇ ਤੁਹਾਡੀ ਸੁਹਬਤ ਦੀ ਲਤ ਨਾ ਲੱਗ ਜਾਵੇ!’
ਜਗਦੀਪ ਦੇ ਗੋਰੇ ਗੁਲਾਬੀ ਰੰਗ ਵਿਚ ਥੋੜ੍ਹਾ ਜਿਹਾ ਸੰਧੂਰ ਹੋਰ ਘੁਲ ਗਿਆ, ‘ਇਕ ਤਾਂ ਮਿਹਰਬਾਨੀ ਕਰ ਕੇ ਅੱਗੇ ਤੋਂ ਮੈਨੂੰ ‘ਜੀ’ ਤੇ ‘ਤੁਸੀਂ’ ਆਖ ਸ਼ਰਮਿੰਦਾ ਨਹੀਂ ਕਰਨਾ। ਹਾਂ, ਇਹ ਜਾਣ ਕੇ ਚੰਗਾ ਲੱਗਿਆ ਕਿ ਏਨੇ ਵੱਡੇ ਸ਼ਾਇਰ ਹੋ ਕੇ ਤੁਸੀਂ ਡਰਦੇ ਵੀ ਹੋ!’
ਸਾਹਿਰ ਨੇ ਕਸ਼ ਜਿੰਨਾ ਲੰਮਾ ਸਾਹ ਲਿਆ, ‘ਡਰ ਇਹ ਹੈ, ਜਗਦੀਪ ਜੀ, ਤੁਸੀਂ…ਮੇਰਾ ਮਤਲਬ ਹੈ, ਦੀਪ, ਤੂੰ ਮੇਰੇ ਜਜ਼ਬਾਤ ਨੂੰ ਸਮਝਣਾ ਨਹੀਂ ਤੇ ਇਸ ਬਿਚਾਰੇ ਗ਼ਰੀਬ ਸ਼ਾਇਰ ਨੇ ਕਿਤੋਂ ਦਾ ਰਹਿਣਾ ਨਹੀਂ!’

###