ਨਵੀਂ ਦਿੱਲੀ:ਪਾਕਿਸਤਾਨ ਪੱਛਮੀ ਏਸ਼ੀਆ ‘ਚ ਜਾਰੀ ਅਮਰੀਕਾ- ਈਰਾਨ ਜੰਗ ਵਿਚਾਲੇ ਖ਼ੁਦ ਨੂੰ ਸੰਭਾਵਿਤ ਵਿਚੋਲੇ ਦੇ ਰੂਪ ‘ਚ ਪੇਸ਼ ਕਰ ਰਿਹਾ ਹੈ, ਪਰ ਈਰਾਨ ਨੇ ਇਸਲਾਮਾਬਾਦ ਦੀ ਅਜਿਹੀ ਕਿਸੇ ਪਹਿਲ ਤੋਂ ਸਾਫ਼ ਦੂਰੀ ਬਣਾ ਲਈ ਹੈ। ਮੁੰਬਈ ਸਥਿਤ ਈਰਾਨ ਦੇ ਕੌਂਸਲੇਟ ਜਨਰਲ ਨੇ ਸਪੱਸ਼ਟ ਕੀਤਾ ਕਿ
ਅਮਰੀਕਾ ਨਾਲ ਉਸ ਦੀ ਕੋਈ ਪ੍ਰਤੱਖ ਵਾਰਤਾ ਨਹੀਂ ਹੋਈ ਹੈ ਤੇ ਪਾਕਿਸਤਾਨ ਦੇ ਕਿਸੇ ਵੀ ਮੰਚ ‘ਚ ਈਰਾਨ ਨੇ ਹਿੱਸਾ ਨਹੀਂ ਲਿਆ ਹੈ। ਇਸ ਨਾਲ ਹੀ ਪਾਕਿਸਤਾਨ ਦੀ ਨਿਰਪੱਖਤਾ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਇਸ ਵਿਚਾਲੇ ਈਰਾਨ ਨੇ ਪਰਮਾਣੂ ਗ਼ੈਰਪਸਾਰ ਸੰਧੀ (ਐੱਨਪੀਟੀ) ਤੋਂ ਬਾਹਰ ਨਿਕਲਣ ਦੀ ਸੰਭਾਵਨਾ ‘ਤੇ ਮੁੜ ਵਿਚਾਰ ਸ਼ੁਰੂ ਕਰ ਦਿੱਤਾ ਹੈ ਤੇ ਇਸ ਵਿਸ਼ੇ ‘ਤੇ ਉਥੇ ਦੀ ਸੰਸਦ ‘ਚ ਚਰਚਾ ਚੱਲ ਰਹੀ ਹੈ। ਇਸ ਨੂੰ ਈਰਾਨ ਦੀ ਪਰਮਾਣੂ ਨੀਤੀ ‘ਚ ਸੰਭਾਵਿਤ ਵੱਡੀ ਤਬਦੀਲੀ ਦੇ ਸੰਕੇਤ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਜਲਦੀ ਸਮਝੌਤਾ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਅਜਿਹਾ ਨਹੀਂ ਹੋਇਆ ਤਾਂ ਈਰਾਨ ਦੇ ਖਾਰਗ ਦੀਪ, ਊਰਜਾ ਢਾਂਚੇ ਤੇ ਜਲ ਸੋਧ ਪਲਾਂਟਾਂ ਸਮੇਤ ਸਭ ਕੁਝ ਤਬਾਹ ਕਰ ਦਿੱਤਾ ਜਾਵੇਗਾ। ਇਸ ਵਿਚਾਲੇ ਪੱਛਮੀ ਏਸ਼ੀਆ ‘ਚ ਫ਼ੌਜੀ ਟਕਰਾਅ ਹੋਰ ਤੇਜ਼ ਹੋ ਗਿਆ। ਇਜ਼ਰਾਈਲ ਦੇ ਹਾਈਫਾ ਸਥਿਤ ਮਹੱਤਵਪੂਰਨ ਤੇਲ ਰਿਫਾਇਨਰੀ ਕੰਪਲੈਕਸ ‘ਚ ਰਾਕਟ ਹਮਲੇ ਤੋਂ ਬਾਅਦ ਅੱਗ ਲੱਗ ਗਈ। ਇਜ਼ਰਾਈਲ ਨੇ ਕਿਹਾ ਕਿ ਇਹ ਹਮਲਾ ਹਿਜ਼ਬੁੱਲਾ ਵੱਲੋਂ ਕੀਤਾ ਗਿਆ। ਦੂਜੇ ਪਾਸੇ ਈਰਾਨ ਦੇ ਕਈ ਮਹੱਤਵਪੂਰਨ ਫ਼ੌਜੀ ਤੇ ਤਕਨੀਕੀ ਅਦਾਰਿਆਂ ‘ਤੇ ਅਮਰੀਕੀ- ਇਜ਼ਰਾਇਲੀ ਹਮਲੇ ਜਾਰੀ ਰਹੇ। ਈਰਾਨ ਨੇ ਰਿਵੋਲਿਊਸ਼ਨਰੀ ਗਾਰਡ ਜਲ ਸੈਨਾ ਦੇ ਕਮਾਂਡਰ ਅਲੀਰੇਜਾ ਤੰਗਸਿਰੀ ਦੇ ਇਜ਼ਰਾਇਲੀ ਹਮਲੇ ‘ਚ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ। ਰਾਇਟਰ ਮੁਤਾਬਕ, ਈਰਾਨੀ ਕੌਂਸਲੇਟ ਜਨਰਲ ਨੇ ਬਿਆਨ ਜਾਰੀ ਈਰਾਨ ਦੀ ਦੋ ਟੁੱਕ ਕਰ ਕੇ ਕਿਹਾ ਕਿ ਅਮਰੀਕਾ ਵੱਲੋਂ ਸਿਰਫ਼ ਵਿਚੋਲਿਆਂ ਰਾਹੀਂ ਤਰਕਹੀਣ ਤੇ ਗ਼ੈਰ ਵਿਹਾਰਕ ਮੰਗਾਂ ਭੇਜੀਆਂ ਗਈਆਂ ਹਨ। ਬਿਆਨ ‘ਚ ਕਿਹਾ ਗਿਆ ਕਿ ਅਮਰੀਕਾ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਸਿਰਫ਼ ਵਿਚੋਲਿਆਂ ਦੇ ਰਾਹੀਂ ਜ਼ਿਆਦਾ ਤੇ ਗ਼ੈਰ ਸੰਗਤ ਮੰਗਾਂ ਆਈਆਂ ਹਨ। ਪਾਕਿਸਤਾਨ ਦੇ ਮੰਚ ਉਸ ਦਾ ਆਪਣਾ ਮਾਮਲਾ ਹਨ, ਅਸੀਂ ਉਸ ‘ਚ ਸ਼ਾਮਲ ਨਹੀਂ ਸੀ। ਖੇਤਰੀ ਪੱਧਰ ‘ਤੇ ਜੰਗ ਖ਼ਤਮ ਕਰਨ ਦੀਆਂ ਅਪੀਲਾਂ ਦਾ ਸਵਾਗਤ ਹੈ, ਪਰ ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਸੰਘਰਸ਼ ਕਿਸ ਨੇ ਸ਼ੁਰੂ ਕੀਤਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘੇਈ ਨੇ ਵੀ ਇਸੇ ਸੁਰ ‘ਚ ਕਿਹਾ ਕਿ ਈਰਾਨ ਦੀ ਸਥਿਤੀ ਬਿਲਕੁਲ ਸਪੱਸ਼ਟ ਹੈ। ਉਸ ਮੁਤਾਬਕ, ਦੇਸ਼ ‘ਤੇ ਫ਼ੌਜੀ ਹਮਲਾ ਹੋਇਆ ਹੈ ਤੇ ਫ਼ਿਲਹਾਲ ਪੂਰਾ ਧਿਆਨ ਆਤਮ ਰੱਖਿਆ ‘ਤੇ ਕੇਂਦਰਿਤ ਹੈ। ਇਹ ਪ੍ਰਤੀਕਿਰਿਆ ਪਾਕਿਸਤਾਨ ਦੇ ਉਸ ਦਾਅਵੇ ਦੇ ਤੁਰੰਤ ਬਾਅਦ ਆਈ ਜਿਸ ‘ਚ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ ਤੇ ਈਰਾਨ ਵਿਚਾਲੇ ਪ੍ਰਤੱਖ ਵਾਰਤਾ ਕਰਵਾਉਣ ਲਈ ਤਿਆਰ ਹੈ। ਡਾਰ, ਜੋ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਐਤਵਾਰ ਨੂੰ ਇਸਲਾਮਾਬਾਦ ‘ਚ ਸਾਊਦੀ ਅਰਬ, ਮਿਸਰ ਤੇ ਤੁਰਕੀਏ ਦੇ ਵਿਦੇਸ਼ ਮੰਤਰੀਆਂ ਦੇ ਨਾਲ ਕਈ ਘੰਟੇ ਤੱਕ ਬੈਠਕ ਕੀਤੀ ਸੀ। ਹਾਲਾਂਕਿ ਇਕ ਪਾਕਿਸਤਾਨੀ ਸੂਤਰ ਨੇ ਸੰਕੇਤ ਦਿੱਤਾ ਕਿ ਅਮਰੀਕਾ ਤੇ ਈਰਾਨ ਵਿਚਾਲੇ ਇਸ ਹਫ਼ਤੇ ਪ੍ਰਤੱਖ ਗੱਲਬਾਤ ਦੀ ਸੰਭਾਵਨਾ ਘੱਟ ਹੈ।
ਪਰਮਾਣੂ ਗ਼ੈਰ-ਪਸਾਰ ਸੰਧੀ ਤੋਂ ਬਾਹਰ ਨਿਕਲਣ ‘ਤੇ ਵਿਚਾਰ
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘੇਈ ਨੇ ਕਿਹਾ ਕਿ ਈਰਾਨੀ ਸੰਸਦ ‘ਚ ਐੱਨਪੀਟੀ ਤੋਂ ਬਾਹਰ ਨਿਕਲਣ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਹ ਸੰਧੀ ਦੇਸ਼ਾਂ ਨੂੰ ਪਰਮਾਣੂ ਊਰਜਾ ਦੇ ਵਿਕਾਸ, ਖੋਜ, ਉਤਪਾਦਨ ਤੇ ਉਪਯੋਗ ਦਾ ਅਧਿਕਾਰ ਦਿੰਦੀ ਹੈ, ਬਸ਼ਰਤੇ ਉਹ ਪਰਮਾਣੂ ਹਥਿਆਰ ਹਾਸਲ ਕਰਨ ਦੀ ਦਿਸ਼ਾ ‘ਚ ਅੱਗੇ ਨਾ ਵਧਣ। ਟਰੰਪ ਲਗਾਤਾਰ ਕਹਿੰਦੇ ਰਹੇ ਹਨ ਕਿ ਈਰਾਨ ਨੂੰ ਪਰਮਾਣੂ ਹਥਿਆਰ ਲੈਸ ਦੇਸ਼ ਨਹੀਂ ਬਣਨ ਦਿੱਤਾ ਜਾਵੇਗਾ, ਜਦਕਿ ਈਰਾਨ ਇਸ ਦੋਸ਼ ਤੋਂ ਇਨਕਾਰ ਕਰਦਾ ਰਿਹਾ ਹੈ।
ਹਾਈਫਾ ਰਿਫਾਇਨਰੀ ‘ਚ ਅੱਗ
ਇਜ਼ਰਾਈਲ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਉੱਤਰੀ ਸ਼ਹਿਰ ਹਾਈਫਾ ‘ਚ ਜਲ ਸੈਨਾ ਅੱਡੇ ਦੇ ਕੋਲ ਮਿਜ਼ਾਈਲ ਦੇ ਮਲਬੇ ਨਾਲ ਤੇਲ ਰਿਫਾਇਨਰੀ ਕੰਪਲੈਕਸ ਸਥਿਤ ਤੇਲ ਡਿਪੂ ‘ਚ ਅੱਗ ਲੱਗ ਗਈ। ਇਕ ਫੈਕਟਰੀ ਨੂੰ ਵੀ ਨੁਕਸਾਨ ਪੁੱਜਾ ਹੈ। ਇਜ਼ਰਾਈਲ ਦੇ ਊਰਜਾ ਮੰਤਰੀ ਏਲੀ ਕੋਹੇਨ ਨੇ ਕਿਹਾ ਕਿ ਮੁੱਖ ਉਤਪਾਦਨ ਕੇਂਦਰ ਸੁਰੱਖਿਅਤ ਹਨ ਤੇ ਤੇਲ ਸਪਲਾਈ ਜਾਰੀ ਹੈ। ਹਿਜ਼ਬੁੱਲਾ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸ ਦਾ ਨਿਸ਼ਾਨਾ ਜਲ ਸੈਨਾ ਦਾ ਅੱਡਾ ਸੀ। ਇਸੇ ਦੌਰਾਨ ਸਾਊਦੀ ਅਰਬ ਨੇ ਪੰਜ ਮਿਜ਼ਾਈਲਾਂ ਇੰਟਰਸੈਪਟ ਕੀਤੀਆਂ, ਜਦਕਿ ਦੁਬਈ ‘ਚ ਹਮਲੇ ਤੋਂ ਬਾਅਦ ਧੂੰਏ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ। ਸੰਯੁਕਤ ਅਰਬ ਅਮੀਰਾਤ ਨੇ ਵੀ ਇਕ ਮਿਜ਼ਾਈਲ ਹਮਲੇ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ। ਸੋਮਵਾਰ ਨੂੰ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਫ਼ੌਜੀ ਢਾਂਚੇ ‘ਤੇ ਹਮਲੇ ਜਾਰੀ ਰੱਖੇ। ਈਰਾਨੀ ਸਰਕਾਰੀ ਮੀਡੀਆ ਮੁਤਾਬਕ ਤਬਰੀਜ ਸਥਿਤ ਪੈਟਰੋਕੈਮੀਕਲ ਪਲਾਂਟ ਨੂੰ ਨੁਕਸਾਨ ਪੁੱਜਾ। ਉਥੇ ਲਿਬਨਾਨ ‘ਚ ਇਜ਼ਰਾਇਲੀ ਹਮਲੇ ‘ਚ ਇਕ ਸ਼ਾਂਤੀ ਫ਼ੌਜੀ ਦੀ ਮੌਤ ਦੀ ਵੀ ਸੂਚਨਾ ਹੈ।
