ਇਰਾਨ ਵਿਰੁੱਧ ਯੁੱਧ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁਰੂ ਕੀਤਾ ਸੀ, ਪਰ ਹੁਣ ਉਸ ਨੂੰ ਖ਼ਤਮ ਕਰਨ ਲਈ ਸ਼ਰਤਾਂ ਇਰਾਨ ਲਗਾ ਰਿਹਾ ਹੈ। ਜਦੋਂ ਤਹਿਰਾਨ ‘ਤੇ ਪਹਿਲਾ ਹਮਲਾ ਹੋਇਆ ਸੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ
ਕਿ ਇਰਾਨ ਦਾ ਨਵਾਂ ਸੁਪਰੀਮ ਲੀਡਰ ਅਯਾਤੁੱਲਾ ਮੁਜਤਬਾ ਖਾਮੇਨੇਈ ਟਰੰਪ ਸਾਹਮਣੇ ਅਜਿਹੀਆਂ ਸ਼ਰਤਾਂ ਰੱਖੇਗਾ ਅਤੇ ਇਨ੍ਹਾਂ ਦੀ ਪਾਲਣਾ ਕਰਨ ਲਈ 30 ਤੋਂ 60 ਦਿਨ ਦਾ ਸਮਾਂ ਦੇਵੇਗਾ। ਖਾਮੇਨੇਈ ਦੇ ਬਿਆਨ ਤੋਂ ਬਾਅਦ ਚੀਨ ਤੇ ਰੂਸ ਦੇ ਖੁੱਲ੍ਹ ਕੇ ਉਸ ਦੇ ਸਮਰਥਨ ਵਿਚ ਆਉਣ ਨਾਲ ਇਜ਼ਰਾਇਲੀ ਤੇ ਅਮਰੀਕੀ ਕੈਂਪਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ। ਮੱਧ ਪੂਰਬ ਵਿਚ ਅਮਰੀਕੀ ਦਬਦਬੇ ਨੂੰ ਚੁਣੌਤੀ ਮਿਲਣ ਨਾਲ ਟਰੰਪ ਬੁਰੀ ਤਰ੍ਹਾਂ ਫਸ ਗਿਆ ਹੈ, ਜੇਕਰ ਉਹ ਖਾਮੇਨੇਈ ਦੀਆਂ ਸ਼ਰਤਾਂ ‘ਤੇ ਗੱਲਬਾਤ ਸ਼ੁਰੂ ਕਰਦਾ ਹੈ ਤਾਂ ਦੁਨੀਆ ਭਰ ‘ਚ ਅਮਰੀਕਾ ਦੀ ਹਾਲਤ ਵੀਅਤਨਾਮ, ਇਰਾਕ ਤੇ ਅਫ਼ਗਾਨਿਸਤਾਨ ‘ਚ ਮਿਲੀਆਂ ਹਾਰਾਂ ਤੋਂ ਵੀ ਮਾੜੀ ਹੋ ਜਾਵੇਗੀ। ਜੇਕਰ ਟਰੰਪ ਜੰਗ ਰੋਕ ਕੇ ਗੱਲਬਾਤ ਸ਼ੁਰੂ ਨਹੀਂ ਕਰੇਗਾ ਤਾਂ ਉਹ ਆਪਣੇ ਦੇਸ਼ ਤੇ ਪੂਰੀ ਦੁਨੀਆ ਨੂੰ ਇਕ ਅਜਿਹੀ ਲੜਾਈ ਵਿਚ ਉਲਝਾ ਦੇਵੇਗਾ, ਜਿਸ ਨੂੰ ਜਿੱਤਣਾ ਸੰਭਵ ਨਹੀਂ ਹੈ।
ਸੰਨ 1979 ਵਿਚ ਇਰਾਨ ਦੀ ਇਸਲਾਮੀ ਕ੍ਰਾਂਤੀ ਦੇ ਬਾਅਦ ਤੋਂ ਮੱਧ ਪੂਰਬ ਵਿਚ ਸਭ ਕੁਝ ਅਮਰੀਕਾ ਦੇ ਹੱਥ ‘ਚ ਸੀ, ਪਰ ਸਹੀ ਯੋਜਨਾਬੰਦੀ ਤੇ ਜ਼ਮੀਨੀ ਹਕੀਕਤਾਂ ਨੂੰ ਅਣਡਿੱਠ ਕਰਨ ਨਾਲ ਅਮਰੀਕਾ ਲਈ ਅਜਿਹੀ ਸਥਿਤੀ ਪੈਦਾ ਹੋ ਗਈ ਹੈ, ਜਿਸ ਬਾਰੇ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਮਰੀਕਾ ਦੇ 7 ਸੈਨਿਕਾਂ ਦੀਆਂ ਲਾਸ਼ਾਂ ਵਾਸ਼ਿੰਗਟਨ ਪਹੁੰਚ ਚੁੱਕੀਆਂ ਹਨ, ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 121 ਡਾਲਰ ਤੱਕ ਪਹੁੰਚ ਗਈਆਂ ਹਨ। ਅਮਰੀਕੀ ਰੱਖਿਆ ਮੰਤਰਾਲੇ ਦੇ ਦਸਤਾਵੇਜ਼ ਸਪੱਸ਼ਟ ਕਰਦੇ ਹਨ ਕਿ ਇਹ ਜੰਗ ਜਿੱਤੀ ਨਹੀਂ ਜਾ ਸਕਦੀ।
ਮੁਜਤਬਾ ਨੇ ਆਪਣੇ ਸ਼ਹੀਦ ਪਿਤਾ ਅਯਾਤੁੱਲਾ ਅਲੀ ਖਾਮੇਨੇਈ ਦਾ ਉੱਤਰਾਧਿਕਾਰੀ ਬਣਨ ਤੋਂ ਬਾਅਦ ਆਪਣਾ ਪਹਿਲਾ 12 ਮਿੰਟ ਦਾ ਬਿਆਨ ਜਾਰੀ ਕੀਤਾ, ਜੋ ਟੀ.ਵੀ. ‘ਤੇ ਪੜ੍ਹਿਆ ਗਿਆ ਸੀ। ਮੁਜਤਬਾ ਖੁਦ ਕੈਮਰੇ ‘ਤੇ ਨਹੀਂ ਦਿਸੇ, ਉਨ੍ਹਾਂ ਦਾ ਹਰ ਸ਼ਬਦ ਇਰਾਨੀ ਲੋਕਾਂ ਦੀ ਬਜਾਏ ਅਮਰੀਕਾ ਨੂੰ ਸੰਬੋਧਿਤ ਸੀ। ਉਨ੍ਹਾਂ ਆਪਣੇ ਬਿਆਨ ਦੇ ਪਹਿਲੇ 6 ਮਿੰਟਾਂ ‘ਚ ਇਰਾਨ ਵਿਰੁੱਧ ਅਮਰੀਕੀ ਅੱਤਿਆਚਾਰਾਂ ਦਾ ਵੇਰਵਾ ਦਿੰਦਿਆਂ ਆਪਣੇ ਪਿਤਾ ਤੇ ਇਰਾਨ ਦੇ ਵਿਗਿਆਨੀਆਂ ਦੀਆਂ ਹੱਤਿਆਵਾਂ ਦਾ ਜ਼ਿਕਰ ਕੀਤਾ। ਅਗਲੇ 6 ਮਿੰਟਾਂ ‘ਚ ਮੁਜਤਬਾ ਨੇ ਅਤੀਤ ਤੋਂ ਹਟ ਕੇ ਭਵਿੱਖ ਦੀ ਗੱਲ ਕਰਦਿਆਂ 3 ਮੰਗਾਂ ਰੱਖੀਆਂ, ਜਿਨ੍ਹਾਂ ਦਾ ਪੂਰਾ ਖਰੜਾ ਇਰਾਨ ਵਲੋਂ ਸਵਿਟਜ਼ਰਲੈਂਡ ਰਾਹੀਂ ਅਮਰੀਕੀ ਵਿਦੇਸ਼ ਵਿਭਾਗ ਨੂੰ ਭੇਜਿਆ ਗਿਆ ਹੈ। ਕਈ ਨਿਊਜ਼ ਆਊਟਲੇਟਾਂ ਅਨੁਸਾਰ ਇਰਾਨ ਵਲੋਂ ਮੁਜਤਬਾ ਨੇ ਅਮਰੀਕਾ ਨੂੰ ਮੱਧ ਪੂਰਬ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦਾ ਪ੍ਰਸਤਾਵ ਭੇਜਿਆ ਹੈ। ਜਦਕਿ ਸੱਚਾਈ ਇਹ ਹੈ ਕਿ ਖਾਮੇਨੇਈ ਨੇ ਅਮਰੀਕਾ ਨੂੰ ਸਾਰੇ ਮੱਧ ਪੂਰਬੀ ਦੇਸ਼ਾਂ (ਇਰਾਕ, ਸੀਰੀਆ, ਕੁਵੈਤ, ਬਹਿਰੀਨ, ਕਤਰ, ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ) ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ ਤੇ 3 ਦਿਨਾਂ ਅੰਦਰ ਸੈਨਿਕ ਅੱਡਿਆਂ ਨੂੰ ਹਟਾਉਣ ਦਾ ਅਲਟੀਮੇਟਮ ਦਿੱਤਾ ਹੈ। ਇਰਾਨ ਨੇ ਕਿਸੇ ਵੀ ਗੱਲਬਾਤ ਤੋਂ ਇਨਕਾਰ ਕਰਦਿਆਂ ਅਮਰੀਕਾ ਨੂੰ ਮੱਧ ਪੂਰਬੀ ਦੇਸ਼ਾਂ ‘ਚੋਂ ਆਪਣੀ ਫ਼ੌਜੀ ਮੌਜੂਦਗੀ ਖ਼ਤਮ ਕਰਨ ਲਈ ਆਖਦਿਆਂ ਖਾੜੀ ਦੇਸ਼ਾਂ ਨੂੰ ਅਮਰੀਕੀ ਅੱਡੇ ਬੰਦ ਕਰਨ ਦੀ ਅਪੀਲ ਕੀਤੀ ਹੈ, ਨਹੀਂ ਤਾਂ ਇਰਾਨ ਦੇ ਉਨ੍ਹਾਂ ‘ਤੇ ਹਮਲੇ ਜਾਰੀ ਰਹਿਣਗੇ।
ਟਰੰਪ ਨੂੰ ਭੇਜੇ ਗਏ ਅਲਟੀਮੇਟਮ ਦੀ ਇਹ ਪਹਿਲੀ ਮੰਗ ਹੈ। ਜਦਕਿ ਦੂਜੀ ਮੰਗ ਵਿਚ ਅਮਰੀਕਾ ਨੂੰ 1979 ਤੋਂ ਇਰਾਨ ‘ਤੇ ਲਗਾਈਆਂ ਸਭ ਪਾਬੰਦੀਆਂ ਤੁਰੰਤ ਹਟਾਉਣ ਲਈ ਕਿਹਾ ਗਿਆ ਹੈ, ਪਹਿਲੀ ਮੰਗ ਲਈ ਅਮਰੀਕਾ ਨੂੰ 30 ਦਿਨ ਤੇ ਦੂਜੀ ਮੰਗ ਲਈ 60 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਤੀਜੀ ਮੰਗ ਵਿਚ ਜੰਗ ਤੇ ਪਾਬੰਦੀਆਂ ਕਾਰਨ ਹੋਏ ਆਰਥਿਕ ਨੁਕਸਾਨ ਦਾ ਮੁਆਵਜ਼ਾ ਮੰਗਦਿਆਂ ਅਮਰੀਕਾ ਨੂੰ ਇਰਾਨ ਨੂੰ 800 ਅਰਬ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਹੈ। ਖਾਮੇਨੇਈ ਨੇ ਉਕਤ 3 ਮੰਗਾਂ ਪੂਰੀਆਂ ਨਾ ਹੋਣ ‘ਤੇ 3 ਕਦਮ ਉਠਾਉਣ ਦੀ ਚਿਤਾਵਨੀ ਦਿੱਤੀ ਹੈ। ਪਹਿਲਾ ਉਹ 30 ਦਿਨਾਂ ਬਾਅਦ ਹੋਰਮੁਜ਼ ਜਲਡਮਰੂ ਨੂੰ ਸਾਰੇ ਵਪਾਰਕ ਜਹਾਜ਼ਾਂ ਲਈ ਬੰਦ ਕਰ ਦੇਵੇਗਾ। ਦੂਜਾ ਉਹ ਰੂਸ ਤੇ ਚੀਨ ਨਾਲ ਇਕ ਫ਼ੌਜੀ ਭਾਈਵਾਲੀ ਸ਼ੁਰੂ ਕਰ ਕੇ ਇਰਾਨੀ ਧਰਤੀ ‘ਤੇ ਵਿਦੇਸ਼ੀ ਫ਼ੌਜੀ ਟਿਕਾਣਿਆਂ ਦੀ ਆਗਿਆ ਦੇ ਦੇਵੇਗਾ। ਤੀਜਾ ਇਰਾਨ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਪ੍ਰਮਾਣੂ ਰੋਕਥਾਮ ਸਮਰੱਥਾ ਵਿਕਸਤ ਕਰੇਗਾ, ਇਸ ਦਾ ਮਤਲਬ ਇਹ ਹੋਇਆ ਕਿ ਇਰਾਨ ਸੰਭਾਵੀ ਪ੍ਰਮਾਣੂ ਹਮਲੇ ਨੂੰ ਰੋਕਣ ਦੀ ਸ਼ਕਤੀ ਪ੍ਰਾਪਤ ਕਰੇਗਾ। ਖਾਮੇਨੇਈ ਦਾ ਸੁਨੇਹਾ ਜਾਰੀ ਹੋਣ ਤੋਂ ਸਿਰਫ਼ ਡੇਢ ਘੰਟੇ ਬਾਅਦ ਚੀਨ ਨੇ ਅਧਿਕਾਰਤ ਤੌਰ ‘ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਆਪਣੀ ਸੁਰੱਖਿਆ ਤੇ ਕਿਸੇ ਵੀ ਵਿਦੇਸ਼ੀ ਹਮਲੇ ਤੋਂ ਆਪਣੇ ਆਪ ਨੂੰ ਬਚਾਉਣ ਦੇ ਅਧਿਕਾਰ ਬਾਰੇ ਇਰਾਨ ਦੀਆਂ ਚਿੰਤਾਵਾਂ ਦਾ ਚੀਨ ਵੀ ਸਮਰਥਨ ਕਰਦਾ ਹੈ। ਅਜੇਹੀ ਸਥਿਤੀ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਲਈ ਬਹੁਤ ਚਿੰਤਾਜਨਕ ਹੋ ਸਕਦੀ ਹੈ।
