ਭਾਰਤ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਟੀ-20 ਵਿਸ਼ਵ ਕੱਪ

ਅਹਿਮਦਾਬਾਦ:2024 ਵਿਚ ਟੀ-20 ਵਿਸ਼ਵ ਕੈਂਪ, 2025 ਵਿਚ ਚੈਂਪੀਅਨਜ਼ ਟਰਾਫੀ, ਏਸ਼ੀਆ ਕੱਪ ਅਤੇ ਹੁਣ ਫਿਰ ਟੀ-20 ਵਿਸ਼ਵ ਕੱਪ। ਪਿਛਲੇ ਤਿੰਨ ਸਾਲਾਂ ਵਿਚ ਕੋਈ ਵੀ ਟੀਮ ਅਜਿਹਾ ਪ੍ਰਦਰਸ਼ਨ ਨਹੀਂ ਕਰ ਸਕੀ।

ਕਦੇ ਕ੍ਰਿਕਟ ਵਿਚ ਆਸਟ੍ਰੇਲੀਆ ਸਿਰਮੌਰ ਹੁੰਦੀ ਸੀ ਪਰ ਹੁਣ ਭਾਰਤੀ ਟੀਮ ਦੇ ਕਦਮਾਂ ਵਿਚ ਦੁਨੀਆ ਹੈ। 2023 ਵਿਚ ਅਹਿਮਦਾਬਾਦ ਦੇ ਇਸ ਨਰਿੰਦਰ ਮੋਦੀ ਸਟੇਡੀਅਮ ਵਿਚ ਆਸਟ੍ਰੇਲੀਆ ਤੋਂ ਮਿਲੀ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਭਾਰਤ ਨੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਤਿੰਨ ਸਾਲਾਂ ਵਿਚ ਤਿੰਨ ਆਈਸੀਸੀ ਟਰਾਫੀਆਂ ਜਿੱਤ ਕੇ ਸੰਸਾਰ ਨੂੰ ਦੱਸ ਦਿੱਤਾ ਕਿ ਕ੍ਰਿਕਟ ਦੇ ਮਾਲਕ ਅਸੀਂ ਹੀ ਹਾਂ। ਇਸ ਖੇਡ ਵਿਚ ਭਾਰਤ ਦੀ ਤਾਕਤ ਦਾ ਅੰਦਾਜ਼ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਸਨੇ ਐਤਵਾਰ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਟੀ-20 ਵਿਸ਼ਵ ਕੱਪ ਫਾਈਨਲ ਦਾ ਸਭ ਤੋਂ ਵੱਡਾ ਸਕੋਰ ਬਣਾਇਆ, ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਇਸ ਖਿਤਾਬੀ ਮੁਕਾਬਲੇ ਨੂੰ ਇਕਪਾਸੜ ਅੰਦਾਜ਼ ਵਿਚ 96 ਦੌੜਾਂ ਨਾਲ ਜਿੱਤਿਆ। ਕਪਤਾਨ ਸੂਰਿਆਕੁਮਾਰ ਯਾਦਵ ਨੇ 19ਵਾਂ ਓਵਰ ਪਾਰਟ ਟਾਈਮ ਗੇਂਦਬਾਜ਼ ਅਭਿਸ਼ੇਕ ਸ਼ਰਮਾ ਨੂੰ ਦਿੱਤਾ ਅਤੇ ਉਸ ਦੀ ਗੇਂਦ ‘ਤੇ ਤਿਲਕ ਵਰਮਾ ਨੇ ਜਿਵੇਂ ਹੀ ਡਫੀ ਦਾ ਕੈਚ ਲਪਕਿਆ, ਉਸੇ ਵੇਲੇ ਹੀ 2023 ਦੇ ਜ਼ਖਮਾਂ ‘ਤੇ ਮਰਹਮ ਲੱਗਣ ਦਾ ਅਹਿਸਾਸ ਹੋਇਆ। ਸਟੇਡੀਅਮ ਵਿਚ ਮੌਜੂਦ 86,000 ਦਰਸ਼ਕ ਵੰਦੇ ਮਾਤਰਮ ਗਾਉਣ ਲੱਗੇ, ਸੈਂਕੜੇ ਬੱਚੇ ਤਿਰੰਗੇ ਨਾਲ ਮੈਦਾਨ ਦੇ ਅੰਦਰ ਨੱਚਣ ਲੱਗੇ। ਇਸ ਜਿੱਤ ਨੇ ਭਾਰਤ ਨੂੰ ਕ੍ਰਿਕਟ ਨੂੰ ਪਿਆਰ ਕਰਨ ਦੀ ਇਕ ਹੋਰ ਵਜ੍ਹਾ ਦੇ ਦਿੱਤੀ।