ਖਾਮਨੇਈ ਦੀ ਮੌਤ ਤੋਂ ਬਾਅਦ ਇਰਾਨ ਨੇ ਹਮਲੇ ਕੀਤੇ ਤੇਜ਼

ਨਵੀਂ ਦਿੱਲੀ:ਈਰਾਨ ਬਨਾਮ ਇਜ਼ਰਾਈਲ- ਅਮਰੀਕਾ ਜੰਗ ਕਾਰਨ ਪੂਰੇ ਪੱਛਮੀ ਏਸ਼ੀਆ ‘ਚ ਮਹਾਯੁੱਧ ਵਰਗੇ ਹਾਲਾਤ ਬਣ ਗਏ ਹਨ। ਸ਼ਨਿਚਰਵਾਰ ਨੂੰ ਇਜ਼ਰਾਈਲ ਦੇ’ ਸਟੀਕ ਹਮਲੇ ‘ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੀ ਮੌਤ ਹੋ ਗਈ। ਇਸ ਹਮਲੇ ਵਿਚ ਖਾਮਨੇਈ ਦੀ ਧੀ, ਜਵਾਈ, ਨੂੰਹ ਤੇ ਉਨ੍ਹਾਂ ਦਾ ਪੋਤਾ ਵੀ ਮਾਰਿਆ ਗਿਆ ਹੈ।

ਇਸ ਦੀ ਦੁਨੀਆ ਭਰ ਵਿਚ ਤਿੱਖੀ ਪ੍ਰਤੀਕਿਰਿਆ ਹੋਈ ਹੈ। ਖਾਮਨੇਈ ਦੇ ਨਾਲ ਸੱਤ ਸਿਖਰਲੇ ਕਮਾਂਡਰ ਵੀ ਮਾਰੇ ਗਏ ਹਨ ਜਦਕਿ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਈਰਾਨ ਦੇ 40 ਸਿਖਰਲੇ ਅਧਿਕਾਰੀ ਮਾਰੇ ਗਏ। ਤਾਜ਼ਾ ਹਮਲੇ ਵਿਚ ਫ਼ੌਜ ਮੁਖੀ ਅਬਦੋਲਰਹੀਮ ਮੁਸਾਵੀ ਅਤੇ ਸਾਬਕਾ ਰਾਸ਼ਟਰਪਤੀ ਅਹਿਮਦੀਨੇਜਾਦ ਦੀ ਵੀ ਮੌਤ ਹੋਈ ਹੈ। ਇਸੇ ਦੌਰਾਨ ਯੂਏਈ ਸਥਿਤ ਭਾਰਤੀ ਅੰਬੈਸੀ ਨੇ ਦੱਸਿਆ ਹੈ ਕਿ ਈਰਾਨੀ ਹਮਲਿਆਂ ‘ਚ ਜ਼ਖ਼ਮੀ ਹੋਏ 58 ਲੋਕਾਂ ‘ਚ ਭਾਰਤੀ ਵੀ ਸ਼ਾਮਲ ਹਨ। ਖਾਮਨੇਈ ਦੇ ਮਾਰੇ ਜਾਣ ਤੋਂ ਬੌਖਲਾਏ ਈਰਾਨ ਨੇ ਐਤਵਾਰ ਨੂੰ ਇਜ਼ਰਾਈਲ, ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਓਮਾਨ, ਕੁਵੈਤ ਸਣੇ ਕਈ ਦੇਸ਼ਾਂ ‘ਤੇ ਤਾਬੜਤੋੜ ਮਿਜ਼ਾਈਲ ਅਤੇ ਡ੍ਰੋਨ ਹਮਲੇ ਕੀਤੇ। ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਵਿਚ ਕਈ ਧਮਾਕੇ ਹੋਏ। ਇਜ਼ਰਾਈਲ ਦੇ ਬੇਤ ਸ਼ੇਮੇਸ਼ ਸ਼ਹਿਰ ਵਿਚ ਈਰਾਨੀ ਹਮਲਿਆਂ ਵਿਚ ਹੁਣ ਤੱਕ 10 ਲੋਕ ਮਾਰੇ ਗਏ ਹਨ। ਸਮੁੱਚੇ ਇਜ਼ਰਾਈਲ ਵਿਚ ਪੂਰੇ ਦਿਨ ਸਾਇਰਨ ਵੱਜਦੇ ਰਹੇ ਅਤੇ. ਭਗਦੜ ਦੇ ਹਾਲਾਤ ਦੇਖੇ ਗਏ। ਈਰਾਨੀ ਰੈਵੋਲਿਊਸ਼ਨਰੀ ਗਾਰਡਸ ਨੇ ਦਾਅਵਾ ਕੀਤਾ “ ਕਿ ਅਮਰੀਕਾ ਦੇ ਜੰਗੀ ਬੇੜੇ ਇਥਰਾਹੀਮ ਲਿੰਕਨ ‘ਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ। ਈਰਾਨ ਨੇ ਹੁਣ ਤੱਕ ਹਮਲੇ ਦੀ ਜਦ ਤੋਂ ਬਚੇ ਓਮਾਨ ਨੂੰ ਵੀ ਨਹੀਂ ਬਖਸ਼ਿਆ ਅਤੇ ਉੱਥੇ ਵੀ ਮਿਜ਼ਾਈਲਾਂ ਦਾਗੀਆਂ। ਉੱਧਰ, ਇਜ਼ਰਾਈਲ ਤੇ ਅਮਰੀਕਾ ਨੇ ਵੀ ਈਰਾਨ ‘ਤੇ ਹਮਲੇ ਤੇਜ਼ ਕਰਦੇ ਹੋਏ ਰਾਜਧਾਨੀ ਤਹਿਰਾਨ ‘ਤੇ ਜ਼ੋਰਦਾਰ ਬੰਬਾਰੀ ਕੀਤੀ। ਇਜ਼ਰਾਇਲੀ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਈਰਾਨ ਦੇ ਦੋ ਫਾਈਟਰ ਜੈੱਟ ਸੁੱਟ ਲਏ ਹਨ ਜਿਹੜੇ ਹਮਲੇ ਦੀ ਤਿਆਰੀ ਕਰ ਰਹੇ ਸਨ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਨੇ ਚਾਬਹਾਰ ਪੋਰਟ ਨੇੜੇ ਖੜ੍ਹੇ ਜਮਰਾਨ ਸ਼੍ਰੇਣੀ ਦੇ ਜੰਗੀ ਬੇੜੇ ਨੂੰ ਡੁਬੋਣ ਦਾ ਦਾਅਵਾ ਕੀਤਾ ਹੈ। ਈਰਾਨੀ ਹਮਲੇ ਵਿਚ ਤਿੰਨ ਅਮਰੀਕੀ ਫ਼ੌਜੀ ਮਾਰੇ ਗਏ ਜਦਕਿ 5 ਗੰਭੀਰ ਜ਼ਖ਼ਮੀ ਹੋਏ ਹਨ। ਸਮੁੱਚੇ ਪੱਛਮੀ ਏਸ਼ੀਆ ਵਿਚ ਤਣਾਅ ਕਾਰਨ ਹਵਾਈ ਖੇਤਰ ਦੂਜੇ ਦਿਨ ਵੀ ਬੰਦ ਰਿਹਾ ਅਤੇ ਦੁਬਈ ਸਣੇ ਕਈ ਦੇਸ਼ਾਂ ਦੇ ਹਵਾਈ ਅੱਡੇ ਬੰਦ ਰਹੇ। ਦੁਬਈ ਅਤੇ ਦੋਹਾ ਵਿਚ ਦਿਨ ਭਰ ਬੰਬ ਧਮਾਕੇ ਸੁਣੇ ਗਏ।
ਈਰਾਨੀ ਡ੍ਰੋਨ ਹਮਲੇ ਵਿਚ ਦੋ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੁਬਈ ਵਿਚ ਦੋ ਘਰਾਂ ਉੱਪਰ ਲੱਗੇ ਏਅਰ ਡਿਫੈਂਸ ਸਿਸਟਮ ਨਾਲ ਈਰਾਨ ਦੇ ਸਾਰੇ ਡ੍ਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ। ਈਰਾਨ ਨੇ ਹੋਰਮੂਜ਼ ਜਲਡਮਰੂਮੱਧ ਵਿਚ ਤਿੰਨ ਤੇਲ ਟੈਂਕਰਾਂ ‘ਤੇ ਵੀ ਹਮਲਾ ਕੀਤਾ। ਤਣਾਅ ਕਾਰਨ ਇਸ ਖੇਤਰ ਵਿਚ 200 ਤੋਂ ਵੱਧ ਤੇਲ ਟੈਂਕਰ ਲੰਗਰ ਪਾ ਕੇ ਜਿੱਥੇ ਸਨ, ਉੱਥੇ ਹੀ ਖੜ੍ਹੇ ਹਨ। ਨਿਊਯਾਰਕ ਟਾਈਮਜ਼ ਮੁਤਾਬਕ, ਸੀਆਈਏ ਦੀ ਸਟੀਕ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਇਜ਼ਰਾਈਲ ਨੇ ਸ਼ਨਿਚਰਵਾਰ ਸਵੇਰੇ ਸਭ ਤੋਂ ਪਹਿਲਾ ਹਮਲਾ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੇ ਰਿਹਾਇਸ਼ੀ ਕੰਪਲੈਕਸ ‘ਤੇ ਕੀਤਾ। ਨਿਊਯਾਰਕ ਟਾਈਮਜ਼ ਮੁਤਾਬਕ, ਸੀਆਈਏ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਖਾਮਨੇਈ ਆਪਣੇ ਸਿਖਰਲੇ ਕਮਾਂਡਰਾਂ ਨਾਲ ਬੈਠਕ ਕਰ ਰਹੇ ਹਨ। ਸ਼ਨਿਚਰਵਾਰ ਸਵੇਰੇ 9:40 ਵਜੇ (ਸਥਾਨਕ ਸਮੇਂ ਮੁਤਾਬਕ) ਇਜ਼ਰਾਇਲੀ ਲੜਾਕੂ ਜਹਾਜ਼ਾਂ ਦੇ ਤਾਬੜਤੋੜ ਮਿਜ਼ਾਈਲ ਹਮਲੇ ਵਿਚ ਖਾਮਨੇਈ ਸਣੇ ਸੱਤ ਕਮਾਂਡਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ।
ਖਾਮਨੇਈ ਦੀ ਮੌਤ ਦੀ ਪੁਸ਼ਟੀ ਹੁੰਦੇ ਹੀ ਈਰਾਨ ਵਿਚ ਮਾਤਮ ਛਾ ਗਿਆ। ਹਜ਼ਾਰਾਂ ਲੋਕ ਤਹਿਰਾਨ ਦੀਆਂ ਸੜਕਾਂ ‘ਤੇ ਉਤਰ ਆਏ। ਦੇਸ਼ ਵਿਚ ਰਾਸ਼ਟਰੀ ਝੰਡਾਂ ਅੱਧਾ ਝੁਕਾ ਦਿੱਤਾ ਗਿਆ ਹੈ। 40 ਦਿਨਾਂ ਦੇ ਸੋਗ ਦੇ ਨਾਲ-ਨਾਲ ਸੱਤ ਦਿਨਾਂ ਦੀ ਰਾਸ਼ਟਰੀ ਛੁੱਟੀ ਐਲਾਨੀ ਗਈ ਹੈ। ਰਾਇਟਰ ਮੁਤਾਬਕ, ਖਾਮਨੇਈ ਦੇ ਮਾਰੇ ਜਾਣ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਨੈਤਿਕਤਾ ਤੇ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉੱਧਰ, ਇਰਾਕ ਦੇ ਸਿਖਰਲੇ ਸ਼ੀਆ ਧਰਮਗੁਰੂ ਅਯਾਤੁੱਲਾ ਅਲੀ ਅਲ ਸਿਸਤਾਨੀ ਨੇ ਸੰਵੇਦਨਾ ਪ੍ਰਗਟਾਈ ਹੈ। ਖਾਮਨੇਈ ਦੀ ਮੌਤ ‘ਤੇ ਪਾਕਿਸਤਾਨ ਵਿਚ ਹੰਗਾਮਾ ਹੋ ਗਿਆ। ਨਾਰਾਜ਼ ਲੋਕਾਂ ਨੇ ਕਰਾਚੀ ਸਥਿਤ ਅਮਰੀਕੀ ਵਣਜ ਦੂਤਘਰ ‘ਤੇ ਹਿੰਸਕ ਮੁਜ਼ਾਹਰੇ ਕੀਤੇ ਅਤੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਜਿਸ ਵਿਚ 21 ਲੋਕਾਂ ਦੀ ਮੌਤ ਹੋ ਗਈ। ਉੱਧਰ, ਇਰਾਕ ਵਿਚ ਵੀ ਪ੍ਰਦਰਸ਼ਨ ਹੋਏ। ਭੀੜ ਨੂੰ ਖਦੇੜਨ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਅਤੇ ਸਟਨ ਗ੍ਰਨੇਡ ਛੱਡਣੇ ਪਏ। ਈਰਾਨ ਵਿਚ ਨਵੇਂ ਸੁਪਰੀਮ ਲੀਡਰ ਦੀ ਚੋਣ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਵਿਚ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ, ਚੀਫ ਜਸਟਿਸ ਗੁਲਾਮਹੁਸੈਨ ਮੋਹਸੇਨੀ ਏਜਈ ਅਤੇ ਲੀਡਰਸ਼ਿਪ ਕੌਂਸਲ ਦੇ ਜੁਡੀਸ਼ੀਅਲ ਮੈਂਬਰ ਵਜੋਂ ਅਯਾਤੁੱਲਾ ਅਲੀਰੇਜ਼ਾ ਅਰਾਫੀ ਨੂੰ ਸ਼ਾਮਲ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਇਕ-ਦੋ ਦਿਨਾਂ ਵਿਚ ਸੁਪਰੀਮ ਲੀਡਰ ਚੁਣ ਲਿਆ ਜਾਵੇਗਾ। ਈਰਾਨ ਦੇ ਸੰਵਿਧਾਨ ਮੁਤਾਬਕ, ਸੁਪਰੀਮ ਲੀਡਰ ਦੀ ਨਿਯੁਕਤੀ ਮਾਹਰਾਂ ਦੀ ਕਮੇਟੀ ਕਰਦੀ ਹੈ। ਇਹ ਕਮੇਟੀ 88 ਮੈਂਬਰੀ ਧਾਰਮਿਕ ਬਾਡੀ ਹੈ ਜਿਹੜੀ ਉਸ ਵਿਅਕਤੀ ਦੀ ਨਿਗਰਾਨੀ ਕਰਦੀ ਹੈ ਅਤੇ ਸਿਧਾਂਤਿਕ ਤੌਰ ‘ਤੇ ਉਸ ਨੂੰ ਅਹੁਦੇ ਤੋਂ ਹਟਾ ਵੀ ਸਕਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦਾ ਸੁਪਰੀਮ ਲੀਡਰ ਹਥਿਆਰਬੰਦ ਬਲਾਂ ਦਾ ਕਮਾਂਡਰ ਇਨ ਚੀਫ ਹੁੰਦਾ ਹੈ ਅਤੇ ਵਿਦੇਸ਼ ਨੀਤੀ ਵੀ ਉਹੀ ਤੈਅ ਕਰਦਾ ਹੈ।